ਇਸ ਵਾਰ ਕੀ ਕਰੇਗਾ ਜਿੱਤ ਕੇ ਲੜਾਈ ਹਾਰਨ ਗਿੱਝਾ ਹੋਇਆ ਪੰਜਾਬ! - ਜਤਿੰਦਰ ਪਨੂੰ
ਅਸੀਂ ਬਹੁਤ ਸਾਰੇ ਦੱਬੇ ਮੁਰਦਿਆਂ ਨੂੰ ਉਖਾੜ ਕੇ ਲੋਕ-ਸੱਥ ਸਾਹਮਣੇ ਰੱਖ ਸਕਦੇ ਹਾਂ, ਅਤੇ ਰੱਖਣਾ ਵੀ ਚਾਹੁੰਦੇ ਹਾਂ, ਪਰ ਉਸ ਦਾ ਕੋਈ ਫਾਇਦਾ ਨਹੀਂ ਹੋਣਾ, ਜਿਹੜੀ ਲੀਹ ਵਿੱਚ ਵਕਤ ਆਪਣੀ ਰਵਾਨੀ ਸੁਖਾਲੀ ਵੇਖੇਗਾ, ਉਸ ਨੇ ਉਸ ਪਾਸੇ ਹੀ ਵਹਿੰਦੇ ਰਹਿਣਾ ਹੈ। ਇਹ ਵਹਿਮ ਕਈ ਲੋਕਾਂ ਨੂੰ ਹੁੰਦਾ ਹੈ ਕਿ ਉਹ ਵਕਤ ਦੀ ਦਿਸ਼ਾ ਬਦਲ ਦੇਣਗੇ, ਇਸ ਲਈ ਉਹ ਤਾਣ ਵੀ ਪੂਰੀ ਈਮਾਨਦਾਰੀ ਨਾਲ ਲਾਉਂਦੇ ਹਨ, ਪਰ ਸਮਾਂ ਜਦੋਂ ਲੀਹ ਤੋਂ ਲਾਹੁਣ ਵਾਲਾ ਕੰਮ ਕਰਦਾ ਹੈ, ਅਕਲ ਦੇ ਭੰਡਾਰ ਮੰਨੇ ਜਾਣ ਵਾਲਿਆਂ ਨੂੰ ਵੀ ਸਮਝ ਨਹੀਂ ਲੱਗਦੀ। ਪੰਜਾਬ ਇਸ ਦੀਆਂ ਝਲਕਾਂ ਕਈ ਵਾਰੀ ਵੇਖ ਚੁੱਕਾ ਹੈ। ਦਸਵੇਂ ਗੁਰੂ ਸਾਹਿਬ ਵੱਲੋਂ ਸਰਬੰਸ ਵਾਰਨ ਦੇ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਉਨ੍ਹਾਂ ਦੀ ਕਮਾਨ ਹੇਠ ਪਹਿਲੀ ਵਾਰੀ ਜਗੀਰਾਂ ਤੋੜ ਕੇ ਮੁਜ਼ਾਰਿਆਂ ਨੂੰ ਵੰਡੀਆਂ ਗਈਆਂ, ਉਹ ਬਹੁਤ ਵੱਡਾ ਇਤਹਾਸਕ ਮੋੜਾ ਸੀ, ਪਰ ਇਸ ਦਾ ਮੁਹਾਣ ਮੋੜਨ ਲਈ ਵਕਤ ਨੇ ਸਦੀਆਂ ਨਹੀਂ ਸਨ ਉਡੀਕੀਆਂ, ਦਹਾਕਿਆਂ ਵਿੱਚ ਕੀ ਦਾ ਕੀ ਕਰ ਦਿੱਤਾ ਸੀ। ਬਾਰਾਂ ਮਿਸਲਾਂ ਮਸਾਂ ਚਾਰ ਦਹਾਕਿਆਂ ਅੰਦਰ ਹੀ ਬਣ ਗਈਆਂ ਸਨ ਤੇ ਫਿਰ ਅਸਲੀ ਮੁੱਦਾ ਭੁਲਾ ਕੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਲਈ ਮਿਸਲਾਂ ਆਪੋ ਵਿੱਚ ਲੜਨ ਅਤੇ ਗੁਰੂ ਦੇ ਸਿੱਖਾਂ ਨੂੰ ਇੱਕ ਦੂਸਰੇ ਤੋਂ ਮਰਵਾਉਣ ਲੱਗ ਪਈਆਂ ਸਨ। ਸਿੱਖ ਪੰਥ ਅੱਜ ਤੱਕ ਉਨ੍ਹਾਂ ਸਾਰੀਆਂ ਮਿਸਲਾਂ ਵਾਲੇ ਸਰਦਾਰਾਂ ਦਾ ਸਤਿਕਾਰ ਕਰਦਾ ਹੈ, ਕੁੱਟੇ ਜਾਣ ਵਾਲਿਆਂ ਦਾ ਵੀ ਅਤੇ ਕੁੱਟ ਖਾ ਕੇ ਹਾਰ ਮੰਨ ਲੈਣ ਪਿੱਛੋਂ ਓਸੇ ਤਰ੍ਹਾਂ ਦੀਆਂ ਜਗੀਰਾਂ ਲੈ ਕੇ ਤਸੱਲੀ ਕਰ ਲੈਣ ਵਾਲਿਆਂ ਦਾ ਵੀ, ਜਿੱਦਾਂ ਦੀਆਂ ਜਗੀਰਾਂ ਬਾਬਾ ਬੰਦਾ ਸਿੰਘ ਤੋੜ ਕੇ ਗਿਆ ਸੀ। ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਜਾਂਦੇ ਜਥਿਆਂ ਨੂੰ ਮਾਰਨ ਲਈ ਰਾਹਾਂ ਵਿਚਲੇ ਖੂਹਾਂ ਵਿੱਚ ਜ਼ਹਿਰ ਪਾ ਦਿੱਤਾ ਸੀ, ਉਹ ਬਾਅਦ ਵਿੱਚ ਵੋਟਾਂ ਨਾਲ ਚੁਣ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਾਲੀਆਂ ਕਮੇਟੀਆਂ ਦੇ ਮੈਂਬਰ ਤੇ ਅਹੁਦੇਦਾਰ ਬਣਦੇ ਰਹੇ ਸਨ। ਉਹੋ ਕੁਝ ਇਸ ਵੇਲੇ ਵਰਤਦਾ ਵੇਖ ਕੇ ਕੁਝ ਲੋਕ ਜਾਣਦੇ ਹੋਏ ਵੀ ਚੁੱਪ ਹਨ, ਕਿਉਂਕਿ 'ਇੱਕ ਚੁੱਪ, ਸੌ ਸੁਖ' ਦਾ ਫਾਰਮੂਲਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
ਇਸ ਪੰਜਾਬ ਵਿੱਚ ਕਦੀ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਬੋਲਬਾਲਾ ਹੋਇਆ ਕਰਦਾ ਸੀ, ਵਕਤ ਦੇ ਨਾਲ ਉਸ ਦੀ ਸੋਚ ਦੇ ਵਿਰੋਧੀਆਂ ਦੀ ਚੜ੍ਹਤ ਹੋਣ ਲੱਗੀ ਤਾਂ ਉਹ ਆਪਣੀ ਮਰਜ਼ੀ ਮੁਤਾਬਕ ਭਗਤ ਸਿੰਘ ਤੇ ਹੋਰਨਾਂ ਦੇਸ਼ ਭਗਤਾਂ ਦਾ ਇਤਹਾਸ ਲਿਖਣ ਅਤੇ ਠੋਸਣ ਲੱਗ ਪਏ। ਵਕਤ ਉਨ੍ਹਾਂ ਦੇ ਅੱਗੇ ਨਾਕਾ ਨਹੀਂ ਲਾ ਸਕਿਆ। ਜੱਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ੀ ਰਾਜ ਦਾ ਤਸ਼ੱਦਦ ਝੱਲਣ ਵਾਲੇ ਹੋਰ ਲੋਕ ਸਨ, ਉਨ੍ਹਾਂ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲੇ ਹੋਰ ਅਤੇ ਸਮੇਂ ਦੇ ਨਾਲ ਇੱਕ ਦਿਨ ਉਹ ਲੋਕ ਜੱਲ੍ਹਿਆਂਵਾਲੇ ਬਾਗ ਦੇ ਕਾਰ-ਮੁਖਤਾਰ ਬਣ ਗਏ, ਜਿਹੜੇ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜ਼ਾਂ ਦੀ ਵਫਾਦਾਰੀ ਕਰਨ ਵਾਲਿਆਂ ਦੀ ਵਿਰਾਸਤ ਨਾਲ ਜੁੜੇ ਹੋਏ ਸਨ। ਵਕਤ ਉਨ੍ਹਾਂ ਨੂੰ ਇਹੋ ਜਿਹੀ ਧੱਕੜਸ਼ਾਹੀ ਕਰਦਿਆਂ ਨੂੰ ਰੋਕ ਨਹੀਂ ਸੀ ਸਕਿਆ। ਇੱਕ ਮੌਕਾ ਇਹੋ ਜਿਹਾ ਆਇਆ, ਜਦੋਂ ਆਜ਼ਾਦੀ ਸੰਘਰਸ਼ ਵਿੱਚ ਕੂਕਾ ਲਹਿਰ ਦੇ ਯੋਗਦਾਨ ਦਾ ਬਣਦਾ ਸਥਾਨ ਮੰਨਵਾਉਣ ਲਈ ਦੇਸ਼ਭਗਤ ਯਾਦਗਾਰ ਵਾਲਿਆਂ ਨੇ ਦੇਸ਼ ਦੇ ਉੱਪ ਪ੍ਰਧਾਨ ਮੰਤਰੀ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਫੈਸਲਾ ਕੀਤਾ ਤਾਂ ਪੁਲਸ ਨੇ ਕੁਟਾਪਾ ਚਾੜ੍ਹ ਦਿੱਤਾ ਅਤੇ ਜਿਨ੍ਹਾਂ ਕੋਲ ਉਸ ਮਹਾਨ ਲਹਿਰ ਦੀ ਵਿਰਾਸਤ ਦਾ ਸਰਟੀਫਿਕੇਟ ਸੀ, ਉਹ ਓਸੇ ਦਿਨ ਓਸੇ ਉੱਪ ਪ੍ਰਧਾਨ ਮੰਤਰੀ ਦੇ ਗਲ਼ ਹਾਰ ਪਾ-ਪਾ ਕੇ ਫੋਟੋ ਖਿਚਾਉਂਦੇ ਫਿਰਦੇ ਸਨ। ਉਨ੍ਹਾਂ ਨੂੰ ਵੀ ਏਦਾਂ ਕਰਨ ਤੋਂ ਵਕਤ ਨੇ ਨਹੀਂ ਰੋਕਿਆ। ਵਕਤ ਜਦੋਂ ਆਪਣੇ ਵਹਿਣ ਦੇ ਮੁਤਾਬਕ ਹਾਲਾਤ ਨੂੰ ਵਹਿੰਦੇ ਵੇਖਦਾ ਹੈ ਤਾਂ ਉਸ ਨੇ ਯੁੱਗਾਂ ਤੋਂ ਲੈ ਕੇ ਕਦੀ ਨਹੀਂ ਸੀ ਰੋਕਿਆ ਅਤੇ ਅੱਗੋਂ ਵੀ ਕਦੀ ਨਹੀਂ ਰੋਕਣਾ।
ਅਸੀਂ ਲੋਕਾਂ ਨੇ ਬਚਪਨ ਵਿੱਚ ਕਾਂਗਰਸ ਪਾਰਟੀ ਦੇ ਵਿਰੋਧ ਦੀ ਤਾਨ ਸੁਣੀ ਅਤੇ ਵੱਡੇ ਆਗੂਆਂ ਦੇ ਪਿੱਛੇ ਕਾਂਗਰਸ ਵਿਰੋਧੀ ਨਾਅਰੇ ਲਾਏ ਸਨ। ਜਦੋਂ ਫਿਰ ਪੰਜਾਬ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ, ਅਸੀਂ ਆਪਣੀ ਬਾਲ-ਉਮਰ ਵਿੱਚ ਚਾਅ ਨਾਲ ਖੀਵੇ ਹੋਏ ਪਏ ਸਾਂ ਅਤੇ ਜੋਗਾ ਸਿੰਘ ਜੋਗੀ ਦੇ ਇਹ ਬੋਲ ਪੰਜਾਬ ਦੀਆਂ ਸਟੇਜਾਂ ਉੱਪਰ ਗੂੰਜਿਆ ਕਰਦੇ ਸਨ; 'ਏਕੇ ਦੀਆਂ ਲਗਰਾਂ ਫੁੱਟੀਆਂ ਨੇ, ਗਾਂਧੀ ਦੀ ਬੱਕਰੀ ਖਾਵੇ ਨਾ'। ਮਸਾਂ ਅੱਠ ਮਹੀਨੇ ਲੰਘੇ ਕਿ ਓਸੇ ਗੈਰ-ਕਾਂਗਰਸੀ ਟੀਮ ਦੇ ਕੁਝ ਆਗੂ ਵਕਤ ਦੀ ਮਾਰ ਹੇਠ ਫਿਰ ਓਸੇ ਕਾਂਗਰਸ ਨਾਲ ਜਾ ਜੁੜੇ ਸਨ। ਜਿਹੜੇ ਬੇਅੰਤ ਸਿੰਘ ਨੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਹਾਰੀ ਤੇ ਫਿਰ ਆਜ਼ਾਦ ਚੋਣ ਲੜ ਕੇ ਅਕਾਲੀ-ਕਾਂਗਰਸੀ ਦੋਵਾਂ ਨੂੰ ਹਰਾਇਆ ਸੀ, ਉਹ ਵੀ ਸਮਾਂ ਪਾ ਕੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣ ਗਿਆ ਤੇ ਫਿਰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਗਿਆ। ਇਹੋ ਕਿੱਸਾ ਅੱਜ ਵਾਲੇ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ, ਜਿਸ ਨੇ ਪਹਿਲੀ ਚੋਣ ਆਜ਼ਾਦ ਲੜੀ, ਕਾਂਗਰਸੀ ਤੇ ਅਕਾਲੀ ਦੋਵਾਂ ਨੂੰ ਹਰਾਇਆ ਅਤੇ ਅਗਲੀਆਂ ਦੋ ਚੋਣਾਂ ਕਾਂਗਰਸ ਵੱਲੋਂ ਜਿੱਤਣ ਪਿੱਛੋਂ ਓਸੇ ਕਾਂਗਰਸ ਦੀ ਰਾਜ ਸਰਕਾਰ ਦਾ ਮੁੱਖ ਮੰਤਰੀ ਬਣ ਗਿਆ ਹੈ। ਪਹਿਲਾਂ ਪ੍ਰਤਾਪ ਸਿੰਘ ਕੈਰੋਂ ਨੇ ਏਦਾਂ ਅਕਾਲੀ ਉਮੀਦਵਾਰ ਵਜੋਂ 1937 ਵਿੱਚ ਦੇਸ਼ਭਗਤ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ ਨੂੰ ਝੂਠੇ ਪ੍ਰਚਾਰ ਨਾਲ ਹਰਾਇਆ ਸੀ ਤੇ ਫਿਰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣ ਕੇ ਅਕਾਲੀਆਂ ਦੀ ਅੱਖ ਦਾ ਕੁੱਕਰਾ ਜਾ ਬਣਿਆ ਸੀ, ਪਰ ਉਸ ਦੇ ਅੱਖਾਂ ਮੀਟਣ ਪਿੱਛੋਂ ਪਤਨੀ ਵੀ ਅਤੇ ਪੁੱਤਰ ਵੀ ਫਿਰ ਅਕਾਲੀ ਦਲ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਦੇ ਫਿਰਦੇ ਸਨ। ਸ਼ਹੀਦ ਭਗਤ ਸਿੰਘ ਦੇ ਸਾਥੀ ਸੋਹਣ ਸਿੰਘ ਜੋਸ਼ ਨੂੰ ਅਕਾਲੀ ਆਗੂ ਈਸ਼ਰ ਸਿੰਘ ਮਝੈਲ ਨੇ ਇੱਕ ਝੂਠੀ ਤੋਹਮਤ ਲਾ ਕੇ ਹਰਾ ਦਿੱਤਾ ਸੀ ਅਤੇ ਲੋਕਾਂ ਨੂੰ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀ। ਗਦਰ ਪਾਰਟੀ ਬਣਾਉਣ ਅਤੇ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕਰਨ ਤੇ ਜੇਲ੍ਹਾਂ ਵਿੱਚ ਸਾਲਾਂ ਬੱਧੀ ਸਖਤੀਆਂ ਝੱਲਣ ਵਾਲੇ ਬਾਬਾ ਸੋਹਣ ਸਿੰਘ ਭਕਨਾ ਨੂੰ ਵਿਧਾਨ ਸਭਾ ਵਿੱਚ ਵੜਨ ਤੋਂ ਰੋਕਣ ਲਈ ਕਾਂਗਰਸ ਦੇ ਆਗੂਆਂ ਨੇ ਉਸ ਦੇ ਮੁਕਾਬਲੇ ਝਬਾਲ ਦੀ ਸੀਟ ਤੋਂ ਗੁਰਦਿਆਲ ਸਿੰਘ ਢਿੱਲੋਂ ਨੂੰ ਖੜਾ ਕੀਤਾ ਤੇ ਮਹਾਨ ਦੇਸ਼ਭਗਤ ਬਾਬੇ ਦੇ ਰਾਹ ਵਿੱਚ ਕੰਡੇ ਵਿਛਾਉਣ ਲਈ ਰਾਤ-ਦਿਨ ਇੱਕ ਕਰ ਰੱਖਿਆ ਸੀ। ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਸੋਹਣ ਸਿੰਘ ਜੋਸ਼ ਨੂੰ ਦੇਸ਼ਭਗਤੀ ਦਾ ਸਰਟੀਫਿਕੇਟ ਚੁੱਕੀ ਫਿਰਦੇ ਕਾਂਗਰਸੀਆਂ ਨੇ ਇਸ ਲਈ ਹਰਾਇਆ ਸੀ ਕਿ ਉਨ੍ਹਾਂ ਅਸਲੀ ਦੇਸ਼ਭਗਤਾਂ ਦੇ ਸਾਹਮਣੇ ਇਨ੍ਹਾਂ ਨੂੰ ਆਪਣਾ ਕੱਦ ਬੌਣਾ ਲੱਗਦਾ ਸੀ। ਪੰਜਾਬ ਦੇ ਲੋਕਾਂ ਨੂੰ ਓਦੋਂ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀ ਤੇ ਉਹ ਭੁਚਲਾਏ ਗਏ ਸਨ। ਵਕਤ ਨੇ ਏਦਾਂ ਦੇ ਕਈ ਦ੍ਰਿਸ਼ ਵੀ ਵਿਖਾਏ ਹੋਏ ਹਨ।
ਇਸ ਵੇਲੇ ਪੰਜਾਬ ਵਿੱਚ ਵਿਧਾਨ ਸਭਾ ਚੋਣ ਦਾ ਦੌਰ ਫਿਰ ਚੱਲ ਪਿਆ ਹੈ। ਅਸੀਂ ਮੇਲਿਆਂ ਵਿੱਚ ਹੀਰ ਦੀ ਕਿਤਾਬ ਵੇਚਣ ਲਈ ਬੋਰੀਆਂ ਵਿਛਾਈ ਬੈਠੇ ਦੁਕਾਨਦਾਰਾਂ ਤੋਂ ਸੁਣਦੇ ਹੁੰਦੇ ਸਾਂ ਕਿ 'ਵਾਰਸ ਸ਼ਾਹ ਦੀ ਅਸਲੀ ਹੀਰ' ਸਿਰਫ ਇਹੋ ਹੈ, ਜਿਹੜੀ ਮੈਂ ਵੇਚਦਾ ਪਿਆ ਹਾਂ। ਅੱਜਕੱਲ੍ਹ ਚੋਣਾਂ ਦੇ ਦੌਰ ਵਿੱਚ ਫਿਰ ਹਰ ਪਾਰਟੀ ਦਾ ਹਰ ਲੀਡਰ ਇਹੋ ਕਹੀ ਜਾ ਰਿਹਾ ਹੈ ਕਿ ਪੰਜਾਬ ਦੀ ਭਲਾਈ ਦਾ ਤਿੱਬੀ-ਯੂਨਾਨੀ ਅਤੇ ਹਕੀਮ ਲੁਕਮਾਨੀ ਨੁਸਖਾ ਸਿਰਫ ਉਨ੍ਹਾਂ ਕੋਲ ਹੈ ਤੇ ਪੰਜਾਬ ਦੇ ਲੋਕ ਏਨੀ ਭੀੜ ਵਿੱਚੋਂ ਆਪਣੇ ਮਰਜ਼ ਦਾ ਇਲਾਜ ਕਰਨ ਵਾਲਾ ਹਕੀਮ ਲੱਭਣ ਵਿੱਚ ਔਖ ਮਹਿਸੂਸ ਕਰਦੇ ਹਨ। ਅਗਲੇ ਦਿਨਾਂ ਵਿੱਚ ਇਹੋ ਜਿਹੇ ਦਾਅਵੇ ਕਰਨ ਵਾਲੇ ਲੀਡਰਾਂ ਦੀ ਸੁਰ ਵੀ ਹੋਰ ਉੱਚੀ ਹੋ ਜਾਣੀ ਹੈ, ਨੌਟੰਕੀ ਵੀ ਦਿਨੋ-ਦਿਨ ਵਧਣੀ ਹੈ ਤੇ ਆਮ ਲੋਕਾਂ ਦਾ ਭੰਬਲਭੂਸਾ ਵੀ ਦਿਨੋ ਦਿਨ ਵਧਣਾ ਹੈ। ਬਚਪਨ ਵਿੱਚ ਅਸੀਂ ਸਾਰਿਆਂ ਨੇ ਉਸ ਬੱਚੇ ਦੀ ਕਹਾਣੀ ਸੁਣੀ ਅਤੇ ਪੜ੍ਹੀ ਹੋਈ ਹੈ, ਜਿਹੜਾ ਭੇਡ ਦਾ ਮੇਮਣਾ ਲਈ ਜਾਂਦਾ ਸੀ ਅਤੇ ਚਾਰ ਬਦਮਾਸ਼ਾਂ ਵਾਰੀ ਵਾਰੀ ਇਹ ਕਹਿ ਕੇ ਉਸ ਨੂੰ ਬੇਵਕੂਫ ਬਣਾ ਲਿਆ ਸੀ ਕਿ ਇਹ ਮੇਮਣਾ ਨਹੀਂ, ਕਤੂਰਾ ਹੈ। ਵਿਚਾਰਾ ਬੱਚਾ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਕਤੂਰਾ ਮੰਨ ਕੇ ਮੇਮਣਾ ਉਨ੍ਹਾਂ ਅੱਗੇ ਸੁੱਟ ਬੈਠਾ ਅਤੇ ਖਾਲੀ ਹੱਥ ਘਰ ਘਰ ਜਾ ਵੜਿਆ ਸੀ। ਇਸ ਵੇਲੇ ਪੰਜਾਬ ਤੇ ਇਸ ਦੇ ਨਾਲ ਹੀ ਚਾਰ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਠੱਗਣ ਵਾਲੀਆਂ ਧਾੜਾਂ ਇੱਕ ਵਾਰ ਫਿਰ ਮੈਦਾਨ ਵਿੱਚ ਨਿਕਲ ਤੁਰੀਆਂ ਹਨ ਤੇ ਉਨ੍ਹਾਂ ਕੋਲ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਠੱਗਣ ਲਈ ਹਰ ਹੱਥਕੰਡਾ ਹੈ। ਸਮਝਣ ਦੀ ਲੋੜ ਹੈ, ਪਰ ਪੰਜਾਬ ਦੇ ਲੋਕਾਂ ਨੂੰ ਏਦਾਂ ਦੀਆਂ ਮੋਮੋਠਗਣੀਆਂ ਧਾੜਾਂ ਵਿੱਚੋਂ ਆਪਣਾ ਦੁਸ਼ਮਣ ਪਛਾਨਣ ਦੀ ਜਿਹੜੀ ਸੂਝ ਚਾਹੀਦੀ ਹੈ, ਉਹ ਪਿਛਲੇ ਵਕਤਾਂ ਵਿੱਚ ਕਦੀ ਨਜ਼ਰ ਨਹੀਂ ਪਈ ਤੇ ਅੱਗੋਂ ਦਾ ਵੀ ਪਤਾ ਨਹੀਂ। ਇਸ ਕਰ ਕੇ ਬਹੁਤ ਸਾਰੇ ਬੁੱਧੀਵਾਨਾਂ ਨਾਲ ਗੱਲਬਾਤ ਦੇ ਦੌਰਾਨ ਏਥੇ ਆ ਕੇ ਗੱਲ ਮੁੱਕ ਜਾਂਦੀ ਰਹੀ ਹੈ ਕਿ ਹੋਣਾ ਬਹੁਤ ਕੁਝ ਚਾਹੀਦਾ ਹੈ, ਵਿਚਾਰ ਵੀ ਬਹੁਤ ਹਨ, ਪਰ ਰਾਜਨੀਤੀ ਦੇ ਰਥਵਾਨਾਂ ਨੇ ਲੋਕਾਂ ਨੂੰ ਸੋਚਣ ਜੋਗੇ ਹੀ ਨਹੀਂ ਛੱਡਿਆ। ਇਹੀ ਕਾਰਨ ਹੈ ਕਿ ਇਸ ਵਕਤ ਏਥੇ ਬੁੱਧੀਜੀਵੀ ਬਹੁਤ ਹਨ, ਜਿਹੜੇ ਬੁੱਧੀ ਨੂੰ ਜੀਵਿਕਾ ਕਮਾਉਣ ਦਾ ਵਸੀਲਾ ਮੰਨਦੇ ਹਨ, ਬੁੱਧੀਵਾਨੀ ਨੂੰ ਲੋਕਾਂ ਲਈ ਵਰਤਣ ਵਾਲੇ ਬਹੁਤ ਥੋੜ੍ਹੇ ਹਨ ਅਤੇ ਇਹ ਸੋਚ ਵਾਰ-ਵਾਰ ਉੱਠਦੀ ਹੈ ਕਿ ਜਿੱਤ ਕੇ ਲੜਾਈਆਂ ਹਾਰਨ ਗਿੱਝਾ ਹੋਇਆ ਪੰਜਾਬ ਇਸ ਵਾਰ ਕੀ ਕਰੇਗਾ!