
ਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ-2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ - ਉਜਾਗਰ ਸਿੰਘ
ਗੁਰਮੀਤ ਸਿੰਘ ਪਲਾਹੀ ਪੰਜਾਬੀ ਦਾ ਸਿਰਮੌਰ ਕੁਲਵਕਤੀ ਪੱਤਰਕਾਰ, ਕਾਲਮ ਨਵੀਸ ਅਤੇ ਪ੍ਰਬੁੱਧ ਲੇਖਕ ਹੈ। ਕਿਤੇ ਵਜੋਂ ਭਾਵੇਂ ਉਹ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ ਪ੍ਰੰਤੂ ਆਪਣੀ ਨੌਕਰੀ ਦੌਰਾਨ ਵੀ ਉਹ ਬੇਬਾਕੀ ਅਤੇ ਬੇਖ਼ੌਫ਼ ਹੋ ਕੇ ਆਪਣੀ ਕਲਮ ਅਜ਼ਮਾਉਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਤਾਂ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨਾ ਕਿਸੇ ਪੰਜਾਬੀ ਦੇ ਅਖ਼ਬਾਰ ਵਿੱਚ ਉਨ੍ਹਾਂ ਦਾ ਲੇਖ ਪੜ੍ਹਨ ਨੂੰ ਨਾ ਮਿਲੇ। ਪੰਜਾਬ ਡਾਇਰੀ-2021 ਦੇ ਪਹਿਲੇ ਪੰਨੇ ‘ਤੇ ਹੀ ਪੰਜਾਬ ਦੇ ਸਿਆਸਤਦਾਨਾ ਨੂੰ ਵੰਗਾਰ ਕੇ ਲਿਖਣਾ ‘‘ਕਿਉਂ ਪੰਜਾਬ ਦੀ ਮਿੱਟੀ ਬਾਲ਼ ਰਹੇ ਹੋ ਸਿਆਸਤਦਾਨੋ’’? ਦਲੇਰੀ ਅਤੇ ਪੰਜਾਬ ਦੀ ਤਰਾਸਦੀ ਦੀ ਹੂਕ ਦਾ ਪ੍ਰਗਟਾਵਾ ਹੈ। ਇਸ ਪੁਸਤਕ ਵਿੱਚ ਪ੍ਰਕਾਸ਼ਤ ਲੇਖ ਆਮ ਲੋਕਾਂ ਵਿੱਚ ਜਾਗ੍ਰਤੀ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਮਾਫ਼ੀਆ, ਸਿਆਸਤਦਾਨਾ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਤੋਂ ਬਿਨਾ ਭਾਰੂ ਨਹੀਂ ਪੈ ਸਕਦਾ। ਉਹ ਪੰਜਾਬ ਦੀ ਤਬਾਹੀ ਦਾ ਮੁੱਖ ਕਾਰਨ ਸਿਆਸਤਦਾਨਾ ਨੂੰ ਮੰਨਦੇ ਹਨ। ਨਸ਼ੇ ਅਤੇ ਗੈਂਗਸਟਰ ਬਿਨਾ ਸਿਆਸੀ ਸ਼ਹਿ ਦੇ ਫੈਲ ਨਹੀਂ ਸਕਦੇ। ਪੰਜਾਬ ਵਿੱਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਇਨਸਾਨੀ ਜ਼ਿੰਦਗੀਆਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਉਨ੍ਹਾਂ ਦੇ ਲੇਖ ਪੜ੍ਹਕੇ ਮੇਰੇ ਦਿਮਾਗ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਚਿਹਰਾ ਇਕ ਬਜ਼ੁਰਗ ਮਹਾਂਪੁਰਸ਼ ਵਰਗੇ ਦੇਵਤੇ ਦਾ ਬਣ ਚੁੱਕਾ ਸੀ। ਉਹ ਲਗਪਗ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਜਦੋਂ ਮੈਂ ਪੰਜਾਬ ਸਿਵਲ ਸਕੱਤਰੇ ਵਿਖੇ 1974 ਵਿੱਚ ਸਰਕਾਰੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦਿਨਾ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਨ ਅਤੇ ਵਿਚਾਰ ਚਰਚਾ ਕਰਨ ਦਾ ਸਬੱਬ ਬਣਿਆਂ। ਮੇਰੇ ਮਨ ਵਿੱਚ ਅਜਿਹੇ ਪੱਤਰਕਾਰ ਦੇ ਰੂਬਰੂ ਹੋਣ ਦੀ ਤਾਂਘ ਪੈਦਾ ਹੋ ਗਈ ਕਿਉਂਕਿ ਕੋਈ ਵੀ ਚਲੰਤ ਮਾਮਲਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਤੱਥਾਂ ਨਾਲ ਲਬਰੇਜ਼ ਲੇਖ ਪੜ੍ਹਨ ਨੂੰ ਮਿਲਦਾ ਸੀ, ਜਿਸ ਤੋਂ ਸਾਡੇ ਵਰਗੇ ਉਭਰਦੇ ਨੌਜਵਾਨਾ ਨੂੰ ਪ੍ਰੇਰਨਾ ਅਤੇ ਭਰਪੂਰ ਜਾਣਕਾਰੀ ਮਿਲਦੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਤੌਰ ਹਰ ਪੱਤਰਕਾਰ ਕਿਸੇ ਇਕ ਖੇਤਰ ਦਾ ਮਾਹਰ ਹੁੰਦਾ ਹੈ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਸਰਬਕਲਾ ਸੰਪੂਰਨ ਹਰ ਵਿਸ਼ੇ ਦੇ ਮਾਹਰ ਹਨ। ਮੇਰੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਹੋਰਾਂ ਰਾਹੀਂ ਗੁਰਮੀਤ ਸਿੰਘ ਪਲਾਹੀ ਦੇ ਫਗਵਾੜਾ ਵਿਖੇ ਉਨ੍ਹਾਂ ਦੇ ਦਫਤਰ ‘ਪੰਜਾਬੀ ਵਿਰਸਾ ਟਰਸਟ (ਰਜਿ:) ਪਲਾਹੀ ਫਗਵਾੜਾ’ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲ