ਸੱਚ ਛੱਡੇ ਤੇ ਝੂਠਿ ਵਿਹਾਝੇ - ਗੁਰਬਚਨ ਜਗਤ
ਪਿਛਲੇ ਕਈ ਸਾਲਾਂ ਤੋਂ ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਸਾਡੇ ’ਚੋਂ ਬਹੁਤੇ ਲੋਕ ਝੂਠ ਕਿਉਂ ਬੋਲਦੇ ਹਨ? ਹਲਕੇ ਫੁਲਕੇ ਝੂਠ, ਫਰੇਬੀ ਝੂਠ, ਤੱਥਾਂ ਦੀ ਭੰਨ-ਘੜ ਕਰ ਕੇ ਰਚੇ ਝੂਠ, ਖ਼ਿਆਲੀ ਪੁਲਾਓ ਨਾਲ ਪਕਾਏ ਝੂਠ, ਵੋਟਰਾਂ ਨੂੰ ਸਬਜ਼ ਬਾਗ਼ ਦਿਖਾਉਣ ਵਾਲੇ ਝੂਠ, ਬੌਸ ਨੂੰ ਖ਼ੁਸ਼ ਕਰਨ ਲਈ ਬੋਲੇ ਜਾਣ ਵਾਲੇ ਝੂਠ, ਬੱਚਿਆਂ ਵੱਲੋਂ ਕਿਸੇ ਸ਼ਰਾਰਤ ਦੀ ਸਜ਼ਾ ਤੋਂ ਬਚਣ ਲਈ ਵਰਤੇ ਜਾਂਦੇ ਭੋਲੇ ਭਾਲੇ ਝੂਠ ਤੇ ਇਹੋ ਜਿਹੇ ਕਈ ਹੋਰ ਝੂਠ। ਬਚਪਨ ਵਿਚ ਵਰਤੇ ਜਾਂਦੇ ਝੂਠ ਜਦੋਂ ਪ੍ਰੌਢ ਉਮਰੇ ਠੱਗੀਆਂ ਮਾਰਨ ਲਈ ਝੂਠ ਵਿਚ ਵਟ ਜਾਂਦੇ ਹਨ ਤਾਂ ਇਸ ਨੂੰ ‘ਝੂਠ ਬੋਲਣ ਦੀ ਤਰੱਕੀ’ ਆਖਿਆ ਜਾਂਦਾ ਹੈ। ਝੂਠ ਬੋਲਣ ਦੀ ਕਾਬਲੀਅਤ ਦਾ ਮੇਲ ਝੂਠ ’ਤੇ ਵਿਸ਼ਵਾਸ ਕਰਨ ਦੀ ਜ਼ਾਹਰਾ ਇੱਛਾ ਨਾਲ ਹੀ ਕੀਤਾ ਜਾਂਦਾ ਹੈ। ਝੂਠ ਦੇ ਵਰਤਾਰੇ ਬਾਰੇ ਭਾਵੇਂ ਕੋਈ ਕਿੰਨਾ ਵੀ ਜਾਣਦਾ ਹੋਵੇ, ਪਰ ਇਸ ਦਾ ਸੰਪੂਰਨ ਗਿਆਨ ਵੱਡੇ ਸਿਆਸਤਦਾਨਾਂ ਦੀ ਸੋਹਬਤ ਕਰ ਕੇ ਹੀ ਹੋ ਸਕਦਾ ਹੈ। ਪੁਲੀਸ ਸੇਵਾ ਦੇ ਸ਼ੁਰੂਆਤੀ ਦਿਨਾਂ ਵਿਚ ਮੈਨੂੰ ਇਸ ਦੇ ਖ਼ੂਬ ਮੌਕੇ ਮਿਲਦੇ ਰਹੇ ਸਨ ਜਦੋਂ ਕਿਸੇ ਨਿੱਜੀ ਜਾਂ ਜਨਤਕ ਮੀਟਿੰਗ ਵਿਚ ਮੁੱਖ ਮੰਤਰੀ ਤੱਕ ਦੇ ਆਗੂ ਵੀ ਆਪਣੀ ਇਸ ਕਲਾ ਦਾ ਖ਼ੂਬ ਮੁਜ਼ਾਹਰਾ ਕਰਦੇ ਸਨ। ਉਹ ਇੰਨੀ ਸਫ਼ਾਈ ਨਾਲ ਵੱਡੇ ਵੱਡੇ ਝੂਠ ਬੋਲਦੇ ਸਨ ਕਿ ਸੁਣਨ ਵਾਲੇ ਅਵਾਕ ਰਹਿ ਜਾਂਦੇ ਸਨ। ਮੁੱਖ ਮੰਤਰੀ ਨੂੰ ਪਤਾ ਹੁੰਦਾ ਸੀ ਕਿ ਉਹ ਝੂਠ ਬੋਲ ਰਿਹਾ ਹੈ, ਲੋਕਾਂ ਨੂੰ ਅਤੇ ਸਾਨੂੰ ਵੀ ਪਤਾ ਹੁੰਦਾ ਸੀ ਕਿ ਉਹ ਝੂਠ ਬੋਲ ਰਿਹਾ ਹੈ, ਪਰ ਹਰ ਕਿਸੇ ਨੇ ਇਵੇਂ ਦਾ ਮੂੰਹ ਬਣਾਇਆ ਹੁੰਦਾ ਸੀ ਜਿਵੇਂ ਜੋ ਬੋਲਿਆ ਜਾ ਰਿਹਾ ਹੈ, ਉਸ ’ਤੇ ਅਟੁੱਟ ਵਿਸ਼ਵਾਸ ਕਰ ਰਿਹਾ ਹੋਏ। ਕੀ ਬੰਦਾ ਸੰਦੇਹ ਕਰਨ ਦੀ ਆਪਣੀ ਸਮਰੱਥਾ ਨੂੰ ਜਾਣ-ਬੁੱਝ ਕੇ ਤਿਆਗ ਦਿੰਦਾ ਹੈ? ਮੇਰਾ ਖ਼ਿਆਲ ਹੈ ਕਿ ਇਹ ਵਾਕ ਉਸ ਸੰਦਰਭ ਲਈ ਬਣਿਆ ਹੈ ਜਿਸ ਨੂੰ ਸਵਾਂਗ ਜਾਂ ਡਰਾਮਾ ਕਿਹਾ ਜਾਂਦਾ ਹੈ।
ਬਹਰਹਾਲ, ਅੱਗੇ ਵਧਣ ਤੋਂ ਪਹਿਲਾਂ ਆਓ ਬਾਲਪਣ ਤੋਂ ਬਾਲਗਪੁਣੇ ਤੱਕ ਅਤੇ ਫਿਰ ਨਿੱਜੀ ਤੇ ਜਨਤਕ ਸੰਸਥਾਵਾਂ ਵਿਚ ਫੈਲੇ ਝੂਠ ਦੀ ਇਸ ਤਰੱਕੀ ’ਤੇ ਗ਼ੌਰ ਕਰੀਏ। ਆਪਣੀ ਦੁਨਿਆਵੀ ਸਫ਼ਲਤਾ ਦੀ ਦੌੜ ਦਾ ਹਿੱਸਾ ਬਣ ਕੇ ਬਾਲਗ ਹੌਲੀ ਹੌਲੀ, ਚੇਤਨ ਜਾਂ ਅਵਚੇਤਨ ਰੂਪ ਵਿਚ ਵੱਡੇ ਵੱਡੇ ਝੂਠ ਬੋਲਣ ਲੱਗਦੇ ਹਨ। ਜਿਹੜੇ ਸਮਾਜ ਅੰਦਰ ਉਹ ਰਹਿੰਦੇ ਤੇ ਵਿਚਰਦੇ ਹਨ, ਉਹ ਇਮਾਨਦਾਰੀ ਤੇ ਬੇਲਾਗਤਾ ਦਾ ਮੁੱਲ ਹਮੇਸ਼ਾ ਨਹੀਂ ਤਾਰਦਾ। ਤੁਹਾਨੂੰ ਆਪਣੇ ਉਦੇਸ਼ਾਂ ਮੁਤਾਬਿਕ ਤੱਥਾਂ ਅਤੇ ਮੱਤਾਂ ਵਿਚ ਫੇਰਬਦਲ ਕਰਨੀ ਪੈਂਦੀ ਹੈ ਤੇ ਕਦੇ ਕਦਾਈਂ ਤੁਹਾਨੂੰ ਪੂਰੇ ਦਾ ਪੂਰਾ ਫ਼ਰਜ਼ੀਵਾੜਾ ਵੀ ਕਰਨਾ ਪੈਂਦਾ ਹੈ। ਜਦੋਂ ਤੁਸੀਂ ਸਰਕਾਰ, ਜਨਤਕ ਜਾਂ ਪ੍ਰਾਈਵੇਟ ਸੰਸਥਾਵਾਂ ਵਿਚ ਸ਼ਾਮਲ ਹੁੰਦੇ ਹੋ ਤਾਂ ਤੁਹਾਡਾ ‘ਦਬਾਓ ਸਮੂਹਾਂ’ ਨਾਲ ਵਾਹ ਪੈਂਦਾ ਹੈ ਜਿਨ੍ਹਾਂ ਦੇ ਕੁਝ ਐਲਾਨੇ ਤੇ ਕੁਝ ਅਣਐਲਾਨੇ ਮਨੋਰਥ ਹੁੰਦੇ ਹਨ। ਇਹੋ ਜਿਹੀਆਂ ਸ਼ਕਤੀਆਂ ਅਤੇ ਉਨ੍ਹਾਂ ਦੇ ਮਨੋਰਥਾਂ ਨਾਲ ਜੁੜਨ ਦਾ ਅੰਤਿਮ ਫ਼ੈਸਲਾ ਤੁਹਾਡੇ ’ਤੇ ਮੁਨੱਸਰ ਕਰਦਾ ਹੈ ਅਤੇ ਮਹਿਜ਼ ਤੁਹਾਨੂੰ ਆਪਣੀ ਜਗ੍ਹਾ ਬਚਾਉਣ ਦੀ ਖ਼ਾਤਰ ਆਪਣੇ ਆਦਰਸ਼ਾਂ ਅਤੇ ਕਾਨੂੰਨ ਦੇ ਰਾਜ ਪ੍ਰਤੀ ਵਫ਼ਾਦਾਰੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਬੇਸ਼ੱਕ, ਇਸ ਰਾਹ ’ਤੇ ਚੱਲਦਿਆਂ ਕੁਝ ਜ਼ਾਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸੱਚ ਦੇ ਮਾਰਗ ’ਤੇ ਚੱਲਦਿਆਂ ਤੁਹਾਨੂੰ ਜ਼ਾਤੀ ਮੁਕਤੀ ਵੀ ਹਾਸਲ ਹੁੰਦੀ ਹੈ ... ‘ਸੱਚਾਈ ਤੁਹਾਨੂੰ ਮੁਕਤੀ ਦਿਵਾਉਂਦੀ ਹੈ।’
ਸਰਕਾਰ ਦਾ ਕੰਮਕਾਜ ਬਹੁਤ ਵੱਡਾ ਹੁੰਦਾ ਹੈ ਤੇ ਵੱਖੋ ਵੱਖਰੇ ਫ਼ਰਜ਼ ਅੰਜਾਮ ਦੇਣ ਲਈ ਕਈ ਤਰ੍ਹਾਂ ਦੇ ਮਹਿਕਮੇ ਹੁੰਦੇ ਹਨ। ਮੋਟੇ ਰੂਪ ਵਿਚ ਇਹ ਵਿੱਤ ਦੇ ਪ੍ਰਬੰਧ, ਵਿਕਾਸ ਕਾਰਜ ਅਤੇ ਅਮਨ ਕਾਨੂੰਨ (ਅੰਦਰੂਨੀ ਤੇ ਬਾਹਰੀ) ਕਾਇਮ ਰੱਖਣ ਵਿਚ ਵੰਡੇ ਹੁੰਦੇ ਹਨ। ਵਿਕਾਸ ਆਪਣੇ ਆਪ ਵਿਚ ਵੱਡਾ ਕਾਰਜ ਹੈ ਤੇ ਇਸ ਬਾਰੇ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਹਨ। ਜਦੋਂ ਇਹ ਵਾਅਦੇ ਪੂਰੇ ਨਹੀਂ ਹੋ ਪਾਉਂਦੇ ਤਾਂ ਸਚਾਈ ’ਤੇ ਪਰਦਾ ਪਾਉਣ ਲਈ ਨਵੇਂ ਨਵੇਂ ਢੰਗਾਂ ਨਾਲ ਜਨ ਪ੍ਰਚਾਰ ਮੁਹਿੰਮ ਵਿੱਢੀ ਜਾਂਦੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਿਆ ਜਾਂਦਾ ਹੈ।
ਜਿੱਥੋਂ ਤੱਕ ਵਿੱਤ ਦਾ ਸੰਬੰਧ ਹੈ, ਸਾਡੇ ’ਤੇ ਇਸ ਕਿਸਮ ਦੇ ਅੰਕੜਿਆਂ ਦੀ ਬੁਛਾੜ ਕੀਤੀ ਜਾਂਦੀ ਹੈ ਤਾਂ ਜੋ ਇਹ ਜਤਾਇਆ ਜਾ ਸਕੇ ਕਿ ਜੀਡੀਪੀ ਅਤੇ ਪ੍ਰਤੀ ਜੀਅ ਆਮਦਨ ਵਿਚ ਵਾਧਾ ਹੋ ਰਿਹਾ ਹੈ ਅਤੇ ਗ਼ਰੀਬੀ ਤੇ ਮਹਿੰਗਾਈ ਵਿਚ ਕਮੀ ਆ ਰਹੀ ਹੈ। ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਡੇਟਾ ਤੇ ਅੰਕੜੇ ਓਨੇ ਕੁ ਹੀ ਚੰਗੇ ਜਾਂ ਮਾੜੇ ਹੁੰਦੇ ਹਨ ਜਿੰਨੇ ਉਨ੍ਹਾਂ ਨੂੰ ਘੜਨ ਵਾਲੇ। ਸਰਕਾਰ ਕੁਝ ਅੰਕੜੇ ਲੈ ਕੇ ਆਉਂਦੀ ਹੈ ਤੇ ਵਿਰੋਧੀ ਧਿਰ ਆਪਣੇ ਅੰਕੜੇ ਪੇਸ਼ ਕਰਦੀ ਹੈ, ਸੰਸਾਰ ਬੈਂਕ, ਏਸ਼ਿਆਈ ਬੈਂਕ, ਮੂਡੀਜ਼ ਅਤੇ ਕਈ ਹੋਰ ਪ੍ਰਾਈਵੇਟ ਏਜੰਸੀਆਂ ਆਪੋ ਆਪਣੇ ਅੰਕੜੇ ਰੱਖਦੀਆਂ ਹਨ ਅਤੇ ਹਰੇਕ ਦੇ ਅੰਕੜਿਆਂ ’ਤੇ ਵਿੱਤ ਵਿਭਾਗ, ਆਰਬੀਆਈ, ਕੋਲੰਬੀਆ ਜਾਂ ਹਾਰਵਰਡ ਯੂਨੀਵਰਸਿਟੀ ਆਦਿ ਦੇ ਕਿਸੇ ਉੱਘੇ ਆਰਥਿਕ ਮਾਹਿਰ ਦੀ ਮੋਹਰ ਲੱਗੀ ਹੁੰਦੀ ਹੈ। ਦੂਰਸੰਚਾਰ ਤੇ ਕੋਲਾ ਘੁਟਾਲਿਆਂ, ਨੋਟਬੰਦੀ, ਕੌਮੀ ਅਸਾਸਿਆਂ ਦੇ ਅਪਨਿਵੇਸ਼ ਜਿਹੀਆਂ ਹਾਲੀਆ ਘਟਨਾਵਾਂ ਸਭ ਅੰਕੜਿਆਂ ਵਿਚ ਹੇਰ-ਫੇਰ ਤੇ ਕਲਾਕਾਰੀ ਦੀਆਂ ਮਿਸਾਲਾਂ ਹਨ। ਤੁਸੀਂ ਜਿਸ ’ਤੇ ਚਾਹੋ, ਯਕੀਨ ਕਰ ਸਕਦੇ ਹੋ, ਜਿਹੋ ਜਿਹੀ ਤੁਹਾਡੀ ਵਿਚਾਰਧਾਰਾ ਹੈ, ਉਸ ਦੇ ਮੁਤਾਬਿਕ ਹੀ ਕੁਝ ਅੰਕੜੇ ਝੂਠੇ ਅਤੇ ਦੂਜੇ ਸੱਚੇ ਹੁੰਦੇ ਹਨ।
ਆਓ ਹੁਣ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੇ ਪਹਿਲੂਆਂ ’ਤੇ ਝਾਤੀ ਮਾਰੀਏ। ਆਮ ਵਰਦੀਧਾਰੀ ਪੁਲੀਸ ਵਿਭਾਗਾਂ ਬਾਰੇ ਸਮਝਿਆ ਜਾਂਦਾ ਹੈ ਕਿ ਅਮਨ ਕਾਨੂੰਨ ਕਾਇਮ ਰੱਖਣਾ ਹੀ ਇਨ੍ਹਾਂ ਦਾ ਫ਼ਰਜ਼ ਹੁੰਦਾ ਹੈ। ਸਾਡੇ ਦੇਸ਼ ਅੰਦਰ ਇਹ ਸੱਤਾਧਾਰੀ ਪਾਰਟੀ ਦੇ ਚਾਕਰ ਬਣ ਕੇ ਰਹਿ ਗਏ ਹਨ, ਬਸ ਫ਼ਰਕ ਇਹ ਪੈਂਦਾ ਹੈ ਕਿ ਕਿਹੜੀ ਪਾਰਟੀ ਸੱਤਾ ਵਿਚ ਹੈ। ਜਾਂਚ ਅਤੇ ਇਸਤਗਾਸੇ ਵਿਚ ਸੱਚਾਈ ਦੀ ਤੋੜ-ਭੰਨ ਅੱਜ ਕੋਈ ਅਪਵਾਦ ਨਹੀਂ ਸਗੋਂ ਨੇਮ ਬਣ ਗਿਆ ਹੈ। ਇਸ ਤੋਂ ਇਲਾਵਾ ਆਈਬੀ, ਐੱਨਆਈਏ, ਸੀਬੀਆਈ, ਈਡੀ, ਐੱਨਸੀਬੀ, ਰਾਅ ਜਿਹੀਆਂ ਭਾਰਤ ਸਰਕਾਰ ਦੀਆਂ ਏਜੰਸੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਏਜੰਸੀਆਂ ਦਾ ਕੋਈ ਵਿਧੀ ਵਿਧਾਨ ਨਹੀਂ ਹੈ ਤੇ ਨਾ ਹੀ ਉਹ ਸੰਸਦ ਨੂੰ ਜਵਾਬਦੇਹ ਹਨ। ਇਹ ਖ਼ਾਸ ਕਾਰਜਾਂ ਲਈ ਕਾਇਮ ਕੀਤੀਆਂ ਗਈਆਂ ਸਨ। ਸੱਤਾਧਾਰੀ ਸਿਆਸਤਦਾਨਾਂ ਨੇ ਇਨ੍ਹਾਂ ਦਾ ਚਿਹਰਾ ਮੋਹਰਾ ਇੰਝ ਵਿਗਾੜ ਛੱਡਿਆ ਹੈ ਕਿ ਉਨ੍ਹਾਂ ਦੇ ਜ਼ਾਤੀ ਮੰਤਵਾਂ ਦੀ ਪੂਰਤੀ ਕੀਤੀ ਜਾ ਸਕੇ। ਕੋਈ ਜਵਾਬਦੇਹੀ ਨਾ ਹੋਣ ਕਰਕੇ ਉਹ ਸਾਫ਼ ਬਚ ਕੇ ਨਿਕਲ ਜਾਂਦੇ ਹਨ। ਬਹੁਤੇ ਮੁਲ਼ਕਾਂ ਦੀਆਂ ਬਾਹਰੀ ਖ਼ੁਫ਼ੀਆ ਏਜੰਸੀਆਂ ਸਾਜ਼ਿਸ਼ਾਂ ਘੜਨ, ਹੋਰਨਾਂ ਮੁਲ਼ਕਾਂ ਅੰਦਰ ਬਦਅਮਨੀ ਅਤੇ ਭੰਨ-ਤੋੜ ਦੀਆਂ ਸਰਗਰਮੀਆਂ ਕਰਵਾਉਣ ਵਿਚ ਜੁਟੀਆਂ ਰਹਿੰਦੀਆਂ ਹਨ। ਇਹੋ ਜਿਹੇ ਕੰਮਾਂ ਵਿਚ ਸਭ ਤੋਂ ਪਹਿਲਾਂ ਸਚਾਈ ਦੀ ਬਲੀ ਚੜ੍ਹਦੀ ਹੈ ਅਤੇ ਕੂੜ ਪ੍ਰਚਾਰ ਤੇ ਕਵਰ ਸਟੋਰੀ ਇਸ ਖੇਡ ਦਾ ਬੁਨਿਆਦੀ ਅਸੂਲ ਹਨ। ਸੀਆਈਏ ਵੱਲੋਂ ਸੋਵੀਅਤ ਰੂਸ ਨੂੰ ਖਦੇੜਨ ਲਈ ਆਈਐੱਸਆਈ ਦੀ ਮਦਦ ਨਾਲ ਤਾਲਿਬਾਨ ਨੂੰ ਤਿਆਰ ਕੀਤਾ ਅਤੇ ਪਾਲਿਆ ਪਲੋਸਿਆ ਗਿਆ ਸੀ। ਬਾਅਦ ਵਿਚ 9/11 ਦੇ ਕਾਰੇ ਤੋਂ ਬਾਅਦ ਉਸੇ ਤਾਲਿਬਾਨ ’ਤੇ ਅਫ਼ਗਾਨਿਸਤਾਨ ਉਪਰ ਵੀਹ ਸਾਲ ਬੰਬਾਰੀ ਕੀਤੀ ਗਈ।
ਅੱਜ ਫਿਰ ਉਹ ਸੱਤਾ ਵਿਚ ਆ ਗਏ ਹਨ ਅਤੇ ਅਮਰੀਕੀ ਉੱਥੋਂ ਵਾਪਸ ਆ ਚੁੱਕੇ ਹਨ। ਹੁਣ ਵੱਖੋ ਵੱਖਰੇ ਦੇਸ਼ਾਂ ਦੇ ਜੁੱਟਾਂ ਵੱਲੋਂ ਕੌਮਾਂਤਰੀ ਪੱਧਰ ’ਤੇ ਨਵੀਆਂ ਕਿਸਮਾਂ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਕਿ ਆਪੋ ਆਪਣੇ ਰਣਨੀਤਕ ਮਕਸਦ ਅਗਾਂਹ ਵਧਾਏ ਜਾ ਸਕਣ। ਇਸੇ ਤਰ੍ਹਾਂ ਦੂਜੀ ਖਾੜੀ ਜੰਗ ਵਿਚ ਅਮਰੀਕੀ ਤੇ ਬਰਤਾਨਵੀ ਆਪਣੇ ਇਤਹਾਦੀਆਂ ਨਾਲ ਅੱਗ ਵਰ੍ਹਾਉਂਦੇ ਹੋਏ ਇਰਾਕ ਦੀ ਸਰਜ਼ਮੀਨ ’ਤੇ ਕਿਉਂ ਉਤਰੇ ਸਨ? ਦੁਨੀਆਂ ਦੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਇਰਾਕੀਆਂ ਕੋਲ ਵਿਆਪਕ ਤਬਾਹੀ ਮਚਾਉਣ ਵਾਲੇ ਹਥਿਆਰ ਹਨ ਜਿਨ੍ਹਾਂ ਕਰਕੇ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੇ ਸਿੱਟਾ ਕੱਢਿਆ ਕਿ ਇਰਾਕ ਵਿਚ ਅਜਿਹਾ ਕੋਈ ਹਥਿਆਰ ਨਹੀਂ ਸੀ ਪਰ ਇਰਾਕ ਨੂੰ ਬਰਬਾਦ ਕਰ ਦਿੱਤਾ ਗਿਆ, ਸੱਦਾਮ ਹੁਸੈਨ ਨੂੰ ਮਾਰ ਦਿੱਤਾ ਗਿਆ ਅਤੇ ਤੇਲ ਅਸਾਸਿਆਂ ’ਤੇ ਕਬਜ਼ਾ ਕਰ ਲਿਆ ਗਿਆ। ਬਾਅਦ ਵਿਚ ਇਹ ਮੰਨ ਵੀ ਲਿਆ ਗਿਆ ਕਿ ਜਨ ਤਬਾਹੀ ਦਾ ਕੋਈ ਹਥਿਆਰ ਨਹੀਂ ਮਿਲਿਆ ਜਾਂ ਕੋਈ ਹਥਿਆਰ ਮੌਜੂਦ ਹੀ ਨਹੀਂ ਸੀ। ਇਕ ਵਾਰ ਫਿਰ ਉਹੀ ਗੱਲ ਕਿ ਸੱਚ ਕੀ ਸੀ ਤੇ ਝੂਠ ਕੀ ਅਤੇ ਲੋਕਾਂ ਨੇ ਕਿਸ ’ਤੇ ਵਿਸ਼ਵਾਸ ਕੀਤਾ ਸੀ?
ਹੁਣ ਗੱਲ ਕਰਦੇ ਹਾਂ ਆਪਣੇ ਦੇਸ਼ ਦੀ- ਐਲਓਸੀ ਅਤੇ ਐਲਏਸੀ (ਪਾਕਿਸਤਾਨ ਅਤੇ ਚੀਨ ਨਾਲ ਲੱਗਦੇ ਸਰਹੱਦੀ ਖੇਤਰਾਂ) ਅਤੇ ਗੜਬੜਜ਼ਦਾ ਇਲਾਕਿਆਂ ਵਿਚ ਕੀ ਹੋ ਰਿਹਾ ਹੈ? ਆਮ ਤੌਰ ’ਤੇ ਇਹ ਅਜਿਹੇ ਖੇਤਰ ਹਨ ਜਿੱਥੇ ਬਾਹਰੋਂ ਰਸਾਈ ਨਾਂ-ਮਾਤਰ ਹੈ ਅਤੇ ਇਸ ਮੁਤੱਲਕ ਮੀਡੀਆ ਰਾਹੀਂ ਜੋ ਵੀ ਜਾਣਕਾਰੀਆਂ ਬਾਹਰ ਮਿਲਦੀਆਂ ਹਨ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਆਜ਼ਾਦ ਸਮੀਖਿਅਕ, ਮੀਡੀਆ ਕਰਮੀ ਅਤੇ ਵਿਰੋਧੀ ਪਾਰਟੀਆਂ ਦੀ ਇਨ੍ਹਾਂ ਖੇਤਰਾਂ ਤੱਕ ਕੋਈ ਰਸਾਈ ਨਹੀਂ ਹੁੰਦੀ। ਜਿੱਥੇ ਸਰਕਾਰੀ ਰਿਪੋਰਟਾਂ ਵਿਚ ਇਹ ਦਰਸਾਇਆ ਜਾਂਦਾ ਹੈ ਕਿ ਐਲਏਸੀ ਅਤੇ ਐਲਓਸੀ ਉਪਰ ‘ਸਭ ਅੱਛਾ’ ਚੱਲ ਰਿਹਾ ਹੈ ਜਦੋਂਕਿ ਕੁਝ ਹੋਰ ਰਿਪੋਰਟਾਂ ਅਤੇ ਉਪਗ੍ਰਹਿ ਰਾਹੀਂ ਲਈਆਂ ਤਸਵੀਰਾਂ ਤੋਂ ਵੱਖਰੀ ਹੀ ਕਹਾਣੀ ਉੱਭਰਦੀ ਹੈ। ਇਸ ਨਾਲ ਰਾਸ਼ਟਰੀ ਸੁਰੱਖਿਆ ਦੇ ਕਈ ਅਹਿਮ ਮੁੱਦੇ ਜੁੜੇ ਹੋਣ ਕਰਕੇ ਮੈਂ ਸਰਕਾਰੀ ਸੱਚ ’ਤੇ ਯਕੀਨ ਕਰਨਾ ਚਾਹਾਂਗਾ, ਪਰ ਸੰਸੇ ਤਾਂ ਲੱਗਦੇ ਹੀ ਰਹਿਣਗੇ।
ਅਜਿਹੀਆਂ ਕਹਾਣੀਆਂ ਦਾ ਕੋਈ ਤੋੜਾ ਨਹੀਂ ਹੈ ਜਦੋਂ ਇਹ ਪਤਾ ਚਲਦਾ ਹੈ ਕਿ ਵੱਡੀਆਂ ਤੇ ਛੋਟੀਆਂ ਘਟਨਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਵੇਂ ਝੂਠ ਦਾ ਇਕ ਜਾਲ ਬੁਣਿਆ ਗਿਆ ਸੀ। ਉਂਝ, ਇਕ ਵੱਡੇ ਝੂਠ ਦੀ ਮਿਸਾਲ ਦੁਨੀਆਂ ਦੇ ਲੋਕਰਾਜੀ ਚਾਨਣ ਮੁਨਾਰੇ ਤੋਂ ਸਾਹਮਣੇ ਆਈ ਸੀ ਜਦੋਂ ਅਮਰੀਕਾ ਵਿਚ ਹੋਈਆਂ ਪਿਛਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਜੋਅ ਬਾਇਡਨ ਨੂੰ ਅਧਿਕਾਰਤ ਤੌਰ ’ਤੇ ਜੇਤੂ ਐਲਾਨ ਦਿੱਤਾ ਗਿਆ ਪਰ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੇ ਚੋਣ ਨਤੀਜਾ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਦਾਅਵਾ ਕੀਤਾ ਕਿ ਡੈਮੋਕਰੈਟਾਂ ਨੇ ਚੋਣਾਂ ਵਿਚ ਹੇਰਾਫੇਰੀ ਕੀਤੀ ਹੈ। ਉਹ ਇਸ ਵੱਡੇ ਝੂਠ ਦਾ ਪ੍ਰਚਾਰ ਕਰਦੇ ਰਹੇ ਅਤੇ ਉਨ੍ਹਾਂ ਦੇ ਹਜ਼ਾਰਾਂ ਹਮਾਇਤੀਆਂ ਨੇ ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ’ਤੇ ਧਾਵਾ ਬੋਲ ਦਿੱਤਾ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਬਗ਼ਾਵਤ ਕਰਾਰ ਦਿੱਤਾ ਅਤੇ ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਪਰ ਟਰੰਪ ਨੇ ਆਪਣਾ ਅਲਾਪ ਜਾਰੀ ਰੱਖਿਆ ਤੇ ‘ਟਰੰਪ ਭਗਤ’ ਉਸ ’ਤੇ ਅਜੇ ਵੀ ਵਿਸ਼ਵਾਸ ਕਰਦੇ ਹਨ। ਲਿਹਾਜ਼ਾ, ਇਕ ਸੱਚ ਉਹ ਸੀ ਜੋ ਅਧਿਕਾਰਤ ਰੂਪ ਵਿਚ ਐਲਾਨਿਆ ਗਿਆ, ਦੂਜਾ ਉਹ ਸੀ ਜਿਸ ਦਾ ਪ੍ਰਚਾਰ ਟਰੰਪ ਵੱਲੋਂ ਕੀਤਾ ਜਾਂਦਾ ਰਿਹਾ ਅਤੇ ਇੰਝ ਲੋਕ ਪਾਰਟੀ ਲੀਹਾਂ ’ਤੇ ਵੰਡੇ ਗਏ। ਇਹ ਅਮਰੀਕਾ ਵਿਚ ਵਾਪਰ ਰਿਹਾ ਹੈ- ਸੱਚ ਕੀ ਹੈ ਤੇ ਕੀ ਝੂਠ। ਇਸ ਕਾਰੇ ਦੀ ਪਹਿਲੀ ਬਰਸੀ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਕਿ ਸਾਨੂੰ ਸੱਚ ਸਵੀਕਾਰ ਕਰਨਾ ਪਵੇਗਾ ਜੋ ਮਹਾਨ ਦੇਸ਼ਾਂ ਨੂੰ ਕਰਨਾ ਪੈਂਦਾ ਹੈ : ‘‘ਉਹ ਸੱਚ ਦਾ ਸਾਹਮਣਾ ਕਰਦੇ ਹਨ, ਇਸ ਦਾ ਟਾਕਰਾ ਕਰਦੇ ਹਨ ਅਤੇ ਅਗਾਂਹ ਵਧ ਜਾਂਦੇ ਹਨ।’’
ਮੈਂ ਸਾਡੇ ਦੇਸ਼ ਦੇ ਮਜ਼ਹਬੀ ਅਤੇ ਸੰਵੇਦਨਸ਼ੀਲ ਕਿਸਮ ਦੇ ਮੁੱਦਿਆਂ ਦੀ ਚਰਚਾ ਨਹੀਂ ਕੀਤੀ। ਉਂਝ, ਕਿਸੇ ਨਾਟਕ ਦੇ ਪ੍ਰਮੁੱਖ ਕਿਰਦਾਰਾਂ ਦੇ ਆਪੋ ਆਪਣੇ ਸੱਚ ਤੇ ਝੂਠ ਹੁੰਦੇ ਹਨ- ਤੁਸੀਂ ਆਪਣੀ ਚੋਣ ਕਰੋ ਪਰ ਇਹ ਜਾਣਦਿਆਂ ਹੋਇਆਂ ਕਰੋ। ਇਸ ਦੇ ਬਾਵਜੂਦ ਸੱਚ ਤੇ ਝੂਠ ਦਾ ਨਿਤਾਰਾ ਕਰਨਾ ਔਖਾ ਹੁੰਦਾ ਹੈ ਪਰ ਜਿਸ ਦਿਨ ਝੂਠ ਨੂੰ ਝੂਠ ਕਹਿਣ ਕਹਿਣ ਦੀ ਹਿੰਮਤ ਦਿਖਾਉਣ ਵਾਲੇ ਸਾਹਮਣੇ ਆ ਜਾਣ ਤਾਂ ਇਹ ਕੰਮ ਸੌਖਾ ਹੋ ਜਾਂਦਾ ਹੈ। ਬੱਚੇ ਤਾਂ ਨਿਰਛਲ ਝੂਠ ਬੋਲਦੇ ਹਨ ਪਰ ਬਾਲਗ ਫਰੇਬੀ ਤੇ ਮੂੰਹ ਫੱਟ ਬਣ ਜਾਂਦੇ ਹਨ- ਅਸੀਂ ਉਨ੍ਹਾਂ ਲਈ ਕਿਹੋ ਜਿਹੀ ਦੁਨੀਆ ਛੱਡ ਕੇ ਜਾਵਾਂਗੇ ਜਿਸ ਵਿਚ ਚਾਨਣ ਦੀ ਲੋਅ ਅਤੇ ਸੱਚਾਈ ਹੋਵੇਗੀ ਜਾਂ ਚਾਰੇ ਪਾਸੇ ਘੁੱਪ ਹਨੇਰਾ?
ਆਖ਼ਰੀ ਗੱਲ ਉਸ ਏਜੰਸੀ ਬਾਰੇ ਕਰਦੇ ਹਾਂ ਜਿਸ ਨੂੰ ਮੀਡੀਆ ਦਾ ਨਾਂ ਦਿੱਤਾ ਜਾਂਦਾ ਹੈ ਤੇ ਜਿਸ ਦੀ ਸਥਾਪਨਾ ਅਜਿਹੇ ਲੋਕਾਂ ਵੱਲੋਂ ਕੀਤੀ ਗਈ ਸੀ ਜੋ ਉੱਚ ਆਦਰਸ਼ਾਂ ਦੇ ਧਾਰਨੀ ਸਨ ਤਾਂ ਕਿ ਲੋਕਾਂ ਨੂੰ ਫਰੇਬ ਅਤੇ ਝੂਠ ਦੀਆਂ ਹਨੇਰ ਗਲੀਆਂ ’ਚੋਂ ਲੰਘਣ ਵਿਚ ਮਦਦ ਮਿਲ ਸਕੇ। ਸੂਬਾਈ ਪੱਧਰ ਦੇ ਅਖ਼ਬਾਰਾਂ ਅਤੇ ਰਸਾਲਿਆਂ ਤੋਂ ਲੈ ਕੇ ਵਿਜ਼ੁਅਲ ਤੇ ਸੋਸ਼ਲ ਮੀਡੀਆ ਦੇ ਕੌਮੀ ਚੈਨਲਾਂ ਤੱਕ ਬੁਨਿਆਦੀ ਆਦਰਸ਼ਾਂ ਦੀ ਥਾਂ ਇਕ ਅਜਿਹਾ ਮੀਡੀਆ ਹੋਂਦ ਵਿਚ ਆ ਗਿਆ ਹੈ ਜਿਸ ਦਾ ਕੰਟਰੋਲ ਰਿਆਸਤ/ਸਟੇਟ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲਿਆ ਗਿਆ ਹੈ। ਸੱਚ ਦੀ ਵੱਡੇ ਪੱਧਰ ’ਤੇ ਭੰਨ ਤੋੜ ਕੀਤੀ ਜਾਂਦੀ ਹੈ... ਸੱਚ ਦੇ ਕਿਣਕੇ ਕਦੇ ਕਦਾਈਂ ਸਾਹਮਣੇ ਆ ਜਾਂਦੇ ਹਨ। ਸੱਚ ਦੇ ਕੁਝ ਜੁਗਨੂੰ ਅਜੇ ਵੀ ਟਿਮਟਿਮਾਉਂਦੇ ਹਨ। ਸੋਸ਼ਲ ਮੀਡੀਆ ’ਤੇ ਇਸ ਦੇ ਬੇਮੁਹਾਰੇਪਣ ਦੇ ਉਭਾਰ ਨਾਲ ਘਮਸਾਣ ਹੋਰ ਵੀ ਵਧ ਗਿਆ ਹੈ ਅਤੇ ਇਸ ਮਾਧਿਅਮ ’ਤੇ ਵੀ ਉਨ੍ਹਾਂ ਦੀ ਹੀ ਧਾਂਕ ਜੰਮ ਗਈ ਹੈ ਜਿਨ੍ਹਾਂ ਕੋਲ ਵੱਡੀਆਂ ਟਰੋਲ ਸੈਨਾਵਾਂ ਹਨ। ਹੁਣ ਅਸੀਂ ਇੱਥੋਂ ਕਿਧਰ ਜਾਵਾਂਗੇ ਅਤੇ ਅਸੀਂ ਕੀਹਦੇ ’ਤੇ ਯਕੀਨ ਕਰਾਂਗੇ- ਕੀਹਦੇ ਪੱਲੇ ਸੱਚ ਹੈ? ਮੈਨੂੰ ਅਜੇ ਵੀ ਆਸ ਹੈ ਕਿ ਮੀਡੀਆ ਸਮੇਂ ਦੀ ਪੁਕਾਰ ਪਛਾਣੇਗਾ ਅਤੇ ਕਦੀਮੀ ਵਚਨ ’ਤੇ ਪਹਿਰਾ ਦੇਵੇਗਾ: ‘‘ਤੁਸੀਂ ਸੱਚ ਜਾਣ ਜਾਓਗੇ ਅਤੇ ਸੱਚ ਹੀ ਤੁਹਾਨੂੰ ਆਜ਼ਾਦ ਕਰੇਗਾ।’’
(ਸੱਚ ਛੱਡੇ ਤੇ ਝੂਠਿ ਵਿਹਾਝੇ, ਇਹ ਨਿਆਉਂ ਪਿਆ ਤੇਰੇ ਅੱਗੇ - 19ਵੀਂ ਸਦੀ ਦਾ ਪੰਜਾਬੀ ਕਵੀ ਸੰਤ ਰੇਣ)
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ