ਭਾਜਪਾ ਨੂੰ ਸਿਰਫ਼ ਨਫ਼ਰਤ ਦਾ ਸਹਾਰਾ - ਚੰਦ ਫਤਿਹਪੁਰੀ
ਉਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਮਿਲ ਰਹੇ ਹੁੰਗਾਰੇ ਤੋਂ ਭਾਜਪਾ ਬੁਰੀ ਤਰ੍ਹਾਂ ਭੈਅ-ਭੀਤ ਹੈ । ਜਨਤਾ ਭਾਜਪਾ ਨੂੰ ਹਰਾਉਣ ਦਾ ਪੱਕਾ ਮਨ ਬਣਾ ਚੁੱਕੀ ਹੈ । ਇਸ ਦਾ ਅੰਦਾਜ਼ਾ ਭਾਜਪਾ ਵਿਰੋਧੀ ਧਿਰਾਂ ਦੀਆਂ ਰੈਲੀਆਂ ਵਿੱਚ ਜੁੜ ਰਹੀਆਂ ਭੀੜਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ । ਇਸ ਸਮੇਂ ਸਮਾਜਵਾਦੀ ਪਾਰਟੀ ਦਾ ਹੱਥ ਸਭ ਤੋਂ ਉੱਪਰ ਹੈ । ਉਸ ਨੇ ਛੋਟੀਆਂ ਪਾਰਟੀਆਂ ਨੂੰ ਨਾਲ ਜੋੜ ਕੇ ਇੱਕ ਮਜ਼ਬੂਤ ਗਠਜੋੜ ਬਣਾ ਲਿਆ ਹੈ । ਪ੍ਰਿਅੰਕਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ । ਕਾਂਗਰਸ ਜਿੰਨੀ ਮਜ਼ਬੂਤ ਹੋਵੇਗੀ, ਉਸ ਦਾ ਨੁਕਸਾਨ ਭਾਜਪਾ ਨੂੰ ਹੀ ਹੋਣਾ ਹੈ, ਕਿਉਂਕਿ ਦੋਵਾਂ ਦਾ ਹੀ ਮੁੱਖ ਅਧਾਰ ਬ੍ਰਾਹਮਣ ਤੇ ਹੋਰ ਸਵਰਨ ਜਾਤਾਂ ਹਨ । ਪ੍ਰਿਅੰਕਾ ਵੱਲੋਂ ਸ਼ੁਰੂ ਕੀਤੀ ਗਈ "ਲੜਕੀ ਹੂੰ ਲੜ ਸਕਤੀ ਹੂੰ" ਮੁਹਿੰਮ ਨੂੰ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ । ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਸ਼ਾਹ ਤੇ ਪਾਰਟੀ ਪ੍ਰਧਾਨ ਨੱਡਾ ਦੀਆਂ ਰੈਲੀਆਂ ਵਿੱਚ ਭੀੜਾਂ ਇਕੱਠੀਆਂ ਕਰਨ ਲਈ ਪੂਰੀ ਸਰਕਾਰੀ ਮਸ਼ੀਨਰੀ ਲਾਉਣ ਦੇ ਬਾਵਜੂਦ ਕੁਰਸੀਆਂ ਖਾਲੀ ਰਹਿ ਜਾਂਦੀਆਂ ਹਨ ।
ਅਜਿਹੀ ਹਾਲਤ ਵਿੱਚ ਜਦੋਂ ਭਾਜਪਾ ਕੋਲ ਆਪਣੀ ਪੰਜ ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਜਨਤਾ ਨੂੰ ਦੱਸਣ ਲਈ ਕੁਝ ਨਹੀਂ ਹੈ ਤਾਂ ਉਸ ਨੇ ਖੁੱਲ੍ਹੇਆਮ ਫਿਰਕੂ ਸਫਬੰਦੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ । ਬਾਜ਼ੀ ਹੱਥੋਂ ਨਿਕਲਦੀ ਦੇਖ ਸੰਘ ਨੇ ਵੀ ਆਪਣੇ ਸਾਰੇ ਨਫ਼ਰਤੀ ਘੋੜੇ ਖੋਲ੍ਹ ਦਿੱਤੇ ਹਨ, ਜਿਸ ਦਾ ਝਲਕਾਰਾ ਹਰਿਦੁਆਰ ਦੀ ਧਰਮ ਸੰਸਦ ਵਿੱਚ ਅਸੀਂ ਦੇਖ ਚੁੱਕੇ ਹਾਂ । ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤੇ ਕੇਸ਼ਵ ਪ੍ਰਸਾਦ ਮੌਰੀਆ ਸਭ ਮਿਲ ਕੇ ਪੂਰੀ ਢੀਠਤਾਈ ਨਾਲ ਨਫ਼ਰਤ ਤੇ ਫਿਰਕੂ ਘ੍ਰਿਣਾ ਫੈਲਾਅ ਰਹੇ ਹਨ ।
2 ਜਨਵਰੀ ਨੂੰ ਮੇਰਠ ਦੇ ਸਲਾਵਾ ਪਿੰਡ ਵਿੱਚ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਨਫ਼ਰਤੀ ਜ਼ੁਬਾਨ ਵਿੱਚ ਕਿਹਾ, "ਪਹਿਲਾਂ ਦੀਆਂ ਸਰਕਾਰਾਂ ਦੀ ਖੇਡ ਦਾ ਨਤੀਜਾ ਸੀ ਕਿ ਲੋਕਾਂ ਨੂੰ ਆਪਣੇ ਜੱਦੀ ਘਰ ਛੱਡਣ ਲਈ ਮਜਬੂਰ ਹੋਣਾ ਪਿਆ । ਸਾਡੇ ਮੇਰਠ ਤੇ ਆਲੇ-ਦੁਆਲੇ ਦੇ ਲੋਕ ਕਦੇ ਨਹੀਂ ਭੁੱਲ ਸਕਦੇ ਕਿ ਲੋਕਾਂ ਦੇ ਘਰ ਸਾੜ ਦਿੱਤੇ ਜਾਂਦੇ ਸਨ ਤੇ ਪਹਿਲਾਂ ਦੀਆਂ ਸਰਕਾਰਾਂ ਆਪਣੀ ਖੇਡ ਵਿੱਚ ਲੱਗੀਆਂ ਰਹਿੰਦੀਆਂ ਸਨ ।" ਇੰਜ ਕਹਿ ਕੇ ਮੋਦੀ ਹਿੰਦੂਆਂ ਨੂੰ ਦੰਗਿਆਂ ਦੀ ਯਾਦ ਦਿਵਾ ਰਹੇ ਸਨ । ਇਸ ਤੋਂ ਪਹਿਲਾਂ 23 ਦਸੰਬਰ ਨੂੰ ਵਾਰਾਨਸੀ ਦੀ ਰੈਲੀ ਵਿੱਚ ਮੋਦੀ ਨੇ ਕਿਹਾ, '"ਸਾਡੇ ਇੱਥੇ ਗਾਂ ਦੀ ਗੱਲ ਕਰਨਾ, ਗੋਵਰਧਨ ਦੀ ਗੱਲ ਕਰਨਾ ਕੁਝ ਲੋਕਾਂ ਨੇ ਗੁਨਾਹ ਬਣਾ ਦਿੱਤਾ ਹੈ । ਗਾਂ ਦਾ ਨਾਂਅ ਲੈਣਾ ਕੁਝ ਲੋਕਾਂ ਲਈ ਗੁਨਾਹ ਹੋ ਸਕਦਾ ਹੈ, ਪ੍ਰੰਤੂ ਸਾਡੇ ਲਈ ਗਾਂ ਮਾਤਾ ਹੈ, ਪੂਜਣਯੋਗ ਹੈ ।"
26 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਸਗੰਜ ਦੀ ਰੈਲੀ ਵਿੱਚ ਹਿੰਦੂ-ਮੁਸਲਿਮ ਦੀ ਲਕੀਰ ਖਿੱਚਦਿਆਂ ਕਿਹਾ, "ਪਹਿਲਾਂ ਅਯੁੱਧਿਆ ਵਿੱਚ ਪ੍ਰਭੂ ਸ੍ਰੀ ਰਾਮ ਦਾ ਮੰਦਰ ਬਣਾਉਣ ਲਈ ਡੰਡੇ ਪੈਂਦੇ ਸਨ ਤੇ ਗੋਲੀਆਂ ਚਲਦੀਆਂ ਸਨ, ਹੁਣ ਤੁਹਾਡੇ ਅਸ਼ੀਰਵਾਦ ਤੇ ਪ੍ਰਧਾਨ ਮੰਤਰੀ ਜੀ ਦੇ ਯਤਨਾਂ ਨਾਲ ਅਯੁੱਧਿਆ ਵਿੱਚ ਪ੍ਰਭੂ ਸ੍ਰੀ ਰਾਮ ਦਾ ਸ਼ਾਨਦਾਰ ਮੰਦਰ ਬਣ ਰਿਹਾ ਹੈ । ਜੋ ਮੰਦਰ ਦਾ ਵਿਰੋਧ ਕਰ ਰਹੇ ਸੀ ਤੇ ਰਾਮ ਭਗਤਾਂ ਉੱਤੇ ਗੋਲੀਆਂ ਚਲਾ ਰਹੇ ਸਨ, ਕੀ ਤੁਸੀਂ ਉਨ੍ਹਾਂ ਦਾ ਸਾਥ ਦਿਓਗੇ?“ ਇਸ ਤੋਂ ਪਹਿਲਾਂ 26 ਨਵੰਬਰ ਨੂੰ ਜਾਲੌਨ ਵਿੱਚ ਅਮਿਤ ਸ਼ਾਹ ਨੇ ਮੁਸਲਿਮ ਵਿਰੋਧ ਦਾ ਦਾਅ ਖੇਡਦਿਆਂ ਕਿਹਾ, "ਹਾਲੇ ਅਖਿਲੇਸ਼ ਬਾਬੂ ਬਹੁਤ ਗੁੱਸੇ ਵਿੱਚ ਹਨ, ਇਸ ਦਾ ਕਾਰਨ ਇਹ ਹੈ ਕਿ ਅਸੀਂ ਤਿੰਨ ਤਲਾਕ ਖ਼ਤਮ ਕਰ ਦਿੱਤਾ ਹੈ ।"
30 ਦਸੰਬਰ ਨੂੰ ਅਮਿਤ ਸ਼ਾਹ ਨੇ ਅਲੀਗੜ੍ਹ ਵਿੱਚ ਨਿਜ਼ਾਮ ਸ਼ਬਦ ਦੇ ਬਹਾਨੇ ਸਮਾਜਵਾਦੀ ਪਾਰਟੀ ਨੂੰ ਮੁਸਲਿਮਪ੍ਰਸਤ ਕਹਿੰਦਿਆਂ ਹਿੰਦੂ-ਮੁਸਲਿਮ ਤਰੇੜ ਨੂੰ ਹੋਰ ਚੌੜਾ ਕਰਨ ਦਾ ਜਤਨ ਕੀਤਾ । ਉਨ੍ਹਾ ਕਿਹਾ, "ਨਿਜ਼ਾਮ ਦਾ ਮਤਲਬ ਸ਼ਾਸਨ ਹੁੰਦਾ ਹੈ, ਪਰ ਅਖਿਲੇਸ਼ ਯਾਦਵ ਲਈ ਇਸ ਦਾ ਮਤਲਬ ਹੈ, ਐੱਨ ਮਤਲਬ ਨਸੀਮੂਦੀਨ, ਆਈ ਮਤਲਬ ਇਮਰਾਨ ਮਸੂਦ, ਜ਼ੈੱਡ ਏ ਮਤਲਬ ਆਜ਼ਮ ਖਾਨ ਤੇ ਐੱਮ ਮਤਲਬ ਮੁਖਤਾਰ ਅੰਸਾਰੀ । ਮੈਂ ਯੂ ਪੀ ਦੀ ਜਨਤਾ ਨੂੰ ਪੁੱਛਦਾਂ ਕਿ ਰਾਜ ਵਿੱਚ ਅਖਿਲੇਸ਼ ਦਾ ਨਿਜ਼ਾਮ ਚਾਹੀਦਾ ਜਾਂ ਯੋਗੀ-ਮੋਦੀ ਦਾ ਵਿਕਾਸ ।" ਇਹੋ ਨਹੀਂ, ਅਮਿਤ ਸ਼ਾਹ ਨੇ ਪੂਰੀ ਬੇਸ਼ਰਮੀ ਨਾਲ ਇਹ ਝੂਠ ਵੀ ਬੋਲ ਦਿੱਤਾ ਕਿ ਜੇ ਸਪਾ ਦੀ ਸਰਕਾਰ ਆ ਗਈ ਤਾਂ ਉਹ ਰਾਮ ਮੰਦਰ ਦਾ ਕੰਮ ਰੋਕ ਦੇਵੇਗੀ ।
22 ਦਸੰਬਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਨਫ਼ਰਤੀ ਬੋਲੀ ਬੋਲਦਿਆਂ ਇਹ ਕਿਹਾ, "ਪਿਛਲੀਆਂ ਸਰਕਾਰਾਂ ਰਾਮ ਭਗਤਾਂ ਉੱਤੇ ਗੋਲੀਆਂ ਚਲਾਉਂਦੀਆਂ ਸਨ ਤੇ ਹੁਣ ਫੁੱਲਾਂ ਦੀ ਵਰਖਾ ਹੁੰਦੀ ਹੈ । ਸ਼ਾਨਦਾਰ ਰਾਮ ਮੰਦਰ ਬਣ ਰਿਹਾ । ਪਹਿਲਾਂ ਕਾਂਵੜ ਯਾਤਰਾ 'ਤੇ ਰੋਕ ਲਗਦੀ ਸੀ, ਹੁਣ ਕਾਸ਼ੀ ਦਾ ਸਰੂਪ ਬਦਲ ਦਿੱਤਾ ਹੈ ।'' ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਜਦੋਂ ਨਫ਼ਰਤ ਪਰੋਸ ਰਹੇ ਹੋਣ ਤਾਂ ਫਿਰ ਡਿਪਟੀ ਮੁੱਖ ਮੰਤਰੀ ਕਿਵੇਂ ਪਿਛੇ ਰਹਿ ਸਕਦੇ ਸਨ । ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਪਹਿਲੀ ਦਸੰਬਰ ਨੂੰ ਟਵੀਟ ਕਰ ਦਿੱਤਾ ਕਿ ਅਯੁੱਧਿਆ ਤੇ "ਕਾਸ਼ੀ ਵਿੱਚ ਸ਼ਾਨਦਾਰ ਮੰਦਰਾਂ ਦਾ ਨਿਰਮਾਣ ਜਾਰੀ ਹੈ ਤੇ ਮਥੁਰਾ ਦੀ ਤਿਆਰੀ ਹੈ ।"
ਉਤਰ ਪ੍ਰਦੇਸ਼ ਵਿੱਚ ਭਾਜਪਾ ਆਗੂਆਂ ਦੇ ਨਫ਼ਰਤੀ ਭਾਸ਼ਣਾਂ ਦੇ ਬਾਵਜੂਦ ਉਥੋਂ ਦੀ ਜਨਤਾ ਸਰਕਾਰ ਬਦਲਣ ਦਾ ਮਨ ਬਣਾ ਚੁੱਕੀ ਹੈ, ਪ੍ਰੰਤੂ ਭੁੱਲਣਾ ਨਹੀਂ ਚਾਹੀਦਾ ਕਿ ਭਾਜਪਾ ਕੋਲ ਸੱਤਾ ਦੀ ਤਾਕਤ ਤੇ ਧਨ-ਬਲ ਦੀ ਕੋਈ ਕਮੀ ਨਹੀਂ ਹੈ । ਇਸ ਲਈ ਵਿਰੋਧ ਦੀਆਂ ਸਭ ਪਾਰਟੀਆਂ ਇਕਜੁੱਟ ਹੋ ਕੇ ਹੀ ਭਾਜਪਾ ਦਾ ਮੁਕਾਬਲਾ ਕਰ ਸਕਦੀਆਂ ਹਨ । ਭਾਜਪਾ ਵਿਰੋਧੀ ਵੋਟਾਂ ਵੰਡੀਆਂ ਨਾ ਜਾਣ, ਇਸ ਲਈ ਬੇਹੱਦ ਚੌਕਸੀ ਦੀ ਲੋੜ ਹੈ ।