ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
03 ਜਨਵਰੀ 2022
ਭਾਜਪਾ, ਕੈਪਟਨ ਤੇ ਢੀਂਡਸਾ ਦੀਆਂ ਪਾਰਟੀਆਂ ‘ਚ ਗੱਠਜੋੜ ਦੀ ਬਣੀ ਸਹਿਮਤੀ- ਇਕ ਖ਼ਬਰ
ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ।
ਅਦਾਲਤਾਂ ‘ਚ ਪੰਜਾਬੀ ਲਾਗੂ ਹੋਣ ਨਾਲ਼ ਦੋ ਲੱਖ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ- ਮਿੱਤਰ ਸੈਨ ਮੀਤ
ਫਿਰ ਬੇਰੋਜ਼ਗਾਰਾਂ ਦੇ ਡਾਂਗਾਂ ਫੇਰਨ ਦਾ ਸੁਆਦ ਕਿਵੇਂ ਲੈਣਗੇ ਸਿਆਸੀ ਲੀਡਰ ਮੀਤ ਜੀ?
ਲਾਂਭੇ ਕੀਤੇ ਵੱਡੇ ਬਾਦਲ ਦੀਆਂ ਸੇਵਾਵਾਂ ਆਖਰ ਲੈਣੀਆਂ ਪਈਆਂ ਸੁਖਬੀਰ ਨੂੰ- ਇਕ ਖ਼ਬਰ
ਬੱਗੇ ਬਲ਼ਦ ਖਰਾਸੇ ਜਾਣਾ, ਕੋਠੀ ‘ਚੋਂ ਲਿਆ ਦੇ ਘੁੰਗਰੂ।
ਮਜੀਠੀਏ ਨੂੰ ਬਚਾਉਣ ਲਈ ਕੈਪਟਨ ਨੇ ਪੂਰਾ ਜ਼ੋਰ ਲਗਾਇਆ-ਚੰਨੀ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।
ਪੁਰਾਣੀਆਂ ਪਾਰਟੀਆਂ ਤੇ ਪੁਰਾਣੇ ਆਗੂਆਂ ਤੋਂ ਤੰਗ ਆ ਚੁੱਕੇ ਹਨ ਲੋਕ- ਕੇਜਰੀਵਾਲ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।
ਅਕਾਲੀ ਦਲ ਨੇ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ- ਇਕ ਖ਼ਬਰ
ਚਲ ਚਲ ਰੇ ਨੌਜਵਾਨ, ਬਨਾ ਦੇ ਬਾਦਲੋਂ ਕੀ ਸ਼ਾਨ।
ਪੰਜਾਬ ਨੂੰ ਦੂਰਦ੍ਰਿਸ਼ਟੀ ਵਾਲ਼ੇ ਮੁੱਖ ਮੰਤਰੀ ਦੀ ਲੋੜ- ਸੁਖਬੀਰ ਬਾਦਲ
ਜਿਹੜਾ ਦੂਰੋਂ ਹੀ ਦੇਖ ਕੇ ਦੱਸ ਦੇਵੇ ਕਿ ਮਾਲ ਖਰਾ ਹੈ ਕਿ ਨਹੀਂ।
ਕੇਂਦਰ ਸਰਕਾਰ ਰਾਣਾ ਸੋਢੀ ‘ਤੇ ਮਿਹਰਬਾਨ, ਮਿਲੀ ਜ਼ੈੱਡ ਸਕਿਉਰਿਟੀ- ਇਕ ਖ਼ਬਰ
ਤੈਨੂੰ ਦੇਵਾਂ ਵੇ ਮੈਂ ਦੁੱਧ ਦਾ ਛੰਨਾ, ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲ਼ੀਆਂ।
ਗੁਪਤ ਮੀਟਿੰਗ ਲਈ ਸਿੱਧੂ ਨੇ ਦੂਲੋਂ ਨੂੰ ਵਿਆਹ ‘ਚੋਂ ਸੱਦਿਆ- ਇਕ ਖ਼ਬਰ
ਇਕ ਤੂੰ ਹੋਵੇਂ ਇਕ ਮੈਂ ਹੋਵਾਂ, ਆ ਬਹਿ ਕੇ ਦੋ ਗੱਲਾਂ ਕਰੀਏ।
ਨਵਜੋਤ ਸਿੱਧੂ ਦੀ ਬੋਲਬਾਣੀ ਤੋਂ ਕੈਬਨਿਟ ਮੰਤਰੀ ਖ਼ਫ਼ਾ- ਇਕ ਖ਼ਬਰ
ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।
ਆਪਣੇ ਦਮ ’ਤੇ ਚੋਣਾਂ ਲੜ ਸਕਦੀ ਹੈ ਸੰਯੁਕਤ ਸਮਾਜ ਪਾਰਟੀ- ਕਿਸਾਨ ਨੇਤਾ ਸੰਧੂ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।
ਲਉ ਜੀ ਸ਼੍ਰੋਮਣੀ ਅਕਾਲੀ ਦਲ (ਸ਼ਹੀਦਾਂ) ਵੀ ਹੋਂਦ ਵਿਚ ਆ ਗਿਆ- ਇਕ ਖ਼ਬਰ
ਦਲ ਅਸਲੀ ਨਾ ਦਿਸਦਾ ਅੱਜ ਕਿਧਰੇ, ਦਲ ਦੀ ਦਲਦਲ ਇਨ੍ਹਾਂ ਬਣਾ ਛੱਡੀ।
ਨਵੇਂ ਸਾਲ ਵਿਚ ਦੋ ਵਾਰੀ ਆਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ- ਇਕ ਖ਼ਬਰ
ਧੁਮੱਕੜਸ਼ਾਹੀ ਕੈਲੰਡਰ ਦੀਆਂ ‘ਬਰਕਤਾਂ’।
ਕੈਪਟਨ ਨੇ ਭਾਜਪਾ ਨੂੰ ਗਲ਼ ਲਾ ਕੇ ਪੰਜਾਬ ਦੇ ਲੋਕਾਂ ਨਾਲ਼ ਧ੍ਰੋਹ ਕਮਾਇਆ- ਹਰਸਿਮਰਤ ਬਾਦਲ
ਬੀਬਾ ਜੀ, ਤੁਹਾਡੇ ਸਹੁਰਾ ਸਾਹਿਬ ਨੇ ਤਾਂ ਇਹ ਧ੍ਰੋਹ 24-25 ਸਾਲ ਪਹਿਲਾਂ ਹੀ ਕਮਾ ਲਿਆ ਸੀ।
ਸਜ਼ਾ ਦਾ ਡਰਾਵਾ ਦੇ ਕੇ ਸਾਨੂੰ ਖ਼ਾਮੋਸ਼ ਨਹੀਂ ਕੀਤਾ ਜਾ ਸਕਦਾ- ਮਹਿਬੂਬਾ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।