"ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
12.12.2021
ਭਾਜਪਾ ਨਾਲ ਗੱਠਜੋੜ ਅਕਾਲੀ ਦਲ (ਸੰਯੁਕਤ) ਵਿਚ ਨਾ ਬਣੀ ਸਹਿਮਤੀ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਕਿਸਾਨਾਂ ਖ਼ਿਲਾਫ਼ ਕੇਸ ਵਾਪਸ ਲੈਣੇ ਰਾਜਾਂ ਦਾ ਵਿਸ਼ਾ ਹੈ- ਤੋਮਰ
ਖੇਤੀ-ਬਾੜੀ ਵੀ ਤਾਂ ਰਾਜਾਂ ਦਾ ਵਿਸ਼ਾ ਸੀ, ਉੱਥੇ ਕਿਉਂ ਟੰਗ ਅੜਾਈ ਸੀ ਤੋਮਰ ਸਾਬ?
ਭਾਜਪਾ ਨੇ ਹੁਣ ਕ੍ਰਿਸ਼ਨ ਜਨਮ ਭੂਮੀ ਦਾ ਮੁੱਦਾ ਉਠਾਇਆ- ਇਕ ਖ਼ਬਰ
ਬਈ ਅਗਲੀਆਂ ਚੋਣਾਂ ਵਿਚ ਕੋਈ ਮੁੱਦਾ ਵੀ ਤਾਂ ਹੋਣਾ ਚਾਹੀਦਾ ਵੋਟਾਂ ਲੈਣ ਲਈ।
ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਬਾਦਲ ‘ਚ ਹੋਏ ਸ਼ਾਮਲ- ਇਕ ਖ਼ਬਰ
ਰੁੱਖਾਂ, ਪੌਣ, ਪਰਿੰਦਿਆਂ ਡਿੱਠੀ, ਜੋ ਨਾਲ਼ ਯੂਸਫ਼ ਦੇ ਬੀਤੀ।
ਮੋਦੀ ਸਰਕਾਰ ਦਾ ਹੰਕਾਰ ਹਾਰ ਗਿਆ ਤੇ ਲੋਕਤੰਤਰ ਦੀ ਜਿੱਤ ਹੋਈ- ਕਾਂਗਰਸ
ਤੀਲੀ ਵਾਲ਼ੀ ਖਾਲ ਟੱਪ ਗਈ, ਲੌਂਗ ਵਾਲ਼ੀ ਨੇ ਭੰਨਾ ਲਏ ਗੋਡੇ।
ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ- ਚੰਨੀ
ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।
ਸ਼ਹੀਦ ਕਿਸਾਨਾਂ ਨੂੰ ਸੰਸਦ ਸ਼ਰਧਾਂਜਲੀ ਦੇਵੇ- ਹਰਸਿਮਰਤ ਬਾਦ
ਲਹੂ ਲਗਾ ਕੇ ਚੀਚੀ ਨੂੰ, ਮੈਂ ਵੀ ਸ਼ਹੀਦ ਹੋ ਜਾਵਾਂ।
ਕੰਗਣਾ ਰਣੌਤ ਨੇ ਦਿੱਲੀ ਵਿਧਾਨ ਸਭਾ ਕਮੇਟੀ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ- ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਸਰਕਾਰ ਆਉਣ ‘ਤੇ ਸਿੱਖਿਆ ਤੇ ਸਿਹਤ ਵਿਚ ਵੱਡੇ ਕਾਰਜ ਕਰਾਂਗੇ-ਸੁਖਬੀਰ ਬਾਦਲ
ਯਾਨੀ ਕਿ ਹੁਣ ਆਟੇ ਦਾਲ਼ ਨਾਲ਼ ਆਲੂ ਖੁਆ ਖੁਆ ਕੇ ਲੋਕਾਂ ਨੂੰ ਮੋਟੇ ਕਰਾਂਗੇ।
ਵੋਟਾਂ ਬਟੋਰਨ ਲਈ ਭਾਜਪਾ ਗਾਇਕਾਂ ਦਾ ਸਹਾਰਾ ਲੈ ਰਹੀ ਹੈ- ਇਕ ਖ਼ਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।
ਕੈਪਟਨ ਦੇ ਦਫ਼ਤਰ ਦੇ ਉਦਘਾਟਨ ਸਮੇਂ 7 ਮੋਬਾਈਲ ਫੂਨ ਚੋਰੀ- ਇਕ ਖ਼ਬਰ
ਚੋਰਾਂ ਨੂੰ ਮੋਰ।
ਅਕਾਲੀ-ਬਸਪਾ ਸਰਕਾਰ ਬਣਨ ‘ਤੇ ਟਿਊਬਵੈੱਲਾਂ ਦੇ ਕੁਨੈਕਸ਼ਨ ਦੇਵਾਂਗੇ- ਸੁਖਬੀਰ ਬਾਦਲ
ਯਾਨੀ ਕਿ ਪੰਜਾਬ ਵਿਚ ਪਾਣੀ ਦੀ ਇਕ ਤਿੱਪ ਵੀ ਰਹਿਣ ਨਹੀਂ ਦੇਣੀ।
ਅਕਾਲੀ, ਕਾਂਗਰਸੀ ਤੇ ਬਸਪਾ ਆਗੂ ਭਾਜਪਾ ‘ਚ ਸ਼ਾਮਲ- ਅਸ਼ਵਨੀ ਕੁਮਾਰ
ਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਮੇਲ ਕੇ ਜੰਞ ਲੈ ਆਂਵਦੇ ਨੇ।
ਮੇਰੇ ਵਾਂਗ ਪੰਜਾਬ ਦੀ ਮੌਜੂਦਾ ਸਰਕਾਰ ਵੀ ਅਪਣੇ ਵਾਅਦੇ ਪੂਰੇ ਕਰੇ-ਕੈਪਟਨ ਅਮਰਿੰਦਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਪਹਿਲਾਂ ਮੰਗਾਂ ਪੂਰੀਆਂ ਹੋਣ ਫਿਰ ਮੋਰਚੇ ਹਟਾਵਾਂਗੇ- ਸੰਯੁਕਤ ਕਿਸਾਨ ਮੋਰਚਾ
ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਕਦਮ ਟਿਕਾਵਣਾ ਈ।