ਪੰਜਾਬ ਚੋਣਾਂ ਵਾਸਤੇ ਗੁੱਛੀ-ਮਾਰ ਦਾਅ ਉੱਤੇ ਬੈਠੀ ਹੋਈ ਭਾਜਪਾ - ਜਤਿੰਦਰ ਪਨੂੰ
ਪੰਜਾਬ ਇਸ ਵੇਲੇ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ। ਦਿਨੋ-ਦਿਨ ਉਹ ਘੜੀ ਨੇੜੇ ਆਈ ਜਾਂਦੀ ਹੈ, ਜਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਅਤੇ ਆਗੂ ਚੁਣਨੇ ਹਨ, ਜਿਹੜੇ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧ ਵਜੋਂ ਭਵਿੱਖ ਨਕਸ਼ਾ ਸੁਧਾਰਨ ਦੇ ਜ਼ਿੰਮੇਵਾਰ ਹੋਣਗੇ, ਪਰ ਅਮਲ ਵਿੱਚ ਜਿੱਦਾਂ ਅੱਗੇ ਹੁੰਦਾ ਰਿਹਾ ਹੈ, ਉਸ ਕਾਰਨ ਆਸ ਰੱਖਣੀ ਫਜ਼ੂਲ ਹੈ ਕਿ ਉਹ ਮਾਣ-ਸਨਮਾਨ ਬਖਸ਼ਣ ਵਾਲੇ ਵੋਟਰਾਂ ਦਾ ਚੇਤਾ ਵੀ ਰੱਖਣਗੇ। ਬਿਨਾਂ ਸਿਧਾਂਤ ਤੋਂ ਕੁਰਸੀਆਂ ਦੀ ਝਾਕ ਵਿੱਚ ਜਣਾ-ਖਣਾ ਆਗੂ ਬਣਨ ਤੁਰ ਪੈਂਦਾ ਹੈ ਤੇ ਆਗੂ ਬਣਨਾ ਵੀ ਔਖਾ ਨਹੀਂ, ਬੰਦੇ ਕੋਲ ਥੋੜ੍ਹਾ ਜਿਹਾ ਪੈਸਾ ਹੋਵੇ, ਲੋਕਾਂ ਦੀ ਨਜ਼ਰ ਵਿੱਚ ਲੀਡਰ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈ। ਕਿਸੇ ਵੱਡੇ ਰਾਜਸੀ ਆਗੂ ਨਾਲ ਕਿਸੇ ਤਰ੍ਹਾਂ ਦਾ ਉਸ ਦਾ ਰਿਸ਼ਤਾ ਹੋਵੇ ਤੇ ਉਹ ਉਸ ਰਿਸ਼ਤੇ ਨੂੰ ਵਰਤਣਾ ਜਾਣਦਾ ਹੋਵੇ ਤਾਂ ਅਪਣੇ ਲਈ ਮੈਦਾਨ ਬਣਾ ਲੈਣ ਵਿੱਚ ਉਸ ਨੂੰ ਉਂਜ ਹੀ ਦੇਰ ਨਹੀਂ ਲੱਗਦੀ। ਚਾਰ ਥਾਂਈਂ ਆਪਣੇ ਰਿਸ਼ਤੇਦਾਰ ਲੀਡਰ ਦੇ ਸਮਾਗਮ ਕਰਵਾਉਣ ਦਾ ਨਾਟਕ ਕਰ ਲਏ, ਫਿਰ ਚਾਰ ਥਾਂਈਂ ਉਸ ਲੀਡਰ ਨਾਲ ਜਾਂਦਿਆਂ ਸਟੇਜ ਸੈਕਟਰੀ ਨੂੰ ਕਹਿ ਕੇ ਭਾਸ਼ਣ ਕਰਨ ਲਈ ਵਕਤ ਕੱਢਵਾ ਲਵੇ ਤੇ ਉਸ ਭਾਸ਼ਣ ਵਾਲੀਆਂ ਫੋਟੋ ਚਾਰ ਅਖਬਾਰਾਂ ਵਿੱਚ ਛਪਵਾ ਲਵੇ ਤਾਂ ਉਹ 'ਸੀਨੀਅਰ ਲੀਡਰ' ਬਣ ਜਾਂਦਾ ਹੈ।
ਅੱਜ ਜਦੋਂ ਇੱਕ ਵਾਰ ਫਿਰ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣਿਆ ਪਿਆ ਹੈ, ਓਦੋਂ ਕਈ ਲੀਡਰਾਂ ਦੇ ਕਾਕੇ ਅਤੇ ਚਹੇਤੇ ਰਿਸ਼ਤੇਦਾਰ ਰਾਤੋ-ਰਾਤ ਲੀਡਰ ਬਣਨ ਅਤੇ ਇੱਕ ਜਾਂ ਦੂਸਰੇ 'ਹਲਕੇ ਦੇ ਲੋਕਾਂ ਦੀ ਮੰਗ' ਦੱਸ ਕੇ ਟਿਕਟਾਂ ਵਾਸਤੇ ਦਾਅਵੇਦਾਰ ਬਣਦੇ ਆਮ ਮਿਲ ਜਾਂਦੇ ਹਨ। ਉਨ੍ਹਾਂ ਵਿੱਚੋਂ ਕਈਆਂ ਨੂੰ ਟਿਕਟਾਂ ਮਿਲ ਵੀ ਜਾਣੀਆਂ ਹਨ। ਪੰਜਾਬ ਦੀਆਂ ਸਭ ਪਾਰਟੀਆਂ ਵਿੱਚ ਏਦਾਂ ਦਾ ਕਲਚਰ ਹੈ, ਜਿਸ ਕਰ ਕੇ ਕਿਸੇ ਇੱਕ ਜਾਂ ਦੂਸਰੀ ਦਾ ਨਾਂਅ ਲੈਣ ਦੀ ਲੋੜ ਨਹੀਂ। ਸਰਕਾਰ ਚਲਾ ਰਹੀ ਪਾਰਟੀ ਵਿੱਚ ਏਦਾਂ ਦੇ ਲੋਕ ਵੱਧ ਹਨ। ਇਸ ਦਾ ਕਾਰਨ ਇਹ ਹੈ ਕਿ ਰਾਜ ਕਰਦਿਆਂ ਜਿਹੋ ਜਿਹੀ ਕਮਾਈ ਰਾਤ-ਦਿਨ ਦੋਵੇਂ ਹੱਥੀਂ ਕੀਤੀ ਜਾਂਦੀ ਆਮ ਲੋਕ ਸੁਣਦੇ ਹਨ, ਉਸ ਕਮਾਈ ਨੂੰ ਸੰਭਾਲਣ ਵਾਲਿਆਂ ਦੀ ਪਲਟਣ ਵੀ ਓਡੀ ਹੀ ਵੱਡੀ ਚਾਹੀਦੀ ਹੈ ਤੇ ਜਿਹੜੇ ਲੋਕ ਇਨ੍ਹਾਂ ਕੰਮਾਂ ਲਈ ਵਰਤੇ ਜਾਂਦੇ ਹਨ, ਉਹ ਏਨੇ ਰਾਜ਼ ਜਾਣ ਜਾਂਦੇ ਹਨ ਕਿ ਟਿਕਟ ਮੰਗਣ ਤਾਂ ਉਨ੍ਹਾਂ ਨੂੰ ਇਨਕਾਰ ਕਰਨ ਦਾ ਮਤਲਬ ਆਪਣੀ ਭੇਦਾਂ ਦੀ ਖੇਹ ਉਡਾਉਣ ਦਾ ਰਿਸਕ ਲੈਣਾ ਹੁੰਦਾ ਹੈ। ਇਸ ਕਰ ਕੇ ਲੀਡਰਾਂ ਨਾਲ ਲੱਗੇ ਹੋਏ ਏਦਾਂ ਦੇ ਬੰਦਿਆਂ ਦੀ ਗਿਣਤੀ ਰਾਜ ਕਰਦੀ ਪਾਰਟੀ ਦੇ ਲੀਡਰਾਂ ਵੱਲ ਵੱਧ ਹੋ ਸਕਦੀ ਹੈ, ਪਰ ਵਿਰੋਧੀ ਧਿਰ ਵਿੱਚ ਬੈਠਦੇ ਆਗੂਆਂ ਦੇ ਨਾਲ ਵੀ ਏਦਾਂ ਦੇ ਲੋਕਾਂ ਦੀ ਛੋਟੀ ਗਿਣਤੀ ਨਹੀਂ ਹੁੰਦੀ।
ਜਿਹੜੇ ਲੋਕ ਪਹਿਲਾਂ ਕਿਸੇ ਨਾ ਕਿਸੇ ਰੁਤਬੇ ਉੱਤੇ ਜਾ ਚੁੱਕੇ ਹੁੰਦੇ ਹਨ ਅਤੇ ਫਿਰ ਉਹ ਰੁਤਬਾ ਬਚਾਉਣਾ ਜਾਂ ਹੋਰ ਵੱਡਾ ਰੁਤਬਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਹਰ ਵਾਰ ਚੋਣਾਂ ਨੇੜੇ ਆਉਣ ਨਾਲ ਬੇਸ਼ਰਮ ਹੋਣ ਦੇ ਰਿਕਾਰਡ ਤੋੜਨ ਲੱਗਦੇ ਹਨ। ਸਾਡੇ ਪੰਜਾਬ ਦੀ ਅੱਜ ਵਾਲੀ ਵਿਧਾਨ ਸਭਾ ਦੇ ਮੈਂਬਰਾਂ ਦਾ ਪਿਛੋਕੜ ਅਸੀਂ ਫੋਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਦੋ ਦਰਜਨ ਤੋਂ ਵੱਧ ਆਪਣੇ ਬਾਪ-ਦਾਦੇ ਜਾਂ ਰਿਸ਼ਤੇ ਵਿੱਚ ਕਿਸੇ ਆਗੂ ਨਾਲ ਨੇੜਲੇ ਸੰਬੰਧਾਂ ਕਰ ਕੇ ਵਿਧਾਇਕ ਬਣੇ ਸਨ। ਕਰੀਬ ਸੱਤਵਾਂ ਹਿੱਸਾ ਉਹ ਲੋਕ ਇਸ ਵਿਧਾਨ ਸਭਾ ਦੇ ਮੈਂਬਰ ਹਨ, ਜਿਹੜੇ ਕਦੇ ਨਾ ਕਦੇ ਇੱਕ ਪਾਰਟੀ ਤੋਂ ਦੂਸਰੀ ਵੱਲ ਛੜੱਪੇ ਮਾਰ ਚੁੱਕੇ ਹਨ ਅਤੇ ਕੁਝ ਲੋਕ ਤਾਂ ਤੀਸਰੀ ਜਾਂ ਚੌਥੀ ਪਾਰਟੀ ਤੱਕ ਦੇ ਛੜੱਪੇ ਮਾਰਨ ਪਿੱਛੋਂ ਵੀ ਆਗੂ ਮੰਨੇ ਜਾਂਦੇ ਹਨ। ਇਹੋ ਜਿਹੇ ਲੋਕ ਅੱਜ ਵਾਲੀ ਵਿਧਾਨ ਸਭਾ ਵਿੱਚ ਹੀ ਨਹੀਂ, ਅਗਲੀ ਵਾਰ ਜਿਹੜੇ ਚੁਣ ਕੇ ਆਉਣੇ ਹਨ, ਉਹ ਵੀ ਬਹੁਤ ਸਾਰੇ, ਬਲਕਿ ਅੱਜ ਵਾਲੇ ਵਿਧਾਇਕਾਂ ਤੋਂ ਵੱਧ ਏਦਾਂ ਦੇ ਹੋਣਗੇ।
ਕੁਝ ਹਫਤੇ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਰੀ ਇਹ ਕੁਰਸੀ ਛੱਡਣ ਲਈ ਮਜਬੂਰ ਹੋਇਆ ਤਾਂ ਉਹ ਆਪਣੀ ਪਾਰਟੀ ਵੀ ਛੱਡ ਗਿਆ। ਫਿਰ ਉਸ ਨੇ ਇੱਕ ਨਵੀਂ ਕਾਂਗਰਸ ਪਾਰਟੀ ਬਣਾਈ ਅਤੇ ਇਹ ਆਸ ਰੱਖੀ ਬੈਠਾ ਹੈ ਕਿ ਜਿਸ ਦਿਨ ਅਗਲੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਹੋਣਾ ਤੇ ਚੋਣ ਜ਼ਾਬਤਾ ਲਾਇਆ ਜਾਣਾ ਹੈ, ਉਸ ਦਿਨ ਦੂਸਰੀਆਂ ਪਾਰਟੀਆਂ ਵਿੱਚੋਂ ਤੇ ਖਾਸ ਕਰ ਕੇ ਕਾਂਗਰਸ ਵਿੱਚੋਂ ਕਈ ਮੌਜੂਦਾ ਵਿਧਾਇਕ ਤੇ ਸ਼ਾਇਦ ਕੁਝ ਮੰਤਰੀ ਵੀ ਉਸ ਨਾਲ ਆ ਜੁੜਨਗੇ। ਸਾਫ ਹੈ ਕਿ ਖੁਦ ਤਿੰਨ ਪਾਰਟੀਆਂ ਬਦਲ ਚੁੱਕਾ ਆਗੂ ਇਸ ਨਵੀਂ ਪਾਰਟੀ ਦਾ ਮੁੱਢ ਹੀ ਏਦਾਂ ਦੇ ਦਲ-ਬਦਲੂਆਂ ਨਾਲ ਬੰਨ੍ਹਣ ਦੀ ਤਾਕ ਵਿੱਚ ਹੈ, ਜਿਹੜੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਕਬੂਤਰ ਵਾਂਗ ਉਡਾਰੀ ਮਾਰ ਕੇ ਇਸ ਲੀਡਰ ਦੇ ਚੁਬਾਰੇ ਉੱਤੇ ਆ ਬੈਠਣਗੇ। ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਕਾਂਗਰਸ ਦੇ ਪੰਝੀ ਦੇ ਕਰੀਬ ਵਿਧਾਇਕ ਉਸ ਨਾਲ ਜੁੜਨ ਨੂੰ ਤਿਆਰ ਹਨ, ਪਰ ਉਹ ਇਹੋ ਜਿਹੇ ਦਲਬਦਲੂਆਂ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹਣਾ ਚਾਹੁੰਦੀ। ਇਹ ਗੱਲ ਹੋ ਵੀ ਸਕਦੀ ਹੈ ਅਤੇ ਹਵਾ ਬੰਨ੍ਹਣ ਲਈ ਯੱਕੜ ਮਾਰਿਆ ਵੀ ਹੋਵੇ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ। ਏਦਾਂ ਦਾ ਦਾਅਵਾ ਉਸ ਪਾਰਟੀ ਨੇ ਅਕਾਲੀ ਦਲ ਬਾਰੇ ਵੀ ਕੀਤਾ ਹੈ। ਅਕਾਲੀ ਆਗੂ ਵੀ ਏਦਾਂ ਦੀ ਗੱਲ ਕਈ ਵਾਰ ਕਹਿ ਚੁੱਕੇ ਹਨ ਕਿ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਗਲੇ ਦਿਨਾਂ ਵਿੱਚ ਉਨ੍ਹਾਂ ਵੱਲ ਆ ਸਕਦੇ ਹਨ। ਜਦੋਂ ਆਇਆ ਤੇ ਜਿਹੜਾ ਕੋਈ ਵੀ ਉਨ੍ਹਾਂ ਕੋਲ ਆ ਗਿਆ, ਨਾ ਆਮ ਆਦਮੀ ਪਾਰਟੀ ਨੇ ਕਦੀ ਮੋੜਨ ਦੀ ਲੋੜ ਸਮਝੀ ਹੈ, ਨਾ ਅਕਾਲੀ ਦਲ ਨੇ ਮੋੜਨਾ ਹੈ ਅਤੇ ਨਾ ਉਸ ਕਾਂਗਰਸ ਪਾਰਟੀ ਨੇ, ਜਿਸ ਨੇ ਇਸੇ ਸਾਲ ਅੱਠ ਜਣੇ ਆਮ ਆਦਮੀ ਪਾਰਟੀ ਵਿੱਚੋਂ ਖਿੱਚ ਕੇ ਆਪਣੇ ਵਿੱਚ ਮਿਲਾਏ ਹਨ। ਇਨ੍ਹਾਂ ਵਿੱਚੋਂ ਤਿੰਨ ਜਣੇ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਉੱਤੇ ਏਧਰ ਆਏ ਸਨ ਤੇ ਉਸ ਵੱਲੋਂ ਪਾਰਟੀ ਛੱਡਣ ਪਿੱਛੋਂ ਕੋਈ ਕਦਰ ਨਾ ਪੈਂਦੀ ਵੇਖ ਕੇ ਅਸੈਂਬਲੀ ਮੈਂਬਰੀ ਤੋਂ ਹੀ ਅਸਤੀਫੇ ਦੇ ਗਏ ਹਨ। ਇੱਕ ਜਣਾ ਵਿਧਾਨ ਸਭਾ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਟਿਕਟ ਦੀ ਝਾਕ ਵਿੱਚ ਏਧਰ ਆਇਆ ਤੇ ਇੱਕ ਬੀਬੀ ਇਸ ਲਈ ਕਾਂਗਰਸ ਵਿੱਚ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਟਿਕਟ ਨਾ ਦੇਣ ਦਾ ਇਸ਼ਾਰਾ ਅਗੇਤਾ ਹੀ ਕਰ ਦਿੱਤਾ ਸੀ। ਇਸ ਤੋਂ ਕਾਂਗਰਸ ਵਾਲੇ ਇਹ ਸਮਝਦੇ ਹਨ ਕਿ ਉਨ੍ਹਾਂ ਵੱਲ ਲੋਕ ਆਈ ਜਾਂਦੇ ਹਨ, ਪਰ ਉਹ ਚੇਤਾ ਭੁਲਾ ਦੇਂਦੇ ਹਨ ਕਿ ਲੋਕ ਉਨ੍ਹਾਂ ਵੱਲ ਨਹੀਂ, ਸੱਤਾ ਵੱਲ ਆਏ ਹਨ, ਜਦੋਂ ਹਵਾ ਦਾ ਰੁਖ ਬਦਲ ਰਿਹਾ ਦਿੱਸੇਗਾ ਤਾਂ ਰਾਤੋ-ਰਾਤ ਕਿਸੇ ਹੋਰ ਪਾਸੇ ਜਾਣ ਵਿੱਚ ਵੀ ਪਲ ਨਹੀਂ ਲਾਉਣਗੇ। ਬਿਨਾਂ ਕਿਸੇ ਸਿਧਾਂਤ ਤੋਂ ਸੱਤਾ ਸੁਖ ਲਈ ਜਿਨ੍ਹਾਂ ਲੋਕਾਂ ਨੇ ਪਹਿਲਾਂ ਛੜੱਪੇ ਮਾਰਦਿਆਂ ਸ਼ਰਮ ਨਹੀਂ ਸੀ ਕੀਤੀ, ਅਗੋਂ ਵੀ ਕਦੇ ਨਹੀਂ ਕਰਨਗੇ।
ਅਕਾਲੀ ਦਲ ਨੇ ਪਿਛਲੇ ਦਿਨਾਂ ਵਿੱਚ ਇਹੋ ਜਿਹੇ ਕੁਝ ਲੋਕ ਨਾਲ ਮਿਲਾਏ ਹਨ, ਪਰ ਕਾਂਗਰਸੀਆਂ ਤੋਂ ਉਲਟ ਇਸ ਪਾਸੇ ਮੌਜੂਦਾ ਦੀ ਬਜਾਏ ਸਾਬਕਾ ਵਿਧਾਇਕਾਂ ਦੀ ਲਾਈਨ ਹੀ ਲੱਗਦੀ ਦਿੱਸੀ ਹੈ। ਉਨ੍ਹਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰੀ 'ਅਭੀ ਨਹੀਂ ਤੋਂ ਕਭੀ ਨਹੀਂ' ਵਾਲੀ ਸੋਚ ਨਾਲ ਚੋਣਾਂ ਦੇ ਮੈਦਾਨ ਵਿੱਚ ਹੈ। ਉਸ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿ ਜੇ ਇਸ ਵਾਰੀ ਆਪਣੀ ਪਾਰਟੀ ਨੂੰ ਰਾਜ-ਗੱਦੀਆਂ ਤੱਕ ਨਾ ਪੁਚਾ ਸਕਿਆ ਤਾਂ ਅਗਲੀ ਵਾਰੀ ਪਾਰਟੀ ਦੀ ਅਗਵਾਈ ਵੀ ਉਸ ਦੇ ਹੱਥੋਂ ਨਿਕਲ ਸਕਦੀ ਹੈ। ਪਿਛਲੀ ਵਾਰ ਦੀਆਂ ਚੋਣਾਂ ਵਿੱਚ ਪਾਰਟੀ ਦੀ ਸਿਰਫ ਹਾਰ ਨਹੀਂ ਸੀ ਹੋਈ, ਪਾਰਟੀ ਦੀ ਹੈਸੀਅਤ ਏਨੀ ਪਾਣੀਉਂ ਪਤਲੀ ਹੋ ਗਈ ਸੀ ਕਿ ਜਦੋਂ ਚੋਣਾਂ ਦਾ ਰਿਵੀਊ ਕਰਨ ਦੇ ਲਈ ਸੀਨੀਅਰ ਲੀਡਰ ਬੈਠੇ ਸਨ ਤਾਂ ਉਸ ਦੀ ਪ੍ਰਧਾਨਗੀ ਨੂੰ ਚੁਣੌਤੀ ਓਦੋਂ ਵੀ ਦੇ ਦਿੱਤੀ ਗਈ ਸੀ। ਉਸ ਵੇਲੇ ਕਈ ਵੱਡੇ ਲੀਡਰ ਸਿੱਧੇ ਉਸ ਦੇ ਨਾਲ ਖੜੋਤੇ ਸਨ ਜਾਂ ਉਸ ਦੇ ਪਿਤਾ ਜੀ ਦੀ ਸ਼ਰਮ ਕਾਰਨ ਨਾਲ ਖੜੋਤੇ ਸਨ, ਪਰ ਉਸ ਵੇਲੇ ਉਹ ਚੁਣੌਤੀ ਟਲ ਗਈ ਸੀ, ਇਹੋ ਜਿਹੀ ਹਾਰ ਇਸ ਵਾਰ ਵੀ ਹੋ ਗਈ ਤਾਂ ਚੁਣੌਤੀ ਦੇਣ ਵਾਲਿਆਂ ਦੀ ਗਿਣਤੀ ਤੇ ਦਬਾਅ ਦੋਵੇਂ ਵਧਣ ਦਾ ਡਰ ਹੈ। ਆਮ ਆਦਮੀ ਪਾਰਟੀ ਜਦੋਂ ਪਿਛਲੀ ਵਾਰੀ ਜਿੱਤ ਦੀ ਵੱਡੀ ਆਸ ਲਾਈ ਬੈਠੀ ਸੀ ਤੇ ਸੌ ਸੀਟਾਂ ਜਿੱਤਣ ਦੇ ਦਾਅਵੇ ਕਰਦੀ ਮਸਾਂ ਵੀਹ ਕੁ ਸੀਟਾਂ ਉੱਤੇ ਸਿਮਟ ਗਈ ਸੀ, ਉਸ ਦੇ ਬਾਅਦ ਉਸ ਦੇ ਆਗੂ ਮੰਨਦੇ ਸਨ ਕਿ ਅਸੀਂ 'ਜਿਤੀ ਹੋਣੀ ਚੋਣ ਕਿੱਦਾਂ ਹਾਰੀਏ' ਵਾਲੀ ਕਿਤਾਬ ਲਿਖ ਸਕਦੇ ਹਾਂ। ਪਿਛਲੇ ਦਿਨੀਂ ਉਨ੍ਹਾਂ ਦੇ ਆਗੂਆਂ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਅਸੀਂ ਹਾਸੇ ਵਿੱਚ ਕਿਹਾ ਸੀ ਕਿ ਜਿਹੜੀ ਕਿਤਾਬ ਤੁਸੀਂ ਪਿਛਲੀ ਵਾਰੀ ਲਿਖ ਸਕਦੇ ਸੀ, ਪਰ ਓਦੋਂ ਲਿਖੀ ਨਹੀਂ ਸੀ, ਜੇ ਤੁਹਾਡੀ ਨੀਤੀ ਦਾ ਚੱਕਾ ਏਦਾਂ ਹੀ ਚੱਲਦਾ ਰਿਹਾ ਤਾਂ ਤੁਸੀਂ ਉਸੇ ਕਿਤਾਬ ਦੀ ਦੂਸਰੀ ਐਡੀਸ਼ਨ ਵੀ ਨਾਲ ਹੀ ਲਿਖਣ ਜੋਗੇ ਹੋ ਜਾਓਗੇ।
ਇੱਕ ਪਾਰਟੀ ਦਾ ਜ਼ਿਕਰ ਅਸੀਂ ਇਸ ਲਿਖਤ ਵਿੱਚ ਨਹੀਂ ਕੀਤਾ ਅਤੇ ਦੇਸ਼ ਉੱਤੇ ਰਾਜ ਕਰਦੀ ਉਸ ਪਾਰਟੀ ਬਾਰੇ ਜ਼ਿਕਰ ਇਸ ਲਈ ਨਹੀਂ ਕੀਤਾ ਕਿ ਉਹ ਕਿਸੇ ਵੱਡੀ ਤਾਕ ਵਿੱਚ ਅਜੇ ਪੱਤੇ ਨਹੀਂ ਖੋਲ੍ਹ ਰਹੀ। ਅਗਲੇ ਦਿਨੀਂ ਜਿਹੜੇ ਦਾਅ ਵਰਤਣ ਦੇ ਸੰਕੇਤ ਉਸ ਵੱਲੋਂ ਮਿਲ ਰਹੇ ਹਨ, ਉਨ੍ਹਾਂ ਬਾਰੇ ਅਗੇਤਾ ਕੁਝ ਕਹਿਣਾ ਔਖਾ ਹੈ। ਉਨ੍ਹਾਂ ਦੇ ਇਹ ਸੰਕੇਤ ਵੇਖਣੇ ਸ਼ੁਰੂ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੀ ਇਸ ਵਕਤ ਚੱਲਦੀ ਸਾਰੀ ਮੁਹਿੰਮ ਦਾ ਰੁਖ ਹੀ ਪਲਟ ਸਕਦਾ ਹੈ। ਉਹ ਸੰਕੇਤ ਅਸਲੋਂ ਚੁੱਪ-ਚੁਪੀਤੇ ਦਾਅ ਖੇਡਣ ਵਾਲੇ ਸੁਣੇ ਜਾਂਦੇ ਹਨ। ਪੰਜਾਬ ਦੀ ਰਾਜਨੀਤੀ ਲਈ ਇਹੀ ਦਾਅ ਹੋਰ ਸਾਰੇ ਪੱਖਾਂ ਉੱਤੇ ਭਾਰੂ ਹੋਣ ਦਾ ਯਤਨ ਬਣ ਸਕਦਾ ਹੈ, ਏਨਾ ਭਾਰੂ, ਕਿ ਕਈ ਧਨੰਤਰ ਵੀ ਚੱਕਰ ਵਿੱਚ ਪੈ ਸਕਦੇ ਹਨ।