ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
06 Dec. 2021
ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ-ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਪੰਜਾਬ ਰਾਜਨੀਤੀ: ਆਪਣੇ ਹੀ ਆਪਣਿਆਂ ਨੂੰ ਹੇਠਾਂ ਲਗਾਉਣ ਲੱਗੇ- ਇਕ ਖ਼ਬਰ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।
ਵਿਜੀਲੈਂਸ ਜਾਂਚ ਕਰਵਾ ਕੇ ਦਸ ਹਜ਼ਾਰ ਕਾਂਗਰਸੀਆਂ ਨੂੰ ਜੇਲ੍ਹ ਭੇਜਾਂਗੇ-ਸੁਖਬੀਰ ਬਾਦਲ
ਹੁਣ ਤੁਸੀਂ ਰੇਡੀਉ ਗੱਪਿਸਤਾਨ ਤੋਂ ਤਾਜ਼ੀਆਂ ਤਾਜ਼ੀਆਂ ਗੱਪਾਂ ਸੁਣੋ।
ਆਉਣ ਵਾਲ਼ੀਆਂ ਚੋਣਾਂ ਵਿਚ ਮੈਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਾਂ- ਕੈਪਟਨ
ਦਾਖੇ ਹੱਥ ਨਾ ਅੱਪੜੇ, ਆਖੇ ਥੂ ਕੌੜੀ।
ਕੇਜਰੀਵਾਲ ਦੇ ਧੋਖੇ ਤੇ ਝੂਠ ਤੋਂ ਸੁਚੇਤ ਰਹਿਣ ਪੰਜਾਬੀ- ਮਨਜਿੰਦਰ ਸਿਰਸਾ
ਛੱਜ ਤਾਂ ਬੋਲੇ ਏਥੇ ਛਾਨਣੀ ਹੀ ਸਲਾਹਾਂ ਦੇਈ ਜਾਂਦੀ ਐ।
ਕੈਪਟਨ ਨਾਲ਼ ਹੁਣ ਗ਼ਿਲੇ ਸ਼ਿਕਵੇ ਦੂਰ ਹੋ ਗਏ ਹਨ- ਖੱਟਰ
ਉਂਜ ਵੇਖਣ ਨੂੰ ਅਸੀਂ ਦੋ, ਤੇਰੀ ਮੇਰੀ ਇਕ ਜਿੰਦੜੀ।
ਚੰਨੀ ਸਰਕਾਰ ਨੇ ਵਿਧਾਇਕ ਦਾ ਕਾਕਾ ਲਾਇਆ ਅਫ਼ਸਰ-ਇਕ ਖ਼ਬਰ
ਅੰਨਾਂ ਵੰਡੇ ਰਿਉੜੀਆਂ.................................
ਅਕਾਲੀ ਦਲ ਦੀ ਭਾਸ਼ਾ ਨਾ ਬੋਲਣ ਜਥੇਦਾਰ- ਪਰਮਜੀਤ ਸਿੰਘ ਸਰਨਾ
ਸਰਨਾ ਸਾਹਿਬ, “ ਜਿਸ ਦੀ ਖਾਈਏ ਦਾਲ-ਭਾਤ, ਉਸ ਦੀ ਕਰੀਏ ਬਾਤ”
ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਨਿਗਰਾਨੀ ਲਈ ਬਣਨਗੀਆਂ ਸਬ-ਕਮੇਟੀਆਂ- ਇਕ ਖ਼ਬਰ
ਕਮੇਟੀਆਂ ਬਣਾ ਲਉ, ਜੋ ਮਰਜ਼ੀ ਕਰ ਲਉ, ਆਰਡਰ ਤਾਂ ਚੰਡੀਗੜ੍ਹੋਂ ਹੀ ਆਉਣੇ ਨੇ।
ਬੰਗਲਾ ਸਾਹਿਬ ਮੱਥਾ ਟੇਕਣ ਜਾਂਦੇ ਨਿਹੰਗ ਸਿੰਘਾਂ ਨੂੰ ਦਿੱਲੀ ਪੁਲਿਸ ਨੇ ਰੋਕਿਆ-ਇਕ ਖ਼ਬਰ
ਨਹਿਰੂ ਵਲੋਂ ਸਿੱਖਾਂ ਨੂੰ ਦਿਤਾ ਹੋਇਆ ਨਿੱਘ ਮਾਣੋ।
ਸਿਰਸਾ ਨੂੰ ਬੰਦੂਕ ਨਾਲ਼ ਡਰਾ ਕੇ ਭਾਜਪਾ ‘ਚ ਸ਼ਾਮਲ ਕੀਤਾ- ਸੁਖਬੀਰ ਬਾਦਲ
ਸ਼ਾਇਦ ਭਾਜਪਾ ਵਾਲ਼ੇ ਬੰਦੂਕ ਵੀ ਸੁਖਬੀਰ ਬਾਦਲ ਪਾਸੋਂ ਹੀ ਲੈ ਕੇ ਗਏ ਹਨ।
ਕਿਸਾਨਾਂ ਦੀ ਆਮਦਨ ਲਗਾਤਾਰ ਵਧ ਰਹੀ ਹੈ-ਤੋਮਰ
ਸਬੂਤ ਹਾਜ਼ਰ ਹੈ: ਮਹਾਂਰਾਸ਼ਟਰ ‘ਚ 11 ਕੁਇੰਟਲ ਪਿਆਜ਼ ਵੇਚ ਕੇ ਕਿਸਾਨ ਨੂੰ ਬਚੇ 13 ਰੁਪਏ।
ਭਾਜਪਾ ਨਾਲ਼ ਸ਼ਰਤਾਂ ਤਹਿਤ ਗੱਠਜੋੜ ਕਰਾਂਗੇ- ਸੁਖਦੇਵ ਸਿੰਘ ਢੀਂਡਸਾ
ਪੈਰੀਂ ਝਾਂਜਰਾਂ ਗਲੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿਤਰਾ।
ਚੰਨੀ, ਸਿੱਧੂ ਤੇ ਰੰਧਾਵਾ ਨੇ ਮੇਰੀ ਪਿੱਠ ਵਿਚ ਛੁਰਾ ਮਾਰਿਆ- ਕੈਪਟਨ ਅਮਰਿੰਦਰ ਸਿੰਘ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਪਿਆ।
ਪੰਜਾਬ ਵਿਚ ਦਲ ਬਦਲੀ ਕਰਵਾਉਣ ਲਈ ਸ਼ਾਹ-ਮੋਦੀ ਜੋੜੀ ਸਰਗਰਮ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।