ਪ੍ਰਸ਼ੰਸਾ ਕਰਨ ਤੇ ਤੁਹਾਡਾ ਖ਼ਰਚ ਤਾਂ ਕੁਝ ਨਹੀਂ ਹੁੰਦਾ ਪਰ ਮਿਲ ਬਹੁਤ ਕੁਝ ਜਾਂਦਾ ਹੈ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਪ੍ਰਸ਼ੰਸਾ ਭਰੇ ਸ਼ਬਦ ਊਰਜਾ ਨਾਲ ਲੈਸ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ।ਜਿਹੜਾ ਵਿਅਕਤੀ ਪ੍ਰਸ਼ੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿੱਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿੱਚ ਸਫ਼ਲ ਹੋ ਜਾਂਦਾ ਹੈ।ਪ੍ਰਸ਼ੰਸਾ ਸਾਨੂੰ ਜੀਵਨ ਵਿੱਚ ਹੋਰ ਬੇਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ।ਸੱਚੇ ਦਿਲ ਨਾਲ ਕੀਤੀ ਗਈ ਪ੍ਰਸ਼ੰਸਾ ਪ੍ਰਸ਼ੰਸ਼ਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ।ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਉਣ ਦਾ ਹੌਂਸਲਾ ਦਿੰਦੀਆਂ ਹਨ। ਪ੍ਰਸ਼ੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸ਼ੰਸਾ ਦੇ ਪੈਮਾਨੇ ਵਿੱਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।
ਜੇਕਰ ਕਿਸੇ ਇਨਸਾਨ ਦੀ ਯੋਗਤਾ, ਰੂਪ, ਗੁਣ ਪ੍ਰਸ਼ੰਸਾ ਯੋਗ ਹਨ ਜਾਂ ਉਹ ਹਕੀਕਤ 'ਚ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਜੇਕਰ ਸਾਡੇ ਵੱਲੋਂ ਬੋਲੇ ਦੋ ਬੋਲ ਕਿਸੇ ਨੂੰ ਉਸਾਰੂ ਹੁਲਾਰਾ ਦਿੰਦੇ ਹਨ ਤਾਂ ਇਸ ਨੇਕ ਕੰਮ ਕਰਨ ਤੋਂ ਸੰਕੋਚ ਕਿਓਂ? ਜਿਹੜਾ ਬੰਦਾ ਕਿਸੇ ਦੀ ਪ੍ਰਸ਼ੰਸਾਂ ਨਹੀਂ ਕਰਦਾ ਹੋਲੀ-ਹੋਲੀ ਉਹ ਸਾੜੇ ਤੇ ਈਰਖਾ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।ਜੇਕਰ ਕਿਸੇ ਚੰਗੇ ਵਿਅਕਤੀ ਦੀ ਇਮਾਨਦਾਰੀ ਨਾਲ ਪ੍ਰਸ਼ੰਸਾ ਕੀਤੀ ਜਾਵੇ ਤਾਂ ਉਸ ਦੇ ਕੰਮ ਦਾ ਪੱਧਰ ਹੋਰ ਉੱਚਾ ਹੋ ਜਾਂਦਾ ਹੈ ਤੇ ਉਹ ਕੰਮ ਕਰਨ 'ਚ ਅਨੰਦ ਮਹਿਸੂਸ ਕਰਦਾ ਹੈ।ਸਹੀ ਸਮੇਂ ਸਹੀ ਕੰਮ ਦੀ ਪ੍ਰਸ਼ੰਸਾ ਜ਼ਰੂਰ ਕਰਨੀ ਚਾਹੀਦੀ ਹੈ। ਪਰਿਵਾਰਿਕ ਜੀਵਨ ਵਿੱਚ ਵੀ ਪ੍ਰਸ਼ੰਸਾ ਮਹੱਤਵਪੂਰਨ ਰੋਲ ਨਿਭਾੳਂਦੀ ਹੈ।ਸਾਰਾ ਦਿਨ ਕੰਮ-ਕਾਰ ਕਰਦੀ ਪਤਨੀ ਸ਼ਾਮ ਤੱਕ ਥਕਾਵਟ ਨਾਲ ਚੂਰ ਹੋ ਜਾਂਦੀ ਹੈ।ਪਰ ਜੇਕਰ ਪਤੀ ਉਸਦੇ ਬਣਾਏ ਖਾਣੇ ਦੀ ਤਾਰੀਫ਼ ਕਰ ਦੇਵੇ ਤਾਂ ਉਹ ਆਪਣੀ ਸਾਰੀ ਥਕਾਵਟ ਭੁੱਲ ਜਾਂਦੀ ਹੈ।ਕਿਸੇ ਦੀ ਪ੍ਰਸ਼ੰਸਾ ਕਰਨਾ ਵੀ ਇੱਕ ਹੁਨਰ ਹੈ।ਇਸ ਹੁਨਰ 'ਚ ਮਾਹਿਰ ਵਿਅਕਤੀ ਅਸੰਭਵ ਜਾਪਦੇ ਕੰਮ ਨੂੰ ਵੀ ਸੰਭਵ ਕਰ ਸਕਦਾ ਹੈ।ਜਿਵੇਂ ਇੱਕ ਵਾਰ ਇਕ ਵਿਅਕਤੀ ਨੇ ਪ੍ਰਸ਼ੰਸਾ ਦਾ ਹੁਨਰ ਵਰਤ ਕੇ ਮਹਾਰਾਜੇ ਨੂੰ ਕਾਣਾ ਕਹਿ ਦਿੱਤਾ ਸੀ। ਮਹਾਰਾਜਾ ਉਸ ਵਿਅਕਤੀ ਤੇ ਖ਼ਫਾ ਨਹੀਂ ਬਲਕਿ ਖੁਸ਼ ਹੋਇਆ ਸੀ।
ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੈਂ ਵਿਸ਼ਾਖਾਪਟਨਮ ਤੋਂ ਆਪਣੀ ਲੱਤ ਦਾ ਆਪ੍ਰੇਸ਼ਨ ਕਰਵਾ ਕੇ ਸ਼ਮਤਾ ਐਕਸਪ੍ਰੈੱਸ ਰਾਹੀ ਦਿੱਲੀ ਆ ਰਿਹਾ ਸੀ। ਗੱਡੀ ਵਿੱਚ ਕਾਫ਼ੀ ਭੀੜ ਸੀ ਮੇਰੀ ਪੂਰੀ ਲੱਤ 'ਤੇ ਪਲਸਤਰ ਲੱਗਿਆ ਹੋਣ ਕਰਕੇ ਮੈਂ ਪੂਰੀ ਸੀਟ ਤੇ ਲੇਟਿਆ ਹੋਇਆ ਸੀ।ਇੱਕ ਸਟੇਸ਼ਨ 'ਤੇ ਜਦੋਂ ਗੱਡੀ ਰੁਕੀ ਤਾਂ ਦੋ ਲੰਮੀਆਂ-ਲੰਝੀਆਂ ਮੁਟਿਆਰਾਂ ਸਾਡੇ ਡੱਬੇ 'ਚ ਚੜ੍ਹੀਆਂ। ਮੇਰੇ ਸਾਹਮਣੇ ਵਾਲੀ ਸੀਟ ਉਨ੍ਹਾਂ ਦੀ ਰਿਜ਼ਰਵ ਕਰਵਾਈ ਹੋਈ ਸੀ।ਉਸ ਸ਼ੀਟ ਤੇ ਮੇਰਾ ਸਾਥੀ ਬੈਠਾ ਹੋਣ ਕਰਕੇ ਉਹ ਨਾਖੁਸ਼ ਸਨ। ਜਿਵੇਂ ਹੀ ਟਰੇਨ ਚੱਲੀ ਸਾਡੀ ਰਸਮੀ ਗੱਲਬਾਤ ਸ਼ੁਰੂ ਹੋ ਗਈ। ਇਸ ਸੰਖੇਪ ਗੱਲਬਾਤ ਦੌਰਾਨ ਮੈਂ ਇਕ ਲੜਕੀ ਨੂੰ ਕਿਹਾ, ''ਅਸੀਂ ਤੁਹਾਡੇ ਕੋਲੋ ਬੈਗ ਉਪਰਲੇ ਬਰਥ ਤੇ ਰਖਵਾ ਕੇ ਤੁਹਾਡੇ ਲੰਮੇ ਕੱਦ ਦਾ ਫ਼ਾਇਦਾ ਲੈਣਾ ਚਾਹੁੰਦੇ ਹਾਂ।'' ਜਦੋਂ ਉਹ ਮੁਸਕਰਾਉਂਦੇ ਹੋਏ ਚਿਹਰੇ ਨਾਲ ਮੇਰਾ ਬੈਗ ਉੱਪਰ ਰੱਖ ਰਹੀ ਸੀ ਤਾਂ ਮੈਂ ਆਪਣੀ ਗੱਲ ਜਾਰੀ ਰੱਖਦਿਆਂ ਦੋਨਾਂ ਲੜਕੀਆਂ ਦੇ ਚਿਹਰੇ ਵੱਲ ਤੱਕਦਿਆਂ ਕਿਹਾ, ''ਤੁਹਾਡੀ ਪ੍ਰਭਾਵਸ਼ਾਲੀ ਸਖਸ਼ੀਅਤ ਤੇ ਲਚਕੀਲੇ ਸਰੀਰ ਦੇਖ ਕੇ ਲੱਗਦਾ ਹੈ ਕਿ ਤੁਸੀਂ ਸਫ਼ਲ ਕਲਾਕਾਰ ਹੋ।'' ਇਹ ਸੁਣ ਕੇ ਉਹ ਹੱਸਣ ਲੱਗੀਆਂ ਤੇ ਡੱਬੇ ਦਾ ਮਾਹੌਲ ਖੁਸ਼ਗਵਾਰ ਬਣ ਗਿਆ।ਉਨ੍ਹਾਂ ਆਪਣਾ ਤੁਆਰਫ਼ ਕਰਵਾਉਂਦੇ ਹੋਏ ਆਪਣੇ ਨਾਂ ਅਨੂ ਅਤੇ ਪੂਜਾ ਦੱਸੇ।ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨੈਨੀਤਾਲ਼ ਦੀਆਂ ਰਹਿਣ ਵਾਲੀਆਂ ਹਨ ਅਤੇ ਦਿੱਲੀ ਵਿਖੇ ਏਅਰ ਫੋਰਸ 'ਚ ਚੰਗੇ ਅਹੁਦਿਆਂ 'ਤੇ ਕੰਮ ਰਹੀਆਂ ਹਨ। ਦਿਨ ਰਾਤ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਉੱਪਰ ਰੌਚਕ ਜਾਣਕਾਰੀ ਸਾਂਝੀ ਕੀਤੀ॥ਦਿੱਲੀ ਸ਼ਟੇਸ਼ਨ ਤੇ ਪਹੁੰਚ ਕੇ ਅਨੂ ਨੇ ਮੇਰਾ ਫੋਨ ਨੰਬਰ ਨੋਟ ਕੀਤਾ ਤੇ ਕਾਗ਼ਜ ਦੇ ਇਕ ਟੁਕੜੇ ਤੇ ਆਪਣੇ ਘਰ ਦਾ ਪਤਾ ਤੇ ਟੈਲੀਫੋਨ ਨੰਬਰ ਲਿਖ ਕੇ ਮੈਨੂੰ ਪਕੜਾ ਦਿੱਤਾ।ਮੇਰੀ ਉਮੀਦ ਦੇ ਉਲਟ ਦੋ ਦਿਨ ਬਾਅਦ ਅਨੂ ਨੇ ਮੈਨੂੰ ਫੋਨ ਕੀਤਾ।ਹੌਲੀ-ਹੌਲੀ ਉਹ ਮੇਰੀ ਚੰਗੀ ਦੋਸਤ ਬਣ ਗਈ।ਜਦੋਂ ਵੀ ਉਸਦੀ ਡਿਊਟੀ ਬਦਲ ਕੇ ਕਿਸੇ ਮਹਾਂਨਗਰ ਵਿਚ ਲਗਦੀ ਹੈ ਤਾਂ ਉਹ ਘੁੰਮਣ ਲਈ ਸੱਦਾ ਪੱਤਰ ਜ਼ਰੂਰ ਭੇਜਦੀ ਹੈ ਅਤੇ ਮੈਂ ਹਮੇਸ਼ਾ ਹੀ ਉਸਦੇ ਸੱਦਾ ਪੱਤਰ ਨੂੰ ਮਨਜ਼ੂਰ ਕਰਦਾ ਹਾਂ। ਸ਼ਾਇਦ ਇਹ ਇਮਾਨਦਾਰੀ ਅਤੇ ਹਲੀਮੀ ਭਰੇ ਪ੍ਰਸ਼ੰਸਾ ਦੇ ਦੋ ਸ਼ਬਦਾਂ ਦਾ ਹੀ ਕਮਾਲ ਸੀ ਕਿ ਮੈਨੂੰ ਚੰਗੀ ਦੋਸਤ ਮਿਲੀ।
ਜੇਕਰ ਕਿਸੇ ਘਟੀਆ ਬੰਦੇ ਦੀ ਪ੍ਰਸ਼ੰਸਾ ਕਰ ਦਿੱਤੀ ਜਾਵੇ ਤਾਂ ਉਹ ਆਪਣੇ ਆਪ ਨੂੰ ਮਹਾਰਾਜਾ ਬੜੌਦਾ ਹੀ ਸਮਝਣ ਲੱਗ ਪੈਂਦਾ ਹੈ ਤੇ ਉਸਦੇ ਰਵੱਈਏ ਵਿਚ ਹੋਛਾਪਣ ਆ ਜਾਂਦਾ ਹੈ।ਇੱਕ ਵਾਰ ਇੱਕ ਦਸਵੀਂ ਪਾਸ ਝੋਲਾ ਛਾਪ 'ਡਾਕਟਰ' ਨੂੰ ਕਿਸੇ ਕਲੱਬ ਨੇ ਪੈਸੇ ਲੈ ਕੇ ਇਕ ਸਮਾਗਮ ਵਿੱਚ ਮੁੱਖ ਮਹਿਮਾਨ ਬਣਾ ਦਿੱਤਾ।ਪ੍ਰਬੰਧਕਾਂ ਨੇ ਮੁੱਖ ਮਹਿਮਾਨ ਦੀ ਖੂਬ ਪ੍ਰਸ਼ੰਸਾ ਕੀਤੀ।ਡਾਕਟਰ ਸਾਹਿਬ ਸਟੇਜ 'ਤੇ ਫੁੱਲ-ਫੁੱਲ ਕੇ ਬੈਠ ਰਹੇ ਸਨ।ਸਮਾਗਮ ਤਾਂ ਸਮਾਪਤ ਹੋ ਗਿਆ ਪਰ ਡਾਕਟਰ ਸਾਹਿਬ ਨੇ ਆਪਣੇ ਆਪ ਨੂੰ ਇੱਕ ਮਹਾਨ ਸ਼ਖ਼ਸੀਅਤ ਸਮਝਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਹੀ ਦਿਨ ਕਾਰ 'ਤੇ ਲਾਲ ਬੱਤੀ ਲਾ ਲਈ ਤੇ ਉਨਾਂ ਚਿਰ ਜਨਾਬ ਆਪਣੇ ਆਪ ਨੂੰ ਵੀ.ਆਈ.ਪੀ. ਹੀ ਸਮਝਦੇ ਰਹੇ ਜਿਨ੍ਹਾ ਚਿਰ ਪੁਲਿਸ ਨੇ ਚਲਾਨ ਕੱਟ ਕੇ ਹੱਥ 'ਚ ਨਾ ਫੜਾਇਆ ਤੇ ਲਾਲ ਬੱਤੀ ਡੱਗੀ ਵਿੱਚ ਨਾ ਰਖਾਈ।ਜਿਹੜੇ ਵਿਅਕਤੀ ਪ੍ਰਸ਼ੰਸਾ ਪ੍ਰਾਪਤ ਕਰਕੇ ਆਸਮਾਨ ਵਿੱਚ ਉੱਡਣ ਲੱਗਦੇ ਹਨ ਉਹ ਛੇਤੀ ਹੀ ਮੂਧੇ ਮੂੰਹ ਡਿੱਗਦੇ ਹਨ।ਸਪੱਸ਼ਟ ਹੈ ਕਿ ਖਰੀਦੀ ਹੋਈ ਪ੍ਰਸ਼ੰਸਾ ਡੰਗ ਟਪਾਊ ਹੀ ਹੁੰਦੀ ਹੈ। ਅੱਜ ਦੇ ਪੂੰਜੀਵਾਦੀ ਯੁੱਗ ਵਿਚ ਮਨੁੱਖ ਆਪਣੀ ਪ੍ਰਸ਼ੰਸਾ ਕਰਾਉਣ ਲਈ ਢੇਰ ਸਾਰੇ ਯਤਨ ਕਰਦਾ ਰਹਿੰਦਾ ਹੈ।ਜਿਵੇਂ ਮਰਗ ਦੇ ਭੋਗਾਂ ਸਮੇਂ ਕਈ ਤਰਾਂ ਦੇ ਪਕਵਾਨ ਬਨਾਉਣਾ ਤੇ ਪੰਡਾਲ ਨੇੜੇ ਲਾਲ ਬੱਤੀਆਂ ਵਾਲ਼ੀਆਂ ਗੱਡੀਆਂ ਖੜਾਉਣਾ, ਗ੍ਰਹਿ ਪ੍ਰਵੇਸ਼ ਮੌਕੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਨੀਆਂ ਆਦਿ ਸਾਰੇ ਪ੍ਰਸ਼ੰਸਾ ਪ੍ਰਾਪਤੀ ਦੇ ਯਤਨ ਹਨ।
ਪਰ ਮਹਾਨ ਵਿਆਕਤੀ ਝੂਠੀ ਪ੍ਰਸ਼ੰਸਾ ਪ੍ਰਤੀ ਸੁਚੇਤ ਰਹਿੰਦੇ ਹਨ। ਇਕ ਵਾਰ ਸੰਤ ਵਿਨੋਬਾ ਭਾਵੇ ਨੂੰ ਗਾਂਧੀ ਜੀ ਨੇ ਚਿੱਠੀ ਲਿਖੀ, ਚਿੱਠੀ ਪੜ੍ਹਕੇ ਵਿਨੋਬਾ ਜੀ ਨੇ ਪਾੜ ਦਿੱਤੀ। ਇਹ ਸਭ ਦੇਖ ਕੇ ਆਸ਼ਰਮ ਦੇ ਵਿਦਿਆਰਥੀਆਂ ਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਉਨ੍ਹਾਂ ਸਾਰਿਆ ਨੁੰ ਪਤਾ ਸੀ ਕਿ ਵਿਨੋਬਾ ਜੀ ਗਾਂਧੀ ਜੀ ਦੇ ਖ਼ਤ ਸਾਂਭ ਕੇ ਰੱਖਦੇ ਸਨ। ਇਕ ਦਿਨ ਇਕ ਵਿਦਿਆਰਥੀ ਤੋਂ ਰਿਹਾ ਨਾ ਗਿਆ, ਉਸ ਨੇ ਹਿੰਮਤ ਕਰਕੇ ਵਿਨੋਬਾ ਜੀ ਤੋਂ ਪੁੱਛ ਹੀ ਲਿਆ, ''ਤੁਸੀਂ ਗਾਂਧੀ ਜੀ ਦੀ ਚਿੱਠੀ ਕਿਉਂ ਪਾੜ ਦਿੱਤੀ।'' ਵਿਨੋਬਾ ਜੀ ਨੇ ਕਿਹਾ ਕਿ ਇਸ ਵਿਚ ਕੁਝ ਗ਼ਲਤ ਗੱਲਾਂ ਲਿਖੀਆਂ ਹੋਈਆਂ ਸਨ।ਇਹ ਸੁਣ ਕੇ ਵਿਦਿਆਰਥੀ ਨੇ ਹੈਰਾਨ ਹੁੰਦਿਆਂ ਪੁੱਛਿਆ, ''ਪਰ ਗੁਰੂ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਗਾਂਧੀ ਜੀ ਕਦੇ ਝੂਠ ਨਹੀ ਬੋਲਦੇ ਫਿਰ ਉਨ੍ਹਾਂ ਨੇ ਝੂਠੀਆਂ ਜਾਂ ਗ਼ਲਤ ਗੱਲਾਂ ਕਿਵੇਂ ਲਿਖ ਦਿੱਤੀਆਂ ?'' ਵਿਨੋਬਾ ਜੀ ਬੋਲੇ ,''ਗਾਂਧੀ ਜੀ ਝੂਠ ਨਹੀ ਬੋਲਦੇ ਇਹ ਗੱਲ ਸੱਚ ਹੈ, ਪਰ ਇਸ ਚਿੱਠੀ ਵਿਚ ਉਨ੍ਹਾਂ ਨੇ ਮੇਰੀ ਪ੍ਰਸ਼ੰਸਾ ਕੀਤੀ ਸੀ ਤੇ ਮੈਨੂੰ ਮਹਾਂ ਗਿਆਨੀ ਕਿਹਾ ਸੀ, ਸੱਚ ਤਾਂ ਇਹ ਹੈ ਕਿ ਇਸ ਸੰਸਾਰ ਵਿਚ ਮੇਰੇ ਤੋਂ ਵੱਧ ਗੁਣੀ ਤੇ ਗਿਆਨੀ ਵਿਅਕਤੀ ਮੌਜੂਦ ਹਨ।ਇਸ ਲਈ ਗਾਂਧੀ ਜੀ ਦੀ ਇਹ ਗੱਲ ਸੱਚ ਨਹੀ ਹੋ ਸਕਦੀ।ਸ਼ਇਦ ਕਿਸੇ ਨਜ਼ਰੀਏ ਤੋਂ ਇਹ ਸੱਚ ਵੀ ਹੋਵੇ ਤਾਂ ਵੀ ਇਹ ਮੇਰੇ ਵਿਚ ਹੰਕਾਰ ਹੀ ਪੈਦਾ ਕਰਦਾ, ਜੋ ਮੇਰੀ ਤਰੱਕੀ ਵਿਚ ਰੋੜਾ ਬਣਦਾ।ਇਸ ਕਰਕੇ ਮੈਂ ਇਸਨੂੰ ਫਾੜ ਦਿੱਤਾ।
ਪ੍ਰਸ਼ੰਸਾ ਡਿੱਗੇ ਹੋਏ ਵਿਅਕਤੀ ਨੂੰ ਖੜ੍ਹਾ ਕਰਨ ਦਾ ਇੱਕ ਨਰੋਇਆ ਯਤਨ ਹੈ।ਹਰੇਕ ਵਿਅਕਤੀ ਪ੍ਰਸ਼ੰਸ਼ਾ ਨੂੰ ਪਸੰਦ ਕਰਦਾ ਹੈ।ਪ੍ਰਸ਼ੰਸਾ ਕਰਨ ਤੇ ਤੁਹਾਡਾ ਖ਼ਰਚ ਤਾਂ ਕੁਝ ਨਹੀ ਹੁੰਦਾ ਪਰ ਮਿਲ ਬਹੁਤ ਕੁਝ ਜਾਂਦਾ ਹੈ।ਇਸ ਲਈ ਜਦੋਂ ਵੀ ਕੋਈ ਕੁਝ ਚੰਗਾ ਕੰਮ ਕਰਦਾ ਹੈ ਤਾਂ ਇਮਾਨਦਾਰੀ ਨਾਲ ਉਸਦੀ ਪ੍ਰਸ਼ੰਸਾ ਕਰੋ।ਜ਼ਿਆਦਾ ਸਮਾਂ ਅਸੀਂ ਆਪਣਿਆਂ ਬਾਰੇ ਹੀ ਬੋਲਦੇ ਰਹਿੰਦੇ ਹਾਂ।ਉਨ੍ਹਾਂ ਦੀਆਂ ਕਮੀਆਂ ਨੂੰ ਵੀ, ਖ਼ੂਬੀਆਂ ਬਣਾ ਕੇ ਦੱਸਦੇ ਹਾਂ।ਪਰ ਦੂਜਿਆ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਨ ਸਮੇਂ ਸਾਡੇ ਕੋਲ ਸ਼ਬਦਾਵਲ਼ੀ ਮੁੱਕ ਜਾਂਦੀ ਹੈ।ਸਮਾਜ ਵਿਚ ਅਨੇਕਾਂ ਵਿਅਕਤੀ ਹਨ ਜੋ ਹਰ ਸਮੇਂ ਸ਼ਲਾਘਾਯੋਗ ਕਾਰਜਾਂ 'ਚ ਮਸਰੂਫ਼ ਰਹਿੰਦੇ ਹਨ।ਅਜਿਹੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਕਾਰਜਾਂ ਨੂੰ ਸਲਾਹੁਣਾ ਚਾਹੀਦਾ ਹੈ।ਪ੍ਰਸ਼ੰਸਾ ਆਤਮ ਵਿਸ਼ਵਾਸ ਵਧਾਉਣ ਦਾ ਇੱਕ ਕਾਰਗਰ ਟੋਨਿਕ ਹੈ ।
ਲੇਖਕ: ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) ਫੋਨ 9814096108
24 Sep. 2018