ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21 Nov. 2021
ਕਾਂਗਰਸੀਆਂ ਨੇ ਨਾਕਾਮੀਆਂ ਦਾ ਠੀਕਰਾ ਕੈਪਟਨ ਸਿਰ ਭੰਨਣ ਲਈ ਚੰਨੀ ਨੂੰ ਸੀ.ਐਮ. ਬਣਾਇਆ- ਸੁਖਬੀਰ
ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।
ਕਾਂਗਰਸ ਵਿਚ ਹੁਣ ਵਾਪਸੀ ਦਾ ਸਵਾਲ ਹੀ ਨਹੀਂ – ਕੈਪਟਨ ਅਮਰਿੰਦਰ ਸਿੰਘ
ਲੈ ਚਲ ਵੇ ਮਿੱਤਰਾ, ਮੈਂ ਨਾ ਨਾਨਕੇ ਰਹਿੰਦੀ।
ਕਿਸਾਨਾਂ ਨੂੰ ਵਧਾਈ ਜੋ ਭਾਜਪਾ ਦੇ ਜ਼ੁਲਮ ਅੱਗੇ ਨਾ ਥਿੜਕੇ- ਮਮਤਾ ਬੈਨਰਜੀ
ਵੀਰ ਮੇਰੇ ਸਭ ਸਿਦਕੀ ਸੂਰੇ, ਜੰਗ ਵਿਚ ਧੁੰਮਾਂ ਪਾਉਂਦੇ।
ਖੇਤੀ ਕਾਨੂੰਨ ਥੋਪਣ ਲਈ ਭਾਜਪਾ, ਬਾਦਲ ਅਤੇ ਕੈਪਟਨ ਬਰਾਬਰ ਦੇ ਜ਼ਿੰਮੇਵਾਰ- ਹਰਪਾਲ ਚੀਮਾ
ਕਲਜੋਗਣ ਤਿਕੜੀ ਨੇ, ਦੁਸ਼ਮਣ ਨਾਲ਼ ਨਿਭਾਈ।
ਕੈਪਟਨ ਦੀ ਭਾਜਪਾ ਨਾਲ਼ ਮਿਲੇ ਹੋਏ ਹੋਣ ਦੀ ਗੱਲ ਹੋਈ ਜੱਗ ਜ਼ਾਹਰ- ਬੀਬੀ ਭੱਠਲ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।
ਖੱਟਰ ਵਲੋਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ- ਖੱਟਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਸ਼ਾਂਤਮਈ ਅੰਦੋਲਨ ਨੇ ਇਕ ਨਵੀਂ ਮਿਸਾਲ ਕਾਇਮ ਕੀਤੀ- ਕੇਂਦਰੀ ਲੇਖਕ ਸਭਾ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।
ਪੰਜਾਬੀ ਜ਼ੁਬਾਨ ਦੇ ਮੁੜ ਸੁਨਹਿਰੀ ਦਿਨ ਪਰਤਣ ਦੀ ਆਸ ਬੱਝੀ- ਇਕ ਖ਼ਬਰ
ਆਓ ਨੀਂ ਸਈਓ ਰਲ਼ ਵੇਖਣ ਚਲੀਏ, ਰਾਂਝੇ ਖੂਹਾ ਲਵਾਇਆ ਈ।
ਸਿੱਧੂ ਅਤੇ ਚੰਨੀ ਦਾ ਮੇਲ-ਮਿਲਾਪ ਮਜਬੂਰੀ ਹੈ ਪਰ ਦਿਲ ਨਹੀਂ ਮਿਲਦੇ- ਰਵਨੀਤ ਬਿੱਟੂ
ਧਾੜ ਪਵੇ ਉਨ੍ਹਾਂ ਵਿਚੋਲਿਆਂ ਨੂੰ, ਊਠ ਬੱਕਰੀ ਦਾ ਨਰੜ ਕਰਾ ਦਿੰਦੇ।
ਕਾਂਗਰਸ ਟਿਕਟ ਲਈ ਜਿੱਤਣ ਦੀ ਸਮਰੱਥਾ ਅਤੇ ਮੈਰਿਟ ਮੁੱਖ ਸ਼ਰਤ ਹੋਵੇਗੀ- ਸਿੱਧੂ
ਬੂਹੇ ਆਣ ਲੱਥੀ ਜੰਞ ਖੇੜਿਆਂ ਦੀ, ਅੰਦਰ ਹੀਰ ਦੀਆਂ ਹੋਣ ਤਿਆਰੀਆਂ ਜੀ।
ਲੋਕਾਂ ਨੂੰ ਅਜੇ ਵੀ ਮਿਲ ਰਹੀ ਹੈ ਕਈ ਗੁਣਾਂ ਮਹਿੰਗੀ ਰੇਤ- ਇਕ ਖ਼ਬਰ
ਮੂੰਹ ਚੁੰਮਾਂ, ਟੁੱਕ ਨਾ ਦੇਵਾਂ, ਖਾਵੋ ਪੁੱਤ ਬਥੇਰੀਆਂ।
ਪੰਜਾਬ ਨੇ ਦੇਸ਼ ਦੇ ਇਤਿਹਾਸ ਵਿਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ- ਰਾਸ਼ਟਰਪਤੀ
ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।
ਟੀ.ਵੀ. ‘ਤੇ ਬਹਿਸਾਂ ਵਧੇਰੇ ਪ੍ਰਦੂਸ਼ਣ ਫ਼ੈਲਾ ਰਹੀਆਂ ਨੇ- ਸੁਪਰੀਮ ਕੋਰਟ
ਹਰ ਪਾਸੇ ਚੁਆਤੀ ਲਾਉਂਦੇ ਨੇ, ਸਾਡੇ ਲਹੂ ਦੇ ਵਿਚ ਨਹਾਉਂਦੇ ਨੇ।
ਐਮ.ਪੀ. ਪ੍ਰਨੀਤ ਕੌਰ ਦੀ ਚੰਨੀ ਨਾਲ ਮੁਲਾਕਾਤ ਨੇ ਨਵੇਂ ਚਰਚੇ ਛੇੜੇ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਜੋੜ-ਤੋੜ ਸ਼ੁਰੂ- ਇਕ ਖ਼ਬਰ
ਜੋੜਾਂ ਤੋੜਾਂ ਨੇ ਉੱਥੇ ਕੀ ਕਰਨਾ, ਜਿੱਥੇ ਚੱਲਣਾਂ ਲਿਫ਼ਾਫ਼ੇ ਦਾ ਜ਼ੋਰ ਮੀਆਂ।
ਪ੍ਰਕਾਸ਼ ਸਿੰਘ ਬਾਦਲ ਵਲੋਂ ਮੀਰੀ-ਪੀਰੀ ਸਿਧਾਂਤ ਨੂੰ ਬਚਾਉਣ ਦਾ ਸੱਦਾ-ਇਕ ਖ਼ਬਰ
ਹੁਣ ਮਿਹਰ ਮੁਹੱਬਤਾਂ ਲੋੜਨਾਂ ਏਂ, ਸਾਡੇ ਸੀਨੇ ‘ਚ ਮਾਰ ਕੇ ਕਟਾਰ ਬੰਦਿਆ।
ਪੰਜ ਸਿਤਾਰਾ ਹੋਟਲਾਂ ‘ਚ ਬੈਠ ਕੇ ਕਿਸਾਨਾਂ ਨੂੰ ਦੋਸ਼ ਦੇਣਾ ਆਸਾਨ- ਸੁਪਰੀਮ ਕੋਰਟ
ਨੀ ਚਰਖ਼ਾ ਬੋਲ ਪਿਆ, ਹਰ ਗੱਲ ਨਾਲ਼ ਭਰਦਾ ਹੁੰਗਾਰੇ।