ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14 Oct. 2021
ਬਹਿਬਲ ਕਲਾਂ ਗੋਲੀਕਾਂਡ: ਐਸ.ਪੀ. ਵਿਕਰਮਜੀਤ ਸਿੰਘ ਦੀ ਬਹਾਲੀ ਦੇ ਹੁਕਮ ਕੈਪਟਨ ਨੇ ਦਿਤੇ-ਰੰਧਾਵਾ
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਪਟਿਆਲਾ ‘ਚ ਕਾਂਗਰਸ ਨੇ ਲਿਆ ਅਮਰਿੰਦਰ ਦੀ ਹਾਰ ਯਕੀਨੀ ਬਣਾਉਣ ਦਾ ਅਹਿਦ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਸੁਖਬੀਰ ਬਾਦਲ ਨੂੰ ਫਸਾਉਣ ਲਈ ਕਾਂਗਰਸ ਸਰਕਾਰ ਨੇ ਸਾਜ਼ਿਸ਼ ਘੜੀ- ਚੰਦੂਮਾਜਰਾ
ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ।
ਵਿਧਾਨ ਸਭਾ ‘ਚ ਮੁੱਖ ਮੰਤਰੀ ਚੰਨੀ ਦੀਆਂ ਟਿੱਪਣੀਆਂ ‘ਤੇ ਅਕਾਲੀਆਂ ਵਲੋਂ ਹੰਗਾਮਾ- ਇਕ ਖ਼ਬਰ
ਜਦੋਂ ਸੱਚੀਆਂ ਸੁਣਾਈਆਂ ਨੀਂ ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।
ਰੁਪਿੰਦਰ ਰੂਬੀ ਤੋਂ ਬਾਅਦ ਆਪ ਵਿਧਾਇਕ ਜਗਤਾਰ ਸਿੰਘ ਜੱਗਾ ਵੀ ਕਾਂਗਰਸ ਦੇ ਪਾਲੇ ਵਿਚ ਗਿਆ- ਇਕ ਖ਼ਬਰ
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ।
ਸੁਖਬੀਰ ਜਲਾਲਾਬਾਦ ਤੋਂ ਜਿੱਤ ਕੇ ਬਣਨਗੇ ਮੁੱਖ ਮੰਤਰੀ- ਹਰਸਿਮਰਤ ਬਾਦਲ
ਤੇ ਮੈਂ ਵੀ ਹੁਣ ਦਿੱਲੀ ਛੱਡ ਕੇ ਪੰਜਾਬ ‘ਚ ਆ ਕੇ ਉੱਪ ਮੁੱਖ ਮੰਤਰੀ ਬਣੂੰ।
ਕਾਂਗਰਸ ਨੇ ਬੇਅਦਬੀ ਮਾਮਲਿਆਂ ਦਾ ਸਿਆਸੀਕਰਣ ਕੀਤਾ-ਬੀਬੀ ਜਗੀਰ ਕੌਰ
ਬੀਬੀ ਜੀ ਇਹ ਤਾਂ ਤੁਹਾਡੇ ਮਾਲਕਾਂ ਵਲੋਂ ਹੀ ਸ਼ੁਰੂ ਕਰ ਦਿਤਾ ਗਿਆ ਸੀ।
ਮੰਨ ਗਏ ਗੁਰੂ: ਚੰਨੀ ਨੇ ਬੋਲ ਪੁਗਾਏ, ਸਿੱਧੂ ਨੇ ਬੋਲ ਪੁਗਾਏ- ਇਕ ਖ਼ਬਰ
ਚੰਨੀ ਨੇ ਦਿਉਲ ਘਰੇ ਤੋਰਿਆ, ਲਗਦੈ ਸਹੋਤੇ ਦੇ ਵੀ ਥੋੜ੍ਹੇ ਦਿਨ ਹੋਰ ਆ।
ਅਸ਼ਵਨੀ ਸ਼ਰਮਾ ਨੇ ਹਾਈ ਕਮਾਨ ਦੇ ਆਗੂਆਂ ਨੂੰ ਦੱਸੇ ਪੰਜਾਬ ਦੇ ਸਿਆਸੀ ਹਾਲਾਤ- ਇਕ ਖ਼ਬਰ
ਝਾਕਦੀ ਦੀ ਅੱਖ ਪੱਕ ਗਈ, ਕਦੇ ਪਾ ਵਤਨਾਂ ਵਲ ਫੇਰਾ।
ਕੈਪਟਨ ਨੂੰ ਵੱਡੇ ਦਿਲ ਨਾਲ ਹਾਈ ਕਮਾਨ ਦਾ ਫ਼ੈਸਲਾ ਪ੍ਰਵਾਨ ਕਰਨਾ ਚਾਹੀਦਾ ਸੀ- ਬੀਬੀ ਭੱਠਲ
ਰੋਟੀ ਮੇਰਾ ਯਾਰ ਖਾ ਗਿਆ, ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ।
ਸੰਯੁਕਤ ਕਿਸਾਨ ਮੋਰਚੇ ਵਲੋਂ 29 ਨਵੰਬਰ ਤੋਂ ਸੰਸਦ ਵਲ ਮਾਰਚ ਕਰਨ ਦਾ ਐਲਾਨ- ਇਕ ਖ਼ਬਰ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।
ਸਿੱਧੂ ਤੇ ਚੰਨੀ ਨੇ ਗਿਲੇ-ਸ਼ਿਕਵੇ ਭੁਲਾ ਕੇ ਇਕ ਦੂਜੇ ‘ਚ ਵਿਸ਼ਵਾਸ ਪ੍ਰਗਟ ਕੀਤਾ- ਇਕ ਖ਼ਬਰ
ਚੰਨ ਛੁਪ ਗਿਆ ਟਹਿਕਦੇ ਤਾਰੇ, ਇਕ ਮੰਜੇ ਹੋ ਚਲੀਏ।
ਤੇਲ ਦੀਆਂ ਵਧੀਆਂ ਕੀਮਤਾਂ ਨਾਲ਼ ਇਕੱਠੇ ਹੋਏ ਚਾਰ ਲੱਖ ਪੌਂਡ ਕੇਂਦਰ ਰਾਜਾਂ ਨੂੰ ਵੰਡੇ- ਮਮਤਾ ਬੈਨਰਜੀ
ਇੱਲਾਂ ਦੇ ਆਲ੍ਹਣੇ ‘ਚੋਂ ਮਾਸ ਲੱਭ ਰਹੇ ਹੋ ਬੀਬੀ ਜੀ।
ਰਾਜਪਾਲ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਨਹੀਂ ਡਰਦਾ- ਸਤਿਆਪਾਲ ਮਲਿਕ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਕਨੌੜ ਝੱਲਣੀ।
ਸੁਪਰੀਮ ਕੋਰਟ ਲਖੀਮ ਪੁਰ ਖੀਰੀ ਦੀ ਹੋ ਰਹੀ ਜਾਂਚ ਤੋਂ ਖੁਸ਼ ਨਹੀਂ-ਇਕ ਖ਼ਬਰ
ਸੱਸ ਮੇਰੀ ਦਾ ਐਡਾ ਚੂੜਾ, ਵਿਚੋਂ ਕਿਰਦੀ ਰੇਤ, ਸੱਸੇ ਕੰਜਰੀਏ ਸ਼ੀਸ਼ਾ ਲੈ ਕੇ ਦੇਖ।
ਮਨਜਿੰਦਰ ਸਿਰਸਾ ਨੇ ਸਰਨਾ ਭਰਾਵਾਂ ਤੇ ਜੀ.ਕੇ. ਖ਼ਿਲਾਫ਼ ਜਥੇਦਾਰ ਤੋਂ ਕਾਰਵਾਈ ਮੰਗੀ- ਇਕ ਖ਼ਬਰ
ਲੂਣਾਂ ਅਰਜ਼ ਗੁਜ਼ਾਰੇ ਸਲਵਾਨ ਨੂੰ, ਕਰ ਦੇ ਪੂਰਨ ਜਲਦ ਹਲਾਲ।