ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07 Nov. 2021

ਯੂ.ਪੀ.’ਚ ਪ੍ਰਿਯੰਕਾ ਗਾਂਧੀ ਦੀ ‘ਹਨੇਰੀ’ ਝੁੱਲਣ ਦਾ ਦਾਅਵਾ- ਇਕ ਖ਼ਬਰ

ਸੀਟੀ ਤੇ ਸੀਟੀ ਵੱਜੇ, ਜਦੋਂ ਮੈਂ ਗਿੱਧੇ ਵਿਚ ਆਈ।

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ- ਇਕ ਖ਼ਬਰ

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਪੰਜਾਬ ਵਿਚ ਸਿੱਖਾਂ ਦਾ ਕੋਈ ਧਰਮ ਪ੍ਰੀਵਰਤਨ ਨਹੀਂ ਹੋਇਆ- ਬੀਬੀ ਜਾਗੀਰ ਕੌਰ

ਬੀਬੀ ਜੀ ਆਪਣੀਆਂ ਅੱਖਾਂ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਉ। 

ਡੀ.ਐੱਸ.ਪੀ. ਨੇ ਧਰਨਾਕਾਰੀ ਕਿਸਾਨਾਂ ਨੂੰ ਦੀਵਾਲੀ ‘ਤੇ ਮਠਿਆਈਆਂ ਵੰਡੀਆਂ-ਇਕ ਖ਼ਬਰ

ਡੀ.ਐਸ.ਪੀ. ਸਿਆਂ ਦੇਖੀਂ ਕਿਤੇ ਤੇਰੇ ‘ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਹੀ ਨਾ ਦਰਜ ਹੋ ਜਾਵੇ।

ਕੈਪਟਨ ਨੂੰ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਨਹੀਂ ਵੱਟਣ ਦਿਆਂਗੇ- ਚੜੂਨੀ

ਟੁੰਡੇ ਕਿਸੇ ਦੇ ਨਾਲ਼ ਕੀ ਯੁੱਧ ਕਰਨਾ, ਲੰਗੜੇ ਸਿਖਰ ਪਹਾੜ ਦੇ ਜਾਣ ਨਾਹੀਂ।

ਬਾਦਲ ਪਰਿਵਾਰ ਨੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਦੀਵੇ ਬਾਲ਼ੇ-ਇਕ ਖ਼ਬਰ

ਪਿੱਛੋਂ ਆਖਦੇ ਰੱਬਾ ਤੂੰ ਸੁਖ ਰੱਖੀਂ, ਲਾ ਕੇ ਰੂਈਂ ਦੇ ਨਾਲ਼ ਅੰਗਾਰਿਆਂ ਨੂੰ।

ਸਰਕਾਰ ਬਣਨ ‘ਤੇ ਦੰਗਾ ਪੀੜਤ ਡੀਵੈਲਪਮੈਂਟ ਬੋਰਡ ਬਣਾਉਣ ਦਾ ਵਾਅਦਾ- ਸੁਖਬੀਰ ਬਾਦਲ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ ,ਜੱਟਾਂ ਨੇ ਕਰੀਰ ਪੁੱਟ ਲਏ।

ਨਵਜੋਤ ਸਿੱਧੂ ਦੇ ਮੁੱਦੇ ਤਾਂ ਠੀਕ ਪਰ ਸ਼ਬਦਾਵਲੀ ਗ਼ਲਤ- ਪਰਮਿੰਦਰ ਸਿੰਘ ਢੀਂਡਸਾ

ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।

ਕਾਂਗਰਸ ਵਲੋਂ ਪ੍ਰਸ਼ਾਂਤ ਕਿਸ਼ੋਰ ਦੀਆਂ ਲਈਆਂ ਜਾ ਸਕਦੀਆਂ ਹਨ ਸੇਵਾਵਾਂ-ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਨਵਜੋਤ ਸਿੱਧੂ ਨੇ ਮੁੜ ਕੈਪਟਨ ਅਮਰਿੰਦਰ ਸਿੰਘ ‘ਤੇ ਸੇਧਿਆ ਨਿਸ਼ਾਨਾ- ਇਕ ਖ਼ਬਰ

ਜਾਮਨੂੰ ਦੀ ਗਿਟਕ ਜਿਹਾ, ਮੇਰੇ ਸਾਹਮਣੇ ਧੜਾ ਧੜ ਬੋਲੇ।

ਮੀਂਹ ਪੈਣ ‘ਤੇ ਸਮਾਰਟ ਸਕੂਲ ’ਚ ਗੋਡੇ ਗੋਡੇ ਪਾਣੀ ਫਿਰਦੈ- ਇਕ ਖ਼ਬਰ

ਸੁਖਬੀਰ ਦੀ ਪਾਣੀ ਵਾਲ਼ੀ ਬਸ ਲੈ ਲਉ ਬਈ, ਵਿਹਲੀ ਹੀ ਖੜ੍ਹੀ ਐ।

ਬਿਜਲੀ ਸਮਝੌਤੇ ਰੱਦ ਕਰਨੇ ਏਨੇ ਸੌਖੇ ਨਹੀਂ- ਸੁਖਬੀਰ ਬਾਦਲ

ਇੰਜ ਕਹੋ ਕੇ ਸਾਡੀਆਂ ਦਿੱਤੀਆਂ ਗੰਢਾਂ ਖੋਲ੍ਹਣੀਆਂ ਏਨੀਆਂ ਸੌਖੀਆਂ ਨਹੀਂ।

ਸਰਕਾਰ ਨੇ ਬਿਜਲੀ ਸਸਤੀ ਕਰਨ ਦੇ ਨਾਂ ‘ਤੇ ਪੰਜਾਬੀਆਂ ਨਾਲ਼ ਧੋਖਾ ਕੀਤਾ- ਅਮਨ ਅਰੋੜਾ

ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਭਾਵੇਂ ਕਰੇ ਨਿੰਦਿਆ।

ਚੰਨੀ ਨੇ ਅੱਧਾ ਪੰਜਾਬ ਬੀ.ਐੱਸ.ਐੱਫ. ਹਵਾਲੇ ਕੀਤਾ- ਹਰਸਿਮਰਤ ਬਾਦਲ

ਜਿਹਨੀਂ ਸਾਰਾ ਪੰਜਾਬ ਲੁੱਟਿਆ ਕੁਝ ਉਨ੍ਹਾਂ ਬਾਰੇ ਵੀ ਕਹੋ ਬੀਬੀ ਜੀ।

ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਕੀਤਾ ਮੰਨਜ਼ੂਰ-ਇਕ ਖ਼ਬਰ

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ।
                                                                                                    

ਅਖੀਰ ਕੈਪਟਨ ਨੇ ਆਪਣੀ ਵੱਖਰੀ ਪਾਰਟੀ ਬਣਾ ਹੀ ਲਈ- ਇਕ ਖ਼ਬਰ

ਬੁੱਢੀ ਘੋੜੀ, ਲਾਲ ਲਗਾਮ।