ਡਰ ਦਾ ਕਾਰੋਬਾਰ ਅਤੇ ਸਿਆਸਤ - ਅਵਿਜੀਤ ਪਾਠਕ
ਅੱਜ ਕੱਲ੍ਹ ਮੈਂ ਇਹ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਮੇਰੇ ਲਈ ਕਿਸੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਜਾਂ ਬਿਹਤਰੀਨ ਬੱਲੇਬਾਜ਼ ਦੀ ਸ਼ਾਨਦਾਰ ਕਾਰਕਰਦਗੀ ਦੀ ਸੁੱਤੇ ਸਿੱਧ ਤੇ ਖੁੱਲ੍ਹੇ ਦਿਲ ਨਾਲ ਤਾਰੀਫ਼ ਕਰ ਸਕਣੀ ਕਿੰਨੀ ਕੁ ਸੰਭਵ ਹੈ। ਮੈਂ ਨਹੀਂ ਜਾਣਦਾ ਕਿ ਮੈਂ ਆਪਣੇ ਮੁਸਲਿਮ ਦੋਸਤਾਂ ਨੂੰ ਈਦ ਮੌਕੇ ਮੁਹੱਬਤ ਦਾ ਕੋਈ ਪੈਗ਼ਾਮ ਭੇਜ ਸਕਦਾ ਹਾਂ? ਕੀ ਮੈਂ ਪੂਰੇ ਮਾਣ ਅਤੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਉਰਦੂ ਸ਼ਾਇਰੀ ਨੇ ਸਾਡੀ ਸਾਹਿਤਕ ਵਿਰਾਸਤ ਨੂੰ ਅਮੀਰ ਬਣਾਇਆ ਹੈ? ਜਾਂ ਮੇਰੇ ਲਈ ਕਦੇ ਫੇਰੀ ਲਾਉਣ ਵਾਲੇ ਕਾਬੁਲੀ ਵਾਲੇ ਨਾਲ ਗਲਵੱਕੜੀ ਪਾਉਣੀ ਸੰਭਵ ਹੋ ਸਕੇਗੀ ਜਿਸ ਦਾ ਰਬਿੰਦਰਨਾਥ ਟੈਗੋਰ ਨੇ ਆਪਣੀ ਬੇਮਿਸਾਲ ਕਹਾਣੀ ‘ਕਾਬੁਲੀਵਾਲਾ’ ਵਿਚ ਵਰਨਣ ਕੀਤਾ ਸੀ। ਦਰਅਸਲ, ਕਈ ਵਾਰ ਮੈਂ ਡਰ ਜਾਂਦਾ ਹਾਂ, ਮੈਨੂੰ ਇਹ ਫ਼ਿਕਰ ਰਹਿੰਦੀ ਹੈ ਕਿ ਕੋਈ ਮੇਰੇ ਉਤੇ ਦੇਸ਼-ਧ੍ਰੋਹ ਦੀਆਂ ਭਾਵਨਾਵਾਂ ਨੂੰ ਹੱਲਾਸ਼ੇਰੀ ਦੇਣ ਦਾ ਇਲਜ਼ਾਮ ਨਾ ਲਾ ਦੇਵੇ। ਫਿਰ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ: ਆਖ਼ਿਰ ਇਹ ਨੌਬਤ ਕਿਉਂ ਆਈ?
ਕੀ ਸਾਡੀ ਦੇਸ਼ਭਗਤੀ ਇੰਨੀ ਕਮਜ਼ੋਰ ਹੈ ਕਿ ਜੇ ਕ੍ਰਿਕਟ ਦੇ ਮੈਚ ਦੀ ਕੋਈ ਜਿੱਤ ਜਾਂ ਹਾਰ ਧੜਵੈਲ ਰਾਸ਼ਟਰਵਾਦ ਦੇ ਚਸ਼ਮੇ ਨਾਲ ਨਾ ਦੇਖੀ ਜਾਵੇ ਤਾਂ ਇਹ ਚਕਨਾਚੂਰ ਹੋ ਜਾਵੇਗੀ? ਠੀਕ ਹੈ ਕਿ ਦੁਨੀਆ ਭਰ ਵਿਚ ਖੇਡ ਸਮਾਗਮ ਦੇਸ਼ਭਗਤੀ ਦੇ ਜਜ਼ਬਾਤ ਉਗਮਦੇ ਹਨ ਤੇ ਜੇ ਤੁਸੀਂ ਓਲੰਪਿਕਸ ਵਿਚ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਸੋਨ ਤਗ਼ਮਾ ਜਿੱਤਦੇ ਦੇਖਦੇ ਹੋ, ਜਾਂ ਆਪਣੀ ਫੁਟਬਾਲ ਟੀਮ ਦੀ ਜਿੱਤ ਲਈ ਤਾੜੀਆਂ ਮਾਰਦੇ ਹੋ ਤਾਂ ਯਕੀਨਨ ਇਸ ਵਿਚ ਕੁਝ ਵੀ ਗ਼ੈਰ ਸੁਭਾਵਿਕ ਨਹੀਂ ਹੈ ਪਰ ਨਾਲ ਹੀ ਮੈਚ ਹਾਰਨ ਦੀ ਦਲੇਰੀ ਜਾਂ ਵਿਰੋਧੀ ਟੀਮ ਦੀ ਕਾਰਕਰਦਗੀ ਦੀ ਸਿਫ਼ਤ ਕਰਨ ਦਾ ਜੇਰਾ ਦਿਖਾਉਣ ਦੀ ਵੀ ਕੋਈ ਭਾਵਨਾ ਹੁੰਦੀ ਹੈ ਜਿਸ ਨੂੰ ਹਲੀਮੀ ਕਹਿੰਦੇ ਹਨ। ਕ੍ਰਿਕਟ ਦੇ ਰਾਸ਼ਟਰਵਾਦ ਦੀ ਬੇਹੂਦਗੀ ਨੇ ਸਾਡੇ ਜਨਸਮੂਹ ਦੀ ਚੇਤਨਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਦੁਨੀਆ ਨੂੰ ਵਾਚਣ ਦੇ ਸਾਡੇ ਤੌਰ ਤਰੀਕਿਆਂ ਨੂੰ ਕੁੰਦ ਕਰ ਦਿੱਤਾ ਹੈ ਜਿਸ ਕਰ ਕੇ ਅਸੀਂ ਇਸ ਖ਼ੂਬਸੂਰਤ ਖੇਡ ਨੂੰ ਸਰਜੀਕਲ ਸਟਰਾਈਕ ਦੇ ਅਖਾੜੇ ਵਿਚ ਤਬਦੀਲ ਕਰ ਛੱਡਿਆ ਹੈ।
ਅੰਧ-ਰਾਸ਼ਟਰਵਾਦ ਦੇ ਇਸ ਯੁੱਗ ਵਿਚ ਜਦੋਂ ਤੁਹਾਨੂੰ ਹਰ ਮੌਕੇ ਤੇ ਕੰਨ ਪਾੜਵੇਂ ਨਾਅਰਿਆਂ ਅਤੇ ਸੰਦੇਸ਼ਾਂ ਰਾਹੀਂ ਜਾਂ ਦੁਸ਼ਮਣ ਦੇਸ਼ ਨੂੰ ਨਿੰਦ ਕੇ, ਆਪਣੀ ਦੇਸ਼ਭਗਤੀ ਦਾ ਸਬੂਤ ਆਪਣੀਆਂ ਬਾਹਾਂ ਤੇ ਚਿਪਕਾ ਕੇ ਰੱਖਣਾ ਪੈਂਦਾ ਹੈ ਅਤੇ ਜਦੋਂ ਦੇਸ਼ਭਗਤ ਟੈਲੀਵਿਜ਼ਨ ਚੈਨਲ ਲਗਾਤਾਰ ਜੰਗਬਾਜ਼ੀ ਭੜਕਾਉਂਦੇ ਰਹਿੰਦੇ ਹੋਣ ਤਾਂ ਕਿਸੇ ਸੋਹਣੀ ਖੇਡ ਦਾ ਵੀ ਮੂੰਹ ਮੱਥਾ ਵਿਗੜਨ ਵਿਚ ਦੇਰ ਨਹੀਂ ਲਗਦੀ। ਵਿਰੋਧੀ ਟੀਮ ਦੇ ਕਿਸੇ ਬਹੁਤ ਹੀ ਸ਼ਾਨਦਾਰ ਕਾਰਕਰਦਗੀ ਦਿਖਾਉਣ ਵਾਲੇ ਖਿਡਾਰੀ ਦੀ ਪ੍ਰਸ਼ੰਸਾ ਵਿਚ ਦਿੱਤੇ ਮੁਹੱਬਤ ਦੇ ਸ਼ੁਭ ਸੰਕੇਤ ਨੂੰ ਆਪੂੰ ਬਣੇ ਦੇਸ਼ਭਗਤਾਂ ਦੇ ਝੁੰਡ ਜਾਂ ਸਮਾਜ ਵਿਚ ਜ਼ਹਿਰ ਘੋਲਣ ਵਾਲੀ ਟਰੋਲ ਸੈਨਾ ਵਲੋਂ ਇੰਝ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਦੇਸ਼ ਖਿਲਾਫ਼ ਕੋਈ ਸਾਜਿ਼ਸ਼ ਰਚੀ ਜਾ ਰਹੀ ਹੈ।
ਇਸ ਲਿਹਾਜ਼ ਤੋਂ ਜਦੋਂ ਯੂਪੀ ਸਰਕਾਰ ਆਗਰਾ ਵਿਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੀ ਟੀਮ ਦੀ ਹਮਾਇਤ ਕਰਨ ਅਤੇ ਨਾਅਰੇ ਲਾਉਣ ਦੇ ਦੇਸ਼-ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਵਾ ਸਕਦੀ ਹੈ ਤਾਂ ਕੀ ਕਿਸੇ ਨੂੰ ਹੈਰਾਨੀ ਹੋਣੀ ਚਾਹੀਦੀ ਹੈ? ਉਦੈਪੁਰ ਦੇ ਇਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਨੇ ਆਪਣੀ ਇਕ ਅਧਿਆਪਕਾ ਨੂੰ ਕਥਿਤ ਤੌਰ ਤੇ ਭਾਰਤ ਉੱਤੇ ਪਾਕਿਸਤਾਨੀ ਟੀਮ ਦੀ ਜਿੱਤ ਦੀ ਖ਼ੁਸ਼ੀ ਮਨਾਉਣ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਹੈ। ਸੰਭਵ ਹੈ ਕਿ ਸਾਡੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਵਿਹਾਰ ਖਰਾਬ ਹੋਵੇ, ਤਾਂ ਕੀ ਇਹ ਵਾਕਈ ਐਡਾ ਵੱਡਾ ਜੁਰਮ ਹੈ ਕਿ ਉਨ੍ਹਾਂ ਨੂੰ ਇੰਝ ਸਬਕ ਸਿਖਾਉਣਾ ਜ਼ਰੂਰੀ ਹੈ? ਇਸ ਨੂੰ ਅਪਰਾਧ ਕਿਵੇਂ ਠਹਿਰਾਇਆ ਜਾ ਸਕਦਾ ਹੈ? ਟਰੋਲ ਸੈਨਾ ਨੇ ਭਾਰਤੀ ਟੀਮ ਦੇ ਸ਼ਾਨਦਾਰ ਗੇਂਦਬਾਜ਼ਾਂ ਵਿਚ ਸ਼ੁਮਾਰ ਮੁਹੰਮਦ ਸ਼ਮੀ ਨੂੰ ਘੜੀਸ ਲਿਆ ਤੇ ਲਤਾੜਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸ ਦੀ ਧਾਰਮਿਕ ਪਛਾਣ ‘ਹਿੰਦੂ ਰਾਸ਼ਟਰਵਾਦੀਆਂ’ ਦੀ ਮਨੋਸਥਿਤੀ ਵਿਚ ਫਿੱਟ ਨਹੀਂ ਬੈਠਦੀ? ਕੀ ਇਸ ਤਰ੍ਹਾਂ ਦੇ ਨੈਤਿਕ, ਸਿਆਸੀ ਤੇ ਸਭਿਆਚਾਰਕ ਨਿਘਾਰ ਤੇ ਘਿਨ ਨਹੀਂ ਆਉਂਦੀ? ਕੀ ਸਾਡੀ ਦੇਸ਼ਭਗਤੀ ਇੰਨੀ ਛਿੱਥੀ ਹੈ ਕਿ ਇਹ ਹਲਕੇ ਫੁਲਕੇ ਮਜ਼ਾਕ, ਕ੍ਰਿਕਟ ਪ੍ਰਤੀ ਪਿਆਰ, ਹੱਸ ਕੇ ਜਿੱਤ ਜਾਂ ਹਾਰ ਨੂੰ ਸਵੀਕਾਰਨ ਨਾਲ ਟੁੱਟ ਕੇ ਬਿਖਰ ਜਾਵੇਗੀ?
ਅੰਧ-ਰਾਸ਼ਟਰਵਾਦੀਆਂ ਦੀ ਇਹ ਟੋਲੀ ਲਗਾਤਾਰ ਭੈਅ ਦੀ ਮਾਨਸਿਕਤਾ (ਮੁਸਲਿਮ ਸਾਜਿ਼ਸ਼ ਦਾ ਭੈਅ) ਈਜਾਦ ਕਰਨ ਵਿਚ ਜੁਟੀ ਹੋਈ ਹੈ। ਜ਼ਰਾ, ਇਸ ਦੇ ਜ਼ਹਿਰੀਲੇ ਕਿਰਦਾਰ- ਭਾਵ ਇਸ ਦੀ ਅੰਤਰੀਵ ਅਸਹਿਣਸ਼ੀਲਤਾ ਨੂੰ ਦੇਖੋ। ਅੱਜ ਕੱਲ੍ਹ ‘ਸੰਯੁਕਤ ਹਿੰਦੂ ਸੰਘਰਸ਼ ਸਮਿਤੀ’ ਨਾਂ ਦੀ ਜਥੇਬੰਦੀ ਗੁਰੂਗ੍ਰਾਮ ਵਿਚ ਜੁੰਮੇ ਦੀ ਨਮਾਜ਼ ਰੁਕਵਾਉਣ ਲਈ ਸਰਗਰਮ ਹੈ। ਜੇ ਕਿਤੇ ਤੁਸੀਂ ਉਰਦੂ ਦੇ ਅਲਫ਼ਾਜ਼ ਬੋਲਦੇ ਨਜ਼ਰ ਆ ਜਾਵੋ ਤਾਂ ਵੀ ਇਸ ਦੇ ਮੈਂਬਰ ਤੁਹਾਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾ ਸਕਦੇ ਹਨ। ਫੈਬਇੰਡੀਆ ਨੂੰ ਸੋਸ਼ਲ ਮੀਡੀਆ ਤੋਂ ਆਪਣਾ ਇਸ਼ਤਿਹਾਰ ਇਸ ਲਈ ਹਟਾਉਣਾ ਪਿਆ ਕਿਉਂਕਿ ਅੰਧ-ਰਾਸ਼ਟਰਵਾਦੀਆਂ ਨੂੰ ਇਸ਼ਤਿਹਾਰ ਵਿਚ ‘ਜਸ਼ਨ-ਏ-ਰਿਵਾਜ਼’ ਦਾ ਫ਼ਿਕਰਾ ਪਸੰਦ ਨਹੀਂ ਆਇਆ ਸੀ। ਉਨ੍ਹਾਂ ਦੀ ਸੋਚ ਮੁਤਾਬਕ ਉਰਦੂ ਦਾ ਇਹ ਫ਼ਿਕਰਾ ਦੀਵਾਲੀ ਦੇ ਤਿਓਹਾਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ। ਕੀ ਇਨ੍ਹਾਂ ਅੰਧ-ਦੇਸ਼ਭਗਤਾਂ ਨੇ ਧਰਮ ਦੀ ਸੱਚੀ ਸੁੱਚੀ ਭਾਵਨਾ ਦਾ ਕਦੇ ਸਵਾਦ ਚਖਿਆ ਹੈ ਜੋ ਇਨਸਾਨ ਅੰਦਰ ਦੂਜਿਆਂ ਨਾਲ ਪਿਆਰ ਤੇ ਮੇਲ ਜੋਲ ਦੀ ਭਾਵਨਾ ਜਗਾਉਂਦੀ ਹੈ?
ਸੰਭਵ ਹੈ ਕਿ ਧੜਵੈਲ ਰਾਸ਼ਟਰਵਾਦੀ ਦੂਜਿਆਂ ਪ੍ਰਤੀ ਪਿਆਰ ਜਾਂ ਖਲੂਸ ਦੀ ਬਜਾਇ ਭੈਅ ਦਾ ਮਾਹੌਲ ਸਿਰਜੇ ਬਿਨਾ ਰਹਿ ਨਹੀਂ ਸਕਦੇ। ਇਸੇ ਕਰ ਕੇ ਖ਼ੁਦਪ੍ਰਸਤੀ, ਨਿਰੰਕੁਸ਼ਸ਼ਾਹੀ ਅਤੇ ਫ਼ੌਜਪੁਣੇ ਦਾ ਸਭਿਆਚਾਰ ਸਾਡੇ ਧੜਵੈਲ ਧਾਰਮਿਕ ਰਾਸ਼ਟਰਵਾਦ ਦਾ ਅਟੁੱਟ ਅੰਗ ਬਣ ਰਿਹਾ ਹੈ। ਆਪਣੇ ਸਭਿਆਚਾਰਕ ਢਾਂਚੇ ਅਤੇ ਪਾਰਪੇਗੰਡਾ ਮਸ਼ੀਨਰੀ ਦੇ ਜ਼ਰੀਏ ਇਹ ‘ਦੁਸ਼ਮਣ’ ਨੂੰ ਚਿਤਵਦੀ ਰਹਿੰਦੀ ਹੈ ਤਾਂ ਕਿ ਅਸੀਂ ਵੀ ਇਹ ਮੰਨ ਲਈਏ ਕਿ ਉਹੀ ਸਾਡਾ ਦੁਸ਼ਮਣ ਹੈ ਜੋ ਸਾਡੇ ਸਭਿਆਚਾਰ ਨੂੰ ਪਲੀਤ ਕਰ ਸਕਦਾ ਹੈ, ਦੇਸ਼ ਦੇ ਖਿਲਾਫ਼ ਸਾਜਿਸ਼ ਘੜਦਾ ਹੈ ਅਤੇ ਜੇ ਅਸੀਂ ਕੁਝ ਨਾ ਕੀਤਾ ਤਾਂ ਉਹ ਬਹੁਤ ਹੀ ਸ਼ਕਤੀਸ਼ਾਲੀ ਬਣ ਸਕਦਾ ਹੈ। ਇਸ ਲਈ ਆਪਣੇ ਹਰ ਮੁਸਲਿਮ ਗੁਆਂਢੀ ਦੇ ਹਰ ਕਦਮ ਤੇ ਨਜ਼ਰ ਰੱਖੋ, ਪਤਾ ਕਰੋ, ਕਿਤੇ ਉਹ ਕੋਈ ਪਾਕਿਸਤਾਨੀ ਟੀਵੀ ਸੀਰੀਅਲ ਤਾਂ ਨਹੀਂ ਦੇਖ ਰਹੇ ਜਾਂ ਉਰਦੂ ਤੇ ਅਰਬੀ ਸ਼ਾਇਰੀ ਤਾਂ ਨਹੀਂ ਸੁਣਦੇ, ਜਾਂ ਫਿਰ ਇਹ ਫ਼ਿਕਰ ਕਰੋ ਕਿ ਉਨ੍ਹਾਂ ਦੀ ਆਬਾਦੀ ਵਧ ਰਹੀ ਹੈ ਤੇ ਬਹੁਗਿਣਤੀ ਹਿੰਦੂਆਂ ਨੂੰ ਵਾਰ ਵਾਰ ਅਸੁਰੱਖਿਅਤ ਮਹਿਸੂਸ ਕਰਨ ਲਈ ਆਖਦੇ ਰਹੋ। ਉਹ ਹਰ ਸ਼ੈਅ ਨੂੰ ਦੋ ਟੁਕੜਿਆਂ- ਸਾਡੇ ਤੇ ਉਨ੍ਹਾਂ ਵਿਚ, ਵੰਡ ਕੇ ਦੇਖਦੇ ਹਨ; ਭਾਵ ਜੇ ਤੁਸੀਂ ਭਾਰਤ ਨੂੰ ਪਿਆਰ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਪਾਕਿਸਤਾਨ ਨੂੰ ਨਫ਼ਰਤ ਕਰੋ। ਜੇ ਤੁਸੀਂ ਹਿੰਦੂ ਹੋ ਤਾਂ ਤੁਹਾਡਾ ਫਰਜ਼ ਹੈ ਕਿ ਮੁਸਲਮਾਨਾਂ ਤੇ ਸ਼ੱਕ ਕਰੋ ਤੇ ਉਨ੍ਹਾਂ ਤੋਂ ਭੈਅਭੀਤ ਰਹੋ। ਜੰਗਬਾਜ਼ ਧਾਰਮਿਕ ਰਾਸ਼ਟਰਵਾਦ ਦਾ ਮਨੋਵਿਗਿਆਨ ਬਹੁਵਾਦ, ਅੰਤਰ-ਧਰਮੀ ਸੰਵਾਦ ਅਤੇ ਆਲਮੀਅਤ ਦੇ ਸ਼ੋਹਬਿਆਂ ਨੂੰ ਕਦੇ ਵੀ ਨਹੀਂ ਸਮਝ ਸਕਦਾ ਸਗੋਂ ਇਹ ਵੰਡਪਾਊ ਤੇ ਡਰੂ ਮਾਨਸਿਕਤਾ ਨਾਲ ਗ੍ਰਸਿਆ ਰਹਿੰਦਾ ਹੈ।
ਇਸ ਚੌਤਰਫ਼ਾ ਨੈਤਿਕ ਤੇ ਸਭਿਆਚਾਰਕ ਨਿਘਾਰ ਦੇ ਮੱਦੇਨਜ਼ਰ ਕੀ ਕਦੇ ਅਜਿਹੀ ਰੂਹਾਨੀਅਤ ਦਾ ਵਿਚਾਰ ਪੁੰਗਰ ਸਕੇਗਾ ਜੋ ਸਰਹੱਦਾਂ, ਮੰਦਰਾਂ ਤੇ ਮਸਜਿਦਾਂ ਦੇ ਆਰ-ਪਾਰ ਤੱਕਣ ਦੇ ਯੋਗ ਬਣਾਉਂਦੀ ਹੈ ਅਤੇ ਮੁਹੱਬਤ ਦੀ ਚਿਣਗ ਜਗਾਉਂਦੀ ਹੈ? ਕੀ ਕਦੇ ਅਜਿਹਾ ਰਾਸ਼ਟਰ ਮੁੜ ਚਿਤਵਿਆ ਜਾ ਸਕੇਗਾ ਜੋ ਸਾਗਰ ਦੀ ਤਰ੍ਹਾਂ ਵਿਸ਼ਾਲ ਹੋਵੇ, ਕਬੀਰ, ਨਾਨਕ ਤੇ ਨਿਜ਼ਾਮੂਦੀਨ ਔਲੀਆ ਦੀ ਸਿਮ੍ਰਤੀ ਦੀ ਜੁਸਤਜੂ ਰੱਖਦਾ ਹੋਵੇ ਅਤੇ ਇਹ ਤਵੱਕੋ ਕਰਦਾ ਹੋਵੇ ਕਿ ਉਸ ਦੇ ਬੱਚੇ ਧੜਵੈਲਪੁਣੇ ਜਾਂ ਨੁਮਾਇਸ਼ੀ ਦੇਸ਼ਭਗਤੀ ਦੀ ਬਜਾਇ ਪਿਆਰ ਤੇ ਕਰੁਣਾ ਦੇ ਇਖ਼ਲਾਕ ਨਾਲ ਲੈਸ ਹੋ ਸਕਣ? ਜਾਂ ਫਿਰ ਕੀ ਚੇਤਨਾ ਦੇ ਤਾਲਿਬਾਨੀਕਰਨ ਦੇ ਯੁੱਗ ਅੰਦਰ ਇਹ ਇਕ ਖਾਮ ਖ਼ਿਆਲ ਜਾਂ ਮਹਿਜ਼ ਇਕ ਸੁਪਨਾ ਹੀ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।