ਤਜਰਬੇਕਾਰ ਪੱਤਰਕਾਰਾਂ ਦੀ ਨਜ਼ਰ ਵਿੱਚ ਇਹ ਬਣਦੈ ਅੱਜ ਦੇ ਪੰਜਾਬ ਦਾ ਰਾਜਸੀ ਨਕਸ਼ਾ - ਜਤਿੰਦਰ ਪਨੂੰ
ਵਿਧਾਨ ਸਭਾ ਚੋਣਾਂ ਹੋਣੀਆਂ ਹੋਣ ਜਾਂ ਪਾਰਲੀਮੈਂਟ ਦੀਆਂ, ਅਗੇਤੇ ਅੰਦਾਜ਼ੇ ਅਸੀਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਤੋਂ ਲਾਉਂਦੇ ਰਹੇ ਹਾਂ, ਪਰ ਏਨਾ ਅਗੇਤਾ ਇਹ ਕੰਮ ਕਦੀ ਨਹੀਂ ਕੀਤਾ ਕਿ ਚੋਣਾਂ ਵਿੱਚ ਚਾਰ-ਪੰਜ ਮਹੀਨੇ ਬਾਕੀ ਹੋਣ ਅਤੇ ਇਹ ਸੋਚਣ ਬਹਿ ਜਾਈਏ ਕਿ ਕੌਣ ਕਿੰਨੇ ਪਾਣੀ ਵਿੱਚ ਹੈ! ਪਿਛਲੇ ਦਿਨੀਂ ਇੱਕ ਸੰਸਥਾ ਵੱਲੋਂ ਕੁਝ ਲੋਕ ਇਹ ਵੇਖਣ ਲਈ ਪੰਜਾਬ ਆਏ ਕਿ ਏਥੋਂ ਦੇ ਲੋਕਾਂ ਦਾ ਚੋਣਾਂ ਬਾਰੇ ਇਸ ਵਾਰੀ ਕਿੱਦਾਂ ਦਾ ਮੂਡ ਹੈ ਤੇ ਘੁੰਮਦੀ ਹੋਈ ਉਹ ਟੀਮ ਸਾਡੇ ਤੱਕ ਵੀ ਆ ਪਹੁੰਚੀ। ਕੁਝ ਗੱਲਾਂ ਬਾਰੇ ਉਨ੍ਹਾਂ ਦੀ ਰਾਏ ਸਾਡੇ ਵਰਗੀ ਸੀ, ਪਰ ਕੁਝ ਵਖਰੇਵੇਂ ਵੀ ਸਨ ਤੇ ਜਦੋਂ ਉਹ ਟੀਮ ਚਲੀ ਗਈ ਤਾਂ ਅਸੀਂ ਉਹ ਕੰਮ ਸ਼ੁਰੂ ਕਰ ਲਿਆ, ਜਿਹੜਾ ਚੋਣਾਂ ਨੇੜੇ ਜਾ ਕੇ ਕਰਦੇ ਹੁੰਦੇ ਸਾਂ। ਮੈਂ ਚੋਣਾਂ ਵਿੱਚ ਲੋਕਾਂ ਕੋਲ ਖੁਦ ਬਹੁਤ ਘੱਟ ਜਾਂਦਾ ਹਾਂ, ਪਰ ਹਰ ਜ਼ਿਲੇ ਵਿੱਚ ਪੱਤਰਕਾਰੀ ਦੇ ਲੰਮੇ ਤਜਰਬੇ ਵਾਲੇ ਚਾਰ-ਪੰਜ ਏਹੋ ਜਿਹੇ ਸੱਜਣ ਮੇਰੀ ਸਾਂਝ ਵਾਲੇ ਹਨ, ਜਿਹੜੇ ਆਪਣੇ ਜ਼ਿਲੇ ਦੇ ਹਰ ਹਲਕੇ ਬਾਰੇ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਤੇ ਉਨ੍ਹਾਂ ਦੀ ਗੱਲ ਵਿੱਚ ਵਜ਼ਨ ਵੀ ਏਨਾ ਹੁੰਦਾ ਹੈ ਕਿ ਆਮ ਕਰ ਕੇ ਅੰਦਾਜ਼ੇ ਸਹੀ ਨਿਕਲਿਆ ਕਰਦੇ ਹਨ। ਇਸ ਵਾਰ ਫਿਰ ਉਨ੍ਹਾਂ ਨਾਲ ਗੱਲ ਕੀਤੀ ਤਾਂ ਜਿਹੜਾ ਨਕਸ਼ਾ ਸਾਡੇ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲਾ ਸੀ।
ਮੇਰੇ ਸਾਂਝ ਵਾਲੇ ਇਹ ਪੱਤਰਕਾਰ ਸੱਜਣ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨਹੀਂ ਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਦੂਸਰਿਆਂ ਵਿੱਚੋਂ ਕੋਈ ਮੇਰੀ ਸਾਂਝ ਵਾਲਾ ਹੋ ਸਕਦਾ ਹੈ, ਪਰ ਇੱਕ ਗੱਲ ਉਨ੍ਹਾਂ ਸਭਨਾਂ ਨੇ ਸਾਂਝੀ ਕਹੀ ਕਿ ਇਸ ਵੇਲੇ ਪੰਜਾਬ ਦੀ ਕੋਈ ਧਿਰ ਵੀ ਪੰਜਾਬ ਦਾ ਮੁੱਦਾ ਨਹੀਂ ਚੁੱਕ ਰਹੀ। ਉਨ੍ਹਾਂ ਸਭਨਾਂ ਦੀ ਰਾਏ ਸੀ ਕਿ ਕਹਿਣ ਲਈ ਨਵਜੋਤ ਸਿੰਘ ਸਿੱਧੂ ਬਹੁਤ ਕਹਿੰਦਾ ਹੈ ਕਿ ਉਸ ਦੇ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਹੀ ਮੁੱਖ ਹਨ, ਹੋਰ ਕੋਈ ਲਾਲਸਾ ਨਹੀਂ, ਪਰ ਮੋਹਾਲੀ ਤੋਂ ਲਖੀੰਮਪੁਰ ਖੀਰੀ ਨੂੰ ਤੁਰਨ ਵੇਲੇ ਉਸ ਵੱਲੋਂ ਕਹੀ ਇਹ ਗੱਲ ਲੋਕਾਂ ਵਿੱਚ ਚਰਚਾ ਦਾ ਮੁੱਦਾ ਬਣ ਚੁੱਕੀ ਹੈ ਕਿ 'ਭਗਵੰਤ ਸਿੰਘ ਸਿੱਧੂ ਦੇ ਪੁੱਤਰ ਨੂੰ ਜੇ ਕਿਧਰੇ ਮੁੱਖ ਮੰਤਰੀ ਬਣਾਇਆ ਹੁੰਦਾ।' ਉਸ ਨਾਲ ਫਾਸਲਾ ਰੱਖ ਕੇ ਚੱਲਣ ਵਾਲਾ ਚਰਨਜੀਤ ਸਿੰਘ ਚੰਨੀ ਅਜੇ ਤੱਕ ਮੁੱਦੇ ਤੈਅ ਕਰਨ ਜੋਗਾ ਹੀ ਨਹੀਂ ਬਣਿਆ ਅਤੇ ਹਰ ਗੱਲ ਲਈ ਨਾਲ ਚੱਲਦੇ ਲੋਕਾਂ ਦਾ ਮੂੰਹ ਤੱਕਦਾ ਹੈ। ਹੋਰ ਕੋਈ ਲੀਡਰ ਪੰਜਾਬ ਦੀ ਕਾਂਗਰਸ ਵਿੱਚ ਕਿਸੇ ਗਿਣਤੀ ਵਿੱਚ ਨਹੀਂ। ਅਸੈਂਬਲੀ ਚੋਣਾਂ ਵਿੱਚ ਅੱਸੀ ਸੀਟਾਂ ਜਿੱਤਣ ਦਾ ਦਾਅਵਾ ਕਰ ਦਿੱਤਾ ਹੈ, ਪਰ ਦਾਅਵਾ ਕਰਨ ਵਾਲੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੇਰਕੇ ਵਾਲੀ ਆਪਣੀ ਸੀਟ ਵੀ ਖਤਰੇ ਵਿੱਚ ਹੈ, ਕਿਉਂਕਿ ਅਕਾਲੀ ਦਲ ਦਾ ਮਜੀਠੀਆ ਧੜਾ, ਕਾਂਗਰਸ ਤੋਂ ਟੁੱਟਿਆ ਕੈਪਟਨ ਧੜਾ ਤੇ ਭਾਜਪਾ ਦੀ ਧਾੜ ਤੋਂ ਇਲਾਵਾ ਕਾਂਗਰਸ ਵਿਚਲੇ ਕਈ ਲੋਕ ਵੀ ਉਸ ਨੂੰ ਹਰਾਉਣ ਲਈ ਜ਼ੋਰ ਲਾਉਣਗੇ।
ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਬਾਰੇ ਇਨ੍ਹਾਂ ਪੱਤਰਕਾਰਾਂ ਵਿੱਚੋਂ ਅਜੇ ਤੱਕ ਕੋਈ ਸੱਜਣ ਕੁਝ ਨਹੀਂ ਕਹਿ ਰਿਹਾ, ਕਿਉਂਕਿ ਉਸ ਪਾਰਟੀ ਦਾ ਅਜੇ ਮੂੰਹ-ਮੱਥਾ ਨਹੀਂ ਡੌਲਿਆ ਗਿਆ ਤੇ ਪਤਾ ਨਹੀਂ ਕੌਣ ਲੋਕ ਕੀ ਕਰਨਗੇ।
ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਹਰ ਥਾਂ ਵਿਰੋਧ ਪ੍ਰਗਟਾਵਿਆਂ ਦੇ ਬਾਵਜੂਦ ਵੱਟੇ ਖਾਂਦਿਆਂ ਵੀ ਜਲਸੇ ਤੇ ਰੈਲੀਆਂ ਕਰੀ ਜਾਂਦਾ ਹੈ, ਪਰ ਲੋਕਾਂ ਦੇ ਮਨਾਂ ਵਿੱਚੋਂ ਗੁੱਸਾ ਨਹੀਂ ਘਟ ਰਿਹਾ। ਉਹ ਬਹੁਜਨ ਸਮਾਜ ਪਾਰਟੀ ਦੀ ਮਦਦ ਨਾਲ ਪੰਜਾਬ ਜਿੱਤਣ ਦੇ ਸੁਫਨੇ ਲੈ ਰਿਹਾ ਹੈ, ਪਰ ਉਸ ਦੀ ਆਪਣੀ ਜਲਾਲਾਬਾਦ ਸੀਟ ਪਹਿਲਾਂ ਵਰਗੀ ਮਜ਼ਬੂਤ ਨਹੀਂ ਰਹੀ ਤੇ ਉੱਪ ਚੋਣ ਵਿੱਚ ਜਿੱਤਿਆ ਕਾਂਗਰਸੀ ਆਗੂ ਰਵਿੰਦਰ ਆਂਵਲਾ ਪਿੰਡ-ਪਿੰਡ ਅਤੇ ਘਰ-ਘਰ ਆਪਣੇ ਮਜ਼ਬੂਤ ਸੈੱਲ ਖੜੇ ਕਰਨ ਪਿੱਛੋਂ ਇਸ ਪੁਜ਼ੀਸ਼ਨ ਵਿੱਚ ਹੈ ਕਿ ਬਾਦਲ ਪਰਵਾਰ ਨੂੰ ਪਸੀਨੇ ਲਿਆ ਸਕੇ। ਏਹੋ ਜਿਹੀ ਕੋਈ ਔਖ ਅਕਾਲੀ ਦਲ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਉਹ ਸਿਰਫ ਬਿਕਰਮ ਸਿੰਘ ਮਜੀਠੀਆ ਹੈ, ਜਿਸ ਦੇ ਮੂਹਰੇ ਕੋਈ ਖੜੋਣ ਲਈ ਵੀ ਹਾਲ ਦੀ ਘੜੀ ਤਿਆਰ ਨਹੀਂ ਮਿਲਦਾ। ਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ ਚੋਣਾਂ ਵਿੱਚ ਚਾਰ ਸੀਟਾਂ ਜਿੱਤਣ ਦੇ ਵਕਤ ਹਿੰਮਤ ਸਿੰਘ ਸ਼ੇਰਗਿਲ ਨੇ ਆਨੰਦਪੁਰ ਸਾਹਿਬ ਹਲਕੇ ਵਿੱਚ ਤਕੜੀ ਲੜਾਈ ਦਿੱਤੀ ਤਾਂ ਉਸ ਨੂੰ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਜੀਠੇ ਤੋਂ ਖੜਾ ਕਰ ਕੇ ਉਸ ਦੀ ਪੁਜ਼ੀਸ਼ਨ ਖਰਾਬ ਕਰ ਦਿੱਤੀ ਸੀ ਅਤੇ ਇਸ ਵਾਰੀ ਉਹੋ ਜਿਹਾ ਬਲੀ ਦਾ ਬੱਕਰਾ ਲੱਭਣ ਵਿੱਚ ਇਸ ਪਾਰਟੀ ਨੂੰ ਵੀ ਮੁਸ਼ਕਲ ਆਊਗੀ ਅਤੇ ਕਾਂਗਰਸ ਨੂੰ ਵੀ। ਇਸ ਨਾਲ ਰਾਜਸੀ ਸਥਿਤੀ ਉੱਤੇ ਇਹ ਅਸਰ ਪੈਣ ਵਾਲਾ ਹੈ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਹਲਕੇ ਤੋਂ ਬੇਫਿਕਰ ਹੋਣ ਕਾਰਨ ਬਾਕੀ ਪੰਜਾਬ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੱਧ ਸਰਗਰਮ ਦਿਖਾਈ ਦੇਵੇਗਾ ਤੇ ਇਸ ਦਾ ਨਤੀਜਾ ਪਾਰਟੀ ਅੰਦਰ ਲੀਡਰੀ ਵਿੱਚ ਕਿੱਦਾਂ ਦਾ ਨਿਕਲ ਸਕਦਾ ਹੈ, ਉਸ ਬਾਰੇ ਅਕਾਲੀ ਦਲ ਦੇ ਕਈ ਆਗੂ ਅਗੇਤੇ ਗੱਲਾਂ ਕਰਦੇ ਸੁਣਾਈ ਦੇ ਰਹੇ ਹਨ। ਇਹ ਚੋਣਾਂ ਅਕਾਲੀ ਦਲ ਦੀ ਭਵਿੱਖ ਦੀ ਲੀਡਰਸ਼ਿਪ ਦਾ ਮੁਹਾਂਦਰਾ ਵੀ ਬਦਲ ਸਕਦੀਆਂ ਹਨ।
ਆਮ ਆਦਮੀ ਪਾਰਟੀ ਇਸ ਦੇ ਕੌਮੀ ਕਨਵੀਨਰ ਦੀ ਬੇਤਰਤੀਬੀ ਰਾਜਨੀਤਕ ਪਹੁੰਚ ਦੇ ਬਾਵਜੂਦ ਕਈ ਤਕੜੇ ਹਲਕਿਆਂ ਤੋਂ ਜਿੱਤ ਸਕਣ ਵਾਲੀ ਪੁਜ਼ੀਸ਼ਨ ਵਿੱਚ ਸੁਣੀਂਦੀ ਹੈ। ਜਿਹੜੀ ਰਾਏ ਪੰਜਾਬ ਦੀਆਂ ਵੱਖ-ਵੱਖ ਗੁੱਠਾਂ ਵਾਲੇ ਇਨ੍ਹਾਂ ਪੱਤਰਕਾਰੀ ਦੇ ਮਹਾਰਥੀਆਂ ਦੀ ਸਾਂਝੀ ਸੀ, ਉਹ ਇਹ ਕਿ ਇਸ ਵਾਰੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਦੀਆਂ ਲਗਭਗ ਇੱਕੋ ਜਿਹੀਆਂ ਸੀਟਾਂ ਮਜ਼ਬੂਤ ਜਾਪਦੀਆਂ ਹਨ, ਪਰ ਇਨ੍ਹਾਂ ਤਿੰਨਾਂ ਦੀਆਂ ਮਜ਼ਬੂਤ ਸੀਟਾਂ ਮਿਲਾ ਕੇ ਮਸਾਂ ਪੰਜਾਹਾਂ ਤੋਂ ਹੇਠਾਂ ਰਹਿੰਦੀਆਂ ਹਨ। ਬਾਕੀ ਦੀਆਂ ਇਨ੍ਹਾਂ ਨਾਲੋਂ ਡਿਉਢੀਆਂ ਦੇ ਨੇੜੇ ਸੀਟਾਂ ਏਹੋ ਜਿਹਾ ਸੰਕੇਤ ਨਹੀਂ ਦੇ ਰਹੀਆਂ ਕਿ ਊਠ ਕਿਹੜੀ ਕਰਵਟ ਬੈਠੇਗਾ! ਲੋਕ ਇਨਸਾਫ ਪਾਰਟੀ ਦੀਆਂ ਦੋ ਸੀਟਾਂ ਪਿਛਲੀ ਵਾਰੀ ਸਨ, ਦੋ ਇਸ ਵਾਰੀ ਆਉਣ ਦੀ ਆਸ ਹੈ, ਪਰ ਉਹ ਪਹਿਲੀਆਂ ਦੋ ਨਹੀਂ ਹੋਣੀਆਂ, ਇਨ੍ਹਾਂ ਵਿੱਚੋਂ ਇੱਕ ਸੀਟ ਬਦਲਵੀਂ ਹੋ ਸਕਦੀ ਹੈ, ਪਿਛਲੀ ਵਾਰੀ ਵਾਲੀ ਨਹੀਂ ਜਿੱਤੀ ਜਾਣੀ ਤੇ ਨਾਲ ਦੀ ਸੀਟ ਉਸ ਪਾਸੇ ਵੱਲ ਨੂੰ ਝੁਕਦੀ ਜਾਪਣ ਲੱਗ ਪਈ ਹੈ।
ਜਿਹੜੀ ਕਮਾਲ ਦੀ ਗੱਲ ਇਨ੍ਹਾਂ ਸਾਰਿਆਂ ਨੇ ਇੱਕ ਹੋਰ ਕਹਿ ਦਿੱਤੀ, ਉਹ ਇਹ ਸੀ ਕਿ ਭਾਜਪਾ ਸਾਰਾ ਜ਼ੋਰ ਲਾਈ ਜਾਵੇ, ਉਸ ਨੂੰ ਪੰਜਾਬ ਵਿੱਚ ਦੋ ਜਾਂ ਤਿੰਨ ਤੋਂ ਵੱਧ ਸੀਟਾਂ ਮਿਲਣੀਆਂ, ਪਰ ਸਰਕਾਰ ਓਸੇ ਦੀ ਬਣਨੀ ਹੈ। ਅਸੀਂ ਪੁੱਛਿਆ ਕਿ ਜਦੋਂ ਉਸ ਦੀਆਂ ਸੀਟਾਂ ਨਹੀਂ ਆਉਣੀਆਂ ਤਾਂ ਸਰਕਾਰ ਉਸ ਦੀ ਕਿਵੇਂ ਬਣਨੀ ਹੈ, ਉਨ੍ਹਾਂ ਸਾਰਿਆਂ ਦੀ ਇੱਕੋ ਰਾਏ ਸੀ ਕਿ ਸੀਟਾਂ ਨਾਲ ਨਿਬੇੜਾ ਓਦੋਂ ਹੁੰਦਾ ਹੈ, ਜਦੋਂ ਚੋਣਾਂ ਸਿਰੇ ਚੜ੍ਹ ਜਾਣ, ਜਦੋਂ ਸਧਾਰਨ ਲੋਕ ਵੀ ਇਹੋ ਗੱਲ ਕਹਿ ਰਹੇ ਹਨ ਕਿ ਐਤਕੀਂ ਭਾਜਪਾ ਨੇ ਚੋਣਾਂ ਤੋਂ ਬਿਨਾਂ ਪੰਜਾਬ ਦੀ ਕਮਾਨ ਸੰਭਾਲ ਲੈਣੀ ਹੈ ਤਾਂ ਇਸ ਦਾ ਮਤਲਬ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ। ਉਨ੍ਹਾਂ ਸਭ ਦਾ ਕਹਿਣਾ ਸੀ ਕਿ ਇਸ ਵਿਗਾੜ ਤੋਂ ਹਾਲਾਤ ਦਾ ਸਿਰਫ ਇੱਕੋ ਮੋੜਾ ਪੰਜਾਬ ਨੂੰ ਬਚਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਸਲੀ ਮੁੱਦਾ ਲੈ ਕੇ ਬੀਤੇ ਗਿਆਰਾਂ ਮਹੀਨਿਆਂ ਤੋਂ ਦਿੱਲੀ ਦਿਆਂ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਨਾਲ ਸਮਝੌਤੇ ਦਾ ਕੋਈ ਰਾਹ ਨਿਕਲ ਆਵੇ। ਇਹ ਚਰਚਾ ਹਰ ਪਾਸੇ ਹੈ ਕਿ ਏਦਾਂ ਦਾ ਹੱਲ ਕੱਢਣ ਲਈ ਭਾਜਪਾ ਨੇ ਸਿੱਧਾ ਯਤਨ ਨਹੀਂ ਕਰਨਾ ਤੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਗੱਲਬਾਤ ਦਾ ਤਾਣ ਲਾ ਰਹੀ ਹੈ, ਪਰ ਇਹ ਮੁੱਦਾ ਸਿਰੇ ਲੱਗਣ ਦੀ ਆਸ ਬਹੁਤੀ ਨਹੀਂ। ਜੇ ਕੋਈ ਹੱਲ ਨਿਕਲ ਆਇਆ ਤਾਂ ਭਾਜਪਾ ਇਸ ਹੱਲ ਦਾ ਸਿਹਰਾ ਲੈ ਕੇ ਆਪਣੇ ਆਗੂ ਨਰਿੰਦਰ ਮੋਦੀ ਨੂੰ ਲੋਕ ਹਿਤੇਸ਼ੀ ਵਜੋਂ ਪਰਚਾਰੇਗੀ ਤੇ ਵੋਟਾਂ ਮੰਗੇਗੀ, ਪਰ ਜੇ ਹੱਲ ਨਾ ਨਿਕਲਿਆ ਤਾਂ ਫਿਰ ਇਹੀ ਹੋਵੇਗਾ ਕਿ ਬਿਨਾਂ ਵੋਟਾਂ ਪੁਆਏ ਤੋਂ ਉਹ ਸਰਕਾਰ ਚੱਲੇਗੀ, ਜਿਸ ਵਿੱਚ ਸਿਰਫ ਇੱਕ ਪਾਰਟੀ ਦਾ ਸਿੱਕਾ ਚੱਲੇਗਾ, ਸਿਰਫ ਇੱਕੋ ਦਾ।