ਅਕਾਲ ਤਖਤ ਸਾਹਿਬ ਦੀ ਹਸਤੀ ਬਚਾਓ - ਹਰਦੇਵ ਸਿੰਘ ਧਾਲੀਵਾਲ
ਅਕਾਲ ਤਖਤ ਸਾਹਿਬ ਦੀ ਸਿਰਜਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ। ਕਿਹਾ ਜਾਂਦਾ ਹੈ, ਕਿ ਦਰਸ਼ਨੀ ਡਿਊਢੀ ਦੇ ਸਾਹਮਣੇ ਇੱਕ ਥੜਾ ਸੀ, ਛੇਵੇਂ ਪਾਤਸ਼ਾਹ ਨੇ ਇਸ ਨੂੰ ਸੰਵਾਰ ਕੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਇਸ ਦਾ ਭਾਵ ਵਾਹਿਗੁਰੂ ਦਾ ਤਖਤ ਹੈ। ਜਿੱਥੇ ਉਸ ਸਮੇਂ ਹੱਕ ਤੇ ਸੱਚ ਤੇ ਨਬੇੜੇ ਹੁੰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਾਹੁੰਦੇ ਸਨ ਕਿ ਸਿੱਖ ਆਪਣੇ ਝਗੜੇ ਆਪ ਨਬੇੜੇ ਲੈਣ ਤੇ ਮੁਗਲਾਂ ਦੀ ਅਦਾਲਤਾਂ ਵਿੱਚ ਨਾ ਭਟਕਣ। ਇੱਥੇ ਬੈਠ ਕੇ ਉਹ ਸਰੀਰ ਦੀ ਕਰਤੱਵ ਦੇਖਦੇ ਸਨ, ਘੋਲ ਕਰਾਉਂਦੇ ਦੇ ਢਾਡੀਆਂ ਤੋਂ ਵਾਰਾਂ ਵੀ ਸੁਣਦੇ ਸਨ। ਬਾਜ ਨੂੰ ਸ਼ਰਨ ਦੇਣ ਤੇ ਲਹੌਰ ਨਾਲ ਸਬੰਧ ਬਿਗੜ ਗਏ। ਫੇਰ ਕਰਤਾਰਪੁਰ ਤੇ ਮਾਲਵੇ ਵਿੱਚ ਲੜਾਈਆਂ ਹੋਈਆਂ ਅਖੀਰ ਨੂੰ ਕੀਰਤਪੁਰ ਸਾਹਿਬ ਅਬਾਦ ਕਰ ਦਿੱਤਾ। 1717 ਤੋਂ ਪਿੱਛੋਂ ਸਿੱਖ ਜੱਥੇ ਦਿਵਾਲੀ ਤੇ ਵਿਸਾਖੀ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅਕਸਰ ਆਉਂਦੇ ਸਨ ਅਤੇ ਅਕਾਲ ਤਖਤ ਸਾਹਿਬ ਦੇ ਬੈਠ ਕੇ ਭਾਈਚਾਰਕ ਤੌਰ ਤੇ ਆਪਣੇ ਝਗੜੇ ਨਿਪਟਾਉਂਦੇ ਤੇ ਅਗਲਾ ਪ੍ਰੋਗਰਾਮ ਲੈ ਕੇ ਜਾਂਦੇ ਸਨ। ਅਕਾਲ ਤਖਤ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸ਼ੇਰ ਦਿਲ ਇਨਸ਼ਾਨ ਹੋਏ, ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਥਮਲੇ ਨਾਲ ਬੰਨ੍ਹ ਕੇ ਸਜਾ ਸੁਣਾਈ ਸੀ। ਅਕਾਲ ਤਖਤ ਦੇ ਜੱਥੇਦਾਰ ਤੇਜਾ ਸਿੰਘ ਭੁੱਚਰ, ਊਧਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੱਥੇਦਾਰ ਮੋਹਨ ਸਿੰਘ ਨਾਗੋਕੇ ਤੇ ਸਾਧੂ ਸਿੰਘ ਭੌਰਾ ਵਰਗੇ ਸਿਰੜੀ ਮਨੁੱਖ ਰਹੇ, ਜਿਨ੍ਹਾਂ ਨੇ ਅਕਾਲ ਤਖਤ ਸਹਿਬ ਦੀ ਪ੍ਰਤਿਭਾ ਉੱਚੀ ਬਹਾਲ ਰੱਖੀ।
ਮੇਰੇ ਕੋਲ ਅਖ਼ਬਾਰ ਪੰਜਾਬ ਦੀਆਂ ਬਾਰਾਂ ਫਾਈਲਾਂ ਪਈਆਂ ਸਨ, ਇਹ ਪੇਪਰ ਕੌਮੀ ਦਰਦ, ਅਸਲੀ ਕੌਮੀ ਦਰਦ, ਸਿੱਖ ਸੇਵਕ, ਖਾਲਸਾ ਸੇਵਕ ਤੋਂ ਪਿੱਛੋਂ ਅਖ਼ਬਾਰ ਪੰਜਾਬ ਗਿਆਨੀ ਸ਼ੇਰ ਸਿੰਘ ਜੀ ਕੱਢਦੇ ਰਹੇ ਤੇ 1926 ਤੋਂ 1944 ਤੱਕ ਉਨ੍ਹਾਂ ਦੀ ਅਵਾਜ ਸੀ। ਪੰਜਾਬ ਹਫਤੇਵਾਰ ਮੇਰੇ ਪਿਤਾ ਮਾਰਚ 1947 ਤੱਕ ਕੱਢਦੇ ਰਹੇ। ਸਿੱਖ ਸਿਆਸਤ ਦੀਆਂ ਯਾਦਾਂ ਲਿਖਣ ਲਈ 1970 ਵਿੱਚ ਮੇਰੇ ਕੋਲੋਂ ਸਵ: ਗਿਆਨੀ ਕਰਤਾਰ ਸਿੰਘ 8 ਫਾਈਲਾਂ ਲੈ ਗਏ, ਫੇਰ ਉਹ ਮੈਨੂੰ ਨਾ ਮਿਲੀਆਂ, ਕਿਉਂਕਿ ਉਹ ਬੀਮਾਰ ਹੀ ਰਹੇ ਤੇ ਅਖੀਰ ਉਹ ਸਵਰਗਵਾਸ ਹੋ ਗਏ। ਸਿੱਖ ਸਿਆਸਤ ਵਿੱਚ ਮਾਸਟਰ ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ 1940 ਤੱਕ ਲੜੇ। ਇਸ ਲੜਾਈ ਦਾ ਗਿਆਨੀ ਕਰਤਾਰ ਸਿੰਘ ਨੇ ਸੁਲਝੇ ਢੰਗ ਨਾਲ ਆਪਣੀ ਯਾਦ ਵਿੱਚ ਜਿਕਰ ਕੀਤਾ ਹੈ। 1939 ਨੂੰ ਸਿੱਖ ਫੌਜੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਇੱਕ ਪੁੱਛ ਆਈ, ਉਸ ਵਿੱਚ ਕਿਹਾ ਸੀ ਕਿ ਸਿੱਖ ਫੌਜੀਆਂ ਨੂੰ ਜੰਗ ਦੇ ਮੈਦਾਨ ਵਿੱਚ ਸਿਰ ਤੇ ਸੁਰੱਖਿਆ ਲਈ ਲੋਹ ਟੋਪ ਪਹਿਨਣਾ ਪੈਂਦਾ ਹੈ, ਤਾਂ ਅਕਾਲ ਤਖਤ ਸਾਹਿਬ ਨੇ ਵਿਰੋਧੀ ਧਿਰ ਦੇ ਲੀਡਰ ਤੇ ਹੋਰ ਚਿੰਤਕ ਸੱਦ ਕੇ ਰਾਇ ਕੀਤੀ ਤਾਂ ਸਾਰਿਆਂ ਨੇ ਕਿਹਾ ਕਿ ਸੁਰੱਖਿਆ ਲਈ ਜੇਕਰ ਲੋਹ ਟੋਪ ਛੋਟੀ ਪੱਗ ਤੇ ਪਾਇਆ ਜਾ ਸਕਦਾ ਹੈ ਤਾਂ ਪਾ ਲਵੋ, ਦੂਜਾ ਸਵਾਲ ਸੀ ਕਿ ਫੌਜੀਆਂ ਨੂੰ ਕਈ ਥਾਂ ਗਊ ਦੇ ਮਾਸ ਵਾਲੀ ਖੁਰਾਕ ਖਾਣੀ ਪੈਂਦੀ ਹੈ। ਉਸ ਸਬੰਧ ਵਿੱਚ ਲਿਖਿਆ ਸੀ ਕਿ ਅਸੀਂ ਗਊ ਦਾ ਮਾਸ ਨਹੀਂ ਖਾਂਦੇ ਕਿਉਂਕਿ ਅਸੀਂ ਹਿੰਦੂਆਂ ਨੂੰ ਚਿੜਾਉਣਾ ਨਹੀਂਂ ਚਾਹੁੰਦੇ। ਗਊ ਤੋਂ ਸਾਨੂੰ ਦੁੱਧ ਮਿਲਦਾ ਹੈ ਤੇ ਇਹਦੇ ਬੱਛੜੇ ਵੱਡੇ ਹੋ ਕੇ ਹਲਾਂ ਵਿੱਚ ਜੁੜਦੇ ਹਨ। ਪਰ ਸਮੇਂ ਅਨੁਸਾਰ ਵਰਤ ਲਓ। ਇਹ ਪੇਪਰ ਹੁਣ ਮੇਰੇ ਕੋਲ ਨਹੀਂ। ਮੇਰਾ ਭਾਵ ਅਕਾਲ ਤਖਤ ਦੇ ਜੱਥੇਦਾਰ ਕੋਈ ਗੱਲ ਕਹਿਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਨਾਲ ਰਾਇ ਕਰਨੀ ਜ਼ਰੂਰੀ ਸਮਝਦੇ ਸਨ।
ਜੱਥੇਦਾਰ ਖਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਸਿਆਸਤ ਵਿੱਚ ਨਹੀਂ ਪੈਣਾ ਚਾਹੀਦਾ। 1989-90 ਦੀ ਲੋਕ ਸਭਾ ਚੋਣ ਸਮੇਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਅਕਸ਼ਰ ਕਹਿੰਦਾ ਰਿਹਾ ਸੀ ਕਿ ਅਕਾਲ ਤਖਤ ਗਿਆਨੀ ਸ਼ੇਰ ਸਿੰਘ ਤੇ ਮਾ. ਤਾਰਾ ਸਿੰਘ ਦੀ ਲੜਾਈ ਸਮੇਂ ਦਖਲ ਨਹੀਂ ਸੀ ਦਿੰਦਾ ਹੁਣ ਕਿਉਂ ਦਿੰਦਾ ਹੈ? ਇਸ ਦਾ ਭਾਵ ਇਹੋ ਹੀ ਹੈ ਕਿ ਜੱਥੇਦਾਰ ਸਿਆਸੀ ਝਮੇਲਿਆਂ ਵਿੱਚ ਨਾ ਪਵੇ। ਅਕਾਲ ਤਖਤ ਸਹਿਬ ਨੂੰ ਮਾਸਟਰ ਜੀ ਤੇ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਵਰਤਿਆ, ਪਰ ਅਖੀਰ ਨੂੰ ਸਜਾ ਭੁਗਤਣੀ ਪਈ। ਇਹ ਚੰਗੀ ਰਿਵਾਇਤ ਸੀ। ਅਕਾਲ ਤਖਤ ਜੱਥੇਦਾਰ ਸ਼੍ਰੋਮਣੀ ਕਮੇਟੀ ਦੀ ਅਗਜੈਕਟਿਵ ਲਾਉਂਦੀ ਹੈ ਤੇ ਉਹੀ ਹਟਾ ਸਕਦੀ ਹੈ। ਮੈਂ ਕਈ ਵਾਰ ਲਿਖ ਚੁੱਕਿਆ ਹਾਂ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ 2/3 ਦੇ ਅਨੁਸਾਰ ਲਾਏ ਤੇ ਜੇ ਹਟਾਉਣਾ ਹੋਵੇ ਤਾਂ ਵੀ ਜਨਰਲ ਹਾਊਸ ਹੀ ਉਸ ਨੂੰ ਹਟਾ ਸਕੇ। ਇਸ ਨਾਲ ਜੱਥੇਦਾਰ ਦੀ ਗਲਤ ਵਰਤੋਂ ਨਹੀਂ ਹੋਏਗੀ।
ਸ. ਸੁਰਜੀਤ ਸਿੰਘ ਬਰਨਾਲਾ ਸੁਲਝੇ ਸ਼ਰੀਫ ਇਨਸ਼ਾਨ ਸਨ, ਪਰ ਸੰਤ ਲੌਗੋਵਾਲ ਤੋਂ ਮਰਗੋਂ ਉਹ ਇੱਕ ਵੱਡੀ ਗਲਤੀ ਕਰ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੁੱਖ ਮੰਤਰੀ ਵੀ ਬਣ ਗਏ। ਇਹ ਗੱਲ ਗਲਤ ਸੀ, ਇਸ ਪ੍ਰੰਪਰਾ ਦਾ ਲਾਭ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਉਠਾਇਆ। ਅਕਾਲ ਤਖਤ ਸਾਹਿਬ ਤੇ ਕਬਜਾ ਕਰਨ ਲਈ 1996 ਵਿੱਚ ਟੌਹੜਾ ਸਾਹਿਬ ਦੇ ਮੈਂਬਰਾਂ ਦੀ ਗਿਣਤੀ ਸ਼੍ਰੋਮਣੀ ਕਮੇਟੀ ਵਿੱਚੋਂ ਘਟਾ ਦਿੱਤੀ ਤੇ ਟੌਹੜਾ ਸਾਹਿਬ ਦੇ ਇੱਕ ਸਧਾਰਨ ਬਿਆਨ ਤੇ ਭਾਈ ਰਣਜੀਤ ਸਿੰਘ ਨੂੰ ਪਾਸੇ ਕਰ ਦਿੱਤਾ। ਉਨ੍ਹਾਂ ਨੇ ਤਾਂ ਸਿਰਫ ਇਹੋ ਹੀ ਕਿਹਾ ਸੀ ਕਿ ਖਾਲਸੇ ਦਾ 300 ਸਾਲਾ ਜਨਮ ਦਿਨ ਇਕੱਠੇ ਮਨਾ ਲਓ, ਫਿਰ ਲੜ ਲੈਣਾ। ਉਸ ਤੋਂ ਪਿੱਛੋਂ ਗਿਆਨੀ ਪੂਰਨ ਸਿੰਘ ਤੇ ਵਿਦਾਂਤੀ ਜੀ ਵੀ ਵਰਤੇ ਗਏ। ਪਰ ਬਾਦਲ ਸਾਹਿਬ ਜੱਥੇਦਾਰ ਨੂੰ ਮਰਜੀ ਨਾਲ ਬੋਲਣ ਨਹੀਂ ਸੀ ਦਿੰਦੇ। ਸੱਚ ਤਾਂ ਉਹ ਚਾਹੁੰਦੇ ਹੀ ਨਹੀਂ ਸੀ।
28 ਅਗਸਤ ਨੂੰ ਭਾਈ ਹਰਮਿੰਦਰ ਸਿੰਘ ਨੇ ਅਸੈਂਬਲੀ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਮੇਂ ਬਿਆਨ ਦਿੱਤਾ ਸੀ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਤ ਬਾਰੇ ਵਿਸਥਾਰਪੂਰਵਕ ਗੱਲ ਕੀਤੀ। ਪਿੰਡ ਦੀ ਅਸਲੀ ਜਮੀਨ 4 ਕਿੱਲੇ ਦੱਸੀ ਸੀ, ਮੁਕਤਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਜਾਇਦਾਤ ਦੀ ਗੱਲ ਖੁੱਲ ਕੇ ਕੀਤੀ। ਪਰ ਜੱਥੇਦਾਰ ਨੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਵੱਲੋਂ ਉਹ ਵੇਰਵੇ ਝੁਠਲਾਏ ਨਹੀਂ ਗਏ। ਨਾ ਹੀ ਉਨ੍ਹਾਂ ਦੇ ਸਰਬਰਾ ਬਾਦਲ ਸਾਹਿਬ ਵੱਲੋਂ ਕੋਈ ਤਰਦੀਦ ਕੀਤੀ ਗਈ। ਭਾਈ ਗੁਰਮੁਖ ਸਿੰਘ ਦੇ 2015 ਦੇ ਬਿਆਨ ਵਿੱਚ ਸਪੱਸ਼ਟ ਹੋ ਗਿਆ ਸੀ ਕਿ ਉਸ ਦੇ ਭਾਈ ਹਿੰਮਤ ਸਿੰਘ ਨੇ ਵੀ 6 ਸਫੇ ਦਾ ਬਿਆਨ ਆਪ ਲਿਖ ਕੇ ਰਣਜੀਤ ਸਿੰਘ ਨੂੰ ਕਮਿਸ਼ਨ ਦਿੱਤਾ ਸੀ, ਪਰ ਹੁਣ ਦੋਵੇਂ ਮੁਕਰ ਗਏ ਹਨ, ਪਰ ਲੋਕਾਂ ਦੀ ਕਚਹਿਰੀ ਵਿੱਚ 2015 ਦੇ ਤੱਥਾਂ ਨੂੰ ਲਕੋਇਆ ਨਹੀਂ ਜਾ ਸਕਦਾ। ਹੈਰਾਨੀ ਹੁੰਦੀ ਹੈ ਕਥਿਤ ਆਕਲੀ ਦਲ ਦੀ ਸੀਨੀਅਰ ਲੀਡਰਸਿੱਪ ਜੋ ਸਭ ਕੁੱਝ ਜਾਣਦੀ ਹੈ, "ਪੋਲ ਖੋਲ ਰੈਲੀਆਂ" ਕਰ ਰਹੀ ਹੈ ਪੋਲ ਤਾਂ ਹੁਣ ਬਿਲਕੁਲ ਸਾਫ ਹੋ ਚੁੱਕੀ ਹੈ। ਚੰਗਾ ਕੀਤਾ ਸ. ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਅਕਾਲੀ ਦਲ ਨੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਜੇਕਰ ਜੱਥੇਦਾਰ ਇੱਜਤ ਰੱਖਦੇ ਹੁੰਦੇ ਤਾਂ ਉਸ ਬਿਆਂਨ ਤੋਂ ਪਿੱਛੋਂ ਤੁਰਤ ਅਸਤੀਫਾ ਆਪ ਹੀ ਪੇਸ਼ ਕਰ ਦਿੰਦੇ।
ਸ. ਪ੍ਰਕਾਸ਼ ਸਿੰਘ ਬਾਦਲ 100 ਸਾਲ ਨੂੰ ਢੁੱਕੇ ਹਨ, ਪਰ ਭਾਵੇਂ ਅਜੇ ਮੰਨਦੇ ਨਹੀਂ। ਤਾਕਤਵਰ ਦਵਾਈਆਂ ਹੋਰ ਵਾਧੂ ਉਮਰ ਨਹੀਂ ਵਧਾ ਸਕਣਗੀਆਂ। ਚੰਗਾ ਹੁੰਦਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿੱਚ ਇਸ਼ਨਾਨ ਕਰਕੇ ਅਕਾਲ ਤਖਤ ਤੇ ਪੇਸ਼ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਪਤੀ ਦੀ ਜਿੰਮੇਵਾਰੀ ਲੈਦੇ। ਜੱਥੇਦਾਰ ਭਾਵੇਂ ਕੋਈ ਵੀ ਹੁੰਦਾ ਉਹ ਵਾਹਿਗੁਰੂ ਦੀ ਕਚਹਿਰੀ ਵਿੱਚ ਸੁਰਖਰੂ ਹੋ ਜਾਣੇ ਸਨ। ਗਿਆਨੀ ਗੁਰਮੁਖ ਸਿੰਘ ਦੀ ਮੁੱਕਰੀ ਗਵਾਹੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਇਹ ਤੱਥ ਹਰ ਸਧਾਰਨ ਆਦਮੀ ਸਾਹਮਣੇ ਰੱਖ ਦਿੱਤੇ ਹਨ। ਚੰਗਾ ਹੋਵੇ ਕਿ ਇਸ ਕੁਕਰਮ ਨੂੰ ਰੈਲੀਆਂ ਕਰਕੇ ਨਾ ਉਛਾਲਣ, ਗਲਤੀ ਮੰਨ ਲੈਣ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279
23 Sep. 2018