ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
31 OCT. 2021
ਪੰਜਾਬ ਨੂੰ ਆਪਣੇ ਅਸਲੀ ਮੁੱਦਿਆਂ ਵਲ ਵਾਪਸ ਆਉਣਾ ਹੀ ਪਵੇਗਾ- ਨਵਜੋਤ ਸਿੱਧੂ
ਵੀਰ ਵੇ ਮੁਰੱਬੇ ਵਾਲਿਆ, ਮੇਰਾ ਆਰਸੀ ਬਿਨਾਂ ਹੱਥ ਖਾਲੀ।
ਕਾਂਗਰਸ ਵਿਚ ਰਹਿਣ ਦਾ ਹੁਣ ਕੋਈ ਇਰਾਦਾ ਨਹੀਂ- ਕੈਪਟਨ
ਤੇਰੀ ਸਾਡੀ ਵੱਸ ਵੇ, ਹੁਣ ਮੈਂ ਨਾ ਤੇਰੇ ਰਹਿੰਦੀ।
ਰਿਜ਼ਰਵ ਬੈਂਕ ਦੇ ਗਵਰਨਰ ਦਾ ਕਾਰਜਕਾਲ ਤਿੰਨ ਸਾਲ ਵਧਾਇਆ- ਇਕ ਖ਼ਬਰ
ਆ ਵੇ ਨਾਜਰਾ ਜਾਹ ਵੇ ਨਾਜਰਾ, ਬੋਤਾ ਬੰਨ੍ਹ ਦਰਵਾਜ਼ੇ।
ਪੰਜਾਬ ਵਿਚ ਮਾਫ਼ੀਆ ਰਾਜ ਦੇ ਦਿਨ ਪੁੱਗੇ- ਚੰਨੀ
ਹੌਲ਼ੀ ਹੌਲ਼ੀ ਨੱਚ, ਜੰਡਿਆਲ਼ਾ ਨੇੜੇ ਈ ਆ।
ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਹੋਏ ਨਾਕੇ ਢਾਉਣੇ ਸ਼ੁਰੂ ਕੀਤੇ-ਇਕ ਖ਼ਬਰ
ਹੱਥਾਂ ਨਾਲ਼ ਬਣਾਇਆ ਸੀ, ਪੈਰਾਂ ਨਾਲ਼ ਢਾਇਆ ਸੀ।
ਬਾਦਲ ਨੂੰ ਹੁਸ਼ਿਆਰਪੁਰ ਦੀ ਅਦਾਲਤ ‘ਚ ਪੇਸ਼ ਹੋਣ ਲਈ ਸੰਮਨ- ਇਕ ਖ਼ਬਰ
ਮੈਨੂੰ ਗਿੱਧੇ ਵਿਚ ਬਹੁਤਾ ਨਾ ਨਚਾਉ, ਪਿੰਡ ਮੇਰੇ ਸਹੁਰਿਆਂ ਦਾ।
ਪੈਗਾਸਸ: ਇਸਰਾਇਲੀ ਰਾਜਦੂਤ ਨੇ ਪਾਸਾ ਵੱਟਿਆ- ਇਕ ਖ਼ਬਰ
ਅੱਗ ਲਾਈ ਡੱਬੂ ਰੂੜੀਆਂ ‘ਤੇ।
ਪੰਜਾਬ ਕਾਂਗਰਸ ‘ਚ ਇਸ ਤਰ੍ਹਾਂ ਦਾ ਕਾਟੋ-ਕਲੇਸ਼ ਪਹਿਲਾਂ ਕਦੀ ਨਹੀਂ ਦੇਖਿਆ- ਮਨੀਸ਼ ਤਿਵਾੜੀ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਭਾਜਪਾ ਦੇ ਇਸ਼ਾਰੇ ‘ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ-ਡੱਲੇਵਾਲ
ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾਂ ਨਾ ਬੋਲੇ।
ਪੰਜਾਬ ਸਰਕਾਰ ਨੇ ਕੈਪਟਨ ਦੀ ਰਿਹਾਇਸ਼ ਦੁਆਲਿਓਂ ਸੁਰੱਖਿਆ ਮੁਲਾਜ਼ਮ ਹਟਾਏ- ਇਕ ਖ਼ਬਰ
ਜਿਧਰ ਗਈਆਂ ਬੇੜੀਆਂ, ਉਧਰ ਗਏ ਮਲਾਹ।
70 ਸਾਲ ਤੋਂ ਕਿਸਾਨਾਂ ਨਾਲ਼ ਬੇਇਨਸਾਫ਼ੀ ਹੋ ਰਹੀ ਹੈ, ਖੇਤੀ ਕਾਨੂੰਨਾਂ ਦਾ ਵਿਰੋਧ ਜਾਇਜ਼-ਮਲਿਕ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ਼ , ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਦਿੱਲੀ ਹਾਈਕੋਰਟ ਵਲੋਂ ਲਾਲਾ ਰਾਮਦੇਵ ਨੂੰ ਸੰਮਨ- ਇਕ ਖ਼ਬਰ
ਦਾਰੂ ਨਾ ਕਿਤਾਬ ਨਾ ਹੱਥ ਸ਼ੀਸ਼ੀ, ਆਖ ਕਾਹੇ ਦਾ ਵੈਦ ਸਦਾਉਂਦਾ ਏਂ।
ਸਰਨਾ ਗੁਰਦੁਆਰਿਆਂ ‘ਤੇ ਸਰਕਾਰੀ ਕਬਜ਼ੇ ਕਰਵਾਉਣੇ ਚਾਹੁੰਦੈ- ਮਨਜਿੰਦਰ ਸਿਰਸਾ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਕਾਂਗਰਸ ਦੀ ਮਜ਼ਬੂਤੀ ਲਈ ਨਿੱਜੀ ਹਿੱਤ ਛੱਡਣ ਆਗੂ- ਸੋਨੀਆ ਗਾਂਧੀ
ਜੇ ਰੁੱਖਾ ਹੀ ਖਾਣੈ, ਤਾਂ ਤੇਲੀ ਜ਼ਰੂਰ ਕਰਨੈ।
ਭਾਜਪਾ ਦੀ ਬੋਲੀ ਬੋਲਣ ਵਾਲ਼ੇ ਕੈਪਟਨ ਨੂੰ ‘ਛਾਂਗੇ’ ਕਾਂਗਰਸ- ਜਰਨੈਲ ਸਿੰਘ
ਲੁਕ ਛਿਪ ਲਾਈਆਂ ਪਰਗਟ ਹੋਈਆਂ, ਵੱਜ ਗਏ ਢੋਲ ਨਗਾਰੇ।
ਕੈਪਟਨ ਅਮਰਿੰਦਰ ਸਿੰਘ ਚੱਲਿਆ ਹੋਇਆ ਕਾਰਤੂਸ- ਨਵਜੋਤ ਸਿੱਧੂ
ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।