ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
25 OCT. 2021
ਰੈਲੀ ‘ਚ ਅਕਾਲੀ ਆਗੂਆਂ ਦੀਆਂ ਜੇਬਾਂ ਕੱਟੀਆਂ ਗਈਆਂ- ਇਕ ਖ਼ਬਰ
ਕਦੀ ਦਾਦੇ ਦੀਆਂ, ਕਦੇ ਪੋਤੇ ਦੀਆਂ।
ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਦੀ ਰਾਖੀ ਕੀਤੀ- ਹਰਸਿਮਰਤ ਬਾਦਲ
ਪੰਜਾਬ ਨੂੰ ਕੰਗਾਲ ਕਰ ਕੇ।
ਅਰੂਸਾ ਬਦਲੇ ਕੈਪਟਨ ਅਤੇ ਸੁਖਜਿੰਦਰ ਬਾਜਵਾ ਮਿਹਣੋ ਮਿਹਣੀ- ਇਕ ਖ਼ਬਰ
ਜੱਗੇ ਬੱਗੇ ਦੀ ਗੰਡਾਸੀ ਖੜਕੇ, ਬੰਤੋ ਨਾਰ ਬਦਲੇ।
ਕੋਰੋਨਾ ਕਾਲ ‘ਚ ਕਿਸਾਨਾਂ ਨੇ ਸੰਭਾਲੀ ਸੀ ਦੇਸ਼ ਦੀ ਅਰਥ ਵਿਵਸਥਾ- ਨਰਿੰਦਰ ਮੋਦੀ
ਕੀ ਇਸੇ ਕਰ ਕੇ ਕਿਸਾਨ ਸੜਕਾਂ ‘ਤੇ ਰੋਲ਼ੇ ਜਾ ਰਹੇ ਹਨ?
ਨਿਹੰਗ ਅਮਨ ਸਿੰਘ ਦਾ ਬੁੱਢਾ ਦਲ ਨਾਲ਼ ਕੋਈ ਸਬੰਧ ਨਹੀਂ- ਬਾਬਾ ਮਾਨ ਸਿੰਘ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।
ਟਰੰਪ ਵਲੋਂ ਆਪਣਾ ਹੀ ਸੋਸ਼ਲ ਮੀਡੀਆ ਮੰਚ ਸ਼ੁਰੂ ਕਰਨ ਦਾ ਐਲਾਨ- ਇਕ ਖ਼ਬਰ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।
ਇਮਰਾਨ ਖ਼ਾਨ ਨੇ ਤੋਹਫ਼ੇ ‘ਚ ਮਿਲੀ ਘੜੀ ਦਸ ਲੱਖ ਡਾਲਰ ਦੀ ਵੇਚੀ-ਇਕ ਖ਼ਬਰ
ਘਰ ਦੇ ਭਾਂਡੇ ਵੇਚ ਗਿਆ, ਮਰ ਜਾਣਾ ਅਮਲੀ।
ਮੈਂ ਚੋਣ ਲੜਨੀ ਏਂ ਜਾਂ ਨਹੀਂ, ਇਸ ਦਾ ਫ਼ੈਸਲਾ ਪਾਰਟੀ ਕਰੇਗੀ- ਪ੍ਰਕਾਸ਼ ਸਿੰਘ ਬਾਦਲ
ਕਿਹੜੀ ਪਾਰਟੀ ਬਾਦਲ ਸਾਬ?
ਰੇਹੜੀ ‘ਤੇ ਚਾਟ ਖਾ ਕੇ ਸੁਖਬੀਰ ਬਾਦਲ ਨੇ ਆਮ ਆਦਮੀ ਬਣਨ ਦੀ ਕੋਸ਼ਿਸ਼ ਕੀਤੀ- ਇਕ ਖ਼ਬਰ
ਸੁਖਬੀਰ ਸਿਆਂ ਤੇਰੇ ਕੋਲੋਂ ‘ਚੰਨੀ’ ਨਹੀਂ ਬਣਿਆਂ ਜਾਣਾ।
ਕਸ਼ਮੀਰ ‘ਚ ਹਿੰਸਾ ਰੋਕਣ ‘ਚ ਨਾਕਾਮ ਰਹੀ ਹੈ ਮੋਦੀ ਸਰਕਾਰ- ਰਾਹੁਲ ਗਾਂਧੀ
ਹਿੰਸਾ ਰੁਕ ਗਈ ਤਾਂ ਕੀ ਸਰਕਾਰ ਫਿਰ ਟੱਲੀਆਂ ਵਜਾਏਗੀ, ਰਾਹੁਲ ਸਾਬ!
ਸਿੰਘੂ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਟੀਮ ਬਣਾਈ- ਇਕ ਖ਼ਬਰ
ਹੁਣ ਤਾਈਂ ਬਣਾਈਆਂ ਕਮੇਟੀਆਂ ਦਾ ਹਿਸਾਬ ਤਾਂ ਦੇ ਦਿੰਦੇ ਪਹਿਲਾਂ ਬੀਬੀ ਜੀ!
ਕੈਪਟਨ ਸ਼ੁਰੂ ਤੋਂ ਹੀ ਭਾਜਪਾ ਨਾਲ਼ ਮਿਲ ਕੇ ਚਲ ਰਹੇ ਸਨ- ਹਰਸਿਮਰਤ ਬਾਦਲ
ਬੀਬੀ ਜੀ ਇੰਜ ਕਹੋ ਕਿ ਕੈਪਟਨ ਭਾਜਪਾ ਤੇ ਬਾਦਲਾਂ ਨਾਲ਼ ਮਿਲ ਕੇ ਚਲ ਰਹੇ ਸਨ।
ਲਖੀਮ ਪੁਰ ਮਾਮਲੇ ‘ਚ ਸੁਪਰੀਮ ਕੋਰਟ ਨੇ ਫਿਰ ਯੂ.ਪੀ. ਸਰਕਾਰ ਨੂੰ ਪਾਈ ਝਾੜ- ਇਕ ਖ਼ਬਰ
ਦੋ ਪਈਆਂ ਕਿੱਧਰ ਗਈਆਂ ਸਦਕਾ ਢੂਈ ਦਾ।
ਭਾਜਪਾ ਨਾਲ਼ ਗੱਠਜੋੜ ‘ਚ ਕੁਝ ਵੀ ਗ਼ਲਤ ਨਹੀਂ- ਅਮਰਿੰਦਰ ਸਿੰਘ
ਗੱਠਜੋੜ ਤਾਂ ਪਹਿਲਾਂ ਹੀ ਸੀ ਹੁਣ ਆਂ ਬਸ ਰਸਮ ਹੀ ਨਿਭਾਉਣੀ ਹੈ।
ਚੰਨੀ ਨੂੰ ਆਗਾਮੀ ਚੋਣਾਂ ‘ਚ ਮੁੱਖ ਮੰਤਰੀ ਐਲਾਨਣ ਦੀ ਮੰਗ ਉੱਠੀ- ਇਕ ਖ਼ਬਰ
ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।