ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18 OCT. 2021

ਅਗਾਊਂ ਜ਼ਮਾਨਤ ਦੇਣ ਤੋਂ ਪਹਿਲਾਂ ਅਦਾਲਤ ਅਪਰਾਧ ਦੀ ਗੰਭੀਰਤਾ ਦੇਖੇ- ਸੁਪਰੀਮ ਕੋਰਟ

ਨਾ ਜੀ ਨਾ ! ਅਦਾਲਤ ਪਹਿਲਾਂ ਅਪਰਾਧੀ ਦੀ ਹੈਸੀਅਤ ਦੇਖੇ !

ਮੈਂ ਹੀ ਹਾਂ ਕਾਂਗਰਸ ਦੀ ਸਥਾਈ ਪ੍ਰਧਾਨ- ਸੋਨੀਆ ਗਾਂਧੀ

ਜੱਟੀ ਪੰਦਰਾਂ ਮੁਰੱਬਿਆਂ ਵਾਲ਼ੀ, ਵੱਟਾਂ ਉੱਤੇ ਫਿਰੇ ਮੇਲ੍ਹਦੀ

ਪ੍ਰੱਗਿਆ ਠਾਕੁਰ ਦੀ ਕਬੱਡੀ ਖੇਡਦੀ ਤੇ ਡਾਂਸ ਕਰਦੀ ਦੀ ਵੀਡੀਓ ਵਾਇਰਲ- ਇਕ ਖ਼ਬਰ

ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।

ਪੰਜਾਬ ਵਿਚ ਰਾਜਸੀ ਪਾਰਟੀ ਬਣਾਉਣਗੇ ਚੜੂਨੀ- ਇਕ ਖ਼ਬਰ

ਛੂਟਤੀ ਨਹੀਂ ਹੈ ਕਾਫ਼ਿਰ, ਮੂੰਹ ਕੋ ਲਗੀ ਹੂਈ।

ਪੰਜਾਬ ਦੇ ਅਧਿਕਾਰਾਂ ਦੀ ਰੱਖਿਆ ਕਰਨ ‘ਚ ਫੇਲ੍ਹ ਮੁੱਖ ਮੰਤਰੀ ਚੰਨੀ ਦੇਣ ਅਸਤੀਫ਼ਾ- ਸੁਖਬੀਰ

ਸੁਣ ਲੈ ਨਿਹਾਲੀਏ ਚੋ...ਦੀਆਂ ਗੱਲਾਂ।

ਨਸ਼ਾ ਅਡਾਨੀ ਦੀ ਬੰਦਰਗਾਹ ਤੋਂ ਫੜਿਆ ਤੇ ਹਮਲਾ ਪੰਜਾਬ ‘ਤੇ ਬੋਲ ਦਿੱਤਾ- ਖਾਲੜਾ ਮਿਸ਼ਨ

ਆਂਡੇ ਕਿਤੇ ਤੇ ਕੁੜ ਕੁੜ ਕਿਤੇ।

ਪੰਜਾਬ ਅੰਦਰ 50 ਕਿਲੋਮੀਟਰ ਤੱਕ ਕਾਰਵਾਈ ਕਰਨ ਦੇ ਅਧਿਕਾਰ ਮਿਲੇ ਬੀ.ਐਸ.ਐਫ. ਨੂੰ-ਇਕ ਖ਼ਬਰ

ਚੰਨੀ ਸਾਹਿਬ ਗਏ ਸੀ ਨਮਾਜ਼ ਬਖ਼ਸ਼ਵਾਉਣ ਤੇ ਉਲਟਾ ਰੋਜ਼ੇ ਗਲ਼ ਪੈ ਗਏ।

ਈਸਾਈ ਮਿਸ਼ਨਰੀਆਂ ਵਲੋਂ ਸਿੱਖਾਂ ਦਾ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹੈ- ਜਥੇਦਾਰ

ਜਥੇਦਾਰ ਜੀ, ਇਹ ਕਿਸ ਦੀ ਨਾਲਾਇਕੀ ਕਰ ਕੇ ਹੋ ਰਿਹੈ, ਜ਼ਰਾ ਇਹ ਵੀ ਦੱਸਣਾ ਜੀ।

ਮੁੱਦਿਆਂ ਦੇ ਮਾਮਲੇ ‘ਤੇ ਕੋਈ ਸਮਝੌਤਾ ਨਹੀਂ ਕਰਾਂਗਾ- ਸਿੱਧੂ

ਜਿਸ ਪੱਲੇ ਫੁੱਲ ਬੱਧੇ ਹੋਵਣ, ਆਵੇ ਬਾਸ ਰੁਮਾਲੋਂ।

ਲਖੀਮ ਪੁਰ ਖੀਰੀ ਦੀ ਘਟਨਾ ਨੂੰ ਇਸ ਕਰ ਕੇ ਨਹੀਂ ਚੁੱਕਣਾ ਚਾਹੀਦਾ ਕਿ ਉੱਥੇ ਭਾਜਪਾ ਦੀ ਸਰਕਾਰ ਹੈ- ਸੀਤਾਰਮਣ

ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ।

ਭਾਜਪਾ ਕਾਰਜਕਾਰਨੀ ‘ਚੋਂ ਬਾਹਰ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ- ਮੇਨਕਾ ਗਾਂਧੀ

ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਮੈਜਿਸਟਰੇਟ ਨੇ ਅਸ਼ੀਸ਼ ਮਿਸ਼ਰਾ ਨੂੰ ਰਿਮਾਂਡ ਦੌਰਾਨ ਤੰਗ ਪ੍ਰੇਸ਼ਾਨ ਨਾ ਕਰਨ ਲਈ ਪੁਲਿਸ ਨੂੰ ਕਿਹਾ- ਇਕ ਖ਼ਬਰ

ਕਾਸ਼ ਕਿ ਇਹ ਹੁਕਮ ਭਾਰਤ ਦੀ ਸਾਰੀ ਪੁਲਿਸ ‘ਤੇ ਲਾਗੂ ਹੋਵੇ।

ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਸਰਕਾਰ-ਅਮਿਤ ਸ਼ਾਹ

ਤਾਂ ਹੀ ਭਾਰਤ ਦਾ ਭੁੱਖਮਰੀ ਇੰਡੈਕਸ 94 ਤੋਂ 101 ‘ਤੇ ਪਹੁੰਚ ਗਿਆ। 

ਅਜੇ ਤੱਕ ਵੀ ਸੌਦਾ ਸਾਧ ਵਿਰੁੱਧ ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦਾ ਮੂੰਹ ਬੰਦ ਕਿਉਂ?- ਭਾਈ ਮਾਝੀ

ਕਾਲ਼ਾ ਦਿਉਰ ਕੱਜਲ ਦੀ ਧਾਰੀ, ਅੱਖੀਆਂ ‘ਚ ਪਾਈ ਰੱਖਦੀ।

ਭਾਜਪਾ ਦੀ ਸ਼ਹਿ ‘ਤੇ ਸੁਖਬੀਰ ਬਾਦਲ ਸਿਆਸੀ ਰੈਲੀਆਂ ਕਰ ਰਿਹੈ- ਰਾਜੇਵਾਲ

ਬਿੱਲੋ ਚੱਜ ਨਾ ਵਸਣ ਦੇ ਤੇਰੇ, ਕੱਤਣੀਂ ‘ਚ ਰੱਖੇਂ ਰਿਉੜੀਆਂ।