ਯਾਦਾਂ ਦੇ ਝਰੋਖੇ ਚੋਂ - ਹਰਦੇਵ ਸਿੰਘ ਧਾਲੀਵਾਲ
ਜਿਲ੍ਹਾ ਬਠਿੰਡੇ ਦੀਆਂ ਗੱਲਾਂ
ਕੋਤਵਾਲੀ ਬਠਿੰਡੇ ਵਿੱਚ ਮੈਂ ਤਫਤੀਸ਼ੀ ਦਾ ਕੋਰਸ ਕਰ ਰਿਹਾ ਸੀ।ਸ. ਗੁਰਚਰਨ ਸਿੰਘ ਕੋਤਵਾਲ ਆਉਣ ਤੋਂ ਬਾਅਦ ਮੈਨੂੰ ਮਾਲਕ ਮਕਾਨ ਕਹਿੰਦੇ ਸੀ ਇਹ ਤੈਨੂੰ ਸੌਣ ਹੀ ਨਹੀਂ ਦਿੰਦਾ ਕਿਉਂਕਿ ਗਿੱਦੜਬਹਾ, ਮਲੋਟ, ਮੁਕਤਸਰ ਅਤੇ ਹੋਰ ਜਿਨ੍ਹੇ ਵੀ ਆਲੇ ਦੁਆਲੇ ਦੇ ਹਸਪਤਾਲਾਂ ਵਿੱਚੋਂ ਫੱਟੜ ਆਉਂਦੇ ਉਨ੍ਹਾਂ ਦੇ ਬਿਆਨ ਮੈਂ ਹੀ ਲਿਖਣੇ ਸਨ। ਜੇਕਰ ਕੋਈ ਮਰ ਜਾਂਦਾ, ਉਹਦੀ ਕਾਰਵਾਈ ਵੀ ਕਰਨੀ ਪੈਂਦੀ ਸੀ। ਮੇਰੀ ਸਮਝ ਵਿੱਚ ਕਿਸੇ ਰਾਤ ਨੂੰ ਹੀ ਪੂਰਾ ਸੌਣਾ ਮਿਲਿਆ ਹੋਵੇਗਾ। ਮੇਰੀ ਮਾਲਕ ਮਕਾਨ ਬਹੁਤ ਚੰਗੀ ਸੀ। ਉਹ ਕਮਰੇ ਦੀ ਸਫਾਈ ਆਪੇ ਹੀ ਕਰ ਜਾਂਦੀ ਕਿਉਂਕਿ ਮੈਂ ਕਮਰੇ ਨੂੰ ਜਿੰਦਾ ਨਹੀਂ ਸੀ ਲਾਉਂਦਾ, ਉਹ ਮੇਰੇ ਕੱਪੜੇ, ਬਿਸਤਰਾ ਆਦਿ ਵੀ ਠੀਕ ਕਰ ਦਿੰਦੀ ਅਤੇ ਕਹਿੰਦੀ ਸੀ ਤੇਰੀ ਨੌਕਰੀ ਧੰਨ ਹੈ। ਇੱਕ ਵਾਰੀ ਸ. ਗੁਰਚਰਨ ਸਿੰਘ ਤੇ ਹੋਰ ਸਾਰੇ ਤਫਤੀਸ਼ੀ ਬਾਹਰ ਸਨ, ਤਾਂ ਇਤਲਾਹ ਆ ਗਈ ਕਿ ਦਰਬਾਰਾ ਸਿੰਘ ਕੋਟ ਸਮੀਰ ਦੇ ਲੜਕੇ ਦੇ ਗੋਲੀ ਵੱਜੀ ਹੈ ਤੇ ਹਸਪਤਾਲ ਦਾਖਲ ਹੋ ਗਿਆ ਹੈ। ਉਸ ਸਮੇਂ ਕੋਟ ਸਮੀਰ ਵਿੱਚ ਬਹੁਤ ਜੁਰਮ ਹੁੰਦਾ ਸੀ। ਰਾਤ ਸਮੇਂ ਅਕਸਰ ਗੋਲੀ ਚਲਦੀ ਰਹਿੰਦੀ ਸੀ, ਮਾੜਾ ਥਾਣੇਦਾਰ ਰਾਤ ਨੂੰ ਜਾਂਦਾ ਹੀ ਨਹੀਂ ਸੀ ਸਗੋਂ ਦਿਨ ਵਿੱਚ ਵੀ ਜਾਣ ਤੋਂ ਕਤਰਾਉਂਦੇ ਸਨ। ਮੈਂ ਉਸ ਦਾ ਹਸਪਤਾਲ ਜਾ ਕੇ ਬਿਆਨ ਲਿਖ ਲਿਆ। ਉਹਦਾ ਮਰਦੇ ਦਾ ਬਿਆਨ ਲਿਖਣਾ ਜ਼ਰੂਰੀ ਸੀ ਤੇ ਮੈਜਿਸਟਰੇਟ ਸਾਹਿਬ ਤੋਂ ਲਿਖਵਾਇਆ। ਉਸ ਨੂੰ ਸਾਰੇ ਕਹਿੰਦੇ ਸਨ ਕਿ ਤੂੰ ਸੁਖਦੇਵ ਸਿੰਘ ਸਰਪੰਚ ਦਾ ਨਾਂ ਲਿਖਵਾ ਕਿ ਉਸ ਨੇ ਤੇਰੇ ਗੋਲੀ ਮਾਰੀ ਹੈ। ਪਰ ਉਹ ਕਹਿੰਦਾ ਸੀ ਕਿ ਮੇਰੇ ਤਾਂ ਗੋਲੀ ਭੋਲਾ ਸਿੰਘ ਨੇ ਮਾਰੀ ਹੈ, ਮੈਂ ਝੂਠਾ ਨਾਂ ਨਹੀਂ ਲਿਖਵਾਉਣਾ। ਉਨ੍ਹਾਂ ਦੀ ਪੁਰਾਣੀ ਪਾਰਟੀਬਾਜੀ ਜੀ, ਕਈ ਕਤਲ ਵੀ ਹੋ ਚੁੱਕੇ ਸਨ। ਮੈਂ ਕਾਰਵਾਈ ਕਰਕੇ ਲੋੜੀਦੇ ਸਿਪਾਹੀ ਲੈ ਕੇ ਰਾਤ ਨੂੰ 2 ਵਜੇ ਕੋਟ ਸਮੀਰ ਪਹੁੰਚ ਗਿਆ। ਮੈਨੂੰ ਸੁਖਦੇਵ ਸਿੰਘ ਦੇ ਘਰੋਂ ਦੋ ਬੰਦੇ ਮਿਲ ਗਏ, ਇੱਕ ਤੋਂ 6 ਗੋਲੀ ਦਾ ਰਿਵਾਲਰ ਤੇ ਦੂਜੇ ਕੋਲ 3 ਕਿਲੋ ਅਫੀਮ ਸੀ। ਮੈਂ ਭੋਲਾ ਸਿੰਘ ਦੇ ਘਰ ਵੀ ਗਿਆ, ਉਹ ਭੱਜ ਚੁੱਕਿਆ ਸੀ।
ਦੂਜੇ ਦਿਨ ਮੈਂ ਥਾਣੇ ਪਹੁੰਚਿਆ ਤਾਂ ਮੇਰੇ ਆਉਂਦੇ ਨੂੰ ਸਵੇਰੇ ਸ. ਗੁਰਚਰਨ ਸਿੰਘ ਬੈਠੇ ਸਨ, ਮੇਰੀ ਲਿਖੀ ਐਫ.ਆਈ.ਆਰ. ਪੜ੍ਹ ਕੇ ਮੈਨੂੰ ਸਾਬਾਸ਼ ਦਿੱਤੀ ਤੇ ਕਿਹਾ ਕਿ ਤਫਤੀਸ਼ ਕਰ ਲਏਗਾ ਤਾਂ ਮੈਂ ਕਿਹਾ ਮੇਰੇ ਬਸ ਦੀ ਨਹੀਂ, ਉਨ੍ਹਾਂ ਨੇ ਰਾਤ ਦੇ 10 ਵਜੇ ਦੀ ਆਪਣੀ ਹਾਜ਼ਰੀ ਪਾ ਲਈ। ਮੈਂ ਉਨ੍ਹਾਂ ਤੋਂ ਸਿੱਖਿਆ ਕਿ ਮੁੱਖ ਅਫਸਰ ਨੂੰ ਟਲਣਾ ਨਹੀਂ ਚਾਹੀਦਾ। ਜੁਲਾਈ ਦੇ ਪਹਿਲੇ ਹਫਤੇ ਮੇਰੀ ਪੇਸ਼ੀ ਸਾਹਨੀ ਸਾਹਿਬ ਦੇ ਹੋਈ ਕਿਉਂਕਿ ਅਗਲਾ ਕੋਰਸ ਸ਼ੁਰੂ ਹੋਣਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸਾਦਕ ਜਾਓ। ਉਸ ਸਮੇਂ ਸਾਦਕ ਫਰੀਦਕੋਟ ਸਦਰ ਦੀ ਚੌਂਕੀ ਸੀ। ਮੈਂ ਕਿਹਾ ਸਰ ਮੈਨੂੰ ਕੰਮ ਅਜੇ ਪੂਰਾ ਨਹੀਂ ਆਉਂਦਾ ਤਾਂ ਉਹ ਕਹਿਣ ਲੱਗੇ, ''ਇਨਟੈਨਸ਼ਨ ਬੈਡ ਨਾ ਹੋ ਤੋਂ ਕਾਮ ਗਲਤ ਨਹੀਂ ਹੋਗਾ।'' ਪਰ ਮੇਰੇ ਦੁਬਾਰੇ ਕਹਿਣ ਤੇ ਮੈਨੂੰ ਮਾਨਸਾ ਥਾਣੇ ਲਾ ਦਿੱਤਾ। ਉਸ ਸਮੇਂ ਮਾਨਸਾ ਥਾਣੇ ਵਿੱਚ ਸ. ਮੇਵਾ ਸਿੰਘ ਮੁੱਖ ਅਫਸਰ ਸਨ। ਉਹ ਬੜੇ ਸ਼ਰੀਫ ਤੇ ਭਾਰੇ ਸਨ। ਰਾਤ ਨੂੰ ਉਨ੍ਹਾਂ ਕੋਲ ਸੌ ਨਹੀਂ ਸੀ ਸਕਦਾ। ਮੈਨੂੰ ਹਮੇਸ਼ਾ ਛੋਟਾ ਭਾਈ ਕਹਿ ਕੇ ਬਲਾਉਂਦੇ। ਸਾਡੇ ਡੀ.ਐਸ.ਪੀ. ਸ੍ਰੀ ਦੌਲਤ ਰਾਮ ਸ਼ਰਮਾ ਸਨ, ਉਹ ਜਬਾਨ ਦੇ ਸ਼ਖਤ ਸੀ। ਮੈਂ ਤਿੰਨ ਦਿਨ ਦੀ ਛੁੱਟੀ ਲਈ ਤੇ ਛੁੱਟੀ ਸਮੇਂ ਉਨ੍ਹਾਂ ਨੂੰ ਪੁੱਛਣ ਗਿਆ ਮੈਨੂੰ ਕਹਿਣ ਲੱਗੇ ਕੋਈ ਛੁੱਟੀ-ਛੱਟੀ ਨਹੀਂ ਮਿਲੇਗੀ। ਮੈਂ ਕਿਹਾ ਸਰ, ਮੈਂ ਤਰੀਕ ਦੱਸ ਕੇ ਛੁੱਟੀ ਲਈ ਹੈ ਤੇ ਮੇਰੇ ਹਾਵ ਭਾਵ ਵੀ ਕੁੱਝ ਬਿਗੜ ਗਏ। ਉਨ੍ਹਾਂ ਨੇ ਉਠ ਕੇ ਕਮਰੇ ਦਾ ਦਰਵਾਜਾ ਬੰਦ ਕਰ ਲਿਆ। ਮੇਰੇ ਕੋਲ ਖੜਾ ਗੁਰਚਰਨ ਸਿੰਘ ਏ.ਐਸ.ਆਈ. ਮੇਰੀ ਬਾਂਹ ਫੜ ਕੇ ਥਾਣੇ ਲੈ ਆਇਆ। ਅਸੀਂ ਨੰਗਲ ਕਲਾਂ ਜਾ ਕੇ ਇੱਕ ਅਫੀਮ ਵੇਚਦਾ ਜਾ ਫੜਿਆ। ਗੁੱਸੇ ਵਿੱਚ ਮੇਰੇ ਤੋਂ ਉਹਦੀ ਬਾਂਹ ਤੇ ਸੱਟ ਵੱਜੀ ਸ਼ਾਇਦ ਟੁੱਟ ਵੀ ਗਈ ਹੋਵੇ। ਸ਼ਾਮ ਨੂੰ ਜਦੋਂ ਵਾਪਸ ਆਏ ਤਾਂ ਡੀ.ਐਸ.ਪੀ. ਸਾਹਿਬ ਨੇ ਮੈਨੂੰ ਫੇਰ ਬੁਲਾ ਲਿਆ ਤੇ ਕਹਿਣ ਲੱਗੇ, ਸ. ਸਾਹਿਬ ਬਾਜੂ ਤੋੜ ਆਓ ਹੋ। ਮੈਂ ਹੈਰਾਨ ਸੀ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗ ਗਿਆ, ਉਹ ਮੈਨੂੰ ਲੈ ਕੇ ਹਸਪਤਾਲ ਗਏ ਤੇ ਡਾਕਟਰ ਨੂੰ ਮਿਲੇ। ਅਗਲੇ ਦਿਨ ਪੰਡਤ ਸੱਦ ਲਿਆ ਤੇ ਬਾਂਹ ਦਾ ਇਲਾਜ ਵੀ ਕਰਵਾ ਦਿੱਤਾ। ਮੈਨੂੰ ਮਹਿਸੂਸ ਹੋਇਆ ਜਬਾਨ ਦੇ ਕਰੜੇ ਹਨ ਪਰ ਦਿਲ ਦੇ ਮਾੜੇ ਨਹੀਂ। ਮੈਨੂੰ ਛੁੱਟੀ ਵੀ ਮਿਲ ਗਈ ।
ਸ. ਬਰਜਿੰਦਰ ਸਿੰਘ ਮਾਨਸਾਹੀਆ ਬੱਸ ਸਰਵਿਸ ਦੇ ਮੁੱਖੀ ਮਾਨਸਾ ਖੁਰਦ ਦੇ ਰੱਜੇ ਪੁੱਜੇ ਜਿੰਮੀਦਾਰ ਸਨ। ਉਹ ਰਿਸ਼ਵਤ ਦੇ ਵਿਰੁੱਧ ਸੀ। ਭਾਵੇਂ ਟਰਾਂਸਪੋਰਟ ਵਿੱਚ ਇਹ ਕਾਫੀ ਹੈ। ਮੈਨੂੰ ਉਨ੍ਹਾਂ ਦਾ ਸੁਨੇਹਾ ਮਿਲਿਆ ਕਿ ਗਿਆਨੀ ਕਰਤਾਰ ਸਿੰਘ ਉਨ੍ਹਾਂ ਦੇ ਦਫਤਰ ਬੈਠੇ ਮੈਨੂੰ ਯਾਦ ਕਰਦੇ ਹਨ ਤਾਂ ਮੈਂ ਉਨ੍ਹਾਂ ਦੇ ਦਫਤਰ ਪਹੁੰਚ ਗਿਆ। ਗਿਆਨੀ ਜੀ ਕਹਿਣ ਲੱਗੇ ਇਸ ਤੇ ਪੰਥਕ ਜਜਬਾ ਭਾਰੂ ਹੈ ਤੇ ਵਧੀਆ ਇਨਸ਼ਾਨ ਹਨ। ਉਸ ਸਮੇਂ ਦੌਰਾਨ ਗਿਆਨੀ ਜੀ ਜੇ ਮਾਨਸਾ ਆਉਂਦੇ ਤਾਂ ਉੱਥੇ ਹੀ ਠਹਿਰਦੇ ਸਨ। ਅਕਾਲੀ ਲੀਡਰਸਿੱਪ ਗਿਆਨੀ ਕਰਤਾਰ ਸਿੰਘ ਤੋਂ ਡਰਦੀ ਸੀ। ਉਨ੍ਹਾਂ ਨੂੰ ਖਤਰਾ ਸੀ ਕਿ ਗਿਆਨੀ ਜੀ ਪਤਾ ਨਹੀਂ ਕਦੋਂ ਕਿਸ ਨੂੰ ਚਿੱਤ ਕਰ ਦੇਣ। ਸ. ਤੇਜਾ ਸਿੰਘ ਦਰਦੀ ਇੱਕ ਵਾਰੀ ਮੈਂ ਆਪ ਕਹਿੰਦੇ ਸੁਣੇ, ਗਿਆਨੀ ਤੋਂ ਬਚੋ, ਇਨ੍ਹਾਂ ਨੇ ਖੁੱਲੇ ਪੰਜਾਬ ਵਿੱਚ ਸੱਚਰ ਤੇ ਭਾਰਗੋ ਦਾ ਤਖਤਾ ਕਈ ਵਾਰ ਉਲਟਾਇਆ ਸੀ। ਅਖੀਰੀ ਸਮੇਂ ਤੱਕ ਪੰਥਕ ਲੀਡਰਸਿੱਪ ਗਿਆਨੀ ਕਰਤਾਰ ਸਿੰਘ ਨੂੰ ਬਣਦਾ ਸਤਿਕਾਰ ਨਹੀਂ ਦੇ ਸਕੀ। ਜਸਟਿਸ ਗੁਰਨਾਮ ਸਿੰਘ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਤੇ ਉਨ੍ਹਾਂ ਦੀ ਰਾਇ ਵੀ ਲੈਂਦੇ ਸਨ। ਪਰ ਸੰਤ ਭਰਾ ਉਨ੍ਹਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਸੀ ਕਰਦੇ। ਸਿਆਸੀ ਆਦਮੀ ਕਹਿੰਦੇ ਸਨ ਕਿ ਸ. ਪ੍ਰਤਾਪ ਸਿੰਘ ਕੈਰੋਂ ਵੀ ਉਨ੍ਹਾਂ ਤੋਂ ਸੁਚੇਤ ਰਹਿੰਦੇ ਸਨ।
ਮੈਂ 03-01-1967 ਨੂੰ ਥਾਣੇ ਮੌੜ ਬਦਲ ਗਿਆ। ਮੇਰੀ ਬਦਲੀ ਦਾ ਕਾਰਨ ਇਹ ਸੀ ਕਿ ਮੇਰੇ ਸਾਥੇ ਏ.ਐਸ.ਆਈ. ਇਤਰਾਜ ਕਰਦੇ ਸਨ ਕਿ ਇਸ ਕੋਲ ਹਲਕਾ (ਜੈਲ) ਹੈ ਪਰ ਇਹ ਥਾਣੇ ਦੀ ਵੰਗਾਰ ਵਿੱਚ ਕੋਈ ਹਿੱਸਾ ਨਹੀਂ ਪਾਉਂਦਾ, ਨਾ ਹੀ ਮੇਰੇ ਤੋਂ ਕੋਈ ਹਿੱਸਾ ਮੰਗਦਾ ਸੀ। ਸ. ਮੇਵਾ ਸਿੰਘ ਨੂੰ ਦੂਜੇ ਤਫਤੀਸ਼ੀ ਤੰਗ ਕਰਦੇ ਸਨ। ਉਹ ਕਹਿੰਦੇ ਸੀ ਕਿ ਜਦੋਂ ਹਰਦੇਵ ਸਿੰਘ ਪੈਸੇ ਨਹੀਂ ਲੈਂਦਾ ਮੈਂ ਉਸ ਨੂੰ ਹਿੱਸੇ ਬਾਰੇ ਕਿਵੇਂ ਕਹਾਂ। ਮੈਨੂੰ ਮਹਾਵਾਰੀ ਮੀਟਿੰਗ ਵਿੱਚ ਸ. ਰਛਪਾਲ ਸਿੰਘ ਬੇਦੀ ਥਾਣਾ ਮੋੜ ਨੇ ਮੰਗ ਕੇ ਲੈ ਲਿਆ। ਉਹ 50-55 ਸਾਲ ਦੀ ਉਮਰ ਦੇ ਸਨ। ਕੰਮ ਦੇ ਪੂਰੇ ਵਾਕਫ ਸਨ ਤੇ ਚੰਗੀ ਤਫਤੀਸੀਆਂ ਵਿੱਚ ਗਿਣੇ ਜਾਂਦੇ ਸਨ। ਸ. ਗੁਰਚਰਨ ਸਿੰਘ ਤੋਂ ਬਾਅਦ ਮੈਂ ਸਿਆਣਾ ਤਫਤੀਸ਼ੀ ਸ. ਰਛਪਾਲ ਸਿੰਘ ਨੂੰ ਹੀ ਮੰਨਦਾ ਹਾਂ, ਉਨ੍ਹਾਂ ਦੀ ਦੂਜੀ ਸ਼ਾਦੀ ਸੀ, ਉਨ੍ਹਾਂ ਦੇ ਫਰ ਜੇ ਕੋਈ ਚੀਜ ਬਣੀ ਹੁੰਦੀ ਤਾਂ ਮੇਰੀ ਲਈ ਸਪੈਸ਼ਲ ਜ਼ਰੂਰੀ ਆ ਜਾਂਦੀ। ਉਹ ਮੇਰੇ ਪੈਸੇ ਨਾ ਲੈਣ ਤੋਂ ਘਬਰਾਉਂਦੇ ਤਾਂ ਸਨ, ਪਰ ਡਰਦੇ ਨਹੀਂ ਸੀ। ਮੇਰੀ ਰੋਟੀ ਨੰਦ ਹੋਟਲ ਵਾਲੇ ਤੋਂ ਆਉਂਦੀ ਸੀ। ਸ਼ਾਮ ਨੂੰ ਉਹ ਕਦੇ-ਕਦੇ ਉਹ ਘੁੱਟ ਲਾਉਂਦੇ, ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਕਿ ਮੈਂ ਨਾਲ ਸ਼ਾਮਲ ਹੋਵਾਂ। ਪਰ ਫੇਰ ਉਨ੍ਹਾਂ ਨੂੰ ਤਸੱਲੀ ਹੋ ਗਈ ਕਿ ਮੈਂ ਸਰਵਿਸ ਦੇ ਥਾਂ ਤੇ ਦਾਰੂ ਨਹੀਂ ਪੀਂਦਾ। ਜੇਕਰ ਉਨ੍ਹਾਂ ਦਾ ਕੋਈ ਵਾਕਫ ਸਮਗਲਰ ਕੋਈ ਅਫੀਮ ਵਗੈਰਾ ਲੈ ਆਉਂਦਾ ਤਾਂ ਮੇਰੇ ਕੁਆਟਰ ਤੇ ਆ ਕੇ ਕਹਿ ਦਿੰਦੇ, ਸ. ਜੀ ਫਲਾਣੇ ਕੋਲ ਅਫੀਮ ਆਈ ਹੈ, ਆਪ ਸਵੇਰੇ ਬਠਿੰਡੇ ਚਲੇ ਜਾਂਦੇ। ਜਦੋਂ ਵਾਪਸ ਆਉਂਦੇ ਤਾਂ ਸਬੰਧਤ ਅੰਦਰ ਹੁੰਦਾ ਤੇ ਮਿੱਠੇ ਢੰਗ ਨਾਲ ਕਹਿੰਦੇ, ਸਰਦਾਰ ਜੀ ਇਹ ਤਾਂ ਆਪਣਾ ਬੰਦਾ ਹੈ, ਸ਼ਖਤੀ ਨਾਲ ਨਾ ਪੁੱਛਿਓ।
ਉਨ੍ਹਾਂ ਦੀ ਬਦਲੀ ਥਾਣਾ ਕੋਟਕਪੂਰਾ ਦੀ ਹੋ ਗਈ ਉਹ ਅਜੇ ਗਏ ਨਹੀਂ ਸੀ ਤੇ ਨਵੇਂ ਮੁੱਖ ਅਫਸਰ ਆ ਗਏ। ਇੱਕ ਨਰਸ ਦਾ ਮੌੜ ਮੰਡੀ ਵਿੱਚ ਕਤਲ ਹੋ ਗਿਆ ਅਸੀਂ ਤਿੰਨੇ ਮੌਕੇ ਤੇ ਪਹੁੰਚੇ। ਬੇਦੀ, ਮੇਰਾ ਤੇ ਨਵੇਂ ਮੁੱਖ ਅਫਸਰ ਦਾ ਇਮਤਿਹਾਨ ਲੈਣ ਲੱਗ ਗਏ ਮਰਨ ਵਾਲੀ ਨਰਸ ਦਾ ਸਿਰ ਪਾਇਆ ਪਿਆ ਸੀ ਤੇ ਉਹ ਮੂੰਧੇ ਮੂੰਹ ਡਿੱਗੀ ਹੋਈ ਸੀ। ਨਵੇਂ ਮੁੱਖ ਅਫਸਰ ਕਹਿਣ ਲੱਗੇ ਕਿ ਇਸ ਦੇ ਸਿਰ ਤੋਂ ਬਗੈਰ ਕੋਈ ਸੱਟ ਨਹੀਂ। ਫੇਰ ਮੇਰੀ ਵਾਰੀ ਆ ਗਈ ਮੈਂ ਮੌਕੇ ਦੇ ਗਵਾਹ ਤੋਂ ਪੁੱਛਿਆ ਕਿ ਕਾਤਲ ਤੇ ਇਸ ਦੇ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਈ, ਉਹਨੇ ਹਾਂ ਕਿ ਕਿ ਇਹ ਝਗੜ ਰਹੇ ਸਨ ਤਾਂ ਮੈਂ ਕਿਹਾ ਇਸ ਦੀਆਂ ਬਾਹਾਂ ਤੇ ਸੱਟਾਂ ਜ਼ਰੂਰ ਹੋਣਗੀਆਂ। ਜਿਹੜੀਆਂ ਕਿ ਹੇਠਾਂ ਸਨ। ਜਦੋਂ ਅਸੀਂ ਉਲਟਾ ਕੇ ਦੇਖਿਆ ਤਾਂ ਬਾਹਾਂ ਵੱਢੀਆਂ ਪਈ ਸਨ। ਬੇਦੀ ਕਹਿਣ ਲੱਗੇ ਤੂੰ ਤਫਤੀਸ਼ ਵਿੱਚ ਪਾਸ ਹੋ ਗਿਆ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279
09 July 2018