ਸ਼੍ਰੋਮਣੀ ਕਮੇਟੀ ਤੇ ਪੰਥਕ ਮਸਲੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੰਤ ਸਮੇਂ ਕਿਹਾ ਸੀ, ''ਮੈਨੂੰ ਕਿਸੇ ਗੌਰ ਜਾਂ ਮੜ੍ਹੀ ਵਿੱਚ ਤਲਾਸ ਨਾ ਕਰਨਾ, ਮੇਰਾ ਨਿਵਾਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਜਾਂ ਸਿੱਖ ਸੰਗਤ ਵਿੱਚ ਹੋਵੇਗਾ।'' ਸ੍ਰੀ ਗੁਰੂ ਅਮਰ ਦਾਸ ਜੀ ਨੇ ਸੰਗਤ ਤੇ ਪੰਗਤ ਵਿੱਚ ਏਕਤਾ ਪੈਦਾ ਕਰਕੇ ਸਿੱਖੀ ਨੂੰ ਸਮਾਜਿਕ ਧਰਮ ਬਣਾਇਆ। ਸ੍ਰੀ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਵਿੱਚ 52 ਜਾਤਾਂ ਦੇ ਕਿਰਤੀ ਲੋਕ ਵਸਾ ਕੇ ਏਕਤਾ ਤੇ ਸਮਾਨਤਾ ਦੀ ਸਿੱਖਿਆ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਰਚਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਕੇ ਜਾਤ-ਪਾਤ ਤੇ ਛੂਤ-ਛਾਤ ਦੇ ਭਰਮ ਭੇਦ ਨੂੰ ਨਿਵਾਇਆ। ਏਕਤਾ ਤੇ ਸਮਾਨਤਾ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1669 ਦੀ ਵਿਸਾਖੀ ਨੂੰ ਪੰਜਾ ਪਿਆਰਿਆਂ ਦੀ ਚੋਣ ਕਰਕੇ ਖੰਡੇ ਦਾ ਅੰਮ੍ਰਿਤ ਛਕਾਇਆ। ਤੇ ਆਪਣੇ ਨਾਮ, ਰੂਪ, ਸਪਿਰਟ ਤੇ ਗੁਰੂ ਪਦਵੀ ਦਾ ਧਿਆਨ ਖਾਲਸੇ ਨੂੰ ਸਿਖਾਇਆ। ਮਹਾਰਾਜਾ ਰਣਜੀਤ ਸਿੰਘ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਵਧ ਗਈ ਸੀ। ਪਰ ਰਾਜ ਦੇ ਪਤਨ ਤੇ ਇਹ ਘਟਨੀ ਸ਼ੁਰੂ ਹੋ ਗਈ, ਕਿਉਂਕਿ ਬਹੁਤੇ ਡੋਗਰੇ ਛੇਤੀ ਹੀ ਮੋਨੇ ਹੋ ਗਏ। ਕਿਹਾ ਜਾਂਦਾ ਹੈ ਕਿ 1870 ਵਿੱਚ ਸਿੱਖਾਂ ਦੀ ਅਬਾਦੀ 70 ਲੱਖ ਰਹਿ ਗਈ ਸੀ। ਸਿੱਖੀ ਦਾ ਪ੍ਰਚਾਰ ਨਹੀਂ ਸੀ ਹੋ ਰਿਹਾ। ਮਹੰਤ ਗੁਰੂ ਘਰਾਂ ਨੂੰ ਆਪਣੀ ਜਾਇਦਾਤ ਸਮਝ ਰਹੇ ਸਨ। ਕੱਟੜ ਆਰੀਆ ਸਮਾਜੀਆਂ ਵੱਲੋਂ ਵੀ ਹਮਲੇ ਹੁੰਦੇ ਰਹੇ। ਇਸ ਦਾ ਵਿਰੋਧ ਸਿੰਘ ਸਭਾ ਨੇ ਕੀਤਾ। ਪਰ ਮਹੰਤਾਂ ਵੱਲੋਂ ਉਨ੍ਹਾਂ ਨੂੰ ਪੂਰਨ ਸਮਰਥਨ ਨਾ ਮਿਲਿਆ। ਕਿਉਂਕਿ ਉਹ ਸਿੰਘ ਸਭਾ ਤੋਂ ਡਰਦੇ ਰਹੇ ਤੇ ਗੁਰਦੁਆਰਿਆਂ ਤੇ ਕਬਜਾ ਬਹਾਲ ਰੱਖਣਾ ਚਾਹੁੰਦੇ ਸਨ। ਚੀਫ ਖਾਲਸਾ ਦੀਵਾਨ ਵੀ ਅੱਗੇ ਆਇਆ ਤੇ ਕਾਫੀ ਕੰਮ ਕੀਤਾ। 1920 ਤੱਕ ਅਕਾਲ ਤਖਤ ਸਾਹਿਬ ਤੇ ਇੱਕ ਤਰ੍ਹਾਂ ਦਾ ਸਰਕਾਰੀ ਕਬਜਾ ਹੀ ਸੀ।
ਆਰੀਆ ਸਮਾਜੀਆ ਦੇ ਧਰਮ ਤੇ ਹਮਲੇ ਹੋਏ, ਉਨ੍ਹਾਂ ਦਾ ਟਾਕਰਾ ਸਿੰਘ ਸਭਾ ਕਰਦੀ ਰਹੀ। 15-16 ਨਵੰਬਰ 1920 ਨੂੰ ਗੁਰਦੁਆਰਿਆਂ ਦੇ ਸੁਧਾਰ ਲਈ ਅਕਾਲ ਤਖਤ ਸਾਹਿਬ ਤੇ 175 ਮੈਂਬਰਾਂ ਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਸਰਕਾਰ ਦੇ 36 ਮੈਂਬਰ ਵੀ ਇਸ ਵਿੱਚ ਸ਼ਾਮਲ ਕਰ ਲਏ ਗਏ। ਇਹ ਸਭ ਦੀ ਸਰਬ ਸੰਮਤੀ ਨਾਲ ਹੋਇਆ। ਪ੍ਰਬੰਧ ਦੇ ਸੁਧਾਰ ਲਈ ਐਜੀਟੇਸ਼ਨ ਜ਼ਰੂਰੀ ਸੀ ਤਾਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ ਤੇ ਪਹਿਲੇ ਪ੍ਰਧਾਨ ਸ੍ਰ. ਸਰਮੁਖ ਸਿੰਘ ਝਬਾਲ ਬਣੇ। 1920 ਤੋਂ 26 ਤੱਕ ਸਾਰਾ ਪੰਥ ਇਕੱਠਾ ਸੀ, ਹਰ ਫੈਸਲੇ ਸਰਬਸੰਮਤੀ ਨਾਲ ਹੁੰਦੇ ਸਨ। ਇਕ ਲੇਖਕ ਨੇ ਲਿਖਿਆ ਹੈ ਕਿ ਜੇਲ੍ਹ ਵਿੱਚ ਬੈਠੇ ਲੀਡਰਾਂ ਵਿੱਚ ਪਾੜਾ ਲਾਰਡ ਹੇਲੀ ਨੇ ਆਪਣੇ ਚੁਗਲਾਂ ਰਾਹੀਂ ਪਵਾਇਆ, ਪਰ ਇਹ ਗੱਲ ਸੱਚ ਨਹੀਂ ਜਾਪਦੀ। ਸਤੰਬਰ 1923 ਤੋਂ ਤਕਰੀਬਨ 50 ਲੀਡਰ ਜੇਲ੍ਹ ਵਿੱਚ ਬੰਦ ਸਨ। ਲੀਡਰਾਂ ਦੀ ਸੋਚ ਤੇ ਗੱਲਬਾਤ ਵਿੱਚ ਤਲਖੀ ਵੀ ਹੋ ਸਕਦੀ ਸੀ। ਲਹੌਰ ਕਿਲੇ ਵਿੱਚ ਕੈਦ ਇਨ੍ਹਾਂ ਕੈਦੀਆਂ ਲੀਡਰਾਂ ਨੂੰ ਸ਼ੱਕਰ ਤੇ ਘਿਓ ਮਿਲਦਾ ਸੀ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਜੱਥੇ. ਤੇਜਾ ਸਿੰਘ ਭੁੱਚਰ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਲਾਹੌਰ ਕਿਲੇ ਵਿੱਚ ਕਿਸੇ ਹੋਰ ਸਬੰਧ ਵਿੱਚ ਕੈਦ ਸਨ, ਉਨ੍ਹਾਂ ਨੂੰ ਕਾਰ ਸੇਵਾ ਵੇਲੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਸੀ ਕਿਉਂਕਿ ਕਾਰਜ ਸੇਵਾ ਦਾ ਸ਼ੁਰੂ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬੱਠਲਾਂ ਨਾਲ ਹੋਣਾ ਸੀ। ਪਰ ਉਸ ਸਮੇਂ ਜੱਥੇਦਾਰ ਭੁੱਚਰ ਨੇ ਲੋਹੇ ਦੀ ਕਹੀ ਤੇ ਬੱਠਲ ਨਾਲ ਇਹ ਸ਼ੁਰੂ ਕਰ ਦਿੱਤੀ। ਜੇ ਸੋਚੀਏ ਇਹ ਹੋਣਾ ਤਾਂ ਉਨ੍ਹਾਂ ਨਾਲ ਹੀ ਸੀ। ਜੇਲ੍ਹ ਵਿੱਚ ਬੈਠੇ ਗਿਆਨੀ ਸ਼ੇਰ ਸਿੰਘ ਤੇ ਮਾਸਟਰ ਤਾਰਾ ਸਿੰਘ ਵਿਚਕਾਰ ਇਸ ਮਸਲੇਤੇ ਬਹਿਸ ਹੋਈ। ਗਿਆਨੀ ਸ਼ੇਰ ਸਿੰਘ ਆਦਿ ਕੁੱਝ ਸੱਜਣ ਕਹਿੰਦੇ ਸਨ ਕਿ ਜੇਕਰ ਜੱਥੇਦਾਰ ਭੁੱਚਰ ਆਪਣੀ ਗਲਤੀ ਮੰਨ ਲੈਣ ਤਾਂ ਇਨ੍ਹਾਂ ਨੂੰ ਮੁਆਫੀ ਦੇ ਦਿੱਤੀ ਜਾਏ ਤੇ ਮਿਲਦੀ ਸ਼ੱਕਰ ਘਿਓ ਵੀ ਦੇ ਦਿਓ। ਪਰ ਮਾ. ਤਾਰਾ ਸਿੰਘ ਇਹ ਰਾਇ ਰੱਖਦੇ ਸੀ ਕਿ ਅਕਾਲ ਤਖਤ ਸਾਹਿਬ ਤੋਂ ਘੱਢਿਆ ਆਦਮੀ ਅਕਾਲ ਤਖਤ ਤੋਂ ਹੀ ਮੁਆਫੀ ਲੈ ਸਕਦਾ ਹੈ, ਪਰ ਗਿਆਨੀ ਜੀ ਕਹਿੰਦੇ ਸਨ ਕਿ ਅਸੀਂ ਜੇਲ੍ਹ ਵਿੱਚ 40-50 ਆਦਮੀ ਇਕੱਠੇ ਹੋ ਕੇ ਪੰਥ ਵੱਲੋਂ ਮੁਆਫੀ ਕਿਉਂ ਨਹੀਂ ਦੇ ਸਕਦੇ। ਦੋਵਾਂ ਵਿੱਚ ਸ਼ਖਤ ਬਹਿਸ ਹੋਈ। ਮਾਸਟਰ ਜੀ ਰੁੱਸ ਕੇ ਨਿੱਮ ਦੇ ਦਰਖਤ ਤੇ ਚੜ੍ਹ ਗਏ, ਇੱਕ ਲੱਤ ਇੱਕ ਟਾਹਣ ਤੇ ਦੂਜੀ ਦੂਜੇ ਟਾਹਣ ਤੇ। ਗਿਆਨੀ ਸ਼ੇਰ ਸਿੰਘ ਹੋਰਾਂ ਦਾ ਵਿਚਾਰ ਸੀ ਕਿ ਅਜੇ ਪੰਥ ਅੰਮ੍ਰਿਤਸਰ ਦੇ ਆਲੇ ਦੁਆਲੇ ਹੈ ਜੇਕਰ ਪੰਥ ਅਮਰੀਕਾ ਕਨੇਡਾ ਤੇ ਹੋਰ ਦੂਜੇ ਦੇਸ਼ਾਂ ਤੱਕ ਫੈਲ ਗਿਆ ਤਾਂ ਕੀ ਉਨ੍ਹਾਂ ਨੂੰ ਛੋਟੀ-ਮੋਟੀ ਗਲਤੀ ਦੀ ਮੁਆਫੀ ਕਰਵਾਉਣ ਲਈ ਅਕਾਲ ਤਖਤ ਸਾਹਿਬ ਤੇ ਹੀ ਆਉਣਾ ਪਏਗਾ।(ਹੁਣ ਖਾਲਸਾ ਪੰਥ ਹਰ ਖਿਤੇ ਵਿੱਚ ਪਹੁੰਚ ਗਿਆ ਹੈ।)
ਅਜਿਹੀਆਂ ਗੱਲਾਂ ਮਨ ਮਟਾਓ ਨੂੰ ਜਾਹਰ ਕਰਦੀਆਂ ਹਨ। ਜਨਵਰੀ 1926 ਨੂੰ ਗੁਰਦੁਆਰਾ ਐਕਟ ਪਾਸ ਕਰਕੇ ਲਾਗੂ ਹੋ ਗਿਆ। ਮੋਰਚਾ ਐਕਟ ਲਈ ਹੀ ਲੱਗਿਆ ਸੀ, ਉਹ ਗੱਲ ਮੰਨੀ ਗਈ। ਸਰਕਾਰ ਨੇ ਕਿਹਾ ਕਿ ਜਿਹੜਾ ਲੀਡਰ ਐਕਟ ਮੰਨਣ ਦਾ ਭਰੋਸਾ ਦੇਵੇ, ਉਹ ਛੱਡ ਦਿੱਤੇ ਜਾਣ। 19 ਲੀਡਰ ਸ.ਬ. ਮਹਿਤਾਬ ਸਿੰਘ ਤੇ ਗਿਆਨੀ ਸ਼ੇਰ ਸਿੰਘ ਦੀ ਅਗਵਾਈ ਵਿੱਚ ਬਿਆਨ ਦੇ ਕੇ ਵਾਪਸ ਆ ਗਏ। ਸ. ਮਹਿਤਾਬ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਜਦੋਂ ਕਿ ਜੱਥੇਦਾਰ ਤੇਜਾ ਸਿੰੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਉਹ ਐਕਟ ਮੰਨਣ ਦਾ ਭਰੋਸਾ ਨਹੀਂ ਦੇਣਗੇ। ਇਸ ਤਰ੍ਹਾਂ 16 ਲੀਡਰ ਜੇਲ੍ਹ ਵਿੱਚ ਹੀ ਰਹੇ। ਜੱਥੇਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ ਚਲਾਣਾ ਕਰ ਗਏ ਤੇ ਸਾਥੀਆਂ ਨੂੰ ਮਾਸਟਰ ਜੀ ਨੂੰ ਲੀਡਰ ਮੰਨਣ ਦੇ ਸੁਝਾਅ ਦੇ ਗਏ। ਉਨ੍ਹਾਂ ਤੋਂ ਬਾਅਦ ਸਰਕਾਰ ਨੇ ਇਹ ਗੱਲ ਵਾਪਸਲ ਲੈ ਲਈ ਤੇ ਸਾਰੇ ਬਾਹਰ ਆ ਗਏ। ਪਿਛਲੇ ਢਾਈ ਸਾਲ ਤੋਂ ਜੇਲ੍ਹ ਵਿੱਚ ਬੈਠੀ ਹੋਈ ਕੌਮ ਦੀ ਅਸਲੀ ਕਰੀਮ ਇੱਕ ਗੱਲ ਤੇ ਸਹਿਮਤ ਨਾ ਹੋਈ ਕਿੰਨੇ ਦੁਖ ਦੀ ਗੱਲ ਹੈ। ਗੁਰਦੁਆਰਾ ਚੋਣਾਂ ਹੋਈਆਂ। ਅਕਾਲੀ ਦਲ 69 ਸੀਟਾਂ ਜਿੱਤ ਗਿਆ। ਉਨ੍ਹਾਂ ਨੂੰ ਸਮੁੰਦਰੀ ਜੀ ਦੇ ਚਲਾਣੇ ਦਾ ਲਾਭ ਵੀ ਹੋਇਆ। ਵਿਰੋਧੀ ਸ਼੍ਰੋਮਣੀ ਕਮੇਟੀ ਧੜਾ ਅਥਵਾ ਕੇਂਦਰੀ ਅਕਾਲੀ ਦਲ 53 ਸੀਟਾਂ ਹੀ ਜਿੱਤਿਆ।
ਇਹ ਲੜਾਈ ਭਾਵੇਂ ਗਿਆਨੀ ਸ਼ੇਰ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਰੂਪ ਵਿੱਚ 1941 ਤੱਕ ਚੱਲੀ, ਪਰ ਹਰ ਪੱਥਕ ਮਸਲੇ ਤੇ ਇਹ ਦੋਵੇਂ ਇਕੱਠੇ ਹੋ ਜਾਂਦੇ ਸਨ। ਨਹਿਰੂ ਰਿਪੋਰਟ ਦੀ ਵਿਰੋਧਤਾ ਦੋਵਾਂ ਨੇ ਡਟ ਕੇ ਕਰੀ। ਅਖੀਰ ਨਾ ਮੰਨੀ ਗਈ। ਕੰਮਿਊਨਲ ਅਵਾਰਡ ਨੇ ਵੀ ਦੋਵਾਂ ਦੀ ਵਿਰੋਧਤਾ ਕੀਤੀ। ਗੁਰਦੁਆਰਾ ਸ਼ਹੀਦ ਗੰਜ ਤੇ ਡਾਕਟਰ ਅੰਬੇਦਕਰ ਦੇ ਮਸਲੇ ਤੇ ਦੋਵਾਂ ਦੀ ਇੱਕ ਰਾਇ ਸੀ। ਉਸ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਪਹਿਲਾਂ ਜੱਥੇ. ਊਧਮ ਸਿੰਘ ਨਾਗੋ ਦੇ ਧੜੇ ਕੋਲ 1944 ਤੋਂ 1955 ਤੱਕ ਰਹੀ। ਉਹ ਕੱਟੜ ਕਾਂਗਰਸੀ ਸਨ। 1955 ਵਿੱਚ ਮਾਸਟਰ ਜੀ ਫੇਰ ਕਾਬਜ ਹੋ ਗਏ। 1962 ਤੋਂ 1973 ਤੱਕ ਸੰਤ ਧੜਾ ਕਾਬਜ ਰਿਹਾ ਤੇ ਸੰਤ ਚੰਨਣ ਸਿੰਘ ਪ੍ਰਧਾਨ ਸਨ, ਪਰ ਕੋਈ ਫੈਸਲਾ ਕਰਨਾ ਤੋਂ ਪਹਿਲਾਂ ਸਾਰੇ ਪੰਥ ਦੀ ਰਇ ਲਈ ਜਾਂਦੀ ਸੀ। ਆਨੰਦਪੁਰ ਸਾਹਿਬ ਦਾ ਮਤਾ ਤਿਆਰ ਹੋਇਆ ਤਾਂ ਸਭ ਦੀ ਰਾਇ ਨਾਲ ਹੋਇਆ। ਪਹਿਲਾਂ ਜੱਥੇਦਾਰ ਸਾਹਿਬ ਦੀ ਸਲਾਹਕਾਰ ਕਮੇਟੀ ਹੁੰਦੀ ਸੀ। ਉਹ ਸਾਰੇ ਪੰਥ ਦੀ ਨੁਮਾਇੰਦਗੀ ਕਰਦੀ ਸੀ ਤੇ ਸਿੱਖਾਂ ਦੀ ਹਰ ਸੰਪਰਦਾ ਇਸ ਵਿੱਚ ਭਾਗੀ ਹੁੰਦੀ ਸੀ। ਜੱਥੇਦਾਰ ਕਿਸੇ ਨੂੰ ਇਗਨੋਰ ਨਹੀਂ ਸੀ ਕਰਦੇ। ਪਰ ਅੱਜਕੱਲ ਪੁਜੀਸ਼ਨ ਕੁੱਝ ਵੱਖਰੀ ਹੈ।
ਸਰਸੇ ਵਾਲੇ ਸਾਧ ਦੇ ਵਿਵਾਦ ਤੇ ਕਿੰਨਾ ਰੌਲਾ ਪਿਆ। ਸਿਆਸੀ ਆਦਮੀਆਂ ਨੇ ਜੱਥੇਦਾਰਾਂ ਦੀ ਪੁਜੀਸ਼ਨ ਹਾਸੋਹੀਣੀ ਬਣਾ ਦਿੱਤੀ। ਇਸ ਨਾਲ ਜੱਥੇਦਾਰਾਂ ਦੇ ਮਾਣ ਨੂੰ ਠੇਸ ਵੱਜੀ। ਗੁਰਦੁਆਰਾ ਐਕਟ ਅਕਾਲ ਤਖਤ ਸਾਹਿਬ ਦੇ ਜੱਥੇੇਦਾਰ ਨੂੰ ਇੱਕ ਮੁਲਾਜਮ ਹੀ ਦੱਸਦਾ ਹੈ। ਜਦੋਂ ਕਿ ਜੱਥੇਦਾਰ ਦੀ ਪੁਜੀਸ਼ਨ ਇਸ ਨਾਲ ਹਾਸੋਹੀਣੀ ਹੁੰਦੀ ਹੈ। ਅੱਜ ਵੀ ਸਾਡੇ ਜੱਥੇਦਾਰ ਸਿਆਸੀ ਆਦਮੀਆਂ ਦੇ ਕਹੇ ਅਨੁਸਾਰ ਹੀ ਚੱਲਦੇ ਹਨ। ਇਸਾਈਆਂ ਦਾ ਪੋਪ ਕਦੇ ਕਿਸੇ ਦੇ ਕਹੇ ਤੇ ਨਹੀਂ ਚੱਲਦਾ, ਆਪਣੀ ਮਰਜੀ ਨਾਲ ਬੋਲਦਾ ਹੈ ਤੇ ਸਹੀ ਫੈਸਲਾ ਦਿੰਦਾ ਹੈ। ਸੁਣਿਆ ਹੈ, ਗੁਰੂ ਨਾਨਕ ਦੇਵ ਜੀ ਤੇ ਇੱਕ ਫਿਲਮ ਬਣੀ ਹੈ, ਜਿਹੜੀ ਮੈਂ ਨਹੀਂ ਦੇਖੀ, ਕਹਿੰਦੇ ਹਨ ਕਿ ਉਹ ਫਿਲਮ ਨਿਰਮਾਤਾ ਪਿਛਲੇ 2 ਸਾਲ ਤੋਂ ਸ਼੍ਰੋਮਣੀ ਕਮੇਟੀ ਤੇ ਜੱਥੇਦਾਰ ਸਾਹਿਬ ਦੇ ਸੰਪਰਕ ਵਿੱਚ ਸੀ, ਪਰ ਉਸ ਤੇ ਪਾਬੰਦੀ ਲਗਣ ਨਾਲ ਇੱਕ ਗਰੀਬ ਸਿੱਖ ਤਾਂ ਮਾਰਿਆ ਹੀ ਗਿਆ।
ਸਮਾਂ ਮੰਗ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਜੱਥੇਦਾਰ ਨੂੰ ਹਟਾ ਨਾ ਸਕੇ। ਇਸ ਨੂੰ ਲਾਉਣ ਤੇ ਹਟਾਉਣ ਲਈ ਜਨਰਲ ਹਾਊਸ ਦਾ 2/3 ਸਮਰਥਨ ਹੋਵੇ। ਜੱਥੇਦਾਰਾਂ ਦੀ ਪੁਜੀਸ਼ਨ ਵੀ ਸੁਰੱਖਿਅਤ ਹੋਵੇ। ਇਸ ਮਸਲੇ ਤੇ ਸਾਰੇ ਖਾਲਸਾ ਪੰਥ ਦੀ ਰਾਇ ਲੋੜੀਦੀ ਹੈ। ਸਾਰੇ ਇੱਕ ਵੱਡਾ ਸਮਾਗਮ ਕਰਕੇ ਰਾਇ ਕਰਨ।
 

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

27 May 2018