ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03 OCT. 2021

ਨਵੀਂ ਸਿਆਸੀ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ- ਚੜੂਨੀ

ਮੇਲਾ ਛੜਿਆਂ ਦਾ, ਵੇਖ ਚੁਬਾਰੇ ਚੜ੍ਹ ਕੇ।

 

ਅਕਾਲ ਤਖ਼ਤ ਦੇ ਜਥੇਦਾਰ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਲਿਆ ਸਖਤ ਨੋਟਿਸ –ਇਕ ਖ਼ਬਰ

ਬਸ ਅਸੀਂ ਨੋਟਿਸ ਹੀ ਲੈਂਦੇ ਹਾਂ, ਹੋਰ ਕਿਸੇ ਗੱਲ ਦੀ ਆਸ ਨਾ ਰੱਖੋ ਸਾਥੋਂ।

 

ਸੋਨੀਆ ਗਾਂਧੀ ਨੇ ਨਹੀਂ, 78 ਵਿਧਾਇਕਾਂ ਨੇ ਬਦਲਿਆ ਮੁੱਖ ਮੰਤਰੀ- ਸੁਰਜੇਵਾਲਾ

ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ। 

 

ਕਾਂਗਰਸ ਨੇ ਝੋਨੇ ਦੀ ਖਰੀਦ ਮੁਲਤਵੀ ਕਰਵਾਈ- ਸੁਖਬੀਰ ਬਾਦਲ

ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।

 

ਸ਼ਾਹ ਨਾਲ ਨੇੜਤਾ ਨੇ ਅਮਰਿੰਦਰ ਦੀ ਧਰਮ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕੀਤੇ- ਰਾਵਤ

ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।

 

ਤੀਜੇ ਦਿਨ ਵੀ ਪਟਿਆਲੇ ਦਾ ਕੋਈ ਵੀ ਵਿਧਾਇਕ ਸਿੱਧੂ ਦੇ ਘਰ ਨਾ ਪਹੁੰਚਿਆ- ਇਕ ਖ਼ਬਰ

ਲੱਡੂ ਮੁੱਕ ਗਏ ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।

 

ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ ਕੇਜਰੀਵਾਲ- ਸੁਖਬੀਰ ਬਾਦਲ

ਤੁਹਾਨੂੰ ਪੰਜਾਹ ਸਾਲ ਹੋ ਗਏ ਪੰਜਾਬੀਆਂ ਨੂੰ ਗੁਮਰਾਹ ਕਰਦਿਅਂ ਨੂੰ।

 

ਜ਼ਿਮਨੀ ਚੋਣਾਂ: ਭਬਾਨੀਪੁਰ ‘ਚ ਭਾਜਪਾ ਤੇ ਟੀ.ਐਮ.ਸੀ. ਸਮਰਥਕਾਂ ਵਿਚਕਾਰ ਝੜਪ- ਇਕ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

 

ਦੀਪ ਸਿੱਧੂ ਵਲੋਂ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ-ਇਕ ਖ਼ਬਰ

ਤੂੰ ਵੀ ਧੂੜ ‘ਚ ਟੱਟੂ ਭਜਾ ਲਈਂ ਦੀਪ ਸਿਆਂ।

 

ਕੁਰਸੀ ਲਈ ਪੰਜਾਬੀਆਂ ਦੀ ਬੇਇਜ਼ਤੀ ਕਰਵਾ ਰਹੇ ਹਨ ਕਾਂਗਰਸੀ-ਭਗਵੰਤ ਮਾਨ

ਓ ਭਾਈ ਤੂੰ ਵੀ ਤਾਂ ਕੁਰਸੀ ਖਾਤਰ ਹੀ ਮੋਨ ਧਾਰਿਆ ਹੋਇਆ।

 

ਕਾਂਗੜ ਦੀ ਵਜ਼ੀਰੀ ਖੁੱਸਣ ‘ਤੇ ਅਕਾਲੀਆਂ ਨੇ ਲੱਡੂ ਵੰਡੇ- ਇਕ ਖ਼ਬਰ

ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ।

 

ਕੈਪਟਨ ਨੇ ਵਿਹਲਾ ਸਮਾਂ ਆਪਣੇ ਪੁਰਾਣੇ ਦੋਸਤਾਂ ਨਾਲ ਗੁਜ਼ਾਰਿਆ- ਇਕ ਖ਼ਬਰ

ਵਿਹਲੀ ਰੰਨ ਪਰਾਹੁਣਿਆਂ ਜੋਗੀ।

 

ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆਏ ਸਿੱਧੂ ਨੂੰ ਫਤਿਹਗੜ੍ਹ ਸਾਹਿਬ ਸਰੋਪਾ ਨਹੀਂ ਦਿਤਾ,ਕਿਉਂ?

ਕਿਉਂਕ ਸਿਰੋਪਾ ਦੇਣ ਲਈ ਪਹਿਲਾਂ ਬਾਦਲਾਂ ਦੀ ਮੰਨਜ਼ੂਰੀ ਲੈਂਣੀ ਪੈਂਦੀ ਹੈ।

 

ਸਿੱਧੂ ਨੇ ਪਹਿਲਾਂ ਅਮਰਿੰਦਰ ਨੂੰ ਤਬਾਹ ਕੀਤਾ ਤੇ ਹੁਣ ਕਾਂਗਰਸ ਨੂੰ- ਸੁਖਬੀਰ ਬਾਦਲ

ਹਾਏ ਓਏ ਸਿੱਧੂ ਤੂੰ ਮੇਰੇ ਚਾਚਾ ਜੀ ਨੂੰ ਗੱਦੀਉਂ ਲੁਹਾਇਆ।