ਯਾਦਾਂ ਦੇ ਝਰੋਖੇ 'ਚ - ਹਰਦੇਵ ਸਿੰਘ ਧਾਲੀਵਾਲ
ਸਤੰਬਰ 1969 ਨੂੰ ਸ. ਗੁਰਸ਼ਰਨ ਸਿੰਘ ਜੇਜੀ ਐਸ.ਪੀ. ਜਿਲ੍ਹਾ ਬਠਿੰਡਾ ਨੇ ਮੈਨੂੰ ਮੁੱਖ ਅਫਸਰ ਥਾਣਾ ਦਿਆਲਪੁਰਾ ਭਾਈਕਾ ਲਾ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਏ.ਐਸ.ਆਈ. ਮੁੱਖ ਅਫਸਰ ਸਫਲ ਹੁੰਦਾ ਹੈ? ਮੈਂ 6 ਮਹੀਨੇ ਤੋਂ ਵੱਧ ਰਿਹਾ। ਆਪਣੀ ਆਦਤ ਅਨੁਸਾਰ ਹਰ ਕੰਮ ਠੀਕ ਤੇ ਸਚਾਈ ਦੇ ਅਧਾਰ ਤੇ ਕਰਦਾ ਰਿਹਾ। ਮੈਨੂੰ ਲਾਉਣ ਸਮੇਂ ਮੇਰੇ ਜਿਲ੍ਹਾ ਕਪਤਾਨ ਨੇ ਕਿਹਾ ਸੀ ਕਿ ਅੱਜ ਹੀ ਅਕਲੀਆ ਕਤਲ ਕੇਸ ਦੀ ਫਾਇਲ ਲੈ ਲਈ, ਤੇ ਥਾਣੇ ਵਿੱਚ ਅਫੀਮ ਬਹੁਤ ਵਿਕਦੀ ਹੈ, ਜੋ ਬੰਦ ਕਰਨੀ ਜ਼ਰੂਰੀ ਹੈ। ਮੇਰੇ ਤੋਂ ਪਹਿਲਾਂ ਪੈਪਸੂ ਦੇ ਮਸ਼ਹੂਰ ਥਾਣੇਦਾਰ ਸ੍ਰੀ ਮਹਾਰਾਜ ਕ੍ਰਿਸ਼ਨ ਥਾਣੇ ਦੇ ਮੁੱਖ ਅਫਸਰ ਸਨ। ਮੈਂ ਅਕਲੀਆ ਕੇਸ ਤੁਰਤ ਅਦਾਲਤ ਵਿੱਚ ਭੇਜ ਦਿੱਤਾ ਤੇ ਅਫੀਮ ਦੇ ਸਮਗਲਰਾਂ ਤੇ ਬਹੁਤ ਸ਼ਖਤੀ ਕੀਤੀ। ਉਹ ਸਾਰੇ ਖਾਂਦੇ ਪੀਦੇ ਸਨ। ਮਾਰਚ ਦੇ ਅੱਧ ਤੋਂ ਪਿੱਛੋਂ ਮੈਂ ਪਟਿਆਲਾ ਰੇਂਜ ਵਿੱਚੋਂ ਅਪਰ ਕੋਰਸ ਲਈ ਚੁਣਿਆ ਗਿਆ। ਸਾਰੀ ਰੇਂਜ ਵਿੱਚੋਂ 5 ਸਹਾਇਕ ਥਾਣੇਦਾਰ ਚੁਣੇ ਗਏ ਤੇ ਮੇਰਾ ਨਾਂ ਪਹਿਲਾ ਸੀ। ਮੇਰੀ ਸ਼ਖਤੀ ਕਾਰਨ ਸਮਗਲਰ ਤਾਂ ਨਰਾਜ ਹੀ ਸਨ। ਉਸ ਸਮੇਂ ਅਸਲ ਥਾਣਾ ਭਗਤੇ ਵਿੱਚ ਹੀ ਸੀ ਤੇ ਇੱਕ ਡਾਕਟਰ ਦੀ ਦੁਕਾਨ ਤੋਂ ਚੱਲਦਾ ਸੀ। ਮੈਂ ਬੰਦ ਕਰ ਦਿੱਤਾ ਤੇ ਸਾਂਝੇ ਥਾਂ ਤੇ ਬੈਠਣ ਲੱਗ ਗਿਆ। ਮਾਰਚ 1969 ਦੀ ਅਸੈਂਬਲੀ ਚੋਣ ਵਿੱਚ ਸ. ਬਾਬੂ ਸਿੰਘ ਕਾਮਰੇਡ ਜਿੱਤ ਗਏ, ਹਰਬੰਸ ਸਿੰਘ ਸਿੱਧੂ ਕਾਂਗਰਸੀ ਤੇ ਸ. ਸੁਖਦੇਵ ਸਿੰਘ ਅਕਾਲੀ ਹਾਰ ਗਏ। ਮੇਰੇ ਵਿਰੋਧੀਆਂ ਨੇ ਸ. ਸੁਖਦੇਵ ਸਿੰਘ ਢਿੱਲੋਂ ਨੂੰ ਇਹ ਗੱਲ ਜਚਾ ਦਿੱਤੀ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਮੈਂ ਹੀ ਹਾਂ। ਉਨ੍ਹਾਂ ਦਾ ਸ਼ੱਕ ਦੂਰ ਹੋਣ ਤੇ ਮੈਂ 4 ਦਿਨ ਬਾਅਦ ਫਿਲੌਰ ਜਾ ਰਿਹਾ ਸੀ। ਮੈਂ ਮੋਟਰਸਾਈਕਲ ਤੇ ਦਿਆਲਪੁਰੇ ਦੇ ਅੱਡੇ ਤੇ ਆਇਆ ਤਾਂ ਅਕਲੀਆ ਕੇਸ ਦੀ ਪੈਰਵੀ ਕਰਨ ਵਾਲਾ ਅੱਡੇ ਤੇ ਖੜ੍ਹਾ ਸੀ। ਅੱਡਾ ਖਾਲੀ ਸੀ ਪਰ ਉਹ ਕਹਿਣ ਲੱਗਿਆ ਕਿ ਮੈਂ ਤਾਂ ਤੁਹਾਡੀ ਹੀ ਉਡੀਕ ਕਰ ਰਿਹਾ ਹਾਂ। ਮੈਂ ਤੁਹਾਡੀ ਕੁੱਝ ਸੇਵਾ ਕਰਨੀ ਚਾਹੁੰਦਾ ਹਾਂ। 2000 ਕੱਢ ਕੇ ਮੇਰੇ ਵੱਲ ਵਧਾਏ ਤੇ ਕਹਿਣ ਲੱਗਿਆ ਕਿ ਫਿਲੌਰ ਤੁਹਾਡੇ ਕੰਮ ਆਉਣਗੇ। ਮੈਂ ਕਿਹਾ ਮੈਨੂੰ ਤਨਖਾਹ ਮਿਲਦੀ ਹੈ ਤੇ ਮੇਰੇ ਉਸ ਸਮੇਂ ਕਈ ਖਰਚੇ ਘਰ ਤੋਂ ਹੀ ਹੁੰਦੇ ਸਨ। ਫੇਰ ਉਹ ਸਮਝ ਗਿਆ। ਮੈਂ ਫਿਲੌਰ ਪੁੱਜਿਆ ਤਾਂ ਮੇਰੇ ਇੱਕ ਸਾਥੀ ਨੂੰ ਇਹ ਗੱਲ ਪਤਾ ਲੱਗੀ, ਉਹ ਸਿਆਣੀ ਉਮਰ ਦੇ ਸਨ ਤੇ ਮੈਨੂੰ ਕਹਿਣ ਲੱਗੇ, ''ਖੁਸ਼ੀ ਨਾਲ ਦਿੱਤੇ ਪੈਸੇ ਕੰਮ ਹੋਣ ਤੋਂ ਪਿੱਛੋਂ ਰਿਸ਼ਵਤ ਨਹੀਂ।'' ਮੈਂ ਹੱਸ ਕੇ ਸਾਰ ਦਿੱਤਾ। ਸੇਵਾ ਤਾਂ ਪਹਿਲਾਂ ਵੀ ਕਰਾਈ ਜਾ ਸਕਦੀ ਹੈ।
ਫਿਲੌਰ ਬਹੁਤ ਮਨ ਲੱਗਦਾ ਸੀ, ਦੂਜਿਆਂ ਨਾਲੋਂ ਉਮਰ ਵਿੱਚ ਮੈਂ ਛੋਟਾ ਸੀ ਤੇ ਬਾਕੀ ਸਾਰੇ ਮੇਰੀ ਉਮਰ ਤੋਂ ਵੱਡੇ ਸੀ। ਉਸਤਾਦ ਪੀ.ਟੀ. ਸਮੇਂ ਸਾਨੂੰ ਪਹਿਲੀ ਤਿਕੜੀ ਵਿੱਚ ਲਾ ਦਿੰਦੇ ਤੇ ਤੇਜ ਭੱਜਣ ਲਈ ਕਹਿੰਦੇ। ਸਾਥੀ ਹਮੇਸ਼ਾ ਕਹਿੰਦੇ ਹਨ ਕਿ ਰੇਸ ਹੌਲੀ ਰੱਖੀ ਜਾਵੇ। ਸਾਨੂੰ ਦੋਵਾਂ ਧਿਰਾਂ ਦੀ ਗੱਲ ਮੰਨਣੀ ਪੈਂਦੀ। ਸਤੰਬਰ ਵਿੱਚ ਸਾਡਾ ਕੋਰਸ ਪਾਸ ਹੋ ਗਿਆ। ਪਰ ਪੰਜਾਬ ਦੇ ਸਹਾਇਕ ਥਾਣੇਦਾਰਾਂ ਨੂੰ ਫਿਲੌਰ ਰੱਖ ਲਿਆ ਜਾਂਦਾ ਸੀ। ਸਾਨੂੰ ਉਸ ਮਹੀਨੇ ਡਿਊਟੀ ਕਰਨੀ ਪੈਂਦੀ। ਅਕਸਰ ਵਿਹਲ ਹੀ ਸੀ ਤੇ ਛੁੱਟੀ ਅਕਸਰ ਮਿਲ ਜਾਂਦੀ ਸੀ। ਗੁਰਦੁਆਰਾ ਸਾਹਿਬ ਅਪਰ ਦੇ ਵਿਦਿਆਰਥੀਆਂ ਰਾਹੀਂ ਹੀ ਤਕਰੀਬਨ ਚੱਲਦਾ ਸੀ। ਐਤਵਾਰ ਨੂੰ ਜਾਣ ਦੀ ਖੁੱਲ੍ਹ ਸੀ ਅੱਗੇ ਪਿੱਛੇ ਇਤਰਾਜ ਹੁੰਦਾ। ਇੰਟਰ ਜਮਾਤ ਦੇ ਆਉਣ ਤੋਂ ਪਹਿਲਾਂ ਅਪਰ ਵਾਲਿਆਂ ਦੀ ਹੀ ਡਿਊਟੀ ਹੁੰਦੀ। ਉਸ ਸਮੇਂ ਕਈ ਅਜੀਬ ਤਜਰਬੇ ਹੋਏ। ਇੱਕ ਦਿਨ ਮੇਰੀ ਡਿਊਟੀ ਕੰਟੀਨ ਤੇ ਸੀ। ਇੱਕ ਵੱਡੇ ਅਫਸਰ ਦੇ ਘਰੋਂ 10 ਕਿਲੋ ਦੁੱਧ ਆਇਆ। ਮੈਨੂੰ ਕੰਟੀਨ ਦਾ ਮੁੱਖੀ ਕਹਿਣ ਲੱਗਿਆ 15 ਕਿਲੋ ਲਿਖ ਦਿਓ। ਮੈਂ ਲਿਖਣ ਤੋਂ ਇਨਕਾਰੀ ਸੀ ਤਾਂ ਮੈਨੂੰ 2-3 ਇੰਸਪੈਕਟਰਾਂ ਨੇ ਲਿਖ ਦੇਣ ਦੀ ਸਲਾਹ ਦਿੱਤੀ। ਮੈਂ ਲਿਖ ਤਾਂ ਦਿੱਤਾ, ਮੇਰੀ ਡਿਊਟੀ ਇੱਕ ਦਿਨ ਮੈਸ ਤੇ ਸੀ, ਉੱਥੇ 25 ਕਿਲੋ ਮੀਟ ਆਇਆ ਤਾਂ ਮੈਨੂੰ ਕਹਿਣ ਲੱਗੇ 30 ਕਿਲੋ ਲਿਖ ਦਿਓ। ਮੈਂ ਅੜ ਗਿਆ ਪਤਾ ਲੱਗਦਾ ਸੀ ਕਿ ਕਿਸੇ ਵੱਡੇ ਅਫਸਰ ਦੇ ਘਰ ਸਮੇਂ-ਸਮੇਂ ਸਿਰ ਜਾਣਾ ਹੈ। ਮੈਨੂੰ ਬਹੁਤ ਮਿਲਣਸਾਰ ਤੇ ਇਮਾਨਦਾਰ ਪੀ.ਆਈ. ਕਹਿਣ ਲੱਗੇ ਕਿ ਲਿਖ ਦਿਓ ਪਰ ਮੇਰੇ ਮਨ ਤੇ ਬੋਝ ਸੀ। ਉਸ ਪਿੱਛੋਂ ਮੇਰੀ ਇਹ ਡਿਊਟੀ ਬੰਦ ਹੋ ਗਈ ਤੇ ਮੈਂ ਸ਼ੁਕਰ ਕੀਤਾ।
ਫਿਲੌਰ ਵਿਖੇ ਪਰੇਡ ਪੀ.ਟੀ. ਤੋਂ ਬਿਨਾਂ ਘੋੜ ਸਵਾਰੀ ਵੀ ਸੀ। ਆਮ ਮੁਲਾਜਮ ਘੋੜ ਸਵਾਰੀ ਤੋਂ ਡਰਦੇ ਸਨ, ਪਰ ਮੈਂ ਦੂਜਿਆਂ ਦੀ ਘੋੜ ਸਵਾਰੀ ਦੀ ਵਾਰੀ ਵੀ ਲੈ ਲੈਂਦਾ। ਘੋੜੀਆਂ, ਘੋੜੇ ਬਹੁਤ ਸਿੱਖਿਅਤ ਅਤੇ ਮਜਬੂਤ ਸਨ। ਉਨ੍ਹਾਂ ਨੂੰ ਖੁਰਾਕ ਚੰਗੀ ਤੇ ਸਮੇਂ ਸਿਰ ਮਿਲਦੀ ਸੀ। ਘੋੜ ਸਵਾਰੀ ਦੇ ਉਸਤਾਦ ਅਕਸਰ ਜਾਣ ਕੇ ਮੈਨੂੰ ਅੜਬ ਘੋੜਾ ਦਿੰਦੇ ਤੇ ਮੈਂ ਸਫਲਤਾਂ ਨਾਲ ਸਵਾਰੀ ਕਰਦਾ ਰਿਹਾ। ਉੱਥੇ ਕੰਡਿਆਲੇ ਸ਼ਖਤ ਨਹੀਂ ਹੁੰਦੇ। ਇੱਕ ਵਾਰੀ ਇੱਕ ਮੋਤੀ ਘੋੜਾ ਮੇਰੇ ਤੋਂ ਬੇਕਾਬੂ ਹੋ ਕੇ ਦਰਿਆ ਵਿੱਚ ਲੈ ਵੜਿਆ। ਮੇਰਾ ਗੋਡਾ ਠੁਕ ਗਿਆ ਪਰ ਸਾਈਸ ਨੇ ਇੱਕ ਮਿੰਟ ਵਿੱਚ ਠੀਕ ਕਰ ਦਿੱਤਾ, ਭਾਵੇਂ ਫੇਰ ਸੁੱਜ ਗਿਆ, ਮੈਂ ਕਈ ਦਿਨ ਔਖਾ ਵੀ ਰਿਹਾ। ਫਿਲੌਰ ਵਿਖੇ ਮੈਨੂੰ ਇੱਕ ਇਮਾਨਦਾਰ ਮਿਹਨਤੀ ਤੇ ਭਰੋਸਾ ਕਰਨ ਵਾਲੇ ਸ. ਬਲਵਿੰਦਰ ਸਿੰਘ ਨਾਲ ਮੇਲ ਹੋਇਆ, ਉਹ ਆਪਣੇ ਕੰਮ ਦੇ ਹਰ ਪੱਖ ਤੋਂ ਮੋਹਰੀ ਹੁੰਦੇ ਸਨ। ਸੰਗਰੂਰ ਤੇ ਹੋਰ ਜਿਲ੍ਹਿਆਂ ਵਿੱਚ ਸਰਕਾਰੀ ਵਕੀਲ ਵੀ ਰਹੇ ਸਨ। ਹਰ ਸਮੇਂ ਉਨ੍ਹਾਂ ਨੇ ਚੰਗੀ ਰਾਇ ਦਿੱਤੀ। ਉਨ੍ਹਾਂ ਦਾ ਪਿੰਡ ਦਿਆਲਪੁਰਾ ਮਿਰਜਾ ਸੀ। ਉਨ੍ਹਾਂ ਕੋਲ ਮੇਰੀ ਸੋਹਰਤ ਮੇਰੇ ਫਿਲੌਰ ਜਾਣ ਤੋਂ ਪਹਿਲਾਂ ਹੀ ਪਹੁੰਚ ਗਈ। ਅਗਲੀ ਜਿੰਦਗੀ ਵਿੱਚ ਉਹ ਸਫਲ ਕਾਨੂੰਨ ਮਾਹਰ ਪੁਲਿਸ ਵਿਭਾਗ ਤੇ ਵਿਜੀਲੈਂਸ ਦੇ ਹੋਏ। ਸੀਨੀਅਰ ਅਫਸਰ ਉਨ੍ਹਾਂ ਤੋਂ 15-20 ਸਾਲ ਸੇਵਾ ਮੁਕਤੀ ਪਿੱਛੋਂ ਵੀ ਸੇਵਾਵਾਂ ਲੈਂਦੇ ਰਹੇ।
ਕੋਈ ਸਤੰਬਰ ਦਾ ਅਖੀਰ ਸੀ, ਮੈਂ ਕੰਟੀਨ ਵੱਲ ਕਿਲੇ ਤੋਂ ਆ ਰਿਹਾ ਸੀ ਤਾਂ ਮੈਨੂੰ ਸ. ਦੀਵਾਨ ਸਿੰਘ ਉਸਤਾਦ ਮਿਲ ਗਏ, ਉਹ ਕਹਿਣ ਲੱਗੇ ਕਿ ਉਹ ਮੇਰੇ ਵੱਲ ਹੀ ਆ ਰਹੇ ਸਨ ਤੇ ਮੈਨੂੰ ਕਿਹਾ ਕਿ ਤੈਨੂੰ ਗਿਆਨੀ ਕਰਤਾਰ ਸਿੰਘ ਕੰਟੀਨ ਵਿੱਚ ਬੈਠੇ ਉਡੀਕ ਰਹੇ ਹਨ। ਉਸ ਸਮੇਂ ਗਿਆਨੀ ਕਰਤਾਰ ਸਿੰਘ ਇੱਕ ਬੜਾ ਵੱਡਾ ਪੰਜਾਬ ਦਾ ਨਾਂ ਸੀ। ਮੈਂ ਕਦੇ ਕਿਸੇ ਦੇ ਪੈਂਰੀ ਜਾਂ ਗੋਡੀ ਹੱਥ ਨਹੀਂ ਸੀ ਲਾਏ, ਪਰ ਮੈਂ ਉਨ੍ਹਾਂ ਦੇ ਗੋਡਿਆਂ ਦੀ ਸੋਹ ਛੋਹ ਕਾਫੀ ਸਮਾਂ ਪਹਿਲਾਂ ਮੇਰਠ ਦੇ ਗੁਰਦੁਆਰੇ ਵਿੱਚ ਉਨ੍ਹਾਂ ਦੇ ਆਚਰਣ, ਸਚਾਈ ਤੇ ਇਮਾਨਦਾਰੀ ਦੀ ਸੋਹਰਤ ਕਾਰਨ ਕਰ ਚੁੱਕਿਆ ਸੀ। ਉਨ੍ਹਾਂ ਦੇ ਨਾਲ ਸ. ਜਗਦੇਵ ਸਿੰਘ ਖੁੱਡੀਆਂ ਜੋ ਬਾਅਦ ਵਿੱਚ ਐਮ.ਪੀ. ਵੀ ਬਣੇ ਤੇ ਸ. ਕਾਬਲ ਸਿੰਘ ਤੋਂ ਇਲਾਵਾ ਡਰਾਇਵਰ ਵੀ ਸੀ, ਚਾਹ ਪਾਣੀ ਤੋਂ ਪਿੱਛੋਂ ਗਿਆਨੀ ਜੀ ਖੁੱਲੀਆਂ ਗੱਲਾਂ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਭਦੌੜ ਦੇ ਇਲਾਕੇ ਦੇ ਲੋਕ 1957 ਵਿੱਚ ਸ. ਗਿਆਨ ਸਿੰਘ ਰਾੜੇਵਾਲਾ ਸਿੰਜਾਈ ਮੰਤਰੀ ਨੂੰ ਚੰਡੀਗੜ੍ਹ ਮਿਲਣ ਆਏ ਤੇ ਐਸ.ਡੀ.ਓ. ਸਿੰਜਾਈ ਦੀ ਬਦਲੀ ਚਾਹੁੰਦੇ ਸਨ ਕਿਉਂਕਿ ਉਹਦੇ ਕੰਮ ਵਿੱਚ ਕੁੱਝ ਤਰੁਟੀਆਂ ਸਨ। ਉਨ੍ਹਾਂ ਨੇ ਮੁੱਖ ਇੰਜੀਨੀਅਰ ਸੱਦਿਆ ਤੇ ਸਬੰਧਤ ਕਰਮਚਾਰੀ ਦੀ ਬਦਲੀ ਕਰਨ ਲਈ ਕਿਹਾ, ਪਰ ਮੁੱਖ ਇੰਜੀਨੀਅਰ ਨੇ ਕਹਿ ਦਿੱਤਾ ਕਿ ਬਦਲੀਆਂ ਦਾ ਸੀਜਨ ਲੰਘ ਗਿਆ ਹੈ, ਹੁਣ ਨਹੀਂ ਹੋ ਸਕਦੀ। ਉਹ ਉਨ੍ਹਾਂ ਕੋਲ ਵੀ ਆ ਗਏ ਤੇ ਸਾਰੀ ਗੱਲ ਦੱਸੀ। ਮੈਂ ਵੀ ਫੇਰ ਮੁੱਖ ਇੰਜੀਨੀਅਰ ਨੂੰ ਸੱਦਿਆ ਤਾਂ ਉਨ੍ਹਾਂ ਨੇ ਫੇਰ ਉਹੀ ਗੱਲ ਕਹੀ ਕਿ ਬਦਲੀਆਂ ਦਾ ਸਮਾਂ ਲੰਘ ਗਿਆ ਹੈ ਤਾਂ ਗਿਆਨੀ ਜੀ ਨੇ ਕਿਹਾ ਕਿ ਉਹ ਉਹਦੀ ਬਦਲੀ ਕਰਦੇ ਹਨ ਤੇ ਇਸ ਦੀ ਪ੍ਰਵਾਨਗੀ ਸ. ਪ੍ਰਪਾਤ ਸਿੰਘ ਕੈਰੋਂ ਮੁੱਖ ਮੰਤਰੀ ਮੰਤਰੀ ਤੋਂ ਬਾਅਦ ਵਿੱਚ ਲੈ ਲੈਣਗੇ ਤਾਂ ਚੀਫ ਸਾਹਿਬ ਦੇ ਪੈਰ ਹੇਠੋਂ ਧਰਤੀ ਖਿਸਕੀ ਤੇ ਸਬੰਧਤ ਬਦਲੀ ਕਰ ਦਿੱਤੀ।
ਜਾਣ ਤੋਂ ਪਹਿਲਾਂ ਕਹਿਣ ਲੱਗੇ, ਇਹ ਕਾਬਲ ਸਿੰਘ ਮੇਰਾ ਪੀ.ਏ. ਤੇ ਐਮ.ਐਲ.ਸੀ. ਰਿਹਾ ਹੈ। ਤੈਨੂੰ ਮਿਲਾਉਣਾ ਸੀ, ਸ. ਕਾਬਲ ਸਿੰਘ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਤੇ ਇੱਕ ਸਾਲ ਪ੍ਰਧਾਨ ਵੀ ਰਹੇ। ਦੂਜੇ ਸ. ਜਗਦੇਵ ਸਿੰਘ ਖੁੱਡੀਆਂ ਸਨ ਤਾਂ ਗਿਆਨੀ ਜੀ ਕਹਿਣ ਲੱਗੇ ਕਿ ਤੇਰੇ ਚਾਚਾ ਗਿਆਨੀ ਸ਼ੇਰ ਸਿੰਘ ਦੀ ਸਿਆਸਤ ਦਾ ਸ਼ਰਧਾਲੂ ਹੈ, ਉਸ ਸਮੇਂ ਤਾਂ ਸਿਆਸਤ ਵਿੱਚ ਨਹੀਂ ਸੀ, ਇਮਾਨਦਾਰ, ਸਾਫ ਤੇ ਨੇਕ ਇਨਸ਼ਾਨ ਹੈ ਤੇ ਤੇਰੇ ਭਰਾ ਦੇ ਸਮਾਨ ਹੈ। ਸ. ਖੁੱਡੀਆਂ ਸਾਰੀ ਉਮਰ ਇੱਕ ਵੱਡੇ ਭਰਾ ਵਾਂਗ ਹੀ ਨਿਭੇਂ। ਬਹੁਤ ਆਦਮੀ ਦੇਖੇ ਹਨ ਤੇ ਸਮਾਂ ਆਉਣ ਤੇ ਨਿਭ ਨਹੀਂ ਸਕਦੇ, ਉਹ ਸਪੱਸ਼ਟ ਵੀ ਸਨ। ਇੱਕ ਸਮੇਂ ਉਹ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸਨ ਤੇ ਭੂੰਦੜ ਸਾਹਿਬ ਖੇਤੀਬਾੜੀ ਮੰਤਰੀ। ਭੂੰਦੜ ਸਾਹਿਬ ਵੱਡਾ ਰੈਂਕ ਸਮਝਦੇ ਸਨ, ਪਰ ਖੁੱਡੀਆਂ ਕਹਿਣ ਲੱਗੇ ਕਿ ਭੂੰਦੜ ਸਾਹਿਬ ਵਜੀਰ ਦੇ ਤੌਰ ਤੇ ਤੁਸੀਂ ਮੇਰੇ ਤੋਂ ਵੱਡੇ ਹੋ, ਪਰ ਪਾਰਟੀ ਵਿੱਚ ਮੈਂ ਤੁਹਾਡੇ ਤੋਂ ਵੱਡਾ ਹਾਂ। ਅੱਜ ਕੱਲ ਸੱਚੇ ਤੇ ਇਮਾਨਦਾਰ ਸਿਆਸਤਦਾਨ ਮਿਲ ਨਹੀਂ ਰਹੇ।
ਅੱਜ ਦੀ ਪੰਥਕ ਸਿਆਸਤ ਵਿੱਚ ਗਿਆਨੀ ਕਰਤਾਰ ਸਿੰਘ ਤੇ ਸ. ਜਗਦੇਵ ਸਿੰਘ ਵਰਗੀ ਲੀਡਰਸਿੱਪ ਦੀ ਘਾਟ ਖੜਕਦੀ ਹੈ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279
29 April 2018