ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26 Sept. 2021
ਜਾਖੜ ਦੀ ਕਾਂਗਰਸ ਪਾਰਟੀ ਨਾਲ਼ ਨਾਰਾਜ਼ਗੀ ਹੋਈ ਖ਼ਤਮ- ਇਕ ਖ਼ਬਰ
ਗੁੱਸੇ ਗ਼ਿਲੇ ਦੂਰ ਕਰ ਕੇ, ਆ ਜਾ ਕਰੀਏ ਦਿਲਾਂ ਦੇ ਸੌਦੇ।
ਰਾਕੇਸ਼ ਟਿਕੈਤ ਵਲੋਂ ਯੋਗੀ ਸਰਕਾਰ ਨੂੰ ਤਾੜਨਾ- ਇਕ ਖ਼ਬਰ
ਟੁੱਟ ਪੈਣੇ ਛੜੇ ਜੇਠ ਨੇ, ਮੇਰੇ ਮੂੰਹ ‘ਤੇ ਬੈਟਰੀ ਮਾਰੀ।
ਈਰਖਾ ਕਾਰਣ ਮੈਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿਤੀ ਗਈ- ਮਮਤਾ
ਤੀਆਂ ਨੂੰ ਹਟਾਉਣ ਵਾਲਿਆ, ਤੇਰਾ ਹੋਵੇ ਨਰਕਾਂ ਵਿਚ ਵਾਸਾ।
ਚੀਨ ਨੇ ਤਾਲਿਬਾਨ ਤੋਂ ਪਾਬੰਦੀ ਹਟਾਉਣ ਦੀ ਕੀਤੀ ਅਪੀਲ- ਇਕ ਖ਼ਬਰ
ਦਾਲ਼ ਮੰਗੇਂ ਛੜਿਆਂ ਤੋਂ, ਤੈਨੂੰ ਸ਼ਰਮ ਨਾ ਗੁਆਂਢਣੇ ਆਵੇ।
ਕਿਸਾਨਾਂ ਲਈ ਇਨਸਾਫ਼ ਦੀ ਲੜਾਈ ਲੜੇਗਾ ਅਕਾਲੀ ਦਲ- ਸੁਖਬੀਰ ਬਾਦਲ
ਤੱਤੇ ਤਵੇ ‘ਤੇ ਬੈਠ ਜਾ ਭਾਵੇਂ, ਤੇਰਾ ਕਿਸੇ ਯਕੀਨ ਨਹੀਂ ਕਰਨਾ।
ਪੰਜਾਬ ‘ਚ ਦਲਿਤ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਚੁਣਾਵੀ ਹੱਥਕੰਡਾ- ਮਾਇਆਵਤੀ
ਹੱਥਕੰਡੇ ਵਰਤੇ ਬਿਨਾ ਸਿਆਸਤ ਖੇਡਣ ਦਾ ਮਜ਼ਾ ਹੀ ਕੀ ਬੀਬੀ ਜੀ !
ਸੁਨੀਲ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ- ਇਕ ਖ਼ਬਰ
ਅੜੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ!
ਡਾ. ਨਵਜੋਤ ਕੌਰ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਪੁੱਛੇ ਕਈ ਸਵਾਲ-ਇਕ ਖ਼ਬਰ
ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਅਮਰਿੰਦਰ ਸਿੰਘ ਰਾਸ਼ਟਰਵਾਦੀ ਐ, ਇਸ ਲਈ ਰਾਜਨੀਤਕ ਮੌਤ ਉਸ ਨੂੰ ਮਾਰਿਆ-ਅਨਿਲ ਵਿਜ
ਤੁਸੀਂ ਜੋ ਵੀ ਹੋ ਬਸ ਸਾਡੇ ਕੋਲ਼ ਆਉ ਜੀ, ਮੋਹਰ ਰਾਸ਼ਟਰਵਾਦ ਦੀ ਸਾਡੇ ਤੋਂ ਲੁਆਉ ਜੀ।
ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤਾਂ ਉਸ ਵਿਰੁੱਧ ਮਜ਼ਬੂਤ ਉਮੀਦਵਾਰ ਉਤਾਰਾਂਗਾ- ਕੈਪਟਨ
ਅੱਗ ਭੜਕਦੀ ਭੜਕਦੀ ਭੜਕ ਜਾਂਦੀ, ਪੌਣ ਛੇੜਦੀ ਜਦੋਂ ਚੰਗਿਆੜਿਆਂ ਨੂੰ।
ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ‘ਤੇ ਰੋਕ ਲਗਵਾਉਣ ਸਿੱਧੂ- ਅਸ਼ਵਨੀ ਸ਼ਰਮਾ
ਤੁਸੀਂ ਪਹਿਲਾਂ ਅਡਾਨੀ ਦੀ ਬੰਦਰਗਾਹ ਤੋਂ ਤਾਂ ਬੰਦ ਕਰਵਾਉ।
ਅੰਦਰੂਨੀ ਖਿੱਚੋਤਾਣ ਨੇ ਕਾਂਗਰਸ ਲੀਡਰਸ਼ਿੱਪ ਕੀਤੀ ਕਮਜ਼ੋਰ- ਤੋਮਰ
ਤੁਝੇ ਪਰਾਈ ਕਿਆ ਪੜੀ ਤੂ ਅਪਨੀ ਨਿਬੇੜ।
ਗੁਰਮੁਖੀ ਲਿਖਣ ਤੇ ਪੜ੍ਹਨ ਦੇ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫੇਲ੍ਹ- ਇਕ ਖ਼ਬਰ
ਉਹਦੇ ਨਾਲ਼ ਕੀ ਬੋਲਣਾ, ਜਿਹਨੂੰ ਪੱਗ ਬੰਨ੍ਹਣੀ ਨਾ ਆਵੇ।
ਹੁਣ ਬਾਦਲ ਦਲ ਦੇ ਆਗੂ ਕਿਸਾਨ ਮੋਰਚੇ ਨੂੰ ਕਰਨ ਲੱਗੇ ਬਦਨਾਮ- ਰਾਜੇਵਾਲ
ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ਼ ਸੀ ਉਸ ਦੀ ਗ਼ੈਰਸਾਲੀ।
ਕੁਰਸੀ ਜਾਣ ਤੋਂ ਬਾਅਦ ਬੋਰਡਾਂ ਤੋਂ ਵੀ ਗ਼ਾਇਬ ਹੋਈ ਕੈਪਟਨ ਦੀ ਤਸਵੀਰ- ਇਕ ਖ਼ਬਰ
ਚੜ੍ਹਦੇ ਸੂਰਜ ਨੂੰ ਸਲਾਮਾਂ !
ਸਾਡੀ ਪਾਰਟੀ ‘ਚ ਆਉਣਾ ਚਾਹੁਣ ਤਾਂ ਕੈਪਟਨ ਸਾਹਿਬ ਦਾ ਸਵਾਗਤ ਹੈ- ਢੀਂਡਸਾ
ਤੁਹਾਡੇ ‘ਚ ਆਉਣ ਨਾਲੋਂ ਉਹ ਭਤੀਜੇ ਨਾਲ ਰਲ਼ਣਾ ਵਧੇਰੇ ਪਸੰਦ ਕਰੂ।