ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
19 Sept. 2021
ਹਾਈ ਕਮਾਨ ਦੇ ਰਵੱਈਏ ਨੇ ਅਪਮਾਨਿਤ ਕੀਤਾ- ਕੈਪਟਨ
ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।
ਲੋਕਾਂ ਨਾਲ ਟਕਰਾਉਣ ਵਾਲ਼ੀਆਂ ਸਰਕਾਰਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ-ਚੜੂਨੀ
ਤਾਜਦਾਰਾਂ ਨਾ ਅਮੀਰਾਂ ਦੇ, ਦੀਵੇ ਜਗਦੇ ਰਹਿਣ ਫ਼ਕੀਰਾਂ ਦੇ।
ਕਿਸਾਨਾਂ ਦੇ ਪ੍ਰਦਰਸ਼ਨਾਂ ਲਈ ਮੇਰੀ ਅਪੀਲ ਨੂੰ ਗ਼ਲਤ ਰੰਗਤ ਦਿਤੀ ਗਈ- ਕੈਪਟਨ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਸ਼੍ਰੋਮਣੀ ਕਮੇਟੀ ਪ੍ਰਧਾਨ ਸਿਆਸਤ ਵਲ ਘੱਟ ਧਿਆਨ ਦੇ ਕੇ ਗੁਰਦੁਆਰਾ ਪ੍ਰਬੰਧ ਵਲ ਦੇਣ- ਰਾਜਾਸਾਂਸੀ
ਗ਼ੈਰਾਂ ਨਾਲ਼ ਤੂੰ ਬੇਲੇ ਵਿਚ ਘੁੰਮੇ, ਨਹੀਂ ਮੱਝੀਂ ਦੇ ਵਲ ਧਿਆਨ ਤੇਰਾ।
ਹਰੀਸ਼ ਰਾਵਤ ਵਲੋਂ ਸੋਨੀਆ ਨੂੰ ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਦੀ ਅਪੀਲ- ਇਕ ਖ਼ਬਰ
ਮੋਤੀ ਖਿੱਲਰ ਗਏ, ਚੁਗ ਲੈ ਕਬੂਤਰ ਬਣ ਕੇ।
ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਧਰਨਾਕਾਰੀ ਸਿੱਖਾਂ ਵਿਚ ਆ ਕੇ ਬੈਠਣਾ ਚਾਹੀਦਾ ਹੈ- ਜਥੇਦਾਰ
‘ਵੱਡੇ ਮਾਲਕਾਂ’ ਦਾ ਹੁਕਮ ਜਦ ਹੋਊ ਸਾਨੂੰ, ਬੈਠ ਜਾਵਾਂਗੇ ਅਸੀਂ ਨਿਸ਼ੰਗ ਉੱਥੇ।
ਵਿਵਾਦਤ ਬਿਆਨ ‘ਤੇ ਭਾਜਪਾ ਆਗੂ ਹਰਿੰਦਰ ਕਾਹਲੋਂ ਨੇ ਮੰਗੀ ਮੁਆਫ਼ੀ-ਇਕ ਖ਼ਬਰ
ਤੀਂਘੜਦੈਂ! ਸਾਨ੍ਹ ਹੁੰਨੇ ਆਂ, ਹੁਣ ਮੋਕ ਮਾਰਦੈਂ! ਗਊ ਦਾ ਜਾਇਆ ਜੁ ਹੋਇਆ।
ਟ੍ਰਿਬਿਊਨਲਾਂ ‘ਚ ਹੋ ਰਹੀ ਹੈ ਪਸੰਦੀਦਾ ਵਿਅਕਤੀਆਂ ਦੀ ਨਿਯੁਕਤੀ- ਸੁਪਰੀਮ ਕੋਰਟ
ਅੰਨ੍ਹਾਂ ਵੰਡੇ ਰਿਉੜੀਆਂ.............
ਦਿੱਲੀ ਚੋਣਾਂ ‘ਚ ਬਾਦਲਾਂ ਦੀ ਹੁੱਲੜਬਾਜ਼ੀ ਨੇ ਸਾਰੀ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ-ਸਰਬਜੀਤ ਸਿੰਘ ਭੂਟਾਨੀ
ਮਾਉਂ ਹੀਰ ਥੀਂ ਲੋਕ ਕਰਨ ਚੁਗਲੀ, ਤੇਰੀ ਮਲਕੀਏ ਧੀ ਖ਼ਰਾਬ ਹੈ ਨੀ।
ਮੋਦੀ ਤੇ ਸ਼ਾਹ ਦੀ ਬੋਲੀ ਬੋਲਣ ਲੱਗੇ ਕੈਪਟਨ ਅਮਰਿੰਦਰ ਸਿੰਘ- ਸੀ.ਪੀ.ਆਈ.
ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।
ਕਿਸਾਨ ਜਥੇਬੰਦੀਆਂ ਵਲੋਂ ਸੁਖਬੀਰ ਖ਼ਿਲਾਫ਼ ਪ੍ਰਦਰਸ਼ਨ ਦੀਆਂ ਤਿਆਰੀਆਂ-ਇਕ ਖ਼ਬਰ
ਮੁੰਡਿਆਂ ਨੇ ਘੇਰ ਲੈਣੀ, ਜਦੋਂ ਨਿੱਕਲੂ ਪਟੋਲਾ ਬਣ ਕੇ।
ਕਾਬੁਲ ਤੋਂ ਭੱਜ ਰਹੇ ਹਨ ਅਫ਼ਗਾਨ ਸੰਗੀਤਕਾਰ-ਇਕ ਖ਼ਬਰ
ਸੂਰਜ ਭੱਜ ਵੜਿਆ ਵਿਚ ਬਦਲੀਂ, ਡਰਦਾ ਲਿਸ਼ਕ ਨਾ ਮਾਰੇ।
ਹਰਿੰਦਰ ਕਾਹਲੋਂ ਦੇ ਬਿਆਨ ਨਾਲ਼ ਭਾਜਪਾ ਕਸੂਤੀ ਫ਼ਸੀ- ਇਕ ਖ਼ਬਰ
ਕੰਤ ਨਿਆਣੇ ਦਾ, ਖਾ ਗਿਆ ਹੱਡਾਂ ਨੂੰ ਝੋਰਾ।
ਮੇਰੇ ਦਾਦਾ ਗਿਆਨੀ ਜ਼ੈਲ ਸਿੰਘ ਕਾਂਗਰਸ ਪਾਰਟੀ ਤੋਂ ਦੁਖੀ ਸਨ- ਗਿਆਨੀ ਜੀ ਦਾ ਪੋਤਾ
ਥੋੜ੍ਹੀ ਦੇਰ ਠਹਿਰ ਕਾਕਾ ਤੂੰ ਭਾਜਪਾ ਤੋਂ ਵੀ ਦੁਖੀ ਹੋਵੇਂਗਾ।
ਪੈਗਾਸਸ ਮਾਮਲੇ ‘ਚ ਸਰਕਾਰ ਹਲਫ਼ਨਾਮਾ ਦੇਣ ਲਈ ਤਿਆਰ ਨਹੀਂ- ਇਕ ਖ਼ਬਰ
ਚੋਰ ਦੀ ਦਾੜ੍ਹੀ ਵਿਚ ਤਿਣਕਾ।