ਅਮਰੀਕਾ ਦੀ ਦਲਾਲੀ - ਚੰਦ ਫਤਿਹਪੁਰੀ
ਭਾਜਪਾ ਨੇ ਆਪਣੇ ਪਹਿਲੇ ਸਵਰੂਪ ਜਨਸੰਘ ਤੋਂ ਲੈ ਕੇ ਅੱਜ ਤੱਕ ਕੋਈ ਅਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ, ਜਦੋਂ ਉਸ ਨੇ ਸਾਮਰਾਜੀ ਸ਼ਕਤੀਆਂ ਦੀ ਦਲਾਲੀ ਨਾ ਕੀਤੀ ਹੋਵੇ । ਅਜ਼ਾਦੀ ਦੀ ਜੰਗ ਸਮੇਂ ਇਹ ਲੋਕ ਬਰਤਾਨਵੀ ਹਾਕਮਾਂ ਦੀ ਗੁਲਾਮੀ ਕਰਦੇ ਰਹੇ ਤੇ ਠੰਡੀ ਜੰਗ ਦੌਰਾਨ ਇਹ ਸੋਵੀਅਤ ਕੈਂਪ ਦੇ ਵਿਰੋਧ ਵਿੱਚ ਅਮਰੀਕੀ ਸਾਮਰਾਜੀਆਂ ਦਾ ਦੁੰਮਛੱਲਾ ਬਣੇ ਰਹੇ । ਸਾਡੇ ਦੇਸ਼ ਨੇ ਸਾਮਰਾਜਵਾਦ ਵਿਰੁੱਧ ਲੜਦਿਆਂ ਅਣਗਿਣਤ ਕੁਰਬਾਨੀਆਂ ਦੇ ਕੇ ਅਜ਼ਾਦੀ ਹਾਸਲ ਕੀਤੀ ਸੀ । ਅਜ਼ਾਦੀ ਤੋਂ ਬਾਅਦ ਭਾਰਤ ਨੇ ਸਾਮਰਾਜ ਵਿਰੋਧੀ ਪੈਂਤੜਾ ਲੈਂਦਿਆਂ ਗੁੱਟ ਨਿਰਲੇਪ ਲਹਿਰ ਤਿਆਰ ਕਰਕੇ ਸਾਮਰਾਜੀ ਲੁੱਟ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਇੱਕ ਨਵਾਂ ਰਾਹ ਦਿਖਾਇਆ ਸੀ । ਲੱਗਭੱਗ 250 ਸਾਲ ਚੱਲੀ ਸਾਮਰਾਜ ਵਿਰੋਧੀ ਅਜ਼ਾਦੀ ਦੀ ਜੰਗ ਨੇ ਸਾਡੇ ਲੋਕਾਂ ਵਿੱਚ ਸਾਮਰਾਜ ਵਿਰੋਧ ਦਾ ਅਜਿਹਾ ਜਜ਼ਬਾ ਭਰ ਦਿੱਤਾ ਸੀ ਕਿ ਇਸ ਦੀ ਅਣਦੇਖੀ ਕਿਸੇ ਵੀ ਹਕੂਮਤ ਲਈ ਸੌਖੀ ਨਹੀਂ ਰਹੀ । ਸੰਨ 1991 ਵਿੱਚ ਜਦੋਂ ਚੰਦਰ ਸ਼ੇਖਰ ਸਰਕਾਰ ਨੇ ਇਰਾਕ ਉੱਤੇ ਹਮਲੇ ਸਮੇਂ ਅਮਰੀਕੀ ਜਹਾਜ਼ਾਂ ਨੂੰ ਮੁੰਬਈ ਵਿੱਚੋਂ ਤੇਲ ਭਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਸਾਰੇ ਦੇਸ਼ ਵਿੱਚ ਇਸ ਦਾ ਜ਼ਬਰਦਸਤ ਵਿਰੋਧ ਹੋਇਆ ਸੀ । ਨਾਟੋ ਦੇਸ਼ਾਂ ਵੱਲੋਂ ਅਫ਼ਗਾਨਿਸਤਾਨ 'ਤੇ ਹਮਲੇ ਸਮੇਂ ਵਾਜਪਾਈ ਸਰਕਾਰ ਚਾਹੁੰਦੇ ਹੋਏ ਵੀ ਆਪਣਾ ਜੰਗੀ ਬੇੜਾ ਲੜਾਈ ਵਿੱਚ ਭੇਜਣ ਦੀ ਹਿੰਮਤ ਨਹੀਂ ਸੀ ਕਰ ਸਕੀ, ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਲੋਕਾਂ ਦੇ ਰੋਹ ਦਾ ਸਾਹਮਣਾ ਨਹੀਂ ਕਰ ਸਕੇਗੀ ।
ਦੇਸ਼ ਵਿੱਚ ਮੋਦੀ ਸਰਕਾਰ ਦੀ ਆਮਦ ਤੋਂ ਬਾਅਦ ਇਸ ਵੱਲੋਂ ਇੱਕ ਤੋਂ ਪਿੱਛੋਂ ਇੱਕ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ, ਜਿਹੜੇ ਸਾਡੀਆਂ ਅਜ਼ਾਦੀ ਤੋਂ ਬਾਅਦ ਦੀਆਂ ਸਭ ਪ੍ਰਾਪਤੀਆਂ ਨੂੰ ਬਰਬਾਦ ਕਰ ਦੇਣਗੇ । ਅੱਜ ਦੇ ਅਖ਼ਬਾਰਾਂ ਨੇ ਇਹ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਹੈ ਕਿ ਮੋਦੀ ਸਰਕਾਰ ਅਮਰੀਕਾ ਨੂੰ ਭਾਰਤ ਵਿੱਚ ਆਪਣਾ ਸੈਨਿਕ ਅੱਡਾ ਸਥਾਪਤ ਕਰਨ ਦੀ ਇਜਾਜ਼ਤ ਦੇ ਰਹੀ ਹੈ । ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਇਸ ਸੰਬੰਧੀ ਭਾਰਤ ਨਾਲ ਗੱਲ ਚੱਲ ਰਹੀ ਹੈ, ਜਿਸ ਰਾਹੀਂ ਅਫ਼ਗਾਨਿਸਤਾਨ ਦੀ ਹਵਾਈ ਨਿਗਰਾਨੀ ਤੇ ਲੋੜ ਪੈਣ ਉੱਤੇ ਅੱਤਵਾਦੀਆਂ ਉੱਤੇ ਹਮਲੇ ਕੀਤੇ ਜਾ ਸਕਣਗੇ । ਇਸ ਸੰਬੰਧੀ ਅਮਰੀਕੀ ਕਾਂਗਰਸ ਦੀ ਹਾਊਸ ਆਫ਼ ਰਿਪਰਜ਼ੈਂਟੇਟਿਵ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਵਿੱਚ ਗੱਲ ਹੋ ਚੁੱਕੀ ਹੈ । ਇਸ ਅਧੀਨ ਭਾਰਤ ਉਤਰ-ਪੱਛਮ ਖੇਤਰ ਦੇ ਕਿਸੇ ਹਿੱਸੇ ਵਿੱਚ ਅਮਰੀਕਾ ਨੂੰ ਜ਼ਮੀਨ ਦੇਵੇਗਾ । ਉਤਰ-ਪੱਛਮ ਦਾ ਮਤਲਬ ਰਾਜਸਥਾਨ ਤੇ ਪੰਜਾਬ ਜਾਂ ਦੋਵਾਂ ਦਾ ਜੁੜਵਾਂ ਹਿੱਸਾ ਵੀ ਹੋ ਸਕਦਾ ਹੈ, ਜਿੱਥੋਂ ਅਫ਼ਗਾਨਿਸਤਾਨ ਨੇੜੇ ਪੈਂਦਾ ਹੋਵੇ । ਇਹ ਹੈਰਾਨੀ ਨਹੀਂ ਹੋਵੇਗੀ ਕਿ ਸਤੰਬਰ ਦੇ ਆਖ਼ਰੀ ਹਫ਼ਤੇ ਮੋਦੀ ਦੀ ਅਮਰੀਕੀ ਫੇਰੀ ਦੌਰਾਨ ਇਸ ਉੱਤੇ ਮੋਹਰ ਲੱਗ ਜਾਵੇ ।
ਅਸਲ ਵਿੱਚ ਅਫਗਾਨਿਸਤਾਨ ਤਾਂ ਇੱਕ ਬਹਾਨਾ ਹੈ, ਅਮਰੀਕਾ ਦਾ ਅਸਲ ਇੱਟ-ਖੜਿੱਕਾ ਚੀਨ ਨਾਲ ਹੈ, ਜਿਹੜਾ ਕੌਮਾਂਤਰੀ ਪੱਧਰ ਉੱਤੇ ਅਮਰੀਕਾ ਦੇ ਪੈਰ ਉਖਾੜਣ ਉੱਤੇ ਲੱਗਾ ਹੋਇਆ ਹੈ । ਇਸ ਸਿਲਸਿਲੇ ਵਿੱਚ ਚੀਨ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਸਭ ਦੇਸ਼ਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ । ਇਸ ਲੜਾਈ ਵਿੱਚ ਸਾਡਾ ਭਰੋਸੇਮੰਦ ਮਿੱਤਰ ਰੂਸ ਵੀ ਉਸ ਨਾਲ ਹੈ । ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਉਸ ਨੇ ਬ੍ਰਿਕਸ ਦੀ ਸਥਾਪਨਾ ਕੀਤੀ ਸੀ । ਬ੍ਰਿਕਸ ਵੱਲੋਂ ਆਈ ਐੱਮ ਐੱਫ਼ ਦੇ ਮੁਕਾਬਲੇ ਦਾ ਬ੍ਰਿਕਸ ਬੈਂਕ ਖੋਹਲਣ ਦੀ ਵੀ ਯੋਜਨਾ ਸੀ, ਪਰ ਮੋਦੀ ਸਰਕਾਰ ਆ ਜਾਣ ਬਾਅਦ ਇਹ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ । ਇਸ ਸਮੇਂ ਚੀਨ ਸਮੁੱਚੇ ਯੂਰਪ ਦੇ ਬਜ਼ਾਰ ਉੱਤੇ ਕਬਜ਼ਾ ਕਰਨ ਵੱਲ ਵਧ ਰਿਹਾ ਹੈ । 'ਰੋਡ ਐਂਡ ਬੈਲਟ' ਰਾਹੀਂ ਉਸ ਦੀ ਵਪਾਰਕ ਸਮਰੱਥਾ ਹੋਰ ਮਜ਼ਬੂਤ ਹੋ ਜਾਵੇਗੀ । ਚੀਨ ਨੇ ਸਾਡੇ ਆਲੇ-ਦੁਆਲੇ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ਮਜ਼ਬੂਤ ਸੰਬੰਧ ਬਣਾ ਲਏ ਹਨ । ਇੱਥੋਂ ਤੱਕ ਕਿ ਉਸ ਨੇ ਪਾਕਿਸਤਾਨ ਨੂੰ ਵੀ ਅਮਰੀਕਾ ਦੇ ਦਾਬੇ ਵਿੱਚੋਂ ਬਾਹਰ ਕੱਢ ਲਿਆ ਹੈ । ਅਫ਼ਗਾਨਿਸਤਾਨ ਵਿੱਚ ਬਣੀ ਨਵੀਂ ਹਕੂਮਤ ਪਾਕਿਸਤਾਨ ਦੇ ਹੀ ਇਸ਼ਾਰੇ ਉੱਤੇ ਬਣੀ ਹੈ । ਚੀਨ ਨੇ ਬਿਨਾਂ ਦੇਰੀ ਕੀਤਿਆਂ ਅਫ਼ਗਾਨਿਸਤਾਨ ਲਈ ਮਦਦ ਦਾ ਹੱਥ ਵਧਾ ਦਿੱਤਾ ਹੈ ।
ਜਿੱਥੋਂ ਤੱਕ ਸਾਡਾ ਸਵਾਲ ਹੈ, ਅਮਰੀਕੀ ਪਿਛਲੱਗੂ ਵਿਦੇਸ਼ ਨੀਤੀ ਰਾਹੀਂ ਅਸੀਂ ਆਪਣੇ ਸਾਰੇ ਗੁਆਂਢੀਆਂ ਨਾਲ ਸੰਬੰਧ ਵੈਰ ਭਾਵ ਵਾਲੇ ਬਣਾਏ ਹੋਏ ਹਨ । ਅਫ਼ਗਾਨਿਸਤਾਨ ਤਾਂ ਅਜ਼ਾਦੀ ਦੀ ਜੰਗ ਦੇ ਸਮੇਂ ਤੋਂ ਸਾਡਾ ਮਿੱਤਰ ਦੇਸ਼ ਰਿਹਾ ਹੈ । ਉਸ ਵਿਰੁੱਧ ਅਮਰੀਕਾ ਨੂੰ ਅੱਡਾ ਬਣਾਉਣ ਦੇਣ ਦਾ ਮਤਲਬ ਹੈ, 'ਆ ਬੈਲ ਮੁਝੇ ਮਾਰ '। ਸਾਡੇ ਹਾਕਮਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਕਦੇ ਵੀ ਆਹਮੋ-ਸਾਹਮਣੇ ਦੀ ਲੜਾਈ ਨਹੀਂ ਹੋਵੇਗੀ । ਅਮਰੀਕਾ ਚੀਨ ਵਿਰੁੱਧ ਸੰਸਾਰ ਸਰਦਾਰੀ ਦੀ ਲੜਾਈ ਭਾਰਤ ਰਾਹੀਂ ਲੜਨ ਦੀ ਰਣਨੀਤੀ ਬਣਾ ਰਿਹਾ ਹੈ । ਅਫ਼ਗਾਨਿਸਤਾਨ ਵਿਰੁੱਧ ਅਮਰੀਕਾ ਨੂੰ ਸੈਨਿਕ ਅੱਡਾ ਬਣਾਉਣ ਦੀ ਇਜਾਜ਼ਤ ਦੇਣ ਦਾ ਸਿੱਧਾ ਮਤਲਬ ਹੋਵੇਗਾ, ਕਸ਼ਮੀਰ ਵਿੱਚ ਬਾਹਰੀ ਦਖਲ ਲਈ ਦਰਵਾਜ਼ੇ ਖੋਲ੍ਹਣਾ । ਇਸ ਤਰ੍ਹਾਂ ਅਮਰੀਕਾ ਸਾਡੇ ਇਸ ਖਿੱਤੇ ਨੂੰ ਯੁੱਧ ਖੇਤਰ ਬਣਾ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦਾ ਹੈ । ਸਾਡੇ ਹਾਕਮਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ ਸਿਰਫ਼ ਅਫ਼ਗਾਨਿਸਤਾਨ ਵਿੱਚ ਹੀ ਨਹੀਂ ਹਾਰਿਆ, ਉਹ ਸੰਸਾਰ ਪੱਧਰ ਉੱਤੇ ਵੀ ਹਾਰੀ ਹੋਈ ਲੜਾਈ ਲੜ ਰਿਹਾ ਹੈ । ਕੋਰੋਨਾ ਕਾਲ ਵਿੱਚ ਦੂਜੇ ਦੇਸ਼ਾਂ ਦੀ ਸਹਾਇਤਾ ਕਰਕੇ ਚੀਨ ਨੇ ਜਿਵੇਂ ਆਪਣੀ ਭਲ ਬਣਾ ਲਈ ਹੈ, ਉਸ ਨੇ ਅਮਰੀਕਾ ਨੂੰ ਅਲੱਗ-ਥਲੱਗ ਕਰਕੇ ਰੱਖ ਦਿੱਤਾ ਹੈ । ਨਾਟੋ ਵਿਚਲੇ ਦੂਜੇ ਦੇਸ਼ ਵੀ ਹੁਣ ਉਸ ਦੇ ਪਿੱਛੇ ਲੱਗਣ ਬਾਰੇ ਸੌ ਵਾਰ ਸੋਚਣਗੇ ।
ਇਸ ਸਥਿਤੀ ਵਿੱਚ ਸਾਡੇ ਹਾਕਮ ਸਾਡਾ ਅਮਰੀਕਾ ਨਾਲ ਨਰੜ ਕਰਨ ਲਈ ਤਰਲੋਮੱਛੀ ਹਨ । ਉਹ ਇਸ ਗੱਲ ਤੋਂ ਵੀ ਸਬਕ ਸਿੱਖਣ ਲਈ ਤਿਆਰ ਨਹੀਂ ਕਿ ਪਿਛਲੇ ਸੱਤਰ ਸਾਲਾਂ ਵਿੱਚ ਅਮਰੀਕਾ ਨੇ ਪਾਕਿਸਤਾਨ ਦੀ ਕੀ ਹਾਲਤ ਕਰ ਦਿੱਤੀ ਹੈ । ਮੋਦੀ ਸਰਕਾਰ ਹੁਣ ਭਾਰਤ ਨੂੰ ਅਮਰੀਕਾ ਦਾ ਪਿੱਠੂ ਬਣਾ ਕੇ ਇਸ ਦੀ ਹਾਲਤ ਵੀ ਪਾਕਿਸਤਾਨ ਵਰਗੀ ਕਰਨ ਦੇ ਰਾਹ ਪਈ ਹੋਈ ਹੈ ।