ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12 Sept. 2021

ਅਕਾਲੀ ਦਲ ਨੇ ਹੁਣ ਗੱਲਬਾਤ ਲਈ ਕਿਸਾਨ ਜਥੇਬੰਦੀਆਂ ਨੂੰ ਲਿਖੀ ਚਿੱਠੀ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

 

ਅਦਾਲਤੀ ਫ਼ੈਸਲਿਆਂ ਦਾ ਸਤਿਕਾਰ ਨਹੀਂ ਕਰਦੀ ਕੇਂਦਰ ਸਰਕਾਰ- ਸੁਪਰੀਮ ਕੋਰਟ

ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਤੂੰ ਮੰਨੇ ਤਾਂ ਜਾਣਾ।

 

ਸੌਦਾ ਸਾਧ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ, ਰੰਙਣ ਦੀ ਇਜਾਜ਼ਤ ਨਹੀਂ ਮਿਲ ਰਹੀ- ਇਕ ਖ਼ਬਰ

ਦੁਨੀਆਂ ਵਿਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਓਂ ਲਾਹ ਜੰਜ਼ੀਰ ਸਾਈਂ।

 

ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਮੇਰੇ ਕੋਲੋਂ ਗ਼ਲਤੀ ਹੋਈ- ਹਰਸਿਮਰਤ ਬਾਦਲ

ਹੁੰਦੀਆਂ ਨਹੀਂ ਮਨ ਮਿਥੀਆਂ, ਕਦੀ ਲਗਦੇ ਨਹੀਂ ਭਾਗ ਪਰਾਏ।

 

ਹਾਈ ਕੋਰਟ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ-ਇਕ ਖ਼ਬਰ

ਕਿਉਂ ਬਈ ਸੱਜਣੋਂ ਕੋਈ ਦੱਸ ਸਕਦੈ ਕਿ ਕੇਸ ਦਾ ਚੋਣਾਂ ਨਾਲ਼ ਕੀ ਸਬੰਧ ਹੈ?

 

ਸੁਖਬੀਰ ਸਾਡੇ ਵਾਪਸ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ- ਬ੍ਰਹਮਪੁਰਾ, ਢੀਂਡਸਾ

ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ, ਜਿਨ੍ਹਾਂ ਸਾਹਿਬ ਆਪ ਬੁਲਾਵੇ ਹੂ।

                                                                                                    

ਚੀਨ ਵਲੋਂ ਤਾਲਿਬਾਨ ਸਰਕਾਰ ਦੀ ਹਮਾਇਤ-ਇਕ ਖ਼ਬਰ

ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।

 

ਸੰਘ ਵਲੋਂ ਜੰਮੂ ਕਸ਼ਮੀਰ ਦੇ ਸੱਭਿਆਚਾਰ ਨੂੰ ਢਾਹ ਲਾਉਣ ਦੇ ਯਤਨ-ਰਾਹੁਲ ਗਾਂਧੀ

ਏਸੇ ਲਈ ਤਾਂ ਅਗਲਿਆਂ ਨੇ ਅੱਕ ਚੱਬਿਆ ਸੀ ਰਾਹੁਲ ਸਾਬ

 

ਬੇਅਦਬੀ ਕਾਂਡ: ਡੇਰਾ ਪ੍ਰੇਮੀਆਂ ਦੀ ਸੁਰੱਖਿਆ ਲਈ ਪੁਲਿਸ ਫਿਕਰਮੰਦ- ਇਕ ਖ਼ਬਰ

ਤੱਤੀ ਵਾਅ ਨਹੀਂ ਥੋਨੂੰ ਲੱਗਣ ਦਿੰਦੇ, ਰਾਖੀ ਕਰਾਂਗੇ ਮਰਦੇ ਦਮ ਤਾਈਂ।

 

ਬਿਮਾਰ ਪਤਨੀ ਨੂੰ ਚਾਰ ਕਿੱਲੋਮੀਟਰ ਮੋਢਿਆਂ ‘ਤੇ ਚੁੱਕ ਕੇ ਬਜ਼ੁਰਗ਼ ਹਸਪਤਾਲ ਪਹੁੰਚਾ-ਇਕ ਖ਼ਬਰ

ਡਿਜੀਟਲ ਇੰਡੀਆ ਦੀਆਂ ਬਰਕਤਾਂ।

 

ਕਿਸਾਨਾਂ ਦੀਆਂ ਜ਼ਿੰਦਗੀਆਂ ਵਿਚ ਕ੍ਰਾਂਤੀ ਲਿਆਉਣਗੇ ਨਵੇਂ ਖੇਤੀ ਕਾਨੂੰਨ- ਤੋਮਰ

ਲੰਬੜਾਂ ਦੇ ਸੰਨ੍ਹ ਲੱਗ ਗਈ, ਅੱਗੋਂ ਨਿੱਕਲੀ ਸਾਗ ਵਾਲੀ ਤੌੜੀ।

 

ਕੇਂਦਰ ਸਿਆਸੀ ਲੜਾਈ ਨਹੀਂ ਜਿੱਤ ਸਕਦਾ ਇਸ ਲਈ ਉਹ ਏਜੰਸੀਆਂ ਦਾ ਸਹਾਰਾ ਲੈ ਰਿਹਾ ਹੈ-ਮਮਤਾ

ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

 

ਗ਼ੈਰਕਾਨੂੰਨੀ ਬੱਸਾਂ ਦੇ ਪਰਮਿਟ ਕੈਂਸਲ ਕਰਨ ਲਈ ਫ਼ਾਈਲ ਐਡਵੋਕੇਟ ਜਨਰਲ ਕੋਲ਼ ਭੇਜੀ-ਇਕ ਖ਼ਬਰ

ਐਡਵੋਕੇਟ ਜਨਰਲ ਨੇ ਬਿਮਾਰੀ ਦੀ ਛੁੱਟੀ ‘ਤੇ ਚਲੇ ਜਾਣਾ, ਬੱਸਾਂ ਇਵੇਂ ਹੀ ਚੱਲਣਗੀਆਂ।

 

ਕੈਪਟਨ ਤੇ ਸਿੱਧੂ ਵਿਚਾਲੇ ਵਿਵਾਦ ਕਾਂਗਰਸ ਲਈ ਫ਼ਾਇਦੇਮੰਦ-ਹਰੀਸ਼ ਰਾਵਤ

ਹੋਰ ਵਧੇਰੇ ਫ਼ਾਇਦਾ ਲੈਣ ਲਈ ਵਿਵਾਦ ਤੋਂ ਥੋੜ੍ਹਾ ਅੱਗੇ ਵਧੋ ਬਈ।

 

ਬਟਾਲਾ ਦੇ ਹੋਟਲ ‘ਚ ਇਕ ਦਰਜਨ ਮੁੰਡੇ ਕੁੜੀਆਂ ਇਤਰਾਜ਼ਯੋਗ ਹਾਲਤ ‘ਚ ਫੜੇ- ਇਕ ਖ਼ਬਰ

ਬਟਾਲੇ ਨੂੰ ਜਿਲ੍ਹਾ ਬਣਾਉਣ ਦੀਆਂ ਖੁਸ਼ੀਆਂ ਮਨਾ ਰਹੇ ਸਨ।