ਸ਼ਿੱਦਤ ਭਰਪੂਰ ਪਲ ਅਤੇ ਜ਼ਿੰਦਗੀ ਦਾ ਤਰਜ਼-ਏ-ਅਮਲ - ਅਵਿਜੀਤ ਪਾਠਕ
ਹਰ ਮੌਤ ਚੇਤੇ ਕਰਾਉਂਦੀ ਹੈ ਕਿ ਅਸੀਂ ਬੇਯਕੀਨੀ ਦੇ ਆਲਮ ਵਿਚ ਜੀਅ ਰਹੇ ਹਾਂ ਤੇ ਇਸ ਬੇਮਿਸਾਲ ਦੁਨੀਆ ਦਾ ਕੋਈ ਮੁੱਲ ਨਹੀਂ ਜਾਣਦੇ, ਸਾਡੀ ਤਾਕਤ ਤੇ ਸ਼ਾਨੋ-ਸ਼ੌਕਤ ਜਾਂ ਪਦਾਰਥਕ ਭੰਡਾਰ ਤੇ ਸਫ਼ਲਤਾ ਦੀਆਂ ਕਹਾਣੀਆਂ ਸਭ ਇਕ ਪਲ ਵਿਚ ਛਾਈਂ ਮਾਈਂ ਹੋ ਸਕਦੀਆਂ ਹਨ। ਸਾਨੂੰ ਭਾਵੇਂ ਆਪਣੀ ਛਿਣਭੰਗਰਤਾ ਦੀ ਹਕੀਕਤ ਦਾ ਪਤਾ ਹੈ, ਫਿਰ ਵੀ ਆਪਣਾ ਨਿੱਤਕਰਮ ਜਿਉਂ ਦਾ ਤਿਉਂ ਰੱਖਦੇ ਹਾਂ। ਅਸਲ ਵਿਚ, ਅਸੀਂ ਚੂਹਾ ਦੌੜ ਵਿਚ ਪਏ ਹੋਏ ਹਾਂ, ਤਕੜੇ ਦੇ ਬਚੇ ਰਹਿਣ ਦਾ ਸਿਧਾਂਤ ਮਨ ਵਿਚ ਧਾਰਿਆ ਹੋਇਆ ਹੈ, ਆਪਣੀ ਹਓਮੈ ਨੂੰ ਪੱਠੇ ਪਾਉਂਦੇ ਰਹਿੰਦੇ ਹਾਂ ਤੇ ਇਹ ਧਾਰਨਾ ਪਾਲ਼ੀ ਹੋਈ ਹੈ ਕਿ ਜ਼ਿੰਦਗੀ ਇੰਝ ਹੀ ਚਲਦੀ ਰਹਿਣੀ ਹੈ। ਉਂਝ, ਜਦੋਂ ਕੋਈ ਵੱਡੀ ਹਸਤੀ ਆਪਣੇ ਕਰੀਅਰ ਦੀ ਚੜ੍ਹਤ ਦੇ ਦਿਨਾਂ ਵਿਚ ਅਚਨਚੇਤ ਫ਼ੌਤ ਹੋ ਜਾਂਦੀ ਹੈ ਤਾਂ ਇਹ ‘ਖ਼ਬਰ’ ਬਣ ਜਾਂਦੀ ਹੈ। ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇੰਨੀ ਸੋਭਾ, ਸੁਹੱਪਣ ਤੇ ਦੌਲਤ ਦਾ ਮਾਲਕ ਕੋਈ ਸਟਾਰ ਵੀ ਸਾਡੇ ਵਰਗੇ ਆਮ ਜਿਊੜਿਆਂ ਵਾਂਗ ਮਰ ਸਕਦਾ ਹੈ।
ਸਿਧਾਰਥ ਸ਼ੁਕਲਾ ਦੀ ਮੌਤ ਨੇ ਦਰਸਾਇਆ ਹੈ ਕਿ ਤੁਸੀਂ ਫਿਲਮ ਸਟਾਰ ਹੋਵੋ ਜਾਂ ਅਰਬਪਤੀ, ਮੌਤ ਕਿਸੇ ਵੀ ਸਮੇਂ ਤੁਹਾਡੇ ਬੂਹੇ ‘ਤੇ ਦਸਤਕ ਦੇ ਸਕਦੀ ਹੈ। ਬਿਨਾ ਸ਼ੱਕ, ਸਿਧਾਰਥ ਸ਼ੁਕਲਾ ਦੀ ਮੌਤ ਨੇ ਸਾਨੂੰ ਝੰਜੋੜ ਦਿੱਤਾ ਹੈ, ਉਹ ਨੌਜਵਾਨ ਤੇ ਰਿਸ਼ਟ-ਪੁਸ਼ਟ ਸੀ, ਸੋਹਣਾ ਸੀ, ਸਕਰੀਨ ‘ਤੇ ਜਚਦਾ ਸੀ ਤੇ ਸਭ ਤੋਂ ਵੱਡੀ ਗੱਲ, ਉਸ ਦੇ ਅਣਗਿਣਤ ਪ੍ਰਸ਼ੰਸਕ ਉਸ ਨੂੰ ਪਿਆਰ ਕਰਦੇ ਸਨ। ਫਿਰ ਵੀ ਉਹ ਮੌਤ ਦੇ ਚੁੰਗਲ ਤੋਂ ਬਚ ਨਹੀਂ ਸਕਿਆ। ਉਸ ਦੀ ਮੌਤ ਨੇ ਸਾਡੇ ਵਿਚੋਂ ਬਹੁਤਿਆਂ ਦੀ ਇਸ ਦੁਨੀਆ ਬਾਰੇ ਬਣਾਈ ਧਾਰਨਾ ਤੇ ਰੁਟੀਨ ਤੋੜ ਦਿੱਤਾ ਹੈ : ਕੋਈ ਕਿੰਨਾ ਵੀ ਉਤਸ਼ਾਹੀ ਤੇ ਦਿਲਕਸ਼ ਕਿਉਂ ਨਾ ਹੋਵੇ, ਕਿੰਨਾ ਵੀ ਮਸ਼ਹੂਰ ਹੋਵੇ ਤੇ ਕਿੰਨਾ ਵੀ ਦੌਲਤਮੰਦ ਤੇ ਰਿਸ਼ਟ-ਪੁਸ਼ਟ ਹੋਵੇ- ਸਾਡੀ ਹੋਂਦ ਦੀ ਛਿਣਭੰਗਰਤਾ ਦੀ ਹਕੀਕਤ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੀ।
ਅਸੀਂ ਸਿਧਾਰਥ ਨੂੰ ਪਿਆਰ ਕਰਦੇ ਸਾਂ, ਅਸੀਂ ਦੁਖੀ ਹਾਂ ਤੇ ਇਸ ਦੁੱਖ ਦੀ ਆਪਣੀ ਹੀ ਸ਼ਿੱਦਤ ਹੈ। ਕੋਈ ਅਜ਼ੀਜ਼ ਚਲਾ ਜਾਵੇ ਜਾਂ ਪਿਆਰਾ ਗੁਆਂਢੀ ਜਾਂ ਕੋਈ ਸਿਆਸੀ ਹਸਤੀ ਜਾਂ ਕੋਈ ਕਲਾਕਾਰ ਤਾਂ ਅਸੀਂ ਮਾਨਸਿਕ ਸਦਮੇ ਵਿਚੋਂ ਲੰਘਦੇ ਹਾਂ, ਅਸੀਂ ਉਸ ਦੇ ਨੇੜਲਿਆਂ ਨੂੰ ਸੋਗ ਸੁਨੇਹੇ ਭੇਜਦੇ ਹਾਂ ਪਰ ਮੂਲ ਸਵਾਲ ਹੈ ਕਿ ਸਾਡੇ ਲਈ ਮੌਤ ਬਾਰੇ ਪੂਰੀ ਸੋਝੀ ਨਾਲ ਜੀਣਾ ਸੰਭਵ ਹੈ, ਅਸੀਂ ਜੀਅ ਰਹੇ ਹੁੰਦੇ ਹਾਂ, ਤਾਂ ਕੀ ਅਸੀਂ ਇਸ ਪਲ ਨੂੰ ਸਾਰਥਕ ਬਣਾ ਸਕਦੇ ਹਾਂ? ਜਾਂ ਫਿਰ ਅਸੀਂ ਮੌਤ ਦੇ ਖਿਆਲ ਤੋਂ ਅੱਖਾਂ ਚੁਰਾਉਂਦੇ ਰਹਾਂਗੇ ਅਤੇ ਇਹ ਮੰਨਦੇ ਰਹਾਂਗੇ ਕਿ ਆਪਣੀ ਹਓਮੈ, ਲਾਲਸਾਵਾਂ, ਡਰ, ਹਿੰਸਾ ਤੇ ਅਸੁਰੱਖਿਆ ਨਾਲ ਜਿਸ ਤਰ੍ਹਾਂ ਅਸੀਂ ਜਿਊਂਦੇ ਹਾਂ, ਇਹੀ ਜ਼ਿੰਦਗੀ ਹੈ। ਅਖ਼ਬਾਰ, ਟੈਲੀਵਿਜ਼ਨ ਚੈਨਲ ਤੇ ਸੋਸ਼ਲ ਮੀਡੀਆ ਜਲਦੀ ਹੀ ਸਿਧਾਰਥ ਨੂੰ ਭੁਲਾ ਦੇਣਗੇ, ਉਸ ਦੇ ਪ੍ਰਸ਼ੰਸਕ ਵੀ ਦੇਰ ਸਵੇਰ ਆਪੋ-ਆਪਣੇ ਕੰਮ-ਧੰਦਿਆਂ ਵਿਚ ਰੁਝ ਜਾਣਗੇ...।
ਜੇ ਅਸੀਂ ਮੌਤ ਦੀ ਚੇਤਨਾ ਨਾਲ ਜ਼ਿੰਦਗੀ ਜਿਊਂਦੇ ਹਾਂ ਤਾਂ ਕੀ ਸਾਡਾ ਨਿਰਾਸ਼ਾਵਾਦੀ, ਪਾਰਲੌਕਿਕ ਅਤੇ ਨਾਸ਼ਵਾਦੀ ਹੋਣਾ ਲਾਜ਼ਮੀ ਹੈ? ਜਾਂ ਫਿਰ ਇਹ ਸਾਨੂੰ ਜ਼ਿੰਦਗੀ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਨ ਅਤੇ ਇਸ ਨੂੰ ਕੋਮਲ, ਮਲੂਕ ਤੇ ਸਾਰਥਕ ਬਣਾਉਣ ਦੇ ਸਮੱਰਥ ਬਣਾਉਂਦੀ ਹੈ? ਅਸੀਂ ਦੁਨੀਆ ਵਿਚ ਆਪਣੀਆਂ ਪਦਾਰਥਕ ਕਾਮਯਾਬੀਆਂ ਦੀ ਮਹਿਮਾ ਕਰਦੇ ਹਾਂ, ਆਪਣੀਆਂ ਹਓਂਵਾਦੀ ਪ੍ਰਾਪਤੀਆਂ ਨੂੰ ਵਡਿਆਉਂਦੇ ਰਹਿੰਦੇ ਹਾਂ। ਜ਼ਿੰਦਗੀ ਇੰਝ ਜਿਊਂਦੇ ਹਾਂ ਜਿਵੇਂ ਜੰਗ ਲੜ ਰਹੇ ਹੋਈਏ ਅਤੇ ਮੱਧਮ ਰਫ਼ਤਾਰ, ਠਰੰਮੇ ਤੇ ਠਹਿਰਾਅ ਦੇ ਖਿਆਲ ਨੂੰ ਤੁੱਛ ਗਿਣਦੇ ਹਾਂ। ਅਸੀਂ ਸਿਰਫ਼ ਦੌੜ ਰਹੇ ਹਾਂ ਅਤੇ ਕਾਮਯਾਬ ਜਿਊੜਿਆਂ, ਅਰਬਪਤੀਆਂ, ਖਿਡਾਰੀਆਂ ਤੇ ਫਿਲਮਕਾਰਾਂ ਅਤੇ ਖ਼ੁਦਪ੍ਰਸਤ ਸਿਆਸਤਦਾਨਾਂ ਦੀ ਪੂਜਾ ਕਰਦੇ ਹਾਂ। ਸਾਡਾ ਪਰਿਵਾਰ ਹੋਵੇ ਜਾਂ ਫਿਰ ਸਕੂਲ, ਅਸੀਂ ਲਗਾਤਾਰ ਲਾਲਸੀ, ਮੁਕਾਬਲੇਬਾਜ਼ ਅਤੇ ਪ੍ਰਾਪਤੀ ਮੁਖੀ ਬਣਨ ਦੀਆਂ ਨਸੀਹਤਾਂ ਦਿੰਦੇ ਤੇ ਸੁਣਦੇ ਹਾਂ। ਕੀ ਅਸੀਂ ਵਾਕਈ ਸਿ਼ੱਦਤ ਨਾਲ ਜਿਊਂਦੇ ਹਾਂ? ਜਾਂ ਫਿਰ ਇਸ ਚੂਹਾ ਦੌੜ ਵਿਚ ਸਫ਼ਲਤਾ ਦੀ ਮਿੱਥ ਨੂੰ ਪਾਉਣ ਲਈ ਜੂਝਦੇ ਰਹਿੰਦੇ ਹਾਂ ਤੇ ਇਉਂ ਆਮ ਜ਼ਿੰਦਗੀ ਵਿਚ ਦਿਨ ਢਲੇ, ਕਿਸੇ ਨਦੀ ਕੰਢੇ, ਦਰੱਖਤਾਂ ਦੀ ਸਰਸਰਾਹਟ ਵਿਚ ਚਾਹ ਦੀਆਂ ਚੁਸਕੀਆਂ ਅਤੇ ਆਪਣੇ ਕਿਸੇ ਪਿਆਰੇ ਦੀਆਂ ਅੱਖਾਂ ਵਿਚੋਂ ਸਾਗਰ ਲੱਭਣ ਜਿਹੀਆਂ ਦੈਵੀ ਝਲਕਾਂ ਪਾਉਣ ਤੋਂ ਖੁੰਝ ਜਾਂਦੇ ਹਾਂ? ਕੀਂ ਅਸੀ ਗੁੱਸੇ ਤੇ ਤਣਾਅ, ਟੁੱਟੇ-ਭੱਜੇ ਰਿਸ਼ਤਿਆਂ ਤੇ ਦਵਾਈਆਂ ਸਹਾਰੇ ਦਿਨ ਕਟੀ ਕਰ ਰਹੇ ਹਾਂ ਤੇ ਸਾਨੂੰ ਹਰ ਸਮੇਂ ਆਪਣੀ ਪ੍ਰਸਿੱਧੀ, ਸ਼ਾਨੋ-ਸ਼ੌਕਤ ਤੇ ਦੌਲਤ ਗੁਆਚਣ ਦਾ ਡਰ ਰਹਿੰਦਾ ਹੈ? ਅਸਲ ਵਿਚ ਇਹ ਮਰਜ਼ ਵਿਧਾਨ ਹੈ ਜਿਸ ਨੂੰ ਅਸੀਂ ਜ਼ਿੰਦਗੀ ਗਿਣਦੇ ਹਾਂ!
ਜੇ ਕਿਤੇ ਅਸੀਂ ਇਸ ਚੂਹਾ ਦੌੜ ਦੀ ਬੇਹੂਦਗੀ ਨੂੰ ਦੇਖਣ ਪਰਖਣ ਦਾ ਹੌਸਲਾ ਤੇ ਸੂਝ ਜੁਟਾ ਲਈਏ ਅਤੇ ਇਹ ਪ੍ਰਵਾਨ ਕਰ ਸਕੀਏ ਕਿ ਮੌਤ ਦੇ ਸਨਮੁੱਖ ਦੁਨਿਆਵੀ ਜਿੱਤਾਂ ਦਾ ਇਹ ਖ਼ਬਤ ਫਜ਼ੂਲ ਹੈ ਤਾਂ ਸਾਨੂੰ ਖ਼ੁਦਕੁਸ਼ੀ ਕਰਨ ਜਾਂ ਨਾਸ਼ਵਾਨਤਾ ਦਾ ਦੰਭ ਪਾਲਣ ਦੀ ਲੋੜ ਨਹੀਂ ਪੈਣੀ। ਇਸ ਦੀ ਬਜਾਇ ਉਸ ਪਲ ਅਸੀਂ ਧਿਆਨਪੂਰਬਕ ਅਤੇ ਸ਼ਿੱਦਤ ਨਾਲ ਕਦਮ ਪੁੱਟਾਂਗੇ, ਕੋਈ ਵਰਕਾ ਪੜ੍ਹ ਸਕਾਂਗੇ, ਰਸੋਈ ਵਿਚ ਕੰਮ ਕਰਾਂਗੇ, ਕੋਈ ਸਾਜ਼ ਵਜਾ ਸਕਾਂਗੇ, ਤੇ ਉਹ ਪਲ ਅਨੰਤ ਤੇ ਦੈਵੀ ਬਣ ਜਾਵੇਗਾ, ਸ਼ਿੱਦਤ ਭਰੇ ਉਸ ਪਲ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ, ਨਰਤਕ ਨਾਚ ਬਣ ਜਾਵੇਗਾ, ਗਾਇਕ ਗੀਤ ਬਣ ਜਾਵੇਗਾ। ਐਸੀ ਕੋਈ ਮਿੱਥਕ ਸਫ਼ਲਤਾ ਨਹੀਂ ਹੈ ਜੋ ਸਾਨੂੰ ਭਲ਼ਕੇ ਅਮਰ ਬਣਾ ਦੇਵੇਗੀ। ਇਹ ਭਲ਼ਕ ਅਨਿਸ਼ਚਤ ਹੈ, ਕੋਈ ਵੀ ਇਸ ਦੀ ਪੇਸ਼ੀਨਗੋਈ ਨਹੀਂ ਕਰ ਸਕਦਾ। ਇਸ ਪਲ ਹੀ ਅਸੀਂ ਆਪਣੀ ਜ਼ਿੰਦਗੀ ਦਾ ਤਰਜ਼-ਏ-ਅਮਲ ਬਦਲ ਸਕਦੇ ਹਾਂ ਅਤੇ ਇਸ ਵਿਚ ਆਨੰਦ ਦੇ ਨਾਲੋ-ਨਾਲ ਪਿਆਰ, ਨਿਮਰਤਾ ਤੇ ਰਚਨਾਤਮਿਕਤਾ ਦੇ ਗੁਣ ਭਰ ਸਕਦੇ ਹਾਂ। ਅਸੀਂ ਅਮਰ ਸਿਤਾਰੇ ਨਹੀਂ, ਅਸੀਂ ਕੋਮਲ ਫੁੱਲਾਂ ਵਾਂਗ ਹਾਂ ਜੋ ਥੋੜ੍ਹੀ ਦੇਰ ਲਈ ਮਹਿਕ ਕੇ ਮੁਰਝਾ ਜਾਂਦੇ ਹਨ, ਜਿਵੇਂ ਬੱਦਲ ਆਪਣਾ ਆਕਾਰ ਬਦਲਦੇ ਹਨ ਤੇ ਸਾਡੇ ਉਪਰ ਮੌਨਸੂਨ ਦੀ ਫੁਹਾਰ ਬਣ ਕੇ ਬਰਸਦੇ ਹਨ।
ਆਮ ਤੌਰ ’ਤੇ ਅਸੀਂ ਸੰਸਥਾਈ ਧਰਮਾਂ ਦੇ ਪ੍ਰਵਾਨਤ ਪਰਮਾਤਮਾ ਨੂੰ ਰਿਸ਼ਵਤ ਦੇਣ ਦੇ ਆਦੀ ਹਾਂ। ਅਸੀਂ ਉੁਸ ਨੂੰ ਆਪਣੀ ਧੀ ਲਈ ਵਰ ਲੱਭਣ, ਪੁੱਤਰ ਲਈ ਵਧੀਆ ਨੌਕਰੀ ਜਾਂ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਦਾ ਬਲੱਡ ਸ਼ੂਗਰ ਕੰਟਰੋਲ ਕਰਨ ਦਾ ਕੋਈ ਚਮਤਕਾਰ ਕਰਨ ਦੀਆਂ ਪ੍ਰਾਰਥਨਾਵਾਂ ਕਰਦੇ ਰਹਿੰਦੇ ਹਾਂ। ਇਨ੍ਹਾਂ ਅਰਦਾਸਾਂ ਨਾਲ ਸਾਡਾ ਭਲਾ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਸਦਕਾ ਸਾਨੂੰ ਇਹ ਸਮਰੱਥਾ ਮਿਲਦੀ ਹੈ ਤਾਂ ਕਿ ਅਸੀਂ ਇਹ ਅਹਿਸਾਸ ਕਰ ਸਕੀਏ ਕਿ ਜ਼ਿੰਦਗੀ ਤੇ ਮੌਤ ਦੀ ਕਲਾ ਦੀਆਂ ਬਾਰੀਕੀਆਂ ਤੋਂ ਇਲਾਵਾ ਕੋਈ ਰੱਬ ਨਹੀਂ ਹੈ, ਤੇ ਐਸਾ ਆਉਣ ਵਾਲਾ ਕੋਈ ਕੱਲ੍ਹ ਨਹੀਂ ਹੈ ਜਦੋਂ ਅਸੀਂ ਖ਼ੁਸ਼ ਹੋਵਾਂਗੇ। ਪਿਆਰ ਕਰਨ ਲਈ ਇਸੇ ਪਲ ਨੂੰ ਜਿਊਣਾ ਅਤੇ ਸਫ਼ਲਤਾ ਦੇ ਬੋਝ ਦੀ ਮੌਤ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਕੀ ਅਸੀਂ ਜ਼ਿੰਦਗੀ ਤੇ ਮੌਤ ਅਤੇ ਸਾਕਾਰ ਤੇ ਨਿਰੰਕਾਰ ਦੇ ਰਲੇਵੇਂ ਦੀ ਤਿਆਰੀ ਦੇ ਤੌਰ ’ਤੇ ਆਪਣੀਆਂ ਅਰਦਾਸਾਂ ਮੁੜ ਚਿਤਵ ਸਕਦੇ ਹਾਂ?
* ਲੇਖਕ ਸਮਾਜ ਸ਼ਾਸਤਰੀ ਹੈ ।