ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

06 Sept. 2021

ਹਾਈ ਕਮਾਨ ਦੇ ਗੁੱਸੇ ਮਗਰੋਂ ਹਰੀਸ਼ ਰਾਵਤ ਦਾ ਯੂ-ਟਰਨ- ਇਕ ਖ਼ਬਰ

ਮਾਰੀਂ ਨਾ, ਵੇ ਖਿਚੜੀ ‘ਚ ਲੂਣ ਭੁੱਲ ਗਈ।

ਕਿਸਾਨਾਂ ਦੇ ਅੰਦੋਲਨ ਪਿੱਛੇ ਪੰਜਾਬ ਦਾ ਹੱਥ- ਖੱਟਰ

ਮੁਜ਼ੱਫਰ ਨਗਰ ਦੀ ਕਿਸਾਨ ਰੈਲੀ ਤੋਂ ਬਾਅਦ ਕੀ ਖ਼ਿਆਲ ਐ ਖੱਟਰ ਸਾਹਿਬ!

ਮੋਦੀ ਅਤੇ ਯੋਗੀ ਨੂੰ ‘ਵੋਟ ਦੀ ਚੋਟ’ ਦੇਣ ਦਾ ਐਲਾਨ- ਕਿਸਾਨ ਨੇਤਾ

ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਏ।  

ਖੇਤੀ ਕਾਨੂੰਨਾਂ ਦੀ ਸਾਰੀ ਸਮੱਸਿਆ ਦੀ ਜੜ੍ਹ ਬਾਦਲ ਹੀ ਹਨ-ਕੈਪਟਨ

ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।

ਦੰਗਿਆਂ ਦੇ ਅਸਲ ਦੋਸ਼ੀਆਂ ਨੂੰ ਨਹੀਂ ਫੜਨਾ ਚਾਹੁੰਦੀ ਦਿੱਲੀ ਪੁਲਸ- ਆਤਿਸ਼ੀ

ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।

ਸਰਕਾਰ ਬਣਨ ਦੇ ਇਕ ਮਹੀਨੇ ਅੰਦਰ ਸਾਰੇ ਗੈਂਗਸਟਰ ਖ਼ਤਮ ਕਰਾਂਗੇ- ਸੁਖਬੀਰ ਬਾਦਲ

ਚਾਚਾ ਜੀ ਤੋਂ ਗੁਟਕਾ ਵੀ ਲੈ ਲੈਣਾ ਸੀ ਮਹੀਨੇ ਵਾਲ਼ੀ ਕਸਮ ਖਾਣ ਲਈ।

ਮੁਜ਼ੱਫਰ ਨਗਰ ਜਾਣ ਤੋਂ ਜੇ ਸਾਨੂੰ ਰੋਕਿਆ ਗਿਆ ਤਾਂ ਅਸੀਂ ਬੈਰੀਅਰ ਤੋੜਾਂਗੇ- ਟਿਕੈਤ

ਮੇਰੇ ਵੀਰ ਦਾ ਬਾਗੜੀ ਬੋਤਾ, ਉਡਦੀ ਧੂੜ ਦਿਸੇ।

ਕਾਂਗਰਸ ਦਾ ਕਾਟੋ ਕਲੇਸ਼ ਮੁੜ ਹਾਈ ਕਮਾਨ ਕੋਲ ਪੁੱਜਾ- ਇਕ ਖ਼ਬਰ

ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਹ ਲੈ ਫੜ ਮਾਲ਼ਾ ਆਪਣੀ।

ਮੋਦੀ ਨਾਲ਼ ਰਲ਼ ਕੇ ਬਾਦਲ ਕਿਸਾਨਾਂ ਵਿਰੁੱਧ ਸਾਜ਼ਸ਼ਾਂ ਕਰ ਰਹੇ ਹਨ- ਕੁਲਤਾਰ ਸਿੰਘ ਸੰਧਵਾਂ

ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ- ਤਾਲਿਬਾਨ

ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ਼ ਮਿੱਤਰਾ।

ਭਾਜਪਾਈਆਂ ਨਾਲ਼ ਮੁੜ ਰਲ਼ਿਆ ਸੁਖਬੀਰ ਬਾਦਲ- ਬ੍ਰਹਮਪੁਰਾ

ਤੇਰੀ ਮੇਰੀ ਇਕ ਜਿੰਦੜੀ, ਸੁਫ਼ਨੇ ‘ਚ ਰੋਜ਼ ਮਿਲਦੀ।

ਸਰਨਾ ਧੜੇ ਦਾ ਇਕ ਹੋਰ ਮੈਂਬਰ ਅਕਾਲੀ ਦਲ ਬਾਦਲ ‘ਚ ਜਾ ਰਲ਼ਿਆ- ਇਕ ਖਬਰ

ਹਰਾ ਘਾਹ ਦੇਖ ਮਨ ਲਲਚਾ ਜਾਂਦਾ, ਭੇਡਾਂ ਭੱਜਦੀਆਂ ਦੂਜਿਆਂ ਖੱਤਿਆਂ ਨੂੰ।

ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਨੂੰ ਰੱਦ ਕਰਨੀ ਪਈ ਰੈਲੀ- ਇਕ ਖ਼ਬਰ

ਤੇਰੀ ਤੋੜ ਕੇ ਛੱਡਣਗੇ ਗਾਨੀ, ਵੱਸ ਪੈ ਗਈ ਅੜ੍ਹਬਾਂ ਦੇ।

ਜਿਆਣੀ ਨੇ ਮੁੜ ਖੇਤੀ ਕਾਨੂੰਨਾਂ ਦੇ ਹੱਕ ਵਿਚ ਰਾਗ ਅਲਾਪਿਆ- ਇਕ ਖ਼ਬਰ

ਨ੍ਹਾਹੁੰਦੀ ਫਿਰੇ ਤੀਰਥਾਂ ‘ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।

ਪੰਥਕ ਸੰਸਥਾਵਾਂ ਬਾਦਲਾਂ ਤੋਂ ਮੁਕਤ ਕਰਵਾਏ ਬਿਨਾਂ ਸਿੱਖ ਕੌਮ ਪ੍ਰਫੁੱਲਿਤ ਨਹੀਂ ਹੋ ਸਕੇਗੀ- ਰਵੀਇੰਦਰ ਸਿੰਘ

ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ।