ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
30 Aug. 2021
ਹਰਿਆਣਾ ਵਿਧਾਨ ਸਭਾ ‘ਚ ਕਿਸਾਨ ਅੰਦੋਲਨ ਦੀ ਗੂੰਜ- ਇਕ ਖ਼ਬਰ
ਮੁੰਨੀਆਂ ਰੰਗੀਨ ਗੱਡੀਆਂ, ਬੋਤਾ ਬੰਨ੍ਹ ਦੇ ਸਰਵਣਾ ਵੀਰਾ।
ਕਿਸਾਨਾਂ ਦੇ ‘ਸਿਰ ਫੋੜਨ’ ਦਾ ਬਿਆਨ ਦੇਣ ਵਾਲੇ ਐਸ.ਡੀ.ਐਮ. ਦੀ ਵੀਡੀਓ ਹੋਈ ਵਾਇਰਲ- ਇਕ ਖ਼ਬਰ
ਚੁੱਕੀ ਹੋਈ ਪੰਚਾਂ ਦੀ ਗਾਲ਼ ਬਿਨਾਂ ਨਾ ਬੋਲੇ।
ਪ੍ਰੈੱਸ ਸਿਆਸੀ ਤੇ ਆਰਥਿਕ ਪਰਭਾਵ ਤੋਂ ਮੁਕਤ ਹੋਵੇ- ਸੁਪਰੀਮ ਕੋਰਟ ਜੱਜ ਚੰਦਰਚੂੜ
ਜੱਜ ਸਾਹਿਬ ਤੁਸੀਂ ਹੀ ਬੰਨ੍ਹੋ ਫਿਰ ਬਿੱਲੀ ਦੇ ਗਲ਼ ਟੱਲੀ।
ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਅਹੁਦਾ ਛੱਡਿਆ- ਇਕ ਖ਼ਬਰ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ!
ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ‘ਆਪ’ ਦਾ ਲੜ ਫੜਿਆ- ਇਕ ਖ਼ਬਰ
ਮੇਰੀ ਬਾਂਹੇਂ ਨਾ ਛੋੜੀਂ ਜੀ, ਮੈਂ ਲੜ ਲਾਗੀ ਤੇਰੇ।
ਨਵਜੋਤ ਸਿੱਧੂ ਨੇ ਇੱਟ ਨਾਲ ਇੱਟ ਖੜਕਾਉਣ ਦੀ ਦਿਤੀ ਧਮਕੀ-ਇਕ ਖ਼ਬਰ
ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀਂ, ਬਣੂੰ ਜੰਗ ਦਾ ਮੈਦਾਨ ਬੇਲਾ ਝੰਗ ਨੀਂ।
ਗੁਰਦਾਸ ਮਾਨ ਦੇ ਹੱਕ ਵਿਚ ਆਏ ਰਾਜਾ ਵੜਿੰਗ- ਇਕ ਖ਼ਬਰ
ਖ਼ਵਾਜੇ ਦਾ ਗਵਾਹ ਡੱਡੂ।
ਰੱਬ ਦੇ ਕੰਪਿਊਟਰ ‘ਤੇ ਬਣਿਆਂ ਕੋਰੋਨਾ, ਰੱਬ ਨੇ ਹੀ ਮਰਨ ਵਾਲਿਆਂ ਦੀ ਲਿਸਟ ਬਣਾਈ- ਭਾਜਪਾ ਮੰਤਰੀ
ਰੱਬ ਦੇ ਕੰਪਿਊਟਰ ਦਾ ਉਪਰੇਟਰ ਵੀ ਇਹੋ ਮੰਤਰੀ ਹੀ ਸੀ।
ਕੈਪਟਨ ਧੜੇ ਵਲੋਂ ‘ਰਾਤਰੀ ਦਾਅਵਤ’ ਸਮੇਂ ਸ਼ਕਤੀ ਪ੍ਰਦਰਸ਼ਨ- ਇਕ ਖ਼ਬਰ
ਲੱਕ ਲੱਕ ਹੋ ਗਏ ਬਾਜਰੇ, ਰੁੱਤ ਯਾਰੀਆਂ ਲਾਉਣ ਦੀ ਆਈ।
ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਐਂਬੂਲੈਂਸ ਪਲਟੀ, ਵਿਚੋਂ ਢਾਈ ਪੇਟੀਆਂ ਸ਼ਰਾਬ ਬਰਾਮਦ- ਇਕ ਖ਼ਬਰ
ਜ਼ਖ਼ਮੀ ਬੋਤਲਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ।
ਕੈਪਟਨ ਅਤੇ ਬਾਦਲ ਸੁਮੇਧ ਸੈਣੀ ਨੂੰ ਬਚਾਉਣ ਲਈ ਯਤਨਸ਼ੀਲ- ‘ਆਪ’ ਵਿਧਾਇਕ ਸੰਦੋਆ
ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ।
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਵੋਟਰਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ- ਇਕ ਖ਼ਬਰ
ਗੱਡੀ ਬਾਬਲਾ ਪਿਛਾਂਹ ਮੋੜ ਲੈ, ਮੇਰੇ ਹਾਣ ਦਾ ਮੁੰਡਾ ਨਾ ਕੋਈ।
ਚਾਰ ਮੰਤਰੀਆਂ ਤੇ ਸਿੱਧੂ ਪੱਖੀ ਵਿਧਾਇਕਾਂ ਨੇ ਕੈਪਟਨ ਵਿਰੁੱਧ ਕੀਤੀ ਬਗ਼ਾਵਤ-ਇਕ ਖ਼ਬਰ
ਪੂਰਨਾ ਪੂਰਨਾ, ਨਾਈਆਂ ਨੇ ਵੱਢ ਸੁਟਣਾ ਜੱਗਾ ਸੂਰਮਾ।
ਖੇਤੀ ਕਾਨੂੰਨਾਂ ਖ਼ਿਲਾਫ਼ ਤਾਮਿਲ ਨਾਡੂ ਵਿਧਾਨ ਸਭਾ ‘ਚ ਮਤਾ ਪਾਸ- ਇਕ ਖ਼ਬਰ
ਨਦੀਉਂ ਪਾਰ ਰਾਂਝਣ ਦਾ ਠਾਣਾ, ਕੀਤੇ ਕੌਲ ਜ਼ਰੂਰੀ ਜਾਣਾ।
ਭਾਜਪਾ ਨੂੰ ਮਾਤ ਦੇਣ ਲਈ ਠੋਸ ਰਣਨੀਤੀ ਦੀ ਲੋੜ-ਸ਼ਿਵ ਸੈਨਾ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।