ਬਾਇਡੇਨ ਦੀ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਅਤੇ ਹਿੰਦੁਸਤਾਨੀ ਲੋਕ ਮੁਸੀਬਤ ਦੇ ਮੂੰਹ ਪਾਏ - ਜਤਿੰਦਰ ਪਨੂੰ
ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਚੜ੍ਹਤ ਦਾ ਦੌਰ ਏਨੀ ਛੇਤੀ ਸਾਡੇ ਭਾਰਤ ਦੇ ਲੋਕਾਂ ਲਈ ਵੀ ਚਿੰਤਾ ਅਗਲਾ ਸਬੱਬ ਬਣ ਜਾਵੇਗਾ, ਇਹ ਗੱਲ ਕਦੀ ਕਿਸੇ ਨੇ ਨਹੀਂ ਸੀ ਸੋਚੀ। ਅਮਰੀਕਾ ਦੀ ਹਕੂਮਤ ਆਪਣੇ ਨਿਊ ਯਾਰਕ ਸ਼ਹਿਰ ਦੇ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਉੱਤੇ ਜਹਾਜ਼ ਮਾਰੇ ਜਾਣ ਦੀ ਘਟਨਾ ਪਿੱਛੋਂ ਜਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਕੁੱਟਣ ਲਈ ਨਿਕਲੀ ਤਾਂ ਨਾ ਖੁਦ ਉਸ ਨੂੰ ਪਤਾ ਸੀ ਕਿ ਉਹ ਮੁਸੀਬਤ ਦੇ ਲੰਮੇ ਚੱਕਰ ਵਿੱਚ ਫਸਣ ਲੱਗੀ ਹੈ, ਨਾ ਉਸ ਦੀ ਹਮਾਇਤ ਕਰਨ ਵਾਲਿਆਂ ਨੂੰ ਇਸ ਦਾ ਅਹਿਸਾਸ ਸੀ। ਓਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਹ ਕਹਿਣ ਨੂੰ ਦੇਰ ਨਹੀਂ ਸੀ ਕੀਤੀ ਕਿ ਭਾਰਤ ਦਾ ਬੱਚਾ-ਬੱਚਾ ਇਸ ਜੰਗ ਵਿੱਚ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਦੇ ਨਾਲ ਖੜਾ ਹੈ, ਉਹ ਚਾਹੁਣ ਤਾਂ ਸਾਡੇ ਹਵਾਈ ਅੱਡੇ ਵੀ ਵਰਤ ਸਕਦੇ ਹਨ ਅਤੇ ਵਾਜਪਾਈ ਦੀ ਪੇਸ਼ਕਸ਼ ਵਾਂਗ ਬੁੱਸ਼ ਨੇ ਵੀ ਕਾਹਲੀ ਵਿੱਚ ਪਾਕਿਸਤਾਨ ਦੇ ਹਵਾਈ ਅੱਡੇ ਤੇ ਛਾਉਣੀਆਂ ਵਰਤਣ ਦਾ ਮਨਾ ਬਣਾ ਕੇ ਭੁੱਲ ਕੀਤੀ ਸੀ। ਪਾਕਿਸਤਾਨ ਦੀ ਓਦੋਂ ਵਾਲੀ ਸਰਕਾਰ ਵੀ ਅਤੇ ਓਦੋਂ ਬਾਅਦ ਦੀ ਹਰ ਸਰਕਾਰ ਵੀ ਆਪਣੀਆਂ ਛਾਉਣੀਆਂ ਅਤੇ ਹਵਾਈ ਅੱਡੇ ਦੇਣ ਦੇ ਬਹਾਨੇ ਅਮਰੀਕਾ ਨੂੰ ਬੇਵਕੂਫ ਬਣਾ ਕੇ ਨਾਲੇ ਡਾਲਰਾਂ ਦੀਆਂ ਪੰਡਾਂ ਲੈਂਦੀ ਰਹੀ ਤੇ ਨਾਲੇ ਉਨ੍ਹਾਂ ਦੇ ਦੁਸ਼ਮਣ ਤਾਲਿਬਾਨ ਨੂੰ ਲੁਕਾਉਂਦੀ, ਬਚਾਉਂਦੀ ਅਤੇ ਪਾਲਦੀ ਰਹੀ। ਜਦੋਂ ਉਹ ਫਸ ਗਏ ਤਾਂ ਉਨ੍ਹਾਂ ਨੇ ਆਪਣੇ ਕੋਲ ਲੁਕਾਏ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਅਮਰੀਕਾ ਨੂੰ ਸਹਿਮਤੀ ਦੇ ਦਿੱਤੀ, ਪਰ ਅਮਰੀਕਾ ਦੇ ਦੂਸਰੇ ਸਭ ਤੋਂ ਅਹਿਮ ਦੁਸ਼ਮਣ ਮੁੱਲਾਂ ਉਮਰ ਦਾ ਆਪਣੇ ਫੌਜੀ ਹਸਪਤਾਲ ਵਿੱਚ ਇਲਾਜ ਕਰਾਉਂਦੀ ਰਹੀ ਤੇ ਉਸ ਦੇ ਮਰਨ ਮਗਰੋਂ ਦੋ ਸਾਲ ਅਮਰੀਕਾ ਸਣੇ ਦੁਨੀਆ ਤੋਂ ਉਸ ਦੀ ਮੌਤ ਦੀ ਖਬਰ ਵੀ ਲੁਕਾਈ ਰੱਖੀ। ਇਹੀ ਨਹੀਂ, ਜਦੋਂ ਇੱਕ ਵਾਰੀ ਇਸ ਸਮੱਸਿਆ ਦੇ ਹੱਲ ਲਈ ਅਮਰੀਕਾ ਨੇ ਤਾਲਿਬਾਨ ਦੇ ਇੱਕ ਧੜੇ ਦੇ ਆਗੂ ਮੁੱਲਾਂ ਬਿਰਾਦਰ ਨਾਲ ਗੱਲਬਾਤ ਚਲਾਈ ਤਾਂ ਪਾਕਿਸਤਾਨ ਸਰਕਾਰ ਨੇ ਮੁੱਲਾਂ ਬਿਰਾਦਰ ਨੂੰ ਅਚਾਨਕ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕੋਸ਼ਿਸ਼ ਫੇਲ੍ਹ ਵੀ ਕਰ ਦਿੱਤੀ ਸੀ। ਅਮਰੀਕਾ ਤੇ ਤਾਲਿਬਾਨ ਦਾ ਤਾਜ਼ਾ ਸਮਝੌਤਾ ਵੀ ਓਦੋਂ ਹੀ ਸਿਰੇ ਚੜ੍ਹ ਸਕਿਆ ਸੀ, ਜਦੋਂ ਇਸ ਦੀ ਵਾਰਤਾ ਦੇ ਸਾਰੇ ਚੱਕਰਾਂ ਵਿੱਚ ਪਾਕਿਸਤਾਨ ਨੂੰ ਸ਼ਾਮਲ ਕੀਤਾ ਗਿਆ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇਸ ਵਕਤ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਬਹਾਨੇ ਅਸਲ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਮੋਹਰਿਆਂ ਦਾ ਕਬਜ਼ਾ ਕਰਾਇਆ ਗਿਆ ਹੈ। ਅੱਗੋਂ ਪਾਕਿਸਤਾਨ ਦੀ ਖੇਡ ਖਰਾਬ ਕਰਨ ਵਾਲੀ ਨਵੀਂ ਤਾਕਤ ਅਫਗਾਨਿਸਤਾਨ ਵਿੱਚ ਉੱਠ ਖੜੋਤੀ ਹੈ, ਜਿਸ ਤੋਂ ਅਮਰੀਕਾ ਦੇ ਨਾਲ ਭਾਰਤ ਦੀ ਚਿੰਤਾ ਵੀ ਹੋਰ ਵਧੇਗੀ।
ਬੀਤੀ ਛੱਬੀ ਅਗਸਤ ਦੀ ਸ਼ਾਮ ਨੂੰ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਕੋਲ ਜਦੋਂ ਬੰਬ ਧਮਾਕੇ ਹੋਏ ਅਤੇ ਇੱਕ ਸੌ ਤੋਂ ਵੱਧ ਲੋਕ ਮਾਰੇ ਗਏ ਤਾਂ ਆਪਣਾ ਪੱਲਾ ਸਾਫ ਦੱਸਣ ਦੇ ਲਈ ਪਹਿਲਾ ਬਿਆਨ ਤਾਲਿਬਾਨ ਨੇ ਦਿੱਤਾ ਕਿ ਉਨ੍ਹਾ ਕੁਝ ਨਹੀਂ ਕੀਤਾ। ਕੁਝ ਦੇਰ ਬਾਅਦ ਆਈ ਐੱਸ ਕੇ (ਇਸਲਾਮਿਕ ਸਟੇਟ ਆਫ ਖੁਰਾਸਾਨ) ਦਾ ਬਿਆਨ ਆ ਗਿਆ ਕਿ ਇਹ ਵਾਰਦਾਤ ਉਨ੍ਹਾਂ ਕੀਤੀ ਹੈ ਤਾਂ ਇਸ ਤੋਂ ਕਈ ਕੁਝ ਅਚਾਨਕ ਹੋਰ ਚੇਤੇ ਕਰਨਾ ਪੈ ਗਿਆ। ਦੁਨੀਆ ਇਹ ਜਾਣਦੀ ਹੈ ਕਿ ਓਸਾਮਾ ਬਿਨ ਲਾਦੇਨ ਦੀ ਸ਼ਾਗਿਰਦੀ ਵਿੱਚ ਅੱਤਵਾਦ ਦੀ ਪੜ੍ਹਾਈ ਪੜ੍ਹੇ ਅਬੂ ਬਕਰ ਅਲ ਬਗਦਾਦੀ ਨੇ ਸਾਲ 2014 ਵਿੱਚ ਆਪਣੇ ਆਪ ਨੂੰ ਖਲੀਫਾ ਐਲਾਨਿਆ ਅਤੇ ਇਸਲਾਮਿਕ ਸਟੇਟ ਆਫ ਇਰਾਕ ਅਤੇ ਸੀਰੀਆ (ਆਈ ਐੱਸ ਆਈ ਐੱਸ) ਵਾਲੀ ਫੌਜ ਖੜੀ ਕਰ ਕੇ ਸੰਸਾਰ ਮਹਾਂ-ਸ਼ਕਤੀਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ। ਜਦੋਂ ਸੰਸਾਰ ਤਾਕਤਾਂ ਨਾਲ ਭੇੜ ਵਿੱਚ ਉਹ ਕਮਜ਼ੋਰ ਪਿਆ ਤਾਂ ਉਸ ਨੇ ਆਪਣੇ ਲੜਾਕੂਆਂ ਨੂੰ ਸਾਰੇ ਸੰਸਾਰ ਵਿੱਚ ਖਿੱਲਰ ਜਾਣ ਨੂੰ ਕਿਹਾ ਸੀ, ਪਰ ਬਹੁਤਾ ਕਰ ਕੇ ਉਸ ਦੀ ਧਾੜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਵਿੱਚ ਆਣ ਵੜੀ ਸੀ, ਜਿੱਧਰ ਪਹਿਲਾਂ ਤਾਲਿਬਾਨ ਅੱਡੇ ਬਣਾ ਕੇ ਅਮਰੀਕਾ ਵਿਰੁੱਧ ਅਫਗਾਨਿਸਤਾਨ ਦੀ ਲੜਾਈ ਲੜਦੇ ਪਏ ਸਨ। ਦਹਿਸ਼ਤਗਰਦਾਂ ਦੀਆਂ ਇਨ੍ਹਾਂ ਦੋਵਾਂ ਧਿਰਾਂ ਦਾ ਓਥੇ ਆਪਸ ਵਿੱਚ ਸਰਦਾਰੀ ਦਾ ਆਢਾ ਸ਼ੁਰੂ ਹੋ ਗਿਆ, ਜਿਹੜਾ ਅਜੇ ਵੀ ਚੱਲਦਾ ਹੈ ਤੇ ਕਾਬੁਲ ਦੇ ਬੰਬ ਧਮਾਕਿਆਂ ਦੀ ਵਾਰਦਾਤ ਤੀਕਰ ਵੀ ਆਣ ਪੁੱਜਾ ਹੈ। ਏਥੇ ਆ ਕੇ ਤਾਲਿਬਾਨ ਤੇ ਅਮਰੀਕਾ ਦੀ ਸਾਂਝ ਦੇ ਚਰਚੇ ਸੁਣਨ ਲੱਗੇ ਹਨ।
ਜਦੋਂ ਆਈ ਐੱਸ ਆਈ ਐੱਸ ਵਾਲੇ ਇਰਾਕ ਅਤੇ ਸੀਰੀਆ ਤੋਂ ਭੱਜ ਕੇ ਪਾਕਿਸਤਾਨੀ ਖੇਤਰ ਵਿੱਚ ਆ ਕੇ ਟਿਕਣ ਵਿੱਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੇ ਨਵੀਂ ਫੋਰਸ 'ਆਈ ਐੱਸ ਕੇ' (ਇਸਲਾਮਿਕ ਸਟੇਟ ਆਫ ਖੁਰਾਸਾਨ) ਬਣਾਈ ਸੀ। ਖੁਰਾਸਾਨ ਇੱਕ ਬਹੁਤ ਲੰਮਾ ਇਲਾਕਾ ਹੈ, ਜਿਸ ਵਿੱਚ ਇਰਾਨ ਦਾ ਉੱਤਰ ਪੂਰਬ ਦਾ ਸਾਰਾ ਖੇਤਰ, ਅਫਗਾਨਿਸਤਾਨ ਦੇ ਹੇਰਾਤ, ਬਲਖ ਅਤੇ ਬੁਖਾਰਾ ਤੋਂ ਕਾਬੁਲ ਦੇ ਅਗਾਂਹ ਹਿੰਦੂਕੁਸ਼ ਪਰਬਤ ਤੱਕ ਅਤੇ ਤੁਰਕਮੇਨਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦਾ ਕੁਝ ਹਿੱਸਾ ਵੀ ਗਿਣਿਆ ਜਾਂਦਾ ਹੈ। ਕਦੀ ਇਰਾਕ ਅਤੇ ਸੀਰੀਆ ਤੋਂ ਬਾਅਦ ਲੇਵਾਂਤ (ਜਿਸ ਵਿੱਚ ਇਰਾਕ ਤੇ ਸੀਰੀਆ ਦੇ ਨਾਲ ਲੇਬਨਾਨ, ਜਾਰਡਨ ਅਤੇ ਇਸਰਾਈਲ ਦੇ ਇਲਾਕੇ ਤੱਕ ਗਿਣੇ ਜਾਂਦੇ ਹਨ) ਵੱਲ ਮਾਰ ਕਰਨ ਦੀ ਸੋਚ ਵਾਲਾ ਆਈ ਐੱਸ ਆਈ ਐੱਸ ਆਪਣੇ ਨਵੇਂ ਰੂਪ ਆਈ ਐੱਸ ਕੇ ਵਾਲੇ ਝੰਡੇ ਹੇਠ ਪੁਰਾਣੇ ਜ਼ਮਾਨੇ ਦੇ ਖੁਰਾਸਾਨ ਉੱਤੇ ਇਸਾਲਾਮੀ ਝੰਡਾ ਝੁਲਾਉਣ ਦੇ ਐਲਾਨ ਕਰਨ ਲੱਗ ਪਿਆ। ਆਈ ਐੱਸ ਦੇ ਖਲੀਫਾ ਅਬੂ ਬਕਰ ਅਲ ਬਗਦਾਦੀ ਦੇ ਬਾਅਦ ਇਸ ਦਾ ਨਵਾਂ ਆਗੂ ਹਾਫਿਜ਼ ਸਈਦ ਖਾਨ ਬਣਿਆ ਸੀ, ਜਿਹੜਾ ਸਾਲ 2015 ਵਿੱਚ ਮਾਰਿਆ ਗਿਆ ਸੁਣਿਆ ਸੀ ਅਤੇ ਉਸ ਤੋਂ ਬਾਅਦ ਇਸ ਗਰੁੱਪ ਦਾ ਸੁਪਰੀਮ ਲੀਡਰ ਅਸਲਮ ਫਾਰੂਕੀ ਦੱਸਿਆ ਜਾਂਦਾ ਹੈ।
ਏਥੋਂ ਆਣ ਕੇ ਇੱਕ ਗੱਲ ਪਿਛਲੇ ਸਾਲ ਮਾਰਚ ਵਿੱਚ ਕਾਬੁਲ ਦੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵਿੱਚ ਹੋਏ ਅੱਤਵਾਦੀ ਹਮਲੇ ਤੇ ਪੰਝੀ ਤੋਂ ਵੱਧ ਸਿੱਖਾਂ ਦੇ ਮਾਰੇ ਜਾਣ ਦੀ ਚੇਤੇ ਆਉਂਦੀ ਹੈ। ਉਹ ਹਮਲਾ ਤਾਲਿਬਾਨ ਦਾ ਨੇੜਲਾ ਮੰਨੇ ਜਾਂਦੇ ਹੱਕਾਨੀ ਨੈੱਟਵਰਕ ਦਾ ਕੰਮ ਸਮਝਿਆ ਗਿਆ ਸੀ, ਪਰ ਪਿੱਛੋਂ ਪਤਾ ਲੱਗਾ ਕਿ ਇਸ ਹਮਲੇ ਦਾ ਮੁੱਖ ਸਾਜਿਸ਼ ਕਰਤਾ ਅਸਲਮ ਫਾਰੂਕੀ ਸੀ, ਜਿਹੜਾ ਕੁਝ ਸਮਾਂ ਬਾਅਦ ਫੜੇ ਜਾਣ ਪਿੱਛੋਂ ਓਦੋਂ ਤੋਂ ਜੇਲ੍ਹ ਵਿੱਚ ਸੀ। ਇਹ ਗੱਲ ਲਗਾਤਾਰ ਸੁਣਨ ਨੂੰ ਮਿਲਦੀ ਰਹੀ ਕਿ ਅਸਲਮ ਫਾਰੂਕੀ ਜੇਲ੍ਹ ਵਿੱਚੋਂ ਵੀ ਆਪਣੇ ਆਈ ਐੱਸ ਕੇ ਗਰੁੱਪ ਨੂੰ ਕਮਾਂਡ ਕਰਦਾ ਤੇ ਭਾਰਤ ਵਿੱਚ ਜੰਮੂ-ਕਸ਼ਮੀਰ ਤੱਕ ਵਾਰਦਾਤਾਂ ਕਰਵਾਉਂਦਾ ਹੈ। ਜਦੋਂ ਪਿਛਲੇ ਦਿਨੀਂ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕੀਤਾ ਤਾਂ ਕਾਹਲੀ ਵਿੱਚ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਇਹ ਚੇਤੇ ਨਹੀਂ ਰੱਖਿਆ ਕਿ ਉਨ੍ਹਾਂ ਦਾ ਕੱਟੜ ਵਿਰੋਧੀ ਅਸਲਮ ਫਾਰੂਕੀ ਵੀ ਨਿਕਲ ਸਕਦਾ ਹੈ। ਤਾਲਿਬਾਨ ਨਾਲ ਸਰਦਾਰੀ ਦੀ ਜੰਗ ਵਿੱਚ ਹਰ ਹੱਦ ਪਾਰ ਕਰਨ ਲਈ ਤਿਆਰ ਸਮਝਿਆ ਜਾਂਦਾ ਅਸਲਮ ਫਾਰੂਕੀ ਜਦੋਂ ਜੇਲ੍ਹ ਤੋਂ ਨਿਕਲਿਆ ਤਾਂ ਅਫਗਾਨਿਸਤਾਨ ਦੀ ਹਕੂਮਤ ਤਾਲਿਬਾਨ ਦੇ ਪੱਕੇ ਪੈਰੀਂ ਸੰਭਾਲਣ ਤੋਂ ਪਹਿਲਾਂ ਕਾਬੁਲ ਏਅਰ ਪੋਰਟ ਦੀ ਵਾਰਦਾਤ ਕਰਵਾ ਕੇ ਤਾਲਿਬਾਨ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਟੀਮ ਨੂੰ ਸੋਚੀਂ ਪਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਚੱਲ ਨਿਕਲੀ ਹੈ ਕਿ ਅਫਗਾਨਿਸਤਾਨ ਤੋਂ ਫੌਜ ਕੱਢਣ ਦਾ ਰਾਸ਼ਟਰਪਤੀ ਜੋਅ ਬਾਇਡੇਨ ਦਾ ਫੈਸਲਾ ਵੱਡੇ ਖਰਚਿਆਂ ਜਾਂ ਆਪਣੇ ਦੇਸ਼ ਦੇ ਫੌਜੀ ਜਵਾਨਾਂ ਦੀਆਂ ਜਾਨਾਂ ਬਚਾਉਣ ਦੀ ਕਾਹਲੀ ਦੇ ਕਾਰਨ ਨਹੀਂ ਸੀ ਲਿਆ ਗਿਆ, ਅਸਲ ਵਿੱਚ ਅੱਜਕੱਲ੍ਹ ਇੱਕ ਸਾਂਝਾ ਦੁਸ਼ਮਣ ਆਈ ਐੱਸ ਕੇ ਉੱਭਰਦਾ ਵੇਖ ਕੇ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਅੰਦਰ-ਖਾਤੇ ਗਿੱਟਮਿੱਟ ਹੋਣ ਪਿੱਛੋਂ ਚੁੱਕਿਆ ਗਿਆ ਕਦਮ ਸੀ।
ਅਮਰੀਕਾ ਵੱਲ ਇਸ ਦੌਰਾਨ ਤਾਲਿਬਾਨ 'ਸਾਫਟ' (ਨਰਮ) ਹੋ ਗਿਆ ਜਾਂ ਤਾਲਿਬਾਨ ਵੱਲ ਅਮਰੀਕੀ ਹਕੂਮਤ ਦੇ ਆਗੂ ਡੋਨਾਲਡ ਟਰੰਪ ਅਤੇ ਜੋਅ ਬਾਇਡੇਨ ਦੋਬਾਰਾ ਇਰਾਕ ਅਤੇ ਸੀਰੀਆ ਵਰਗੀ ਉਲਝਵੀਂ ਜੰਗ ਵਿੱਚ ਫਸਣ ਦੇ ਡਰ ਕਾਰਨ ਸਾਫਟ ਹੋਏ ਸਨ, ਦੋਵੇਂ ਤਰ੍ਹਾਂ ਇਨ੍ਹਾਂ ਦੋਵਾਂ ਧਿਰਾਂ ਦੀ ਨਰਮੀ ਦੀ ਗੱਲ ਚਰਚਾ ਵਿੱਚ ਹੈ। ਜਿਹੜੇ ਜੋਅ ਬਾਇਡੇਨ ਨੂੰ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਕਾਰਨ ਹਰ ਪਾਸੇ ਤੋਂ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੀ, ਅਚਾਨਕ ਉਸੇ ਬਾਇਡੇਨ ਦੇ ਇਸ ਕਦਮ ਨੂੰ ਇੱਕ ਵੱਡੀ ਜੰਗ ਖੁਦ ਪਾਸੇ ਹੋ ਕੇ ਤਾਲਿਬਾਨ ਤੇ ਉਨ੍ਹਾਂ ਦੇ ਪਿੱਛੇ ਖੜੇ ਪਾਕਿਸਤਾਨ ਦੇ ਗਲ਼ ਪਾ ਦੇਣ ਵਾਲਾ ਆਗੂ ਕਿਹਾ ਜਾਣ ਲੱਗਾ ਹੈ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ, ਨਹੀਂ ਵੀ, ਪਰ ਇੱਕ ਗੱਲ ਪੱਕੀ ਮੰਨਣ ਵਾਲੀ ਹੈ ਕਿ ਜੋਅ ਬਾਇਡੇਨ ਦੀ ਇਸ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਲੋਕਾਂ ਨੂੰ ਹੀ ਨਹੀਂ, ਹਿੰਦੁਸਤਾਨ ਦੇ ਲੋਕਾਂ ਤੇ ਆਗੂਆਂ ਨੂੰ ਵੀ ਚਿਤਵਣੀ ਲਾ ਦਿੱਤੀ ਹੈ। ਅਗਲੇ ਸਾਲ ਏਧਰ ਦੇ ਦੇਸ਼ਾਂ ਲਈ ਫਿਕਰਮੰਦੀ ਵਾਲੇ ਹਨ।