ਦੇਸ਼ਭਗਤੀ ਦੇ ਪਾਠ ਦੀਆਂ ਤਹਿਆਂ - ਅਵੀਜੀਤ ਪਾਠਕ
ਕੌਣ ਮੁਨਕਰ ਹੋ ਸਕੇਗਾ ਕਿ ਪੜ੍ਹਨ ਪੜ੍ਹਾਉਣ ਦੀਆਂ ਕੁਝ ਵਿਸ਼ੇਸ਼ ਵੰਨਗੀਆਂ ਅਤੇ ਨਿਰੇ ਮੁਫ਼ਾਦਪ੍ਰਸਤ ਕਰੀਅਰ ਹਿੱਤਾਂ ਤੋਂ ਇਲਾਵਾ ਵੀ ਸਿੱਖਿਆ ਵਿਚ ਬਹੁਤ ਕੁਝ ਹੁੰਦਾ ਹੈ? ਸਾਰੇ ਮਹਾਨ ਸਿੱਖਿਆਦਾਨੀ ਆਖਣਗੇ ਕਿ ਸਿੱਖਿਆ ਦਾ ਮਤਲਬ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣਾ, ਉਨ੍ਹਾਂ ਦੇ ਦਿਸਹੱਦੇ ਵਸੀਹ ਬਣਾਉਣਾ, ਪਿਆਰ ਤੇ ਸੇਵਾ ਦਾ ਇਖ਼ਲਾਕ ਸਿਖਾਉਣਾ ਅਤੇ ਉਨ੍ਹਾਂ ਨੂੰ ਇਖ਼ਲਾਕੀ ਤੌਰ ’ਤੇ ਅਮੀਰ, ਚੌਗਿਰਦੇ ਦੀ ਸੂਝ ਭਰੇ ਤੇ ਸਮਤਾਵਾਦੀ ਸਮਾਜ ਦੀ ਸਿਰਜਣਾ ਦੀ ਤਲਾਸ਼ ਲਈ ਜ਼ਿੰਮੇਵਾਰ ਬਣਾਉਣਾ ਹੁੰਦਾ ਹੈ। ਤੇ ਹੁਣ ਜਦੋਂ ਕੇਂਦਰ ਸਰਕਾਰ ‘ਦੇਸ਼ਭਗਤੀ’ ਦਾ ਪਾਠਕ੍ਰਮ ਲਾਗੂ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਇਸ ਬਾਬਤ ਸਾਡੀ ਦਿਲਚਸਪੀ ਜਾਗਦੀ ਹੈ। ਇਸ ਦਾ ਇਰਾਦਾ ਤੇ ਉਦੇਸ਼ ਬਹੁਤ ਉਤਮ ਤੇ ਉਸਾਰੂ ਜਾਪਦਾ ਹੈ ਕਿਉਂਕਿ ਇਹ ਬੱਚਿਆਂ ਨੂੰ ਆਜ਼ਾਦੀ ਦੀ ਭਾਵਨਾ ਨਾਲ ਗੜੁੱਚ ਕਰਨਾ, ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਸਮਝਾਉਣ ਦੇ ਲਾਇਕ ਬਣਾਉਣਾ ਚਾਹੁੰਦਾ ਹੈ ਤਾਂ ਕਿ ਉਹ ਬਹੁਵਾਦ ਤੇ ਵੰਨ-ਸਵੰਨਤਾ ਪ੍ਰਤੀ ਸੰਵੇਦਨਸ਼ੀਲ ਬਣ ਸਕਣ ਅਤੇ ਜੀਵਨ ਦੇ ਠੋਸ ਹਾਲਾਤ ਅੰਦਰ ਸਮਾਨਤਾ ਤੇ ਭਾਈਚਾਰੇ ਦੇ ਮਹੱਤਵ ਦਾ ਅਹਿਸਾਸ ਕਰ ਸਕਣ।
ਇਸ ਤਜਰਬੇ ਵਿਚ ਹਾਲਾਂਕਿ ਹਾਂ-ਪੱਖ ਛੁਪਿਆ ਹੈ ਪਰ ਇਸ ਬਾਰੇ ਚੌਕਸ ਰਹਿਣਾ ਜ਼ਰੂਰੀ ਹੈ। ਇਹ ਗੱਲ ਸਾਫ਼ ਕਰਨੀ ਜ਼ਰੂਰੀ ਹੈ ਕਿ ਸੱਤਾ ਅਤੇ ਦਮਨ ਦੇ ਢਾਂਚਿਆਂ ’ਤੇ ਅੰਤਰਝਾਤ ਪਵਾਉਣ ਵਾਲੀ ਤੇ ਨੁਕਤਾਚੀਨ ਜਾਂ ਸਮਾਲੋਚਕ (critical) ਸਿੱਖਿਆ ਹੀ ਦੇਸ਼ਭਗਤੀ ਨੂੰ ਵਿਹੁਲੀ ਦੇਸ਼ਭਗਤ ਤੋਂ ਨਿਖੇੜਨ ਦੇ ਸਮੱਰਥ ਹੋ ਸਕਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਅਜਿਹੇ ਸਮੇਂ ‘ਚ ਜੀਅ ਰਹੇ ਹਾਂ ਜਦੋਂ ਰਾਸ਼ਟਰਵਾਦ ਤੇ ਦੇਸ਼ਭਗਤੀ ਦੇ ਚੌਤਰਫਾ ਚੀਕ-ਚਿਹਾੜੇ ਕਰ ਕੇ ਸਾਡੀ ਸਮੂਹਿਕ ਮਨੋਦਸ਼ਾ ਵਿਹੁਲੀ ਹੋ ਗਈ ਹੈ ਅਤੇ ਦੇਸ਼ਭਗਤੀ ਕਿਸੇ ਅੰਗੇ ਹੋਏ ‘ਦੁਸ਼ਮਣ’ ਖਿਲਾਫ਼ ਨਫ਼ਰਤ ਉਕਸਾਉਣ ਦਾ ਜ਼ਰੀਆ ਮਾਤਰ ਬਣ ਗਈ ਹੈ। ਫਿਰ ਭਾਵੇਂ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ ਹਰਾਉਣ, ਫ਼ੌਜੀਕਰਨ ਦੀ ਚੇਤਨਾ ਦਾ ਜਸ਼ਨ ਮਨਾਉਣ, ਕਿਸੇ ਤਰ੍ਹਾਂ ਦੇ ਬਾਹੂਬਲੀ ਹਮਲੇ ਦੀ ਕਾਵਾਂਰੌਲੀ ਹੋਵੇ ਜਾਂ ਘੱਟਗਿਣਤੀ ਨੂੰ ਉਨ੍ਹਾਂ ਦੇ ਦੋਇਮ ਦਰਜੇ ਦਾ ਅਹਿਸਾਸ ਕਰਾਉਣ ਦੀਆਂ ਚਾਰਾਜੋਈਆਂ ਹੋਣ - ਇਸ ਕਿਸਮ ਦੀ ਦੇਸ਼ਭਗਤੀ ਹਰ ਕਿਸਮ ਦੇ ਜੰਗੀ ਮੁਹਾਵਰਿਆਂ ’ਚੋਂ ਸਾਫ਼ ਝਲਕਦੀ ਹੈ।
ਉਂਝ, ਖਰੀ ਤੇ ਸਮੱਰਥ ਦੇਸ਼ਭਗਤੀ ਕਦੇ ਵੀ ਆਪਣੇ ਆਪ ਨੂੰ ਭੜਕਾਊ ਪ੍ਰਤੀਕਾਂ ਤੇ ਤੇਵਰਾਂ ਰਾਹੀਂ ਪਰਗਟ ਨਹੀਂ ਕਰਦੀ। ਇਹ ਹਮੇਸ਼ਾ ਸੂਖਮ, ਖ਼ਾਮੋਸ਼ ਤੇ ਨਾਜ਼ੁਕ ਤਰੀਕੇ ਨਾਲ ਚਲਦੀ ਹੈ। ਜਦੋਂ ਕੋਈ ਜ਼ਹੀਨ ਡਾਕਟਰ, ਕਰੁਨਾਮਈ ਅਧਿਆਪਕ, ਪ੍ਰਤੀਬੱਧ ਸਮਾਜ ਸੇਵੀ ਚੁੱਪ-ਚਾਪ ਆਪਣਾ ਕੰਮ ਕਰਦਾ ਹੈ ਤਾਂ ਇਹੀ ਉਸ ਦੀ ਦੇਸ਼ਭਗਤੀ ਹੁੰਦੀ ਹੈ। ਦੇਸ਼ਭਗਤੀ ਦੀ ਕੋਈ ਵਰਦੀ ਨਹੀਂ ਹੁੰਦੀ। ਇਸੇ ਤਰ੍ਹਾਂ ਦੇਸ਼ਭਗਤੀ ਦਾ ਜਜ਼ਬਾ ਮੁਹੱਬਤ ਦੀ ਤਾਕਤ ਅਤੇ ਜ਼ੋਰ ਜਬਰ ਦੀ ਮੁਖਲਾਫ਼ਤ ਵਿਚ ਵਿਸ਼ਵਾਸ ਜਗਾਉਂਦਾ ਹੈ। ਇਹੀ ਇਸ ਗੱਲ ਦਾ ਪ੍ਰਮਾਣ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਦੇਸ਼ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਭ੍ਰਿਸ਼ਟ, ਲਾਲਚੀ ਤੇ ਸ਼ੋਸ਼ਣਕਾਰੀ ਲੋਕਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹੋ। ਸੱਚੀ ਦੇਸ਼ਭਗਤੀ ‘ਸਾਰੇ ਜਹਾਂ ਸੇ ਅੱਛਾ’ ਟੇਪ ਰਿਕਾਰਡਰ ਵਾਂਗ ਤਰਾਨਾ ਗਾਉਣਾ ਨਹੀਂ ਸਗੋਂ ਇਸ ਤੋਂ ਕਿਤੇ ਦੂਰ ਅਜਿਹੀ ਚੇਤਨਾ ਦੀ ਜਾਗ ਲਾਉਣਾ ਹੁੰਦਾ ਹੈ ਕਿ ਦੇਸ਼ ਦੀ ਬਿਹਤਰੀ ਉਦੋਂ ਹੀ ਹੋਵੇਗੀ ਜਦੋਂ ਅਸੀਂ ਕਾਰਪੋਰੇਟ, ਸਿਆਸਤਦਾਨ-ਅਪਰਾਧੀ ਗੱਠਜੋੜ ਦੀ ਲੁੱਟ, ਦੱਬੂ ਨੌਕਰਸ਼ਾਹੀ ਤੇ ਜ਼ਿੰਦਗੀ ਦੇ ਹਰ ਸ਼ੋਹਬੇ ਅੰਦਰ ਪਨਪ ਰਹੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵਾਂਗੇ। ਇਹ ਸਮਾਲੋਚਕ ਸਿੱਖਿਆ ਦਾ ਹੀ ਕਮਾਲ ਹੋ ਸਕਦਾ ਹੈ ਜੋ ਕਿਸੇ ਯੁਵਕ ਵਿਦਿਆਰਥੀ ਨੂੰ ਇਸ ਗੱਲ ਦੇ ਕਾਬਿਲ ਬਣਾ ਸਕਦਾ ਹੈ ਕਿ ਉਹ ਹੱਕਾਂ ਲਈ ਲੜਨ ਵਾਲੇ ਕਿਸੇ ਕਾਰਕੁਨ, ਕਰਮੱਠ ਵਾਤਾਵਰਨਵਾਦੀ ਅਤੇ ਇਸੇ ਤਰ੍ਹਾਂ ਕੋਵਿਡ ਦੇ ਮਰੀਜਾਂ ਲਈ ਆਕਸੀਜਨ ਦੇ ਸਿਲੰਡਰ, ਦਵਾਈਆਂ ਤੇ ਹਸਪਤਾਲ ਦੇ ਬੈੱਡਾਂ ਦਾ ਪ੍ਰਬੰਧ ਕਰਨ ਵਾਲੇ ਸਵੈ-ਸੇਵੀ ਨੌਜਵਾਨਾਂ ਦੇ ਕੰਮਾਂ ਵਿਚ ਦੇਸ਼ਭਗਤੀ ਦੀ ਚਿਣਗ ਨੂੰ ਦੇਖ ਸਕੇ। ਕੀ ਸਾਡੇ ਸਕੂਲ ਪ੍ਰਿੰਸੀਪਲ ਇਸ ਕਿਸਮ ਦੀ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਦਾ ਆਪਣੇ ਅੰਦਰ ਜੇਰਾ ਪੈਦਾ ਕਰ ਸਕਣਗੇ?
ਦੂਜਾ, ਬੱਚਿਆਂ ਨੂੰ ਇਸ ਗੱਲ ਬਾਰੇ ਵੀ ਚੇਤਨ ਕਰਾਉਣਾ ਜ਼ਰੂਰੀ ਹੈ ਕਿ ਰਾਸ਼ਟਰਵਾਦ ਦੀਆਂ ਹੱਦਬੰਦੀਆਂ ਤੇ ਇਸ ਨਾਲ ਜੁੜੀ ਦੇਸ਼ਭਗਤੀ ਤੋਂ ਉੱਚੀ ਸੁੱਚੀ ਸ਼ੈਅ ਵੀ ਹੈ। ਇਹ ਹੈ ਇਨਸਾਨੀਅਤ ਦੀ ਰੂਹਾਨੀ ਏਕਤਾ ਦੀ ਤਲਾਸ਼; ਇਹ ਵਿਕਾਸ ਤੇ ਵਾਤਾਵਰਨ ਦਰਮਿਆਨ ਪਾਏਦਾਰ ਰਿਸ਼ਤੇ ਦੀ ਤਲਾਸ਼ ਹੈ, ਤੇ ਇਹ ਸਾਡੀ ਦੁਨੀਆ ਨੂੰ ਜਲਵਾਯੂ ਤਬਦੀਲੀ ਦੇ ਸੰਕਟ, ਤਬਾਹਕੁਨ ਜੰਗਾਂ, ਦਹਿਸ਼ਤਗਰਦ ਹਿੰਸਾ ਤੇ ਵਧਦੀ ਜਾ ਰਹੀ ਅਸਮਾਨਤਾ ਤੇ ਗ਼ੈਰਬਰਾਬਰੀ ਤੋਂ ਬਚਾਉਣ ਦੇ ਉਦਮ ਹਨ। ਇਸ ਦਾ ਮਤਲਬ ਹੈ ਕਿ ਸਾਡੇ ਬੱਚਿਆਂ ਨੂੰ ਨੇੜੇ ਤੋਂ ਦੂਰ ਤੱਕ ਦੇ ਲਗਾਤਾਰ ਉਥਾਨ, ਮੁਕਾਮੀ ਸਰੋਕਾਰਾਂ ਤੋਂ ਲੈ ਕੇ ਸਾਡੇ ਸਮੂਹਿਕ ਹੋਣੀ ਤੱਕ ਦੀ ਯਾਤਰਾ ਕਰਨ ਦਾ ਬਲ਼ ਮਿਲ ਸਕੇ। ਤਦ ਹੀ ਦਿੱਲੀ ਦਾ ਕੋਈ ਵਿਦਿਆਰਥੀ ਲਾਹੌਰ ਜਾਂ ਨੈਰੋਬੀ ਦੇ ਕਿਸੇ ਵਿਦਿਆਰਥੀ ਦੀ ਪੀੜ ਅਤੇ ਖਲੂਸ ਨੂੰ ਸਮਝ ਸਕੇਗਾ। ਉਦੋਂ ਹੀ ਮਾਨਵੀ ਭਾਵ ਦੇ ਦੁਆਰ ਖੁੱਲ੍ਹਣ ਦੇ ਮੌਕੇ ਪੈਦਾ ਹੋ ਸਕਣਗੇ। ਆਓ, ਆਪਣੇ ਬੱਚਿਆਂ ਨੂੰ ਪਾਰ-ਰਾਸ਼ਟਰਵਾਦ ਦੀ ਗਹਿਰੀ ਸੂਝ ਗ੍ਰਹਿਣ ਕਰਨ ਦੇ ਮੌਕੇ ਦੇਈਏ। ਕੌਮਾਂਤਰੀ ਬ੍ਰਾਂਡਾਂ ਦੀਆਂ ਚੀਜ਼ਾਂ ਖਾਣ-ਪੀਣ ਜਾਂ ਪਹਿਨਣ ਨਾਲ ਇਹ ਨਹੀਂ ਹੋ ਸਕਣਾ ਸਗੋਂ ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਆਪਣੀਆਂ ਮਹਿਦੂਦ ਪਛਾਣਾਂ ਦੀਆਂ ਵਲਗਣਾਂ ਤੋਂ ਪਾਰ ਝਾਕਣ ਦੇ ਸਮੱਰਥ ਹੁੰਦਾ ਹੈ ਅਤੇ ਜੀਸਸ ਤੇ ਬੁੱਧ, ਰੂਮੀ ਤੇ ਕਬੀਰ, ਗਾਂਧੀ ਤੇ ਮੰਡੇਲਾ, ਟੈਗੋਰ ਤੇ ਵਿਟਮੈਨ ਦੀ ਏਕਤਾ ਅਨੁਭਵ ਕਰਦਾ ਹੈ ਜਾਂ ਇੰਝ ਹੀ ਕੌਮੀ ਤਰਾਨੇ ਤੇ ਜੌਹਨ ਲੈਨਨ ਦੀ ਧੁਨ ‘ਇਮੈਜਨ’ ਨੂੰ ਇਕਸੁਰ ਕਰ ਦਿੰਦਾ ਹੈ। ਆਲੋਚਨਾਤਮਿਕ ਸਿੱਖਿਆ ਪੱਕੇ ਪੈਰੀਂ ਆਲਮੀਅਤ ਲਈ ਜ਼ਮੀਨ ਤਿਆਰ ਕਰ ਦਿੰਦੀ ਹੈ ਪਰ ਸਵਾਲ ਇਹ ਹੈ ਕਿ ਕੀ ਅਸੀਂ ਇਸ ਲਈ ਤਿਆਰ ਹਾਂ?
ਅਖੀਰਲੀ ਗੱਲ, ਕੋਈ ਵੀ ਪਾਕ-ਸਾਫ਼ ਕਦਰਾਂ-ਇਖ਼ਲਾਕੀ ਸਮਾਜੀ ਵਿਹਾਰ, ਨਾਗਰਿਕ ਜ਼ਿੰਮੇਵਾਰੀ ਜਾਂ ਵਾਤਾਵਰਨੀ ਪਾਏਦਾਰੀ ਰੱਟਾ ਪਾਠ ਜ਼ਰੀਏ ਨਹੀਂ ਸਿਖਾਈ ਜਾ ਸਕਦੀ। ਨਾ ਹੀ ਇਸ ਨੂੰ ਕਿਸੇ ਸਰਕਾਰੀ ਸਮਾਂ-ਸਾਰਨੀ ਮੁਤਾਬਕ ਰੋਜ਼ 45 ਮਿੰਟ ਦੇ ਪੀਰੀਅਡ ਨਾਲ ਨੱਥੀ ਕੀਤਾ ਜਾ ਸਕਦਾ ਹੈ। ਬਤੌਰ ਅਧਿਆਪਕ ਸਾਨੂੰ ਅੰਤਰਝਾਤ ਦੇ ਕਠੋਰ ਅਭਿਆਸ ’ਚੋਂ ਲੰਘਣਾ ਪਵੇਗਾ। ਵਿਦਿਆਰਥੀ ਹਰ ਚੀਜ਼ ਗਹੁ ਨਾਲ ਤੱਕਦੇ ਹਨ, ਉਹ ਦੇਖਦੇ ਹਨ ਕਿ ਜੋ ਕੁਝ ਪੜ੍ਹਾਇਆ ਜਾ ਰਿਹਾ ਹੈ, ਕੀ ਅਸੀਂ ਉਸ ’ਤੇ ਖ਼ੁਦ ਅਮਲ ਕਰਦੇ ਹਾਂ। ਸੋਚੋ, ਜਿਹੜਾ ਅਧਿਆਪਕ ਖ਼ੁਦ ਜਾਤੀਵਾਦੀ ਤੇ ਮਰਦ ਪ੍ਰਧਾਨਤਾ ਦੀ ਸੋਚ ਨਾਲ ਗ੍ਰਸਿਆ ਹੈ, ਉਹ ਜਦੋਂ ਭਾਈਚਾਰੇ ਤੇ ਸਮਾਨਤਾ ਦਾ ਪਾਠ ਪੜ੍ਹਾਉਂਦਾ ਹੈ ਤਾਂ ਕੀ ਉਸ ਦੀ ਗੱਲ ਦਾ ਕੋਈ ਅਸਰ ਹੋਵੇਗਾ? ਕਿਆਸ ਕਰੋ ਕਿਸੇ ਅਜਿਹੇ ਸੱਤਾ ਪੂਜਕ ਤੇ ਹੰਕਾਰੀ ਪ੍ਰਿੰਸੀਪਲ ਦਾ ਜੋ ਬੱਚਿਆਂ ਦੇ ਅਨਪੜ੍ਹ ਤੇ ਗਰੀਬੜੇ ਮਾਪਿਆਂ ਨਾਲ ਬਦਸਲੂਕੀ ਕਰਦਾ ਹੈ ਤਾਂ ਕੀ ਉਸ ਵਲੋਂ ਪੜ੍ਹਾਏ ਗਾਂਧੀ ਤੇ ਭਗਤ ਸਿੰਘ ਦੇ ਆਦਰਸ਼ ਵਿਦਿਆਰਥੀਆਂ ’ਤੇ ਕੋਈ ਅਸਰ ਪਾ ਸਕਣਗੇ? ਅਧਿਆਪਕਾਂ ਨੂੰ ਸਿੱਖਿਆ ਕੌਣ ਦੇਵੇਗਾ? ਇਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਅਸੀਂ ਅਜਿਹੇ ਸਮਾਜ ਅੰਦਰ ਰਹਿੰਦੇ ਹਾਂ ਜਿੱਥੇ ਜ਼ਿਆਦਾਤਰ ਅਧਿਆਪਕ ਸਿਖਲਾਈ ਕੇਂਦਰਾਂ ਦੀ ਹਾਲਤ ਖਸਤਾ ਹੈ ਤੇ ਬੀਐੱਡ ਦੀ ਡਿਗਰੀ ਹਾਸਲ ਕਰਨਾ ਤਕਨੀਕੀ ਜ਼ਰੂਰਤ ਤੋਂ ਵੱਧ ਕੁਝ ਵੀ ਨਹੀਂ। ਅਸਲ ਵਿਚ ਸਕੂਲ ਅਧਿਆਪਕ ਦੇ ਪੇਸ਼ੇ ਨੂੰ ਨਾ ਕਦੇ ਸਮਝਿਆ ਗਿਆ ਹੈ ਤੇ ਨਾ ਹੀ ਇਸ ਨੂੰ ਇੱਜ਼ਤ ਦਿੱਤੀ ਗਈ ਹੈ। ਬੱਚਿਆਂ ਦੇ ਦੁਪਹਿਰ ਦੇ ਭੋਜਨ ਤੋਂ ਲੈ ਕੇ ਵੋਟਾਂ ਪਵਾਉਣ ਤੱਕ ਹਰ ਕੰਮ ਅਧਿਆਪਕ ਦੇ ਜ਼ਿੰਮੇ ਲਾ ਦਿੱਤਾ ਜਾਂਦਾ ਹੈ। ਅਜਿਹੇ ਮਾਹੌਲ ਵਿਚ ਆਲੋਚਨਾਤਮਿਕ ਸਿੱਖਿਆ ’ਤੇ ਝਾਤ ਮਾਰਨ, ਮਹਾਨ ਰਚਨਾਵਾਂ ਪੜ੍ਹਨ, ਪਾਓਲੋ ਫ੍ਰੇਅਰ ਅਤੇ ਰਾਬਿੰਦਰਨਾਥ ਟੈਗੋਰ ਬਾਰੇ ਸੋਚ ਵਿਚਾਰ ਕਰਨ ਅਤੇ ਉਚ ਅਸੂਲਾਂ ਲਈ ਲੜਨ ਦਾ ਸਮਾਂ ਕੀਹਦੇ ਕੋਲ ਹੈ?
ਇਹ ਨਕਾਰਵਾਦ ਨਹੀਂ, ਨਾ ਹੀ ਇਸ ਦਾ ਦੇਸ਼ਭਗਤੀ ਦੇ ਪਾਠਕ੍ਰਮ ਦੀ ਸੰਭਾਵਨਾ ਨੂੰ ਛੁਟਿਆਉਣ ਦਾ ਕੋਈ ਇਰਾਦਾ ਹੈ। ਇਹ ਉਨ੍ਹਾਂ ਸੰਭਾਵੀ ਅੜਿੱਕਿਆਂ ਦੀ ਗੱਲ ਹੈ ਜਿਨ੍ਹਾਂ ਨੂੰ ਮੁਖ਼ਾਤਬ ਹੋਣ ਦੀ ਲੋੜ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।