ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

23 Aug. 2021

 

ਵਾਅਦੇ ਮੁਤਾਬਕ ਸਿੱਧੂ ਨੇ ਕਾਂਗਰਸ ਭਵਨ ਵਿਚ ਡੇਰਾ ਲਗਾ ਲਿਆ- ਇਕ ਖ਼ਬਰ

ਅੱਲਾ ਹੂ ਦਾ ਆਵਾਜ਼ਾ ਆਵੇ, ਕੁੱਲੀ ਨੀ ਫ਼ਕੀਰ ਦੀ ਵਿਚੋਂ।


ਅਕਾਲੀ ਦਲ ਦਾ ਮੁੱਖ ਮੰਤਵ ਗੁਰੂ ਘਰਾਂ ਦੀ ਤੇ ਸੰਗਤਾਂ ਦੀ ਸੇਵਾ ਹੈ, ਰਾਜਨੀਤੀ ਨਹੀਂ- ਸਿਰਸਾ

ਹੋਕਾ ਵੰਙਾਂ ਦਾ, ਕੱਢ ਦਿਖਾਉਂਦੇ ਚੱਕੀ ਰਾਹੇ


ਕਿਸਾਨਾਂ ਵਲੋਂ ਹਰਸਿਮਰਤ ਬਾਦਲ ਦਾ ਵਿਰੋਧ- ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।


ਲੋਕਾਂ ਦੇ ਅਸਲ ਮੁੱਦੇ ਰਵਾਇਤੀ ਪਾਰਟੀਆਂ ਦੇ ਏਜੰਡੇ ‘ਤੇ ਨਹੀਂ- ਸਿਮਰਨਜੀਤ ਸਿੰਘ ਮਾਨ

ਚਰਖੇ ਦੀ ਘੂਕ ਨਾ ਸੁਣੇ, ਸੁੰਞੇ ਪਏ ਨੇ ਤ੍ਰਿੰਞਣਾਂ ਦੇ ਵਿਹੜੇ।


ਕੈਪਟਨ ਤੇ ਸਿੱਧੂ ਨੇ ਮਿਲਕੇ ਬਣਾਈ ਇਕ 10 ਮੈਂਬਰੀ ਕਮੇਟੀ- ਇਕ ਖ਼ਬਰ

ਇਕ ਮੰਜੇ ਹੋ ਚਲੀਏ, ਚੰਨ ਛੁਪਿਆ ਟਹਿਕਦੇ ਤਾਰੇ।


ਸੁਖਬੀਰ ਬਾਦਲ ਨੇ ਮੇਰੇ ਨਾਲ਼ ਧੋਖਾ ਕੀਤਾ- ਸਰਬਜੀਤ ਸਿੰਘ ਮੱਕੜ

ਸਿਅਸਤ ਹੁੰਦੀ ਬੜੀ ਬੇਦਰਦ ਯਾਰੋ, ਏਥੇ ਕੋਈ ਕਿਸੇ ਦਾ ਯਾਰ ਨਾਹੀਂ।


ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਗ੍ਰਿਫ਼ਤਾਰ- ਇਕ ਖ਼ਬਰ

ਭੋਲ਼ੇ ਲੋਕਾਂ ਨੂੰ ਸਮਝ ਨਾ ਆਈ, ਡਰਾਮਾ ਇਕ ਹੋਰ ਹੋ ਗਿਆ


ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਰਾਜ਼ੀ ਹੋਇਆ ਚੀਨ- ਇਕ ਖ਼ਬਰ

ਗਲੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।


ਬਾਈਡੇਨ ਨੇ ਅਫ਼ਗਾਨਿਸਤਾਨ ਨਾਲ ਹਥਿਆਰਾਂ ਦੇ ਸਾਰੇ ਸੌਦੇ ਕੀਤੇ ਰੱਦ- ਇਕ ਖ਼ਬਰ

ਉਂਜ ਵੇਖਣ ਨੂੰ ਅਸੀਂ ਦੋ, ਤੇਰੀ ਮੇਰੀ ਇਕ ਜਿੰਦੜੀ।


ਭਾਜਪਾ ਵਰਕਰਾਂ ਨਾਲ਼ ਇਕੱਲੀ ਭਿੜ ਗਈ ਕਿਸਾਨ ਬੀਬੀ- ਇਕ ਖ਼ਬਰ

ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ।


ਗੁਆਚੀ ਸਾਖ ਬਹਾਲ ਕਰਨ ਲਈ ਸੁਖਬੀਰ ਯਾਤਰਾ ਦਾ ਨਾਟਕ ਕਰ ਰਿਹਾ ਹੈ- ਪ੍ਰਮਿੰਦਰ ਢੀਂਡਸਾ

ਮੁੰਡਾ ਉੱਠ ਗਿਆ ਪੈਂਦ ‘ਤੇ ਬਹਿ ਕੇ, ਆਪਣਾ ਕੀ ਲੈ ਗਿਆ ਨਣਦੇ।


ਕਿਸਾਨਾਂ ਨਾਲ਼ ਗੱਲਬਾਤ ਕਰਨ ਲਈ ਤਿਆਰ ਹੈ ਸਰਕਾਰ- ਰਾਜਨਾਥ ਸਿੰਘ

ਸਰਕਾਰ ਜੀ ਕੀ ਗੱਲ ਹੋਈ ਘੋੜੇ ਬਦਲ ਲਏ?


ਨਾ ਕੋਈ ਚੀਜ਼ ਭਾਰਤ ਤੋਂ ਖ਼ਰੀਦਾਂਗੇ ਤੇ ਨਾ ਹੀ ਉਸ ਨੂੰ ਵੇਚਾਂਗੇ- ਤਾਲਿਬਾਨ ਆਗੂ

ਹੁਣ ਤੇਰੀ ਸਾਡੀ ਬਸ ਵੇ, ਦੱਸ ਕਿੱਥੇ ਗਿਆ ਸੈਂ।


ਸੁਖਬੀਰ ਦਾ ‘ਗੱਲ ਪੰਜਾਬ ਦੀ’ ਪ੍ਰੋਗਰਾਮ ‘ਗੱਪ ਪੰਜਾਬ ਦੀ’ ਕਰਾਰ- ਅਮਨ ਅਰੋੜਾ

ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।


ਅਕਾਲੀ ਦਲ ਸੰਯੁਕਤ ਵਿਚ ਬਾਗ਼ੀ ਸੁਰਾਂ ਉੱਭਰੀਆਂ- ਇਕ ਖ਼ਬਰ

ਕੋਹ ਤੁਰੀ ਨਾ, ਅਖੇ ਬਾਬਾ ਤ੍ਰਿਹਾਈ।


ਖੰਭੇ ਰਾਹ ‘ਚੋ ਹਟਾਏ ਬਿਨਾਂ ਹੀ ਸੜਕ ਬਣਾ ਦਿਤੀ- ਇਕ ਖ਼ਬਰ

ਬਈ ਹਾਦਸੇ ਹੋਣਗੇ ਤਾਂ ਹੀ ਬੇਰੁਜ਼ਗਾਰਾਂ ਨੂੰ ਕੰਮ ਮਿਲੇਗਾ।