ਇੱਕ ਭੈਣ ਦੇਈ ਰੱਬਾ ਬੜ੍ਹਾ ਦਿਲ ਕਰਦਾ ਗੁੱਟ ਤੇ ਰੱਖੜੀ ਬਨਾਉਣ ਨੂੰ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਭੈਣ ਭਰਾ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁਲਿਆ ਨਹੀਂ ਸਮਾਉਦੀ।ਇਸੇ ਤਰ੍ਹਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ ਚੋਂ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨਾ ਬੋਲਿਆਂ ਸਭ ਕੁਝ ਕਹਿ ਜਾਂਦੇ ਹਨ।ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ।ਇਸ ਦਿਨ ਭੈਣ ਬੜ੍ਹੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ।ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ।ਭੈਣਾਂ ਅਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵੱਲੋਂ ਭੈਣ ਨੂੰ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ।ਸਾਰੇ ਪਰਿਵਾਰ ਵੱਲੋਂ ਭੈਣ ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ । ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ਼ ਝਲਕ ਨਜ਼ਰ ਆਉਂਦੀ ਹੈ।ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਹੌਲ ਨੂੰ ਵੇਖਦੇ ਹੋਏ ਫੁਲਿਆਂ ਨਹੀਂ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆਂ ਜਾਂਦਾ ਹੈ।ਖਾਸ ਕਰਕੇ ઠਰੱਖੜੀ ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ।ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ ।ਜਿਨ੍ਹਾਂ ਭੈਣਾਂ ਦੇ ਵੀਰ ਨਹੀ ਹੁੰਦੇ,ਇਸ ਦਿਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ, ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ।ਜਿਸ ਭਰਾ ਦੇ ਭੈਣ ਨਹੀਂ ਹੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇੱਕਲ੍ਹਾ ਮਹਿਸੂਸ ਕਰਦਾ ਹੈ।ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ ਤੇ ਰੱਖੜ੍ਹੀ ਤੋਂ ਵਾਝ੍ਹਾਂ ਰਹੇ।ਹਰੇਕ ਘਰ ਪਰਿਵਾਰ ਵਿੱਚ ਇਹ ਤਿਉਹਾਰ ਬੜ੍ਹੀ ਧੂਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com