ਕਾਮ ਉੱਚਾ - ਹਰਜਿੰਦਰ ਸਿੰਘ ਗੁਲਪੁਰ
ਆਮ ਬੰਦੇ ਦੇ ਵੱਸ ਦਾ ਰੋਗ ਹੈ ਨੀ,ਪੱਤਰਕਾਰੀ ਦਾ ਬਹੁਤ ਮੁਕਾਮ ਉੱਚਾ।
'ਪੀਲੇ ਫੁੱਲਾਂ' ਦੀ ਹੈ ਭਰਮਾਰ ਹੋਈ,ਇਸ ਬਾਗ ਦੇ ਵਿੱਚ ਬਦਨਾਮ ਉੱਚਾ।
ਗੁਰੂਆਂ ਪੀਰਾਂ ਦੇ ਨਾਲ ਹੈ ਭਰੀ ਧਰਤੀ,ਮੇਰੇ ਦੇਸ ਦੇ ਵਿੱਚ ਹੈ ਰਾਮ ਉੱਚਾ।
ਜੀਹਦੇ ਵਿੱਚ ਨੇ ਰਾਜਸੀ ਲੋਕ ਨਾਉਂਦੇ,ਬਣਿਆ ਹੋਆ ਹੈ ਬੜਾ ਹਮਾਮ ਉੱਚਾ।
ਹੱਥ ਜੋੜ ਸ਼ਿਕਾਰੀ ਦੇ ਵਾਂਗ ਨਿਉਂਦੇ,ਹੁੰਦਾ ਜਿਹਨਾਂ ਦਾ ਕੰਮ ਤਮਾਮ ਉੱਚਾ।
ਨਾਮ ਵਾਲੇ ਦਾ ਮੁੱਲ ਤਾਂ ਤਹਿ ਹੁੰਦਾ, ਗੁੰਮਨਾਮ ਦਾ ਹੁੰਦਾ ਹੈ ਦਾਮ
ਉੱਚਾ।
ਲੱਖਾਂ ਅਤੇ ਹਜ਼ਾਰਾਂ ਨੇ ਧਾਮ ਇੱਥੇ, ਅਜੇ ਤੱਕ ਹੈ ਹਾਕਮ ਦਾ ਧਾਮ ਉੱਚਾ।
ਗੱਲ ਕਰਕੇ ਸਾਰਿਆਂ ਆਸ਼ਕਾਂ ਦੀ,ਕੋਈ ਆਖਦਾ ਸ਼ਾਹ ਬਹਿਰਾਮ ਉੱਚਾ ।
ਜਿਹੜਾ ਆਖਦਾ ਹੱਕ ਹਲਾਲ ਉੱਚਾ, ਉਹੀ ਆਖਦਾ ਹੱਡ ਹਰਾਮ ਉੱਚਾ
ਕੋਈ ਆਖਦਾ ਕੁੱਤਬ ਮੀਨਾਰ ਉੱਚਾ, ਕੋਈ ਆਖਦਾ ਰੱਬ ਦਾ ਨਾਮ ਉੱਚਾ।
ਆਏ ਵਰਜਦੇ ਸਦਾ ਬ੍ਰਹਮਚਾਰੀ, ਹੁੰਦਾ ਜਿੰਦਗੀ ਅੰਦਰ ਹੈ ਕਾਮ ਉੱਚਾ।