ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
15 Aug. 2021
ਖੇਤੀ ਕਾਨੂੰਨਾਂ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਉਂ ਇਕ ਵਾਰੀ ਵੀ ਮੋਦੀ ਨਾਲ ਮੁਲਾਕਾਤ ਨਹੀਂ ਕੀਤੀ?- ਕੁਲਤਾਰ ਸਿੰਘ ਸੰਧਵਾਂ
ਕਿਉਂਕਿ ਬਾਦਲ ਵਿਉਪਾਰੀ ਹਨ, ਕਿਸਾਨ ਨਹੀਂ। ਹਾਂ, ਬੱਸਾਂ, ਹੋਟਲਾਂ ਦਾ ਰੇੜਕਾ ਹੁੰਦਾ ਤਾਂ ਵੀਹ ਵਾਰੀ ਜਾਂਦੇ।
ਜਲੰਧਰ ਤੇ ਚੰਡੀਗੜ੍ਹ ‘ਚ ਪਟਵਾਰੀਆਂ ਦੇ ਇਮਤਿਹਾਨ ਵੇਲੇ ਗੁਰਸਿੱਖ ਵਿਦਿਆਰਥੀਆਂ ਦੇ ਕਕਾਰ ਲੁਹਾਏ ਗਏ- ਇਕ ਖ਼ਬਰ
ਤੁਹਾਨੂੰ ਦੱਸਿਆ ਜਾ ਰਿਹੈ ਕਿ ਜਿੰਨਾ ਮਰਜ਼ੀ ਤਿਰੰਗਾ ਚੁੱਕੀ ਫਿਰੋ, ਤੁਸੀਂ ਅਜੇ ਵੀ ਗੁਲਾਮ ਹੋ।
ਚੌਟਾਲਾ ਵਲੋਂ ਦੇਵੇਗੌੜਾ ਅਤੇ ਮੁਲਾਇਮ ਸਿੰਘ ਯਾਦਵ ਨਾਲ਼ ਮੁਲਾਕਾਤ- ਇਕ ਖ਼ਬਰ
ਜੋੜ ਕੇ ਨਿੱਕੀਆਂ ਨਿੱਕੀਆਂ ਬੇੜੀਆਂ ਜੀ, ਆ ਜਾਉ ਬੇੜਾ ਇਕ ਤਿਆਰ ਕਰੀਏ।
ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਸੋਨੀਆ ਗਾਂਧੀ ਨਾਲ ਮੁਲਾਕਾਤ-ਇਕ ਖ਼ਬਰ
ਮੈਂ ਕਰ ਡੰਡੌਤਾਂ ਆਇਆ, ਮਈਆ ਜੀ ਤੇਰੇ ਦੁਆਰੇ ‘ਤੇ।
ਕੰਮ ਸਹੀ ਨਾ ਕਰਨ ਵਾਲੇ ਠੇਕੇਦਾਰ ਦੀ ਅਦਾਇਗੀ ਰੋਕ ਲਈ ਜਾਵੇ- ਵਿਧਾਇਕ
ਜਿਹੜੇ ਠੇਕੇਦਾਰ ਦੇ ਗਲ਼ ਅੰਗੂਠਾ ਦੇਕੇ ਹਿੱਸਾ-ਪੱਤੀ ਲੈਂਦੇ ਹਨ, ਉਨ੍ਹਾਂ ਬਾਰੇ ਕੀ ਖਿਆਲ ਐ?
ਵਿਦੇਸ਼ਾਂ ਵਿਚ ਜਾਣ ਵਾਲੇ ਸੰਤ, ਬਾਬੇ ਤੇ ਪ੍ਰਚਾਰਕ ਪਹਿਲਾਂ ਪੰਜਾਬ ‘ਚ ਸਿੱਖੀ ਨੂੰ ਮਜਬੂਤ ਕਰਨ- ਸਿਮਰਨਜੀਤ ਸਿੰਘ ਮਾਨ
ਪਹਿਲਾਂ ਪੰਜਾਬ ‘ਚ ਡਾਲਰ, ਪੌਂਡ ਛਾਪਣੇ ਸ਼ੁਰੂ ਕਰੋ ਮਾਨ ਸਾਹਿਬ।
ਪੈਗਾਸਸ ਜਾਸੂਸੀ ਮਾਮਲੇ ‘ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ?- ਚਿਦੰਬਰਮ
ਚੋਰ ਦੀ ਮਾਂ ਕੋਠੀ ‘ਚ ਮੂੰਹ।
ਪੰਜਾਬ ਸਰਕਾਰ ਨੇ ਆਰ.ਟੀ.ਆਈ.ਐਕਟ ਦੀ ਸੰਘੀ ਘੁੱਟੀ- ਇਕ ਖ਼ਬਰ
ਉੱਪਰ ਢੱਕਣ ਦੇ ਦਿਉ, ਭਾਫ਼ ਨਾ ਨਿਕਲੇ ਬਾਹਰ।
ਸਰਕਾਰ ਖੇਤੀ ਕਾਨੂੰਨਾਂ ‘ਤੇ ਚਰਚਾ ਤੋਂ ਮੁੜ ਭੱਜੀ- ਇਕ ਖਬਰ
ਨੱਚਣ ਦੇਵੇ ਨਾ ਚੰਨਣ ਦੀ ਮਾਤਾ, ਨੱਚਣਾ ਬਥੇਰਾ ਜਾਣਦੀ।
ਜਲੰਧਰ ‘ਚ ਮਾਈਨਿੰਗ ਮਾਫ਼ੀਆ ਅੱਗੇ ਗੋਡੇ ਟੇਕੇ ਪ੍ਰਸ਼ਾਸਨ ਨੇ, ਟਿੱਪਰਾਂ ਨੇ ਭੰਨੀਆਂ ਸੜਕਾਂ- ਇਕ ਖ਼ਬਰ
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਭਾਜਪਾ ਨਾਲ਼ ਰਲੀ ਹੋਈ ਹੈ ਕਾਂਗਰਸ-ਹਰਸਿਮਰਤ ਬਾਦਲ
ਤਾਲੋਂ ਘੁੱਥੀ ਡੂਮਣੀ, ਬੋਲੇ ਆਲ ਪਤਾਲ।
ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਨ ਦੀ ਲੋੜ- ਡਾਇਰੈਕਟਰ ਲੋਕ ਸੰਪਰਕ ਵਿਭਾਗ
ਕਿਹੜੀਆਂ ਪ੍ਰਾਪਤੀਆਂ ਬਈ?
ਨਾ ਮੈਂ ਪੰਜਾਬ ‘ਚ ਚੋਣ ਲੜਨੀ ਹੈ ਤੇ ਨਾ ਮੁੱਖ ਮੰਤਰੀ ਬਣਨ ਦਾ ਚਾਹਵਾਨ ਹਾਂ- ਚੜੂਨੀ
ਚੰਗਾ ਹੋਇਆ ਚੜੂਨੀ ਸਾਹਿਬ ਜਲਦੀ ਚੋਣ ਬੁਖਾਰ ਉਤਰ ਗਿਆ।
ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ- ਪਰਤਾਪ ਸਿੰਘ ਬਾਜਵਾ
ਤਾਰਾਂ ਖੜਕ ਗਈਆਂ, ਜੱਗੇ ਮਾਰਿਆ ਲਾਇਲਪੁਰ ਡਾਕਾ।
ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਨੂੰ ਵੀ ਪੈਗਾਸਸ ਵਰਗੀ ਗਲਤੀ ਕਰ ਕੇ ਅਸਤੀਫ਼ਾ ਦੇਣਾ ਪਿਆ ਸੀ- ਇਕ ਖ਼ਬਰ
ਨਿਕਸਨ ‘ਚ ਤਾਂ ਫੇਰ ਵੀ ਸ਼ਰਮ ਦਾ ਥੋੜ੍ਹਾ ਬਹੁਤ ਮਾਦਾ ਸੀ ਪਰ ਏਥੇ ਤਾਂ.............................
ਦੇਸ਼ ਦੇ ਸਿਆਸੀ ਅਮਲ ’ਚ ਦਖ਼ਲ ਦੇ ਰਿਹੈ ਟਵਿਟਰ- ਰਾਹੁਲ ਗਾਂਧੀ
ਨਿੰਮ ਨਾਲ਼ ਝੂਟਦੀਏ, ਤੇਰੀ ਸਿਖਰੋਂ ਪੀਂਘ ਟੁੱਟ ਜਾਵੇ।