ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
3 Aug. 2021
ਨਵਜੋਤ ਸਿੱਧੂ ਨੇ ਪੰਜਾਬ ਲਈ ਕੈਪਟਨ ਅੱਗੇ ਰੱਖੇ ਪੰਜ ਨੁਕਤੇ- ਇਕ ਖ਼ਬਰ
ਵਿਹੜੇ ਲਾ ਤ੍ਰਿਵੈਣੀ, ਛਾਂਵੇਂ ਬਹਿ ਕੇ ਕੱਤਿਆ ਕਰੂੰ।
ਦਿੱਲੀ ਪੁਲਿਸ ਵਲੋਂ ਰਾਜਸਥਾਨ ਦੀ ਲੇਡੀ ਡੌਨ ਗ੍ਰਿਫ਼ਤਾਰ- ਇਕ ਖ਼ਬਰ
ਸੀਟੀ ‘ਤੇ ਸੀਟੀ ਵੱਜਦੀ, ਜਦੋਂ ਮੈਂ ਗਿੱਧੇ ਵਿਚ ਆਈ।
ਐਨ.ਜੀ.ਟੀ.ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਕ ਲੱਖ ਦਾ ਜ਼ੁਰਮਾਨਾ- ਇਕ ਖ਼ਬਰ
ਬੋਰਡ ਨੂੰ ਕਾਹਦਾ ਜ਼ੁਰਮਾਨਾ, ‘ਟੀਕਾ’ ਤਾਂ ਲੋਕਾਂ ਨੂੰ ਲੱਗਿਐ।
ਬਸਪਾ ਪੰਜਾਬ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ-ਇਕ ਖ਼ਬਰ
ਸਿੱਖ ਲਉ ਬਾਬੇ ਤੋਂ ਕੋਈ ਤਿਕੜਮਬਾਜ਼ੀ, ਬੜਾ ਤਜਰਬੈ ਉਸ ਨੂੰ ਏਸ ਲਾਈਨ ਦਾ।
ਲੋਕ ਸਭਾ ‘ਚ ਹੰਗਾਮੇ ਦੌਰਾਨ ਸਰਕਾਰ ਨੇ ਬਿਨਾਂ ਬਹਿਸ ਹੀ ਕਰਵਾਏ ਦੋ ਬਿੱਲ ਪਾਸ-ਇਕ ਖ਼ਬਰ
ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।
ਗੋਲਕ ਦੁਰਵਰਤੋਂ ਮਾਮਲੇ ‘ਚ ਬਾਦਲ ਸਿੱਖਾਂ ਦੀ ਬਦਨਾਮੀ ਕਿਉਂ ਕਰਵਾ ਰਹੇ ਹਨ? –ਸਰਬਜੀਤ ਸਿੰਘ ਭੂਟਾਨੀ
ਕਿਉਂਕਿ ਬਾਦਲਾਂ ਦਾ ਮਾਟੋ ਹੈ”: ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਕਿਸਾਨ ਅੰਨਦਾਤਾ ਹੈ, ਭਾਜਪਾ ਉਸ ਪ੍ਰਤੀ ਵਫ਼ਾਦਾਰੀ ਵਿਖਾਵੇ- ਸੰਜੇ ਸਿੰਘ
ਵਫ਼ਾਦਾਰੀ ਹੈ ਕੁਰਸੀ ਨਾਲ ਸਾਡੀ, ਵਫ਼ਾਦਾਰੀ ਹੋਰ ਅਸੀਂ ਜਾਣਦੇ ਨਹੀਂ।
‘ਆਪ’ ਕੋਲ ਗੱਠਜੋੜ ਦੀ ਪੇਸ਼ਕਸ਼ ਲੈ ਕੇ ਜਾਣ ਦੀ ਗੱਲ ਕੋਰੀ ਅਫ਼ਵਾਹ- ਸੁਖਦੇਵ ਸਿੰਘ ਢੀਂਡਸਾ
ਐਵੇਂ ਰੌਲ਼ਾ ਪੈ ਗਿਆ, ਬਸ ਐਵੇਂ ਰੌਲਾ ਪੈ ਗਿਆ।
ਸੰਨ 2030 ਤੱਕ ਸਥਾਈ ਵਿਕਾਸ ਦੇ ਟੀਚੇ ਹਾਸਲ ਕਰਨ ਲਈ ਖੇਤੀ ਸੈਕਟਰ ਜ਼ਰੀਆ- ਤੋਮਰ
ਇਸੇ ਲਈ ਤਾਂ ਇਹਨੂੰ ਕਿਸਾਨਾਂ ਤੋਂ ਖੋਹ ਕੇ ਤੁਸੀਂ ਕਾਰਪੋਰੇਟਾਂ ਨੂੰ ਸੌਂਪਣਾ ਚਾਹੁੰਦੇ ਹੋ।
ਕਰਤਾਰ ਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ- ਕੈਪਟਨ ਅਮਰਿੰਦਰ ਸਿੰਘ
ਸੋਚ ਲਉ ਕੈਪਟਨ ਸਾਹਿਬ, ਤੁਹਾਨੂੰ ਉਧਰਲੇ ਪਾਸਿਓਂ ਖ਼ਤਰੇ ਦਾ ਡਰ ਰਹਿੰਦੈ।
ਅਮਰੀਕਾ ਨੇ ਅਫ਼ਗਾਨਿਸਤਾਨ ਦੀ ਸਥਿਤੀ ਨੂੰ ਬੇਹੱਦ ਗੰਭੀਰ ਬਣਾਇਆ- ਇਮਰਾਨ ਖ਼ਾਨ
‘ਸਰਦਾਰੀਆਂ’ ਇੰਜ ਹੀ ਕਾਇਮ ਰੱਖਣੀਆਂ ਪੈਂਦੀਆਂ, ਖ਼ਾਨ ਸਾਹਿਬ।
ਮੇਘਾਲਿਆ ਦੇ ਭਾਜਪਾ ਮੰਤਰੀ ਵਲੋਂ ਲੋਕਾਂ ਨੂੰ ਹੋਰ ਵਧੇਰੇ ਗਊ ਮਾਸ ਖਾਣ ਦੀ ਸਲਾਹ- ਇਕ ਖ਼ਬਰ
ਸ਼ੁਕਰ ਐ ਕਿਤੇ ਗੋਬਰ ਨੂੰ ਤੜਕਾ ਲਗਾਉਣ ਦੀ ਸਲਾਹ ਨਹੀਂ ਦਿੱਤੀ।
ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਦਸ ਸਾਲ ਬਾਦਲਾਂ ਨੂੰ ਚੇਤਾ ਕਿਉਂ ਨਾ ਆਇਆ?- ਡੈਨੀ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਪੈਗਾਸਸ ਮੁੱਦੇ ‘ਤੇ ਸਰਕਾਰ ਕਦੋਂ ਤੱਕ ਸੱਚ ਲੁਕਾਉਂਦੀ ਰਹੇਗੀ?- ਚਿਦੰਬਰਮ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।
ਮੇਰੇ ਅਤੇ ਮੁੱਖ ਮੰਤਰੀ ਦੇ ਸਬੰਧ ਸੁਖਾਵੇਂ- ਅਨਿਲ ਵਿਜ
ਭਾਈ ਮੰਜਾ ਕੱਸ ਕੇ ਬੁਣੀਂ, ਅਸਾਂ ਦੋਂਹ ਜਣਿਆਂ ਨੇ ਸੌਣਾ।
ਬੇਅਦਬੀ ਕਾਂਡ: ਚਾਰ ਡੇਰਾ ਪ੍ਰੇਮੀਆਂ ਨੂੰ ਇਕ ਤੋਂ ਬਾਅਦ ਦੂਜੇ ਕੇਸ ਵਿਚ ਵੀ ਮਿਲੀ ਜ਼ਮਾਨਤ- ਇਕ ਖ਼ਬਰ
ਸਾਡੇ ਰਾਖੇ ਨੀਲੀਆਂ ਵਾਲੇ, ਅਸੀਂ ਫ਼ਿਕਰ ਕੋਈ ਨਾ ਕਰਦੇ।