ਕੀ ਮੈਂ ਲਾਵਾਰਸ ਹਾਂ ? - ਬਲਵੰਤ ਸਿੰਘ ਗਿੱਲ
ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਬੱਲੀ ਦੀ ਧਰਮ ਪਤਨੀ ਸਰਬਜੋਤ ਨੇ ਸਲਾਹ ਦਿੱਤੀ ਕਿ ਇਸ ਸਾਲ ਗਰਮੀਆਂ ਦੀਆ ਛੁੱਟੀਆਂ ਕਨੇਡਾ ਬੀਤਾਈਆਂ ਜਾਣ। ਇੱਕ ਤਾਂ ਉਨਾਂ ਦੇ ਮਸੇਰ ਭਾਈ ਨੂੰ ਮਿਲ ਹੋ ਜਾਵੇਗਾ ਅਤੇ ਦੂਸਰਾ ਬੱਚਿਆਂ ਦਾ ਮਨਪ੍ਰਚਾਵਾ ਹੋ ਜਾਵੇਗਾ।ਬੱਲੀ ਨੂੰ ਵੀ ਆਪਣੀ ਧਰਮ ਪਤਨੀ ਦਾ ਸੁਝਾਉ ਪਸੰਦ ਆਇਆ ਅਤੇ ਇਨਾਂ ਨੇ ਆਪਣੇ ਦੋ ਬੱਚਿਆਂ ਸਮੇਤ ਪਿਛਲੇ ਸਾਲ ਗਰਮੀਆਂ ਵਿੱਚ ਟੋਰੰਟੋ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਬੱਲੀ ਨੇ ਆਪਣੇ ਮਸੇਰ ਭਾਈ ਗੁਰਭਜਨ ਨੂੰ ਜਦੋਂ ਆਪਣੀ ਕਨੇਡਾ ਜਾਣ ਦੀ ਸੂਚਨਾ ਦਿੱਤੀ, ਉਹ ਬਹੁਤ ਖੁਸ਼ ਹੋਇਆ ਅਤੇ ਹੈਰਾਨ ਹੋਇਆ ਆਖਣ ਲੱਗਾ, '' ਉਏ ਬੱਲੀ ਇੱਥੇ ਆਉਣ ਦੇ ਲਾਰੇ ਤਾਂ ਤੂੰ ਪਿਛਲੇ ਕਈ ਸਾਲਾਂ ਦੇ ਲਾ ਰਿਹਾ ਹੈਂ, ਐਂਵੇਂ ਨਾ ਜੱਬਲੀਆਂ ਮਾਰੀ ਜਾਇਆ ਕਰ। ਤੇਰੇ 'ਤੇ ਮੈਨੂੰ ਹੁਣ ਰੱਤੀ ਇਤਬਾਰ ਨਹੀਂ।'' '' ਨਹੀਂ ਗੁਰਭਜਨ ਇਸ ਵਾਰ ਤਾਂ ਇੱਟ ਵਰਗਾ ਸੱਚ ਹੈ, ਸਾਡੇ ਤਾਂ ਬੱਚੇ ਵੀ ਕਨੇਡਾ ਜਾਣ ਨੂੰ ਰੱਸੇ ਤੁੱੜਵਾ ਰਹੇ ਕਹੀ ਜਾ ਰਹੇ ਹਨ , ਡੈਡ ਇਸ ਸਾਲ ਛੁੱਟੀਆਂ ਵਿੱਚ ਸਾਨੂੰ ਕਨੇਡਾ ਜਰੂਰ ਲੈ ਕੇ ਜਾਓ।'' ਬੱਲੀ ਦੇ ਬੱਚੇ ਅਤੇ ਗੁਰਭਜਨ ਦੇ ਬੱਚੇ ਤਕਰੀਬਨ ਹਮ-ਉਮਰ ਹਨ।ਬੱਲੀ ਨੂੰ ਆਪਣੇ ਮਸੇਰ ਭਾਈ ਨੂੰ ਮਿਲਣ ਦੀ ਅਤੇ ਕਨੇਡਾ ਘੁੰਮਣ ਫਿਰਨ ਦੀ ਖੁਸ਼ੀ ਅਤੇ ਬੱਚਿਆਂ ਨੂੰ ਮਸੇਰ ਭਾਈ ਦੇ ਬੱਚਿਆਂ ਨੂੰ ਮਿਲਣ ਦੀ ਤਾਂਘ ਅਤੇ ਚਾਅ, ਦੇਖਿਆਂ ਹੀ ਬਣਦਾ ਸੀ
ਬੱਲੀ ਅਤੇ ਸਰਬਜੋਤ ਨੇ ਦਿਨਾਂ ਵਿੱਚ ਹੀ ਤਿਆਰੀ ਕੀਤੀ ਅਤੇ ਪਰਿਵਾਰ ਸਮੇਤ ਗੁਰਭਜਨ ਦੇ ਘਰ ਕਨੇਡਾ ਪਹੁੰਚ ਗਏ। ਮਸੇਰ ਭਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਸਿਮਰਨ ਨੇ ਬੱਲੀ ਪਰਿਵਾਰ ਦਾ ਰੱਜ ਕੇ ਸੁਆਗਤ ਕੀਤਾ। ਬੱਚੇ ਘਰ ਵੜਦਿਆਂ ਸਾਰ ਹੀ ਗੁਰਭਜਨ ਦੇ ਬੱਚਿਆਂ ਨਾਲ ਇੱਕ-ਮਿੱਕ ਹੋ ਗਏ ਅਤੇ ਬੱਲੀ ਹੋਰੀਂ ਗੁਰਭਜਨ ਅਤੇ ਸਿਮਰਨ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਣ ਲੱਗੇ।ਚਾਹ ਪਾਣੀ ਪੀਦਿਆਂ ਦੋਹਾਂ ਪਰਿਵਾਰਾਂ ਨੇ ਸਲਾਹ ਬਣਾਈ ਕਿ ਇਨਾਂ ਪਾਸ ਗਿਣਤੀ ਦੀਆਂ ਹੀ ਛੁੱਟੀਆਂ ਦੇ ਹਨ, ਕਿਉਂ ਨਾ ਕੱਲ੍ਹ ਸਵੇਰ ਤੋਂ ਹੀ ਟਰੰਟੋ ਦੀਆਂ ਵੱਖ-ਵੱਖ ਥਾਂਵਾਂ 'ਤੇ ਘੁੰਮਣਾ ਫਿਰਨਾ ਸ਼ੁਰੂ ਕਰੀਏ। ਮਸੇਰ ਭਾਈ ਅਤੇ ਸਿਮਰਨ ਨੂੰ ਬੱਲੀ ਦੀ ਸਲਾਹ ਚੰਗੀ ਲੱਗੀ ਅਤੇ ਦੋਹਾਂ ਪਰਿਵਾਰਾਂ ਨੇ ਦੂਸਰੇ ਹੀ ਦਿਨ ਟੋਰੰਟੋ ਦਾ ਨਿਆਗਰਾ ਫ਼ਾਲ ਅਤੇ ਸੀ ਐਨ ਟਾਵਰ ਦੇਖਣ ਦਾ ਪ੍ਰੋਗਰਾਮ ਬਣਾ ਲਿਆ।
ਯਾਤਰਾ ਦੀ ਥਕਾਵਟ ਅਤੇ ਇੰਗਲੈਂਡ ਅਤੇ ਕਨੇਡਾ ਦੇ ਸਮਾਂ-ਅੰਤਰ ਹੋਣ ਦੇ ਬਾਵਜੂਦ ਵੀ ਬੱਚੇ ਸਵੇਰੇ ਸੁਵੱਖਤੇ ਹੀ ਉਠ ਖੜ੍ਹੇ ਹੋਏ। ਸਾਰੇ ਪਰਿਵਾਰ ਨੇ ਨਾਸ਼ਤਾ ਕੀਤਾ ਅਤੇ ਗੁਰਭਜਨ ਨੇ ਰਸਤੇ ਵਿੱਚ ਕੁੱਝ ਖਾਣ ਪੀਣ ਦਾ ਸਮਾਨ ਕਾਰ ਦੀ ਡਿੱਘੀ ਵਿੱਚ ਰੱਖ ਕੇ ਸਾਰਿਆਂ ਨੇ ਨਿਆਗਰਾ ਫ਼ਾਲ ਨੂੰ ਦੇਖਣ ਲਈ ਚਾਲੇ ਪਾ ਲਏ। ਰਸਤੇ ਵਿੱਚ ਬੱਚੇ ਆਪਣੀਆਂ ਗੱਲਾਂ ਮਾਰਦੇ ਗਏ ਅਤੇ ਵੱਡਿਆਂ ਨੇ ਆਪਣੀਆਂ ਪਰਿਵਾਰਿਕ ਗੱਲਾਂ ਅਤੇ ਵਿੱਚ ਵਿੱਚ ਪੰਜਾਬ ਦੀ ਰਾਜਨੀਤੀ ਦੀ ਲੜੀ ਜਾਰੀ ਰੱਖੀ। ਗੁਰਭਜਨ ਆਖਣ ਲੱਗਾ, ''ਬਈ ਬੱਲੀ ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਤਾਂ ਸਿੱਖਾਂ ਵਾਲੀ ਪਾਰਟੀ ਨੇ ਹੀ ਕਰਨਾ ਹੈ, ਬਾਕੀ ਤਾਂ ਸਾਰੇ ਠੱਗ ਹੀ ਹਨ।'' ਬੱਲੀ ਦੇ ਮਨ ਨੂੰ ਇਹ ਗੱਲ ਕੁੱਝ ਚੰਗੀ ਨਾ ਲੱਗੀ ਤਾਂ ਇਹ ਵਿੱਚੇ ਬੋਲ ਪਿਆ, ''ਭਾਈ ਸਾਹਿਬ ਇਹ ਸਭ ਠੱਗ ਹਨ, ਦੁੱਧ ਧੋਤਾ ਕੋਈ ਵੀ ਨਹੀਂ।'' ਸਿਆਸਤ ਦੀ ਬਹਿਸ ਚੱਲਦੀ ਗਈ ਜਦੇ ਨੂੰ ਨਿਆਗਰਾ ਫ਼ਾਲ ਆ ਗਿਆ।
ਦੋਹਾਂ ਪਰਿਵਾਰਾਂ ਨੇ ਅਮਰੀਕਾ ਅਤੇ ਕਨੇਡਾ ਦੀ ਸਰਹੱਦ ਤੇ ਨਿਆਗਰਾ ਫ਼ਾਲ ਦੇ ਕੁਦਰਤੀ ਨਜ਼ਾਰੇ ਦਾ ਭਰਪੂਰ ਆਨੰਦ ਮਾਣਿਆ। ਲੱਖਾਂ ਟਨ ਬੇਰੋਕ ਡਿੱਗਦੇ ਬੜੀ ਹੀ ਉੱਚਾਈ ਤੋਂ ਪਾਣੀ ਦਾ ਕੁਦਰਤੀ ਨਜ਼ਾਰਾ ਬੜਾ ਹੀ ਮੰਨ ਮੋਹਣ ਵਾਲਾ ਸੀ। ਪਾਣੀ ਡਿੱਗਣ ਤੋਂ ਬਣਦੀ ਭਾਫ਼ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ, ਜਿਵੇਂ ਪ੍ਰਮਾਤਮਾ ਨੇ ਧਰਤੀ ਤੇ ਸਵਰਗ ਉਤਾਰ ਦਿੱਤਾ ਹੋਵੇ।ਦੋਹਾਂ ਪਰਿਵਾਰਾਂ ਨੇ ਪਾਣੀ ਵਿੱਚ ਤੈਰਦੀਆਂ ਬੋਟਾਂ ਦੀ ਵੀ ਸੈਰ ਕੀਤੀ ਅਤੇ ਇਸ ਸਾਰੇ ਨਜ਼ਾਰੇ ਦਾ ਖ਼ੂਬ ਆਨੰਦ ਮਾਣਿਆ।ਇਸ ਤੋਂ ਬਾਅਦ ਰੱਬ ਜੇਡਾ ਉੱਚਾ ਸੀ ਐਨ ਟਾਵਰ ਦੇਖਿਆ ਜਿਸ 'ਤੇ ਚੜ੍ਹ ਕੇ ਸੜਕਾਂ 'ਤੇ ਦੌੜਦੀਆਂ ਕਾਰਾਂ ਨਿਰੀਆਂ ਤੀਲਾਂ ਦੀਆਂ ਡੱਬੀਆਂ ਲੱਗਦੀਆਂ ਸਨ।
ਘੁੰਮਦਿਆਂ ਫਿਰਦਿਆਂ ਹੁਣ ਸ਼ਾਮਾਂ ਢੱਲਣ ਲੱਗੀਆਂ ਤਾਂ ਗੁਰਭਜਨ ਅਤੇ ਸਿਮਰਨ ਆਖਣ ਲੱਗੇ ਕਿ ਹੁਣ ਕਾਫ਼ੀ ਭੁੱਖ ਲੱਗ ਗਈ ਹੈ, ਚੱਲੋ ਘਰ ਜਾਣ ਤੋਂ ਪਹਿਲਾਂ ਕਿਸੇ ਰੈਸਟੋਰੈਂਟ ਵਿੱਚ ਕੁੱਝ ਖਾ ਪੀ ਲਈਏ। ਘੁੰਮਣ ਫਿਰਨ ਉਪਰੰਤ ਸਭ ਨਿਆਗਰਾ ਫ਼ਾਲ ਦੇ ਲਾਗੇ ਹੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਰੁਕ ਗਏ।
ਰੈਸਟੋਰੈਂਟ ਅੰਦਰ ਵੜਦਿਆਂ ਹੀ ਇੱਕ ਸੋਹਣੀ ਸੁਨੱਖੀ ਮੁਟਿਆਰ ਜਿਹੜੀ ਮੁਹਾਂਦਰੇ ਤੋਂ ਨਾ ਤਾਂ ਗੋਰੀ ਜਾਪਦੀ ਸੀ ਅਤੇ ਨਾ ਹੀ ਏਸ਼ੀਅਨ, ਨੇ ਗਾਹਕਾਂ ਦਾ ਨਿੱਘਾ ਸੁਆਗਤ ਕੀਤਾ। ਇਸ ਦੇ ਸਲੀਕੇ ਨਾਲ ਸੰਵਾਰੇ ਹੋਏ ਵਾਲ, ਹਲਕੀ ਫੁਲਕੀ ਕੀਤੀ ਮੇਕ ਅੱਪ ਅਤੇ ਰੈਸਟੋਰੈਂਟ ਦੇ ਦਿਲ ਖਿੱਚਵੇਂ ਪਹਿਰਾਵੇ ਵਿੱਚ, ਇਹ ਮੁਟਿਆਰ ਸੱਚਮੁੱਚ ਹੀ ਇੱਕ ਅਕਾਸ਼ 'ਤੋਂ ਉਤਰੀ ਪਰੀ ਜਾਪਦੀ ਸੀ। ਉਸਨੇ ਗੁੱਡ ਆਫ਼ਟਰਨੂਨ ਆਖ ਕੇ ਬੱਲੀ ਹੋਰਾਂ ਦਾ ਸੁਆਗਤ ਕੀਤਾ ਅਤੇ ਪਹਿਲਾਂ ਹੀ ਸਾਫ਼ ਟੇਬਲ ਤੇ ਦੁਬਾਰਾ ਫਿਰ ਸੈਨੇਟਾਈਜ਼ਰ ਸਪਰੇਅ ਕਰਕੇ ਕੱਪੜਾ ਮਾਰਦੀ ਹੋਈ ਪੁੱਛਣ ਲੱਗੀ, ''ਸਰ ਵੱਟ ਯੂ ਲਾਈਕ ਟੂ ਡਰਿੰਕ ਔਰ ਈਟ?'' ਸਭਨਾਂ ਨੂੰ ਉਸ ਦੀ ਆਵਾਜ਼ ਬੜੀ ਪਿਆਰੀ ਲੱਗੀ। ਜਿਵੇਂ ਉਸਦੀ ਆਵਾਜ਼ ਵਿੱਚ ਕੋਈ ਛੁੱਪਿਆ ਦਰਦ ਅਤੇ ਅਪਣੱਤ ਹੋਵੇ। ਬੱਲੀ ਨੇ ਗੁਰਭਜਨ ਨੂੰ ਪੁੱਛਿਆ ਕਿ ਇਹ ਕੁੜੀ ਆਪਣੀ ਪੰਜਾਬਣ ਜਾਂ ਭਾਰਤੀ ਲੱਗਦੀ ਹੈ। ਉਹ ਆਖਣ ਲੱਗਾ ਕਿ ''ਤੂੰ ਐਵੇਂ ਸਭ ਨੂੰ ਆਪਣਾ ਸਮਝਦਾ ਰਹਿੰਦਾ ਹੈਂ। ਤੂੰ ਉਸਦੀ ਨਾਮ ਵਾਲੀ ਪਲੇਟ 'ਤੇ 'ਸੈਂਡੀ' ਲਿਖਿਆ ਨਹੀਂ ਪੜ੍ਹਿਆ, ਉਹ ਕਿਵੇਂ ਆਪਣੀ ਪੰਜਾਬਣ ਕੁੜੀ ਹੋਈ?''
ਦਿੱਤੇ ਹੋਏ ਖਾਣੇ ਦੇ ਆਰਡਰ ਮੁਤਾਬਿਕ ਸੈਂਡੀ ਨੇ ਟੇਬਲ ਤੇ ਖਾਣਾ ਪਰੋਸ ਦਿੱਤਾ ਤੇ ਸੈਂਡੀ ਦੂਸਰੇ ਗਾਹਕਾਂ ਵਲ ਚਲੀ ਗਈ। ਇਸ ਸਵਾਦਿਸ਼ਟ ਖਾਣੇ ਦਾ ਸਭਨਾਂ ਨੇ ਭਰਪੂਰ ਆਨੰਦ ਮਾਣਿਆ।ਖਾਣਾ ਤਾਂ ਬੇਸ਼ੱਕ ਸੁਆਦ ਹੈ ਹੀ ਸੀ ਪਰ ਇਸ ਤੋਂ ਵੀ ਵੱਧ ਸੈਂਡੀ ਦਾ ਮੇਜ਼ਵਾਨਾ ਸਲੀਕਾ।ਖਾਣਾ ਖਾਂਦਿਆਂ ਪਤਾ ਨਹੀਂ ਕਿਉਂ ਬੱਲੀ ਦਾ ਧਿਆਨ ਇਸ ਕੁੜੀ ਦੀ ਪਿਆਰੀ ਸੂਰਤ ਅਤੇ ਮਸੂਮੀਅਤ ਵੱਲ ਕੇਂਦਰਿਤ ਰਿਹਾ। ਇਸ ਨੇ ਗੁਰਭਜਨ ਨੂੰ ਫੇਰ ਪੁੱਛਿਆ, ''ਮੈਨੂੰ ਤਾਂ ਇਹ ਕੁੜੀ ਆਪਣੀ ਹੀ ਲੱਗਦੀ ਹੈ, ਤੂੰ ਭਾਵੇਂ ਮੰਨ ਜਾ ਨਾ ਮੰਨ!''
ਰੈਸਟੋਰੈਂਟ ਬਹੁਤਾ ਰੁੱਝਿਆ ਜਾ ਬਿੱਜ਼ੀ ਨਹੀਂ ਸੀ, ਸਿਰਫ਼ ਕੁਝ ਗਿਣਤੀ ਦੇ ਹੀ ਗਾਹਕ ਸਨ। ਗੁਰਭਜਨ ਨੇ ਸਲਾਹ ਦਿੱਤੀ ਕਿ ਜਦੋਂ ਇਹ ਕੁੜੀ ਬਿੱਲ ਦੇ ਪੈਸੇ ਲੈਣ ਆਈ ਤਾਂ ਤੇਰਾ ਮੱਬ੍ਹੜਾ ਦੂਰ ਕਰ ਹੀ ਲਵਾਂਗੇ ਕਿ ਉਹ ਕੌਣ ਹੈ। ਜਦੇ ਨੂੰ ਸੈਂਡੀ ਖਾਣੇ ਦਾ ਬਿੱਲ ਲੈ ਕੇ ਇਨਾਂ ਦੇ ਟੇਬਲ ਪਾਸ ਆ ਗਈ। ਬੱਲੀ ਨੇ ਹੌਂਸਲਾ ਕਰਕੇ ਸੈਂਡੀ ਨੂੰ ਪੁੱਛ ਹੀ ਲਿਆ, ''ਆਰ ਯੂ ਇੰਡੀਅਨ?'' ਉਸਨੇ ਸਿਰਫ਼ ਸੰਖੇਪ ਜਵਾਬ ਦਿੱਤਾ, ''ਯੈਸ ਸਰ।'' ਬੱਲੀ ਦੀ ਜਦੋਂ ਪੂਰੀ ਤਸੱਲੀ ਨਾ ਹੋਈ ਤਾਂ ਇਸ ਨੇ ਦੂਸਰਾ ਸਵਾਲ ਕਰ ਦਿੱਤਾ, ''ਆਰ ਯੂ ਪੰਜਾਬੀ?'' ਹੁਣ ਸੈਂਡੀ ਇਨਾਂ ਦੀ ਉਤਸੁਕਤਾ ਭਾਂਪ ਗਈ ਸੀ। ਉਸਨੇ ਹੁਣ ਸੰਖੇਪ ਦੀ ਬਿਜਾਏ ਖੁੱਲ੍ਹ ਕੇ ਜਾਣਕਾਈ ਦੇਣੀ ਮੁਨਾਸਬ ਸਮਝੀ।''ਹਾਂ ਜੀ, ਅੰਕਲ ਜੀ ਮੈਂ ਪੰਜਾਬ ਤੋਂ ਹੀ ਹਾਂ ਤੇ ਮੇਰਾ ਪੂਰਾ ਨਾਂ 'ਸੰਨਜੀਤ' ਹੈ।
ਬੱਲੀ ਨੂੰ ਸੰਨਜੀਤ (ਸੈਂਡੀ) ਦੇ ਬੋਲਾਂ ਵਿੱਚੋਂ ਕੋਈ ਅਪਣੱਤ ਅਤੇ ਭੋਲਾਪਣ ਦਿਸਿਆ।ਬੱਲੀ ਨੂੰ ਉਸ ਤੋਂ ਉਸ ਦਾ ਪਿਛੋਕੜ ਜਾਨਣ ਦੀ ਉਤਸੁਕਤਾ ਹੋਰ ਜਾਗੀ। ''ਬੇਟਾ ਤੈਨੂੰ ਕਨੇਡਾ ਆਈ ਨੂੰ ਕਿੰਨਾ ਕੁ ਚਿਰ ਹੋ ਗਿਆ? ਕੀ ਤੇਰਾ ਪਰਿਵਾਰ ਜਾਂ ਰਿਸ਼ਤੇਦਾਰਾਂ 'ਚੋਂ ਕੋਈ ਕਨੇਡਾ ਰਹਿੰਦਾ ਹੈ?'' ਬੱਲੀ ਨੇ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਲੁੱਕੇ ਸਵਾਲਾਂ ਦੀ ਝੜੀ ਲਾ ਦਿੱਤੀ। ''ਸਰ ਮੈਂ ਪਿਛਲੇ ਸਾਲ ਤੋਂ ਇੱਥੇ ਪੜ੍ਹਨ ਲਈ ਆਈ ਹੋਈ ਹਾਂ, ਮੇਰਾ ਪਰਿਵਾਰ ਤਾਂ।'' ਸੰਨਜੀਤ ਦੀਆਂ ਅੱਖਾਂ ਭਰ ਆਈਆਂ ਤੇ ਪੂਰਾ ਜਵਾਬ ਨਾ ਦੇ ਸਕੀ।
ਬੱਲੀ ਨੇ ਉੱਠ ਕੇ ਸੈਂਡੀ ਦਾ ਸਿਰ ਪਲੋਸਿਆ ਅਤੇ ਹੌਂਸਲਾ ਦਿੱਤਾ। '' ਸਰ ਜੀ ਮੈਂ ਅਜੇ ਬੱਚੀ ਹੀ ਸਾਂ, ਜਦੋਂ ਮੇਰੀ ਮਾਤਾ ਸਾਡੇ ਪਿੰਡ ਦੇ ਜ਼ਿੰਮੀਦਾਰ ਸਰਦਾਰ ਭਰਪੂਰ ਸਿੰਘ ਦੀ ਰੋਟੀ ਟੁੱਕ ਅਤੇ ਘਰ ਦੀ ਸਫਾਈ ਬਗੈਰਾ ਦਾ ਕੰਮ ਕਰਕੇ ਗੁਜ਼ਾਰਾ ਕਰਿਆ ਕਰਦੀ ਸੀ। ਮੇਰਾ ਬਾਪ ਅਮਲੀ ਸੀ ਅਤੇ ਜਿਹੜੇ ਚਾਰ ਰੁਪਏ ਮੇਰੀ ਮਾਤਾ ਕਮਾਉਂਦੀ ਉਸਦਾ ਉਹ ਨਸ਼ਾ-ਪੱਤਾ ਕਰ ਛੱਡਦਾ। ਮੈਨੂੰ ਛੋਟੀ ਹੁੰਦੀ ਨੂੰ ਮਾਤਾ ਸਰਦਾਰ ਸਾਹਿਬ ਦੇ ਘਰ ਕੰਮ ਤੇ ਲੈ ਜਾਂਦੀ, 'ਤੇ ਮੈਂ ਵੀ ਆਪਣੀ ਮਾਤਾ ਦਾ ਕੰਮ ਵਿੱਚ ਹੱਥ ਵੰਡਾਂਉੇਂਦੀ।''
ਸੰਨਜੀਤ ਦੀ ਬਚਪਨ ਵਿੱਚ ਹੀ ਕੰਮ ਕਰਨ ਦੀ ਅਤੇ ਪਰਿਵਾਰਿਕ ਗ਼ਰੀਬੀ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਦਿਲ ਭਰ ਆਏ। ਪਰ ਵਿਰਾਗ ਦਾ ਹੜ੍ਹ ਉਦੋਂ ਆਇਆ ਜਦੋਂ ਸੈਂਡੀ ਦੱਸਣ ਲੱਗੀ, '' ਸਰ ਜੀ, ਮੇਰੀ ਮਾਤਾ ਦੀ ਕਮਾਈ ਨਾਲ ਸਾਡਾ ਰੋਟੀ ਟੁੱਕ ਚੱਲਦਾ ਸੀ ਅਤੇ ਨਾਲ ਹੀ ਬਾਪੂ ਦਾ ਨਸ਼ਾ। ਅਸੀਂ ਕੰਮੀਂ ਹੋਣ ਕਰਕੇ ਸਾਡੀ ਜਮੀਨ ਦਾ ਤਾਂ ਕੋਈ ਮਰਲਾ ਵੀ ਨਹੀਂ ਸੀ। ਕਈ ਵਾਰ ਤਾਂ ਹਾਲਾਤ ਇਸ ਤਰਾਂ ਦੇ ਬਣ ਜਾਂਦੇ ਕਿ ਬਾਪੂ ਦਾ ਨਸ਼ਾ ਖਰੀਦਣ ਬਾਅਦ ਸਾਡੇ ਪਾਸ ਦੋ ਡੰਗ ਦੀ ਰੋਟੀ ਵੀ ਨਸੀਬ ਨਾ ਹੁੰਦੀ।ਬਾਪੂ ਦੇ ਦਿਮਾਗ਼ ਤੇ ਨਸ਼ੇ ਦਾ ਅਤੇ ਘਰ ਦੀ ਗ਼ਰੀਬੀ ਦਾ ਭੈੜਾ ਅਸਰ ਹੋਣਾ ਸ਼ੁਰੂ ਹੋ ਗਿਆ।ਇੱਕ ਦਿਨ ਨਸ਼ਾ ਨਾ ਮਿਲਣ ਦੀ ਘਾਟ ਕਰਕੇ ਬਾਪੂ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਮੇਰੇ ਸਿਰ ਤੋਂ ਬਾਪ ਦਾ ਸਾਇਆ ਚੁੱਕਿਆ ਗਿਆ।'' ਹੁਣ ਸੰਨਜੀਤ ਦੀਆਂ ਅੱਖਾਂ ਦੇ ਹੰਝੂ ਬੇਮੁਹਾਰੇ ਵੱਗ ਰਹੇ ਸਨ ਅਤੇ ਬੱਲੀ ਹੋਰਾਂ ਦਾ ਵਿਰਾਗ ਵੀ ਰੋਕਿਆਂ ਨਹੀ ਸੀ ਰੁੱਕ ਰਿਹਾ।
ਏਨੀ ਹਮਦਰਦੀ ਨਾਲ ਬੱਲੀ ਹੋਰਾਂ ਨੂੰ ਸੁਣਦਿਆਂ ਦੇਖ ਕੇ ਸ਼ੈਂਡੀ ਬੇਮੁਹਾਰੇ ਆਪਣੀ ਹੱਡ ਬੀਤੀ ਸੁਣਾ ਰਹੀ ਸੀ। ''ਸਰ ਜੀ ਬਾਪੂ ਦੇ ਗੁਜ਼ਰਨ ਤੋਂ ਬਾਅਦ ਮੈਂ ਅਤੇ ਮੇਰੀ ਮਾਤਾ ਜੀ ਦੋਵੇਂ ਸਰਦਾਰ ਭਰਪੂਰ ਸਿੰਘ ਦੇ ਘਰ ਦੇ ਘਰ ਵਿੱਚ ਕੰਮ ਕਰਦੇ ਰਹੇ। ਸਰਦਾਰ ਭਰਪੂਰ ਸਿੰਘ ਜੀ ਸਾਡੇ ਮਾਵਾਂ-ਧੀਆਂ ਲਈ ਇੱਕ ਫ਼ਰਿਸ਼ਤਾ ਵਾਂਗ ਵਿਚਰੇ। ਮੇਰਾ ਭੈਣ ਭਰਾ ਤਾਂ ਕੋਈ ਹੈ ਹੀ ਨਹੀਂ ਅਤੇ ਸਾਡੀਆਂ ਦੋਹਾਂ ਮਾਵਾਂ-ਧੀਆਂ ਦਾ ਗੁਜ਼ਾਰਾ ਤਾਂ ਸਰਦਾਰ ਸਾਹਿਬ ਦੇ ਘਰ ਦੀਆਂ ਬੁੱਤੀਆਂ ਕਰ ਕੇ ਹੀ ਚੱਲਦਾ ਸੀ। ਸਰਦਾਰ ਜੀ ਦੇ ਘਰ ਕੰਮ ਕਰਕੇ ਅਸੀਂ ਦੋਵੇਂ ਰੋਟੀ ਉਥੇ ਹੀ ਖਾ ਲੈਂਦੇ ਅਤੇ ਮਜ਼ਦੂਰੀ ਦੇ ਪੈਸਿਆਂ ਨਾਲ ਆਪਣਾ ਕੱਪੜਾ ਲੀੜਾ ਅਤੇ ਘਰ ਦੇ ਹੋਰ ਖਰਚ ਕਰਦੇ।
''ਸਰ ਜੀ ਬਾਪੂ ਦੀ ਮੌਤ ਦੇ ਅੱਲੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ ਇੱਕ ਵਾਰ ਫਿਰ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਮੇਰੀ ਮਾਤਾ ਜੀ ਮੇਰੇ ਪਿਤਾ ਜੀ ਦੀ ਮੌਤ ਤੋਂ ਸਾਲ ਕੁ ਬਾਅਦ ਹੀ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੀ ਹੋ ਗਈ । ਉਦੋਂ ਤਾਂ ਮੈਂ ਬਿਲਕੱਲ ਹੀ ਅਨਾਥ ਅਤੇ ਬੇ-ਸਹਾਰਾ ਹੋ ਗਈ ਸਾਂ।ਮੈਂ ਡਾਢੇ ਫ਼ਿਕਰਾਂ ਵਿੱਚ ਮਜ਼ੂਸ ਰਹਿਣ ਲੱਗ ਪਈ ਸੀ ਕਿ ਹੁਣ ਮੇਰਾ ਕੌਣ ਸਹਾਈ ਹੋਏਗਾ? ਸਰ ਜੀ ਮਾਂ ਬਾਪ ਦੀ ਮੌਤ ਦੀ ਸੱਟ ਤਾਂ ਕਿਸੇ ਲਈ ਵੀ ਅਸਹਿ ਹੁੰਦੀ ਹੈ। ਪਰ ਮੈਨੂੰ ਤਾਂ ਕੋਈ ਸਹਾਰਾ ਦੇਣ ਵਾਲਾ ਇਸ ਦੁਨੀਆਂ ਤੇ ਹੈ ਹੀ ਨਹੀਂ ਸੀ ।
ਮਾਪਿਆਂ ਦੀ ਅਣਹੋਂਦ ਕਰਕੇ ਮੈਨੂੰ ਆਪਣਾ ਭਵਿੱਖ ਧੁੰਦਲਾ ਜਾਪਣ ਲੱਗ ਪਿਆ ਸੀ।ਪਰ ਇਹੋ ਜਿਹੇ ਹਾਲਾਤਾਂ ਵਿੱਚ ਮੇਰੇ ਰੱਬ ਵਰਗੇ ਅੰਕਲ ਸਰਦਾਰ ਭਰਪੂਰ ਸਿੰਘ ਨੇ ਮੈਨੂੰ ਮਾਲੂਮ ਨਹੀਂ ਹੋਣ ਦਿੱਤਾ ਕਿ ਮੈਂ ਲਵਾਰਿਸ ਹਾਂ ਅਤੇ ਉਹ ਮੈਨੂੰ ਮੇਰੇ ਮਾਂ ਬਾਪ ਵਾਂਗ ਹੋ ਕੇ ਵਿਚਰੇ॥ਮੇਰਾ ਪਾਲਣ ਪੋਸ਼ਣ ਅਤੇ ਪੜਾਈ ਆਪਣੇ ਪੁੱਤਰਾਂ ਧੀਆਂ ਵਾਂਗ ਕੀਤੀ।'' ਸੰਨਜੀਤ ਦੇ ਮੂੰਹੋਂ ਦਰਦਨਾਕ ਕਹਾਣੀ ਦੀ ਤਸਵੀਰ ਇੱਕ ਫ਼ਿਲਮੀ ਰੀਲ਼ ਵਾਂਗ ਘੁੰਮ ਰਹੀ ਸੀ ਅਤੇ ਸਾਡੇ ਸਾਰਿਆਂ ਦੀਆਂ ਅਖਾਂ ਵਿੱਚੌਂ ਬੇਰੋਕ ਹੰਝੂ।
'' ਫੇਰ ਭਰਪੂਰ ਸਿੰਘ ਦੇ ਸ਼ਰੀਕੇਚਾਰੇ 'ਚ ਗੱਲਾਂ ਨਹੀਂ ਹੋਣ ਲੱਗੀਆਂ ਪਈ ਸਰਦਾਰ ਕੰਮੀਆਂ ਦੀ ਇੱਕ ਕੁੜੀ 'ਤੇ ਏਨਾ ਖਰਚਾ ਕਰੀ ਜਾ ਰਿਹਾ ਹੈ ਅਤੇ ਘਰ ਵਿੱਚ ਇਕ ਜੁਆਨ ਕੁੜੀ?'' ''ਲੋਕੀਂ ਤਰਾਂ ਤਰਾਂ ਦੀਆਂ ਵਥੇਰੀਆਂ ਤੂਤੀਆਂ ਬੋਲਦੇ ਸਨ, ਪਰ ਮੇਰੇ ਅੰਕਲ ਨੇ ਪਰਵਾਹ ਨਹੀਂ ਕੀਤੀ 'ਤੇ ਹਿੱਕ ਤਾਣ ਕੇ ਮੇਰੀ ਮੱਦਦ ਕਰਦਾ ਰਿਹਾ।''
''ਬੇਟਾ ਫਿਰ ਤੇਰਾ ਕਨੇਡਾ ਦਾ ਸਬੱਬ ਕਿਵੇਂ ਬਣਿਆ ?'' ਬੱਲੀ ਹੋਰਾਂ ਦੀ ਉਤਸੁਕਤਾ ਹੋਰ ਪ੍ਰਬਲ ਹੋ ਗਈ, ਕਿਉਂਕਿ ਇੰਨੀ ਗ਼ਰੀਬੀ ਅਤੇ ਬਿਨਾਂ ਹੋਰ ਸਾਧਨਾਂ ਤੋਂ ਇੱਕ ਗ਼ਰੀਬ ਪਰਿਵਾਰ ਆਪਣੀ ਬੱਚੀ ਨੂੰ ਕਨੇਡਾ ਕਿਵੇਂ ਭੇਜ ਸਕਦਾ ਹੈ? ''ਅੰਕਲ ਜੀ ਦੇ ਦੋਵੇਂ ਲੜਕਾ ਅਤੇ ਲੜਕੀ ਪਹਿਲੋਂ ਹੀ ਕਨੇਡਾ ਸੈੱਟ ਸਨ।ਕੁਝ ਸਮਾਂ ਪਹਿਲਾਂ ਅੰਕਲ ਜੀ ਵੀ ਆਪਣੇ ਬੱਚਿਆਂ ਪਾਸ ਪੱਕੇ ਤੌਰ ਤੇ ਕਨੇਡਾ ਰਹਿਣ ਗਏ ਸਨ, ਪਰ ਅੰਕਲ ਜੀ ਦਾ ਕੈਨੇਡਾ ਦਿਲ ਨਾ ਲੱਗਣ ਕਰਕੇ ਵਾਪਸ ਪਿੰਡ ਆ ਗਏ। ਪਤਾ ਨਹੀਂ ਰੱਬ ਨੇ ਸਾਡੇ ਗਰੀਬਾਂ ਦੀ ਉਸ ਰਾਹੀਂ ਮੱਦਦ ਕਰਾਉਣੀ ਹੋਵੇਗੀ ਅਤੇ ਇਸੇ ਕਰਕੇ ਅੰਕਲ ਜੀ ਨੂੰ ਮੈਂ ਉਨਾਂ ਦੀ ਧੀ ਨਜ਼ਰ ਆਉਂਦੀ ਹੋਵਾਂ।''
ਸੰਨਜੀਤ ਆਪਣੇ ਦੁੱਖਾਂ ਦੀ ਦਾਸਤਾਨ ਬੇਰੋਕ ਸੁਣਾਉਂਦੀ ਗਈ ਅਤੇ ਸਾਡੇ ਕੰਨ ਸੈਂਡੀ ਦੇ ਬੋਲਾਂ ਅਤੇ ਨਜ਼ਰਾਂ ਉਸ ਦੇ ਮਸੂਮ ਚਿਹਰੇ ਤੇ ਕੇਂਦਰਿਤ ਰਹੀਆਂ। ''ਅੰਕਲ ਜੀ ਨੇ ਆਪਣੀ ਖਾਹਿਸ਼ ਮੁਤਾਬਿਕ ਮੈਨੂੰ ਆਈਲੈੱਟਸ ਤੱਕ ਦੀ ਪੜ੍ਹਾਈ ਵਿੱਚ ਪਾ ਦਿੱਤਾ ਤਾਂ ਕਿ ਮੈਂ ਕਨੇਡਾ ਜਾਂ ਕਿਸੇ ਹੋਰ ਵਿਕਸਿਤ ਮੁਲਕ ਵਿੱਚ ਆਪਣਾ ਚੰਗਾ ਗੁਜ਼ਾਰਾ ਕਰ ਸਕਾਂ।ਪੜ੍ਹਨ ਵਿੱਚ ਪ੍ਰਮਾਤਮਾ ਦੀ ਮੇਰੇ ਤੇ ਮਿਹਰ ਸੀ 'ਤੇ ਮੈਂ ਸਹਿਜੇ ਹੀ ਆਈਲੈੱਟਸ ਵਿੱਚ 6 ਗਰੇਡ ਲੈ ਲਏ। ਮੈਂ ਤਾਂ ਕਨੇਡਾ ਆਉਣਾ ਨਹੀਂ ਚਾਹੁੰਦੀ ਸੀ ਤਾਂ ਕਿ ਮੈਂ ਭਾਰਤ ਵਿਚ ਰਹਿ ਕੇ ਹੀ ਆਪਣੇ ਅੰਕਲ ਜੀ ਦੀ ਸੇਵਾ ਕਰਕੇ ਉਨਾਂ ਦੀ ਕੁਰਬਾਨੀ ਦਾ ਤੁਸ਼ ਮੁਲ ਮੋੜ ਸਕਾਂ। ਅੰਕਲ ਜੀ ਨੂੰ ਇਕੱਲਿਆਂ ਇੰਡੀਆ ਛੱਡ ਕੇ ਆਉਣ ਨੂੰ ਜਮੋਂ ਹੀ ਮੇਰੀ ਰੂਹ ਮੰਨਦੀ ਨਹੀਂ ਸੀ, ਪਰ ਉਨ੍ਹਾਂ ਨੇ ਮੈਨੂੰ ਬਹੁਤ ਹੀ ਪ੍ਰੇਰ ਕੇ ਕਨੇਡਾ ਭੇਜ ਦਿੱਤਾ।
''ਮੈਂ ਹੁਣ ਪੰਜ ਦਿਨ ਕਾਲਜ ਜਾਂਦੀ ਹਾਂ, ਸ਼ਨਿਚਰਵਾਰ ਅਤੇ ਐਤਵਾਰ ਇਸ ਰੈਸਟੋਰੈਂਟ ਵਿੱਚ ਕੰਮ ਕਰਦੀ ਹਾਂ।'' ''ਸੰਨਜੀਤ ਤੁਹਾਡਾ ਕਾਲਜ ਦੀ ਪੜ੍ਹਾਈ ਅਤੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਇਸ ਰੈਸਟੋਰੈਂਟ ਦੀ ਕਮਾਈ ਨਾਲ ਹੋ ਜਾਂਦਾ ਹੈ?'' ''ਕਿੱਥੋਂ ਸਰ ਜੀ! ਵੀਕ ਐਂਡ ਦੇ ਦੋ ਦਿਨ ਕੰਮ ਕੀਤਿਆਂ ਮੇਰੇ ਕਾਲਿਜ ਦਾ ਖਰਚਾ ਕਿੱਥੋਂ ਪੂਰਾ ਹੋਣਾਂ ਸੀ। ਮੇਰੇ ਅੰਕਲ ਜੀ ਇੰਡੀਆ 'ਚੋਂ ਅਜੇ ਵੀ ਆਪਣੀ ਪੈਨਸ਼ਨ ਵਿੱਚੋਂ ਬਚਾ ਕੇ ਕੁਝ ਪੈਸੇ ਹਰ ਮਹੀਨੇ ਭੇਜਦੇ ਹਨ।''
''ਸੰਨਜੀਤ ਕੀ ਤੁਹਾਡੇ ਅੰਕਲ ਜੀ ਦੇ ਕਨੇਡਾ ਵਸਦੇ ਮੁੰਡੇ, ਬੇਗਾਨੀ ਕੁੜੀ 'ਤੇ ਹੁੰਦੇ ਖਰਚੇ ਦਾ ਇਤਰਾਜ਼ ਨਹੀਂ ਕਰਦੇ?'' ''ਕਦੇ ਵੀ ਨਹੀਂ, ਉਹ ਤਾਂ ਸਗੋਂ ਆਖਦੇ ਹਨ ਕਿ ਬਾਪੂ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਸਰ ਜੀ ਮੈਂ ਤਾਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਨਾਂ ਦੀ ਉਮਰ ਲੰਬੀ ਕਰੇ ਅਤੇ ਮੇਰੇ ਅੰਕਲ ਵਰਗੇ ਦੇਵਤੇ ਸਭ ਨੂੰ ਨਸੀਬ ਹੋਣ।ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦੀ ਹਾਂ ਕਿ ਜਦੋਂ ਮੈਂ ਕਨੇਡਾ ਪੱਕੀ ਹੋ ਗਈ, ਵਹਿਗੁਰੂ ਦੀ ਸੌਂਹ, ਮਿੰਨਤਾਂ ਤਰਲੇ ਕਰਕੇ ਅਤੇ ਪੈਰੀਂ ਹੱਥ ਲਾ ਕੇ ਵੀ ਮੈਂ ਉਨਾਂ ਨੂੰ ਕਨੇਡਾ ਸੱਦਾਂਗੀ ਅਤੇ ਆਪਣੇ ਪਾਸ ਰੱਖਾਂਗੀ।ਕਿਸੇ ਕਾਰਨ ਉਹ ਕਨੇਡਾ ਆਉਣ ਨੂੰ ਨਾ ਮੰਨੇ ਤਾਂ ਮੈਂ ਕਨੇਡਾ ਕਨੂਡਾ ਦੀ ਪਰਵਾਹ ਨਹੀਂ ਕਰਨੀ, ਪੰਜਾਬ ਜਾਕੇ ਜਿੰਦਗੀ ਭਰ ਉਨਾਂ ਦੀ ਸੇਵਾ ਕਰਦੀ ਰਵਾਂਗੀ। ਸਾਡੇ ਪਿੰਡ ਦੇ ਅਤੇ ਇੱਥੇ ਕਨੇਡਾ ਵਿੱਚ ਵੀ ਮੇਰੇ ਸੰਪਰਕ ਵਾਲੇ ਲੋਕ, ਮੈਨੂੰ ਹੁਣ ਤੱਕ ਲਾਵਾਰਸ ਕੁੜੀ ਹੀ ਸਮਝਦੇ ਹਨ।ਸਰ ਜੀ, ਹੁਣ ਤੁਸੀਂ ਹੀ ਦੱਸੋ, ਤੁਹਾਨੂੰ ਕੀ ਮੈਂ ਲਾਵਾਰਸ ਕੁੜੀ ਲੱਗਦੀ ਹਾਂ?'' ਸੈਂਡੀ ਦੀ ਦਰਦ ਅਤੇ ਦਲੇਰੀ ਭਰੀ ਦਾਸਤਾਨ ਸੁਣ ਕੇ ਬੱਲੀ ਅਤੇ ਗੁਰਭਜਨ ਦੇ ਪਰਿਵਾਰਾਂ ਦੀਆਂ ਅੱਖਾਂ ਪਤਾ ਨਹੀਂ ਕਿੰਨੀ ਵਾਰ ਸੇਜਲ ਹੋਈਆਂ ਅਤੇ ਭਰਪੂਰ ਸਿੰਘ ਦੀ ਫ਼ਰਾਖ਼ਦਿਲੀ ਨੂੰ ਸਿੱਜਦਾ ਕਰਨ ਨੂੰ ਜੀਅ ਕੀਤਾ। ਇਸ ਦੇ ਨਾਲ ਹੀ ਪੰਜਾਬ ਤੋਂ ਤੁਰੀਆਂ ਹਜ਼ਾਰਾਂ ਸੈਂਡੀਆਂ ਦੀ ਯਾਦ ਆਈ, ਜਿਹੜੀਆਂ ਇਹੋ ਜਿਹੇ ਪਿਆਰ ਦੇ ਰਿਸ਼ਤਿਆਂ ਨੂੰ ਤਰਸਦੀਆਂ ਹਨ।