ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
27 July 2021
ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਕੈਪਟਨ ਦੇ ਪੁੱਜਣ ਬਾਰੇ ਸ਼ਸ਼ੋਪੰਜ ਕਾਇਮ- ਇਕ ਖ਼ਬਰ
ਸੱਪ ਦੇ ਮੂੰਹ ‘ਚ ਕਿਰਲੀ।
ਸਿੱਖਿਆ ਵਿਭਾਗ ਦਾ ਜੂਨੀਅਰ ਸਹਾਇਕ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ- ਇਕ ਖ਼ਬਰ
ਇਹਨੇ ਵੀ ਸੌਂਹ ਖਾਧੀ ਹੋਣੀ ਐ ਕਿ ਇਕ ਲੱਖ ਤੋਂ ਘੱਟ ਨਹੀਂ ਲੈਣੇ।
ਸੰਸਦ ਭਵਨ ਨੇੜੇ ਕਿਸਾਨ ਮੋਰਚੇ ਨੇ ਆਪਣੀ ਸੰਸਦ ਦਾ ਇਜਲਾਸ ਕੀਤਾ ਸ਼ੁਰੂ- ਇਕ ਖ਼ਬਰ
ਤੇਰੇ ਸਾਹਮਣੇ ਸਿਆਪਾ ਕਰਨਾ, ਵਾਰ ਵਾਰ ਦੁਖ ਦੱਸਣਾ।
ਲਾੜੇ ਨੂੰ 4 ਕਿਲੋਮੀਟਰ ਤੱਕ ਆਪਣੇ ਨਾਲ ਭਜਾ ਕੇ ਲੈ ਗਈ ਘੋੜੀ- ਇਕ ਖ਼ਬਰ
ਘੋੜੀ ਨੇ ਤਾਂ ਮੁੰਡੇ ਨੂੰ ਮੌਕਾ ਦਿਤਾ ਕਿ ਜੇ ਬਚ ਸਕਦੈਂ ਤਾਂ ਬਚ ਜਾ ਮੱਖਣਾ।
ਸੁਖਬੀਰ ਬਾਦਲ ਵਲੋਂ ਮੀਡੀਆ ਅਦਾਰਿਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਦੀ ਨਿਖੇਧੀ-ਇਕ ਖ਼ਬਰ
ਹਾਇ ਓਏ ਕਿਤੇ ਇਹ ਬਲਾ ਸਾਡੇ ਵਲ ਨਾ ਆ ਜਾਵੇ।
ਖੇਤੀ ਕਾਨੂੰਨ ਲਾਗੂ ਕਰਵਾਉਣ ਵਿਚ ਬਾਦਲ ਪਰਵਾਰ ਦਾ ਵੱਡਾ ਹਿੱਸਾ- ਸਿਮਰਜੀਤ ਸਿੰਘ ਬੈਂਸ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ- ਬੀਬੀ ਜਗੀਰ ਕੌਰ
ਬੀਬੀ ਜਦੋਂ ਬਾਦਲ ਆਪਣੇ ਨਾਲ ‘ਫੌਜ’ ਲੈ ਕੇ ਆਉਂਦੇ ਆ, ਉਹ ਨਹੀਂ ਦਿਸਦੇ?
ਸੁਖਬੀਰ ਬਾਦਲ ਨੇ ਮਟਕਾ ਚੌਂਕ ‘ਚ ਬੈਠੇ ਬਾਬਾ ਲਾਭ ਸਿੰਘ ਨਾਲ ਕੀਤੀ ਮੁਲਾਕਾਤ- ਇਕ ਖ਼ਬਰ
ਰੱਬਾ! ਕੀ ਕੀ ਡਰਾਮੇ ਕਰਵਾਏਂਗਾ ਸਾਡੇ ਕੋਲੋਂ।
ਆਪ ਦੇ ਤਿੰਨ ਵਿਧਾਇਕ ਪਹਿਲਾਂ ‘ਕੈਪਟਨ ਦਰ” ਅਤੇ ਹੁਣ ‘ਸਿੱਧੂ ਦਰ” ‘ਤੇ ਭਟਕ ਰਹੇ ਹਨ- ਆਪ ਆਗੂ
ਫਰੀਦਾ ਬਾਰਿ ਪਰਾਇਐ ਬੈਸਣਾ ਸਾਈ ਮੁਝੇ ਨਾ ਦੇ।
ਸਭ ਵਿਰੋਧੀ ਮੈਂਬਰਾਂ ਉੱਤੇ ਕਿਸਾਨ ਮੋਰਚੇ ਦੀ ਪੂਰੀ ਨਜ਼ਰ- ਰਾਜੇਵਾਲ
ਚੌਕੀਦਾਰੀ ਲੈ ਲੈ ਮਿੱਤਰਾ, ਤੇਰੇ ਲਗਦੇ ਨੇ ਬੋਲ ਪਿਆਰੇ।
ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਲੀਮੈਂਟ ਦੇ ਬਰਾਬਰ ਕਿਸਾਨਾਂ ਨੇ ਸੰਸਦ ਚਲਾਈ-ਇਕ ਖ਼ਬਰ
ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ ਜੋਗੀਆ।
ਦੇਸ਼ ਦੀ ਅਰਥਵਿਵਸਥਾ ਲਈ ਅੱਗੋਂ ਰਾਹ ਹੋਰ ਵੀ ਚੁਣੌਤੀ ਭਰਿਆ- ਡਾ. ਮਨਮੋਹਨ ਸਿੰਘ
ਅੱਜ ਕੌਣ ਪੁੱਛੇ ਰਾਂਝੇ ਚਾਕ ਤਾਈਂ, ਬੇਗ਼ਮ ਹੀਰ ਤੇ ਸੈਦਾ ਨਵਾਬ ਹੋਇਆ।
ਸੜਕ ‘ਤੇ ਬੈਠਦੇ ਲਾਵਾਰਿਸ ਪਸ਼ੂਆਂ ਤੋਂ ਰਾਹਗੀਰ ਪ੍ਰੇਸ਼ਾਨ- ਇਕ ਖ਼ਬਰ
ਕਰੋੜਾਂ ਰੁਪਏ ਦਾ ‘ਗਊ ਟੈਕਸ’ ਕਿੱਥੇ ਜਾਂਦੈ ਬਈ? ਸਰਕਾਰ ਦੱਸੇ ਲੋਕਾਂ ਨੂੰ।
ਕਿਸਾਨ ਕਿਸੇ ਸਖ਼ਤੀ ਤੋਂ ਡਰਨ ਵਾਲ਼ੇ ਨਹੀਂ- ਟਿਕੈਤ
ਭੂਰਾ ਬੋਤਾ ਮੇਰੇ ਵੀਰ ਦਾ, ਰੇਲ ਦੇ ਬਰਾਬਰ ਜਾਂਦਾ।