ਤੋਤਾ ਰਾਮ ਗੁਲਾਟੀ ਵਰਗਿਆਂ ਆਸਰੇ ਸੋਚ ਨੂੰ ਅੱਗੇ ਵਧਾ ਰਿਹੈ ਸੰਘ ਪਰਵਾਰ - ਜਤਿੰਦਰ ਪਨੂੰ
ਕੋਈ ਢਾਈ ਦਹਾਕੇ ਪਹਿਲਾਂ ਜਰਮਨ ਮੂਲ ਦੇ ਇੱਕ ਗੋਰੇ ਨੂੰ ਬ੍ਰਿਟੇਨ ਵਿੱਚ ਕਿਸੇ ਦੇ ਘਰ ਮਿਲੇ ਤਾਂ ਉਸ ਨੇ ਕਿਹਾ ਸੀ ਕਿ ਇਤਹਾਸ ਨੂੰ ਕੋਈ ਸਦੀਵੀ ਸੱਚ ਨਹੀਂ ਮੰਨ ਲੈਣਾ ਚਾਹੀਦਾ, ਇਹ ਲਿਖਿਆ ਘੱਟ ਅਤੇ ਲਿਖਾਇਆ ਵੱਧ ਜਾਂਦਾ ਹੈ ਤੇ ਇਹੋ ਕਾਰਨ ਹੈ ਕਿ ਹੁਕਮਰਾਨ ਜ਼ਾਲਮ ਵੀ ਹੋਵੇ ਤਾਂ ਉਸ ਦੇ ਐਬ ਲੁਕਾ ਲਏ ਜਾਂਦੇ ਹਨ। ਗੱਲ ਦੂਸਰੀ ਸੰਸਾਰ ਜੰਗ ਦੇ ਦੌਰਾਨ ਹਿਟਲਰ ਵੱਲੋਂ ਕੀਤੇ ਕਤਲੇਆਮ ਅਤੇ ਉਸ ਪਿੱਛੇ ਕੰਮ ਕਰਦੀ ਸੋਚ ਨੂੰ ਹਿਟਲਰ ਵੱਲੋਂ ਸਭ ਤੋਂ ਉੱਤਮ ਮੰਨੇ ਜਾਣ ਦੀ ਨੀਤੀ ਬਾਰੇ ਹੋ ਰਹੀ ਸੀ। ਜਰਮਨ ਨੌਜਵਾਨ ਸਾਫ ਕਹਿੰਦਾ ਸੀ ਕਿ ਉਹ ਹਿਟਲਰ ਦਾ ਹਮਾਇਤੀ ਨਹੀਂ, ਪਰ ਅਗਲੀ ਗੱਲ ਇਹ ਵੀ ਜ਼ੋਰ ਨਾਲ ਕਹਿੰਦਾ ਸੀ ਕਿ ਜੇ ਹਿਟਲਰ ਜਿੱਤ ਜਾਂਦਾ ਤਾਂ ਅੱਜ ਉਸ ਨੂੰ ਗਾਲ੍ਹਾਂ ਕੱਢਣ ਵਾਲੇ ਇਤਹਾਸਕਾਰਾਂ ਦੀ ਇੱਕ ਵੱਡੀ ਗਿਣਤੀ ਨੇ ਉਸੇ ਹਿਟਲਰ ਨੂੰ ਸੰਸਾਰ ਦਾ ਸਭ ਤੋਂ ਵਧੀਆ ਹਾਕਮ ਸਾਬਤ ਕਰਦੇ ਹੋਣਾ ਸੀ। ਸ਼ਾਇਦ ਉਹ ਨੌਜਵਾਨ ਠੀਕ ਹੋ ਸਕਦਾ ਹੈ, ਇਹ ਗੱਲ ਓਦੋਂ ਮੇਰੇ ਮਨ ਵਿੱਚ ਨਹੀਂ ਸੀ, ਅੱਜ ਭਾਰਤ ਵਿੱਚ ਜੋ ਹੁੰਦਾ ਪਿਆ ਹੈ ਤੇ ਜਿਵੇਂ ਮੌਕੇ ਦੇ ਮਾਲਕ ਦੀ ਸੋਚ ਦੀ ਮਾਰ ਹੇਠ ਆਉਂਦੇ ਭਾਈਚਾਰਿਆਂ ਨਾਲ ਜੁੜੇ ਵੱਡੇ ਲੋਕ ਓਸੇ ਮਾਲਕ ਦੀ ਖੁਸ਼ੀ ਖਾਤਰ ਉਸ ਮੂਹਰੇ ਲੇਟਣੀਆਂ ਲੈਂਦੇ ਦਿੱਸਦੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ਨੌਜਵਾਨ ਠੀਕ ਕਹਿੰਦਾ ਹੋ ਸਕਦਾ ਹੈ।
ਰਾਸ਼ਟਰੀ ਸੋਇਮ ਸੇਵਕ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਪਣੀ ਸੋਚ ਨੂੰ ਕਦੀ ਲੁਕਾ ਕੇ ਨਹੀਂ ਰੱਖ ਸਕਿਆ। ਆਪਣੇ ਮੁੱਢ ਤੋਂ ਉਸ ਦੇ ਆਗੂਆਂ ਨੇ ਇਹ ਗੱਲ ਹਿੱਕ ਠੋਕ ਕੇ ਆਖੀ ਹੈ ਕਿ ਭਾਰਤ ਹਿੰਦੂਆਂ ਦੇ ਲਈ ਪਹਿਲੇ ਦਰਜੇ ਦੇ ਨਾਗਰਿਕ ਵਾਲਾ ਹੋਵੇ ਤੇ ਹੋਰਨਾਂ ਭਾਈਚਾਰਿਆਂ, ਖਾਸ ਕਰ ਕੇ ਮੁਸਲਿਮ ਭਾਈਚਾਰੇ ਵਾਲਿਆਂ ਨੂੰ ਏਥੇ ਬਰਾਬਰੀ ਦਾ ਦਰਜਾ ਨਹੀਂ ਹੋਣਾ ਚਾਹੀਦਾ। ਵਿੱਚ-ਵਿਚਾਲੇ ਕਦੇ-ਕਦੇ ਇਹ ਲੋਕ ਦੂਸਰੇ ਭਾਈਚਾਰਿਆਂ ਦੇ ਕੁਝ ਲੋਕਾਂ ਨੂੰ ਨਾਲ ਜੋੜ ਕੇ ਇਹ ਵਿਖਾਉਣ ਦਾ ਯਤਨ ਕਰਦੇ ਹਨ ਕਿ ਉਹ ਉਨ੍ਹਾਂ ਭਾਈਚਾਰਿਆਂ ਦਾ ਵੀ ਸਤਿਕਾਰ ਕਰਦੇ ਹਨ, ਪਰ ਅਸਲ ਵਿੱਚ ਇਹ ਬਾਹਰੀ ਪ੍ਰਭਾਵ ਹੀ ਹੁੰਦਾ ਹੈ। ਜਦੋਂ ਇਹ ਪਤਾ ਹੋਵੇ ਕਿ ਇਸ ਪ੍ਰਭਾਵ ਨੂੰ ਨਕਾਰ ਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕਰਨ ਦਾ ਸਮਾਂ ਹੈ, ਓਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਆਗੂ ਦੀ ਭੇਟ ਕੀਤੀ ਹੋਈ ਟੋਪੀ ਲੈਣ ਤੋਂ ਭਰੇ ਸਮਾਗਮ ਵਿੱਚ ਇਨਕਾਰ ਕਰ ਕੇ ਅੰਦਰਲਾ ਸੱਚ ਜ਼ਾਹਰ ਕਰਨਾ ਵੀ ਜ਼ਰੂਰੀ ਸਮਝਦੇ ਹਨ।
ਹੈਰਾਨੀ ਇਸ ਗੱਲ ਦੀ ਕੋਈ ਨਹੀਂ ਕਿ ਆਰ ਐੱਸ ਐੱਸ ਅਤੇ ਇਸ ਨਾਲ ਜੁੜੀ ਰਾਜਨੀਤੀ ਕਰਨ ਵਾਲੇ ਆਗੂਆਂ ਦਾ ਦੂਸਰੇ ਭਾਈਚਾਰਿਆਂ ਵੱਲ ਕੀ ਰੁਖ ਹੈ, ਸਗੋਂ ਇਸ ਗੱਲ ਬਾਰੇ ਹੈ ਕਿ ਦੂਸਰੇ ਭਾਈਚਾਰਿਆਂ ਵਿਚਲੇ ਕੁਝ ਹੱਦੋਂ ਬਾਹਰੇ ਚਾਪਲੂਸ ਬੰਦੇ ਇਸ ਸੋਚਣੀ ਨੂੰ ਵਡਿਆਉਣ ਵਿੱਚ ਹੱਦਾਂ ਪਾਰ ਕਰ ਜਾਂਦੇ ਹਨ। ਇਹ ਕੰਮ ਇਸ ਵਾਰੀ ਭਾਰਤ ਦੇ ਪ੍ਰਮੁੱਖ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਵੱਲੋਂ ਲਿਖੀ ਦੱਸੀ ਜਾਂਦੀ ਇੱਕ ਕਿਤਾਬ ਭੇਟ ਕਰ ਕੇ ਕੀਤਾ ਹੈ। ਸਿੱਖ ਵਿਦਵਾਨ ਏਦਾਂ ਦੀ ਕਿਸੇ ਲਿਖਤ ਨੂੰ ਹਕੀਕਤ ਨਹੀਂ ਮੰਨਦੇ। ਇਸ ਦਾ ਦੂਸਰਾ ਪਾਸਾ ਇਹ ਹੈ ਕਿ ਸਿੱਖਾਂ ਦੇ ਕੁਝ ਧਾਰਮਿਕ ਆਗੂ ਵੀ ਪਿਛਲੇ ਸਮੇਂ ਵਿੱਚ ਭਾਜਪਾ ਨਾਲ ਅਕਾਲੀ ਦਲ ਦੀ ਸਾਂਝ ਦੇ ਸਮੇਂ ਇਹ ਸਾਬਤ ਕਰਨ ਵਾਲੇ ਬਿਆਨ ਦਿੱਤਾ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਭਗਵਾਨ ਰਾਮ ਦੀ ਕੁੱਲ ਵਿੱਚੋਂ ਹੋਏ ਹਨ। ਇਹ ਵਿਆਖਿਆਨ ਸ੍ਰੀ ਅਕਾਲ ਤਖਤ ਦਾ ਇੱਕ ਸਾਬਕਾ ਜਥੇਦਾਰ ਬੜਾ ਖੁੱਲ੍ਹ ਕੇ ਕਰਦਾ ਰਿਹਾ ਹੈ। ਕਹਿੰਦੇ ਹਨ ਕਿ ਉਹ ਜਥੇਦਾਰ ਏਦਾਂ ਦੀ ਵਿਆਖਿਆ ਭਾਜਪਾ ਆਗੂਆਂ ਦੇ ਰਾਹੀਂ ਅਕਾਲੀ ਲੀਡਰਸ਼ਿਪ ਉੱਤੇ ਦਬਾਅ ਪਾ ਕੇ ਆਪਣੇ ਲਈ ਜਥੇਦਾਰੀ ਜਾਂ ਇਸ ਦੇ ਬਰਾਬਰ ਦੀ ਪਦਵੀ ਲੈਣ ਦਾ ਜੁਗਾੜ ਕਰਨ ਵਾਸਤੇ ਕਰਿਆ ਕਰਦਾ ਸੀ। ਹੋ ਸਕਦਾ ਹੈ ਕਿ ਏਦਾਂ ਹੀ ਹੋਵੇ।
ਉਹ ਇਕੱਲਾ ਏਦਾਂ ਦਾ ਨਹੀਂ ਸੀ, ਮੁਸਲਿਮ ਭਾਈਚਾਰੇ ਵਿੱਚ ਵੀ ਕੁਝ ਲੋਕ ਸਿਰਫ ਇੱਕ ਪਾਰਲੀਮੈਂਟ ਸੀਟ ਜਾਂ ਕੇਂਦਰ ਦੀ ਵਜ਼ੀਰੀ ਖਾਤਰ ਆਰ ਐੱਸ ਐੱਸ ਅਤੇ ਭਾਜਪਾ ਨੂੰ ਮੁਸਲਿਮ ਭਾਈਚਾਰੇ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਸਾਬਤ ਕਰਨ ਲੱਗ ਜਾਇਆ ਕਰਦੇ ਹਨ। ਇਸ ਤੋਂ ਸਾਫ ਹੈ ਕਿ ਇਸ ਵਕਤ ਆਰ ਐੱਸ ਐੱਸ ਵਾਲੀ ਸੋਚ ਚੋਖੀ ਚੜ੍ਹਤ ਵਿੱਚ ਹੋਣ ਕਾਰਨ ਇਹ ਲੋਕ ਆਪਣੇ ਨਿੱਜੀ ਲਾਭਾਂ ਲਈ ਉਸ ਸੋਚ ਦੇ ਸੇਵਾਦਾਰ ਬਣਨ ਲਈ ਤਿਆਰ ਹਨ। ਬੀਤੇ ਹਫਤੇ ਚਿਤਰਕੂਟ ਵਿੱਚ ਆਰ ਐੱਸ ਐੱਸ ਦੀ ਸਿਖਰਲੀ ਲੀਡਰਸ਼ਿਪ ਦੀ ਬੈਠਕ ਵਿੱਚ ਇਹ ਵੀ ਫੈਸਲਾ ਹੋਇਆ ਸੁਣਿਆ ਹੈ ਕਿ ਹਿੰਦੂਤੱਵ ਦੀ ਝੰਡਾ-ਬਰਦਾਰ ਇਸ ਸੰਸਥਾ ਦੀਆਂ ਰੋਜ਼ਾਨਾ ਸ਼ਾਖਾਵਾਂ ਵਿੱਚ ਮੁਸਲਿਮ ਨੌਜਵਾਨਾਂ ਨੂੰ ਲਿਆ ਕੇ ਮੁੱਖ-ਧਾਰਾ ਦਾ ਅੰਗ ਬਣਾਉਣ ਦੀ ਸ਼ੁਰੂਆਤ ਕਰਨੀ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਪਿੱਛੋਂ ਇਨ੍ਹਾਂ ਦੇ ਕਹੇ ਉੱਤੇ ਤੜਕੇ ਚਾਰ ਵਜੇ ਗਰਾਊਂਡ ਵਿੱਚ ਪਰੇਡ ਕਰਨ ਲਈ ਜਾਣ ਲੱਗ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਕਾਰਨ ਇਹ ਹੈ ਕਿ ਬਹੁਤ ਕੱਟੜ ਸੋਚਣੀ ਵਾਲਿਆਂ ਹਾਕਮਾਂ ਦੇ ਨਾਲ ਵੀ ਨਿੱਜੀ ਲਾਭਾਂ ਲਈ ਹਰ ਯੁੱਗ ਵਿੱਚ ਉਨ੍ਹਾਂ ਦੇ ਵਿਰੋਧੀ ਪੱਖ ਵਿਚਲੇ ਕੁਝ ਲੋਕ ਜੁੜ ਜਾਂਦੇ ਰਹੇ ਹਨ ਅਤੇ ਅੱਜ ਜੋ ਕੁਝ ਹੋ ਰਿਹਾ ਹੈ, ਉਹ ਕੋਈ ਅਲੋਕਾਰ ਗੱਲ ਨਹੀਂ ਸਮਝੀ ਜਾ ਸਕਦੀ।
ਸਾਨੂੰ ਆਪਣੇ ਕੁਝ ਬਜ਼ੁਰਗਾਂ ਤੇ ਆਪਣੇ ਤੋਂ ਸੀਨੀਅਰ ਕੁਝ ਪੱਤਰਕਾਰਾਂ ਤੋਂ ਸੁਣੀ ਇਹ ਗੱਲ ਅੱਜ ਤੀਕ ਚੇਤੇ ਹੈ ਕਿ ਭਾਰਤ-ਪਾਕਿ ਵੰਡ ਵੇਲੇ ਇੱਕ ਹਿੰਦੂ ਪਰਵਾਰ ਜਦੋਂ ਭਾਰਤ ਨੂੰ ਆਇਆ ਤਾਂ ਉਨ੍ਹਾਂ ਦਾ ਬਾਪੂ ਓਥੇ ਰਹਿ ਗਿਆ ਕਿ ਜੇ ਹਾਲਾਤ ਸੁਖਾਵੇਂ ਹੋਏ ਤਾਂ ਪਰਵਾਰ ਵਾਪਸ ਆਉਣ ਤੱਕ ਜਾਇਦਾਦ ਦਾ ਖਿਆਲ ਰੱਖੇਗਾ। ਦੇਸ਼ ਦੀ ਵੰਡ ਨੇ ਨਵੀਂ ਕਿਸਮ ਦਾ ਪਾਟਕ ਪਾ ਦਿੱਤਾ, ਜਿਹੜਾ ਇਤਹਾਸ ਵਿੱਚ ਕਦੇ ਵਾਪਰਿਆ ਨਹੀਂ ਸੀ ਤੇ ਪਿਛਾਂਹ ਪਰਤਣ ਦੀ ਕੋਈ ਸੰਭਾਵਨਾ ਹੀ ਨਾ ਰਹੀ ਅਤੇ ਪੁੱਤਰਾਂ ਨੇ ਜਿਉਂਦਾ ਬਾਪੂ ਵਿੱਛੜ ਜਾਣ ਨੂੰ ਭਾਣਾ ਸਮਝ ਕੇ ਜਰ ਲਿਆ, ਪਰ ਬਾਪੂ ਖੁਦ ਕੋਈ ਫੈਸਲਾ ਨਾ ਲੈ ਸਕਿਆ ਤੇ ਓਥੋਂ ਵਾਲਿਆਂ ਦੀ ਬੁਲਾਈ ਬੋਲੀ ਬੋਲਣ ਲੱਗ ਪਿਆ। ਤੋਤਾ ਰਾਮ ਗੁਲਾਟੀ ਨਾਂਅ ਦਾ ਬਜ਼ੁਰਗ ਗਾਲੜੀ ਕਿਸਮ ਦਾ ਬੰਦਾ ਸੀ, ਓਧਰਲੀ ਹਕੂਮਤ ਨੇ ਉਸ ਦੇ ਇਸ ਗੁਣ ਨੂੰ ਭਾਰਤ ਦੇ ਵਿਰੁੱਧ ਵਰਤਿਆ ਅਤੇ ਲਾਹੌਰ ਰੇਡੀਓ ਤੋਂ ਪੰਜਾਬੀ ਪ੍ਰੋਗਰਾਮ ਵਿੱਚ ਪੇਸ਼ ਕਰਨ ਲੱਗ ਪਏ। ਉਹ ਰੋਜ਼ ਸ਼ਾਮ ਵੇਲੇ ਲਾਹੌਰ ਰੇਡੀਓ ਤੋਂ ਭਾਰਤ ਦੇ ਲੋਕਾਂ ਨੂੰ ਇਹ ਸੁਣਾਇਆ ਕਰੇ ਕਿ ਆਪੋ ਆਪਣੇ ਧਰਮ ਨੂੰ ਮੰਨਣ ਦੀ ਜਿੰਨੀ ਆਜ਼ਾਦੀ ਪਾਕਿਸਤਾਨ ਵਿੱਚ ਹੈ, ਓਦਾਂ ਦੀ ਆਜ਼ਾਦੀ ਦਾ ਸੁਫਨਾ ਵੀ ਭਾਰਤ ਦੇ ਲੋਕ ਨਹੀਂ ਲੈ ਸਕਦੇ। ਏਧਰ ਉਸ ਦੇ ਪੁੱਤਰ ਮੱਥੇ ਨੂੰ ਹੱਥ ਮਾਰ ਕੇ ਰੋਇਆ ਕਰਦੇ ਸਨ ਕਿ ਬਾਪੂ ਦੀ ਮਜਬੂਰੀ ਕਾਰਨ ਤੋਤਾ ਰਾਮ ਨੂੰ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਪ੍ਰਬੰਧਕਾਂ ਨੇ ਆਪਣਾ ਤੋਤਾ ਬਣਾ ਕੇ ਬੁਲਾਏ ਮੁਤਾਬਕ ਬੋਲਣ ਵਾਲੇ ਕੰਮ ਲਾ ਲਿਆ ਹੈ। ਇਹੋ ਕੁਝ ਅੱਜਕੱਲ੍ਹ ਭਾਰਤ ਵਿੱਚ ਹੋ ਰਿਹਾ ਹੈ। ਏਥੇ ਵੀ ਭਾਜਪਾ ਆਗੂਆਂ ਤੋਂ ਚੰਦ ਲਾਭਾਂ ਦੀ ਆਸ ਵਿੱਚ ਬਹੁਤ ਸਾਰੇ 'ਤੋਤਾ ਖਾਨ' ਅਤੇ 'ਤੋਤਾ ਸਿੰਘ' ਉਨ੍ਹਾਂ ਪਿੱਛੇ ਅੱਜ ਇਹ ਤਰਲੇ ਕੱਢਦੇ ਮਿਲ ਸਕਦੇ ਹਨ ਕਿ ਸੇਵਾ ਦਾ ਮੌਕਾ ਸਿਰਫ ਸਾਨੂੰ ਦਿਓ ਜੀ, ਸਾਥੋਂ ਵੱਡਾ ਚਾਪਲੂਸ ਸਾਰੀ ਦੁਨੀਆ ਵਿੱਚ ਤੁਹਾਨੂ ਕੋਈ ਨਹੀਂ ਮਿਲ ਸਕਣਾ।
ਜਦੋਂ ਏਦਾਂ ਦੇ ਲੋਕਾਂ ਵਿੱਚੋਂ ਕੋਈ ਸਾਨੂੰ ਇਹ ਸਮਝਾਉਣ ਵਾਲੀ ਕੋਸ਼ਿਸ਼ ਕਰਦਾ ਹੈ ਕਿ ਭਾਜਪਾ ਹੀ ਭਾਰਤ ਦੀਆਂ ਘੱਟ-ਗਿਣਤੀਆਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ ਤਾਂ ਸਾਨੂੰ ਕਦੀ ਲਾਹੌਰ ਰਹਿ ਗਿਆ ਤੋਤਾ ਰਾਮ ਗੁਲਾਟੀ ਯਾਦ ਆ ਜਾਂਦਾ ਹੈ ਅਤੇ ਕਦੀ ਜਰਮਨ ਮੂਲ ਦਾ ਉਹ ਨੌਜਵਾਨ, ਜਿਹੜਾ ਢਾਈ ਕੁ ਦਹਾਕੇ ਪਹਿਲਾਂ ਅਚਾਨਕ ਮਿਲਿਆ ਸੀ। ਉਸ ਦੀ ਇਸ ਗੱਲ ਵਿੱਚ ਦਮ ਜਾਪਣ ਲੱਗਦਾ ਹੈ ਕਿ ਇਤਹਾਸ ਲਿਖਿਆ ਨਹੀਂ ਜਾਂਦਾ, ਲਿਖਾਇਆ ਜਾ ਸਕਦਾ ਹੈ, ਲਿਖਾਉਣ ਵਾਲਿਆਂ ਦੇ ਕੋਲ ਤਾਕਤ ਚਾਹੀਦੀ ਹੈ, ਚਾਪਲੂਸਾਂ ਨੂੰ ਵੰਡਣ ਲਈ ਰਿਓੜੀਆਂ ਚਾਹੀਦੀਆਂ ਹਨ, ਇੱਕ ਲੱਭਣ ਜਾਓ ਤਾਂ ਇੱਕ ਹਜ਼ਾਰ ਏਦਾਂ ਦੇ ਮਿਲ ਜਾਣਗੇ, ਜਿਹੜੇ ਇਸ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾਉਣ ਲਈ ਜਮੂਰੇ ਬਣਨ ਨੂੰ ਤਿਆਰ ਹਨ।