ਸਨਮਾਨ ਦਾ ਚਰਚਾ ਕਰੋ - ਸੁਰਿੰਦਰਜੀਤ ਕੌਰ
ਮੋਢੇ ਚੁੱਕੀ ਲਾਸ਼ ਦੇ ਅਪਮਾਨ ਦਾ ਚਰਚਾ ਕਰੋ।
ਲਾਸ਼ ਪਈ ਉਡੀਕਦੀ ਸ਼ਮਸ਼ਾਨ ਦਾ ਚਰਚਾ ਕਰੋ ।
ਬਣਕੇ ਪਹਿਰੇਦਾਰ ਜੋ ਰਾਤ ਭਰ ਲੁੱਟਦਾ ਰਿਹਾ,
ਚੋਰ ਦਾ ਤੇ ਚੋਰ ਦੀ ਸੰਤਾਨ ਦਾ ਚਰਚਾ ਕਰੋ ।
ਮੰਦਰਾਂ ਦੇ ਵਿਚ ਤਾਂ 'ਭਗਵਾਨ' ਪੱਥਰ ਦਾ ਪਿਆ
ਖ਼ੂਨੀ, ਕਹਿਰੀ ਲਹਿਰ ਦਾ, ਹੈਵਾਨ ਦਾ ਚਰਚਾ ਕਰੋ ।
ਉਸ ਦੀ ਸੋਚ ਦੇ ਦੁਆਲੇ ਗ਼ਰਦ ਤੇ ਗ਼ੁਬਾਰ ਹੈ,
ਕਿੱਲ, ਕੰਡੇ, ਮੌਤ ਦੇ ਸਾਮਾਨ ਦਾ ਚਰਚਾ ਕਰੋ।
ਸਬਜ਼ ਪੁਸ਼ਾਕਾਂ ਪਹਿਨੀ ਖੜ੍ਹੀਆਂ ਫ਼ਸਲਾਂ ਸਾਡੇ ਖੇਤ ਦੀਆਂ
ਸੋਨੇ ਰੰਗੀ ਮਿੱਟੀ ਦੇ ਸਨਮਾਨ ਦਾ ਚਰਚਾ ਕਰੋ ।
ਆਪ ਉਸਾਰੇ ਮੋਰਚਿਆਂ ਵਿਚ ਸ਼ਾਹਾਂ ਵਾਂਗੂੰ ਬੈਠੇ ਹਾਂ,
ਜਾਗਦੀ ਜ਼ਮੀਰ ਵਾਲੇ ਇਨਸਾਨ ਦਾ ਚਰਚਾ ਕਰੋ ।
ਕੋਰਾ ਕੱਕਰ, ਝੱਖੜ ਵੀ , ਝੁਲਸਦੀ ਅੰਗਿਆਰੀ ਧੁੱਪ,
ਸ਼ਾਨ ਦਾ, ਈਮਾਨ ਦਾ, ਕਿਰਸਾਨ ਦਾ ਚਰਚਾ ਕਰੋ।