ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

13 July 2021

 

ਪਟਰੌਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹਰ ਵਰਗ ਦਾ ਬਜਟ ਵਿਗਾੜਿਆ-ਯਸ਼ਪਾਲ ਰਾਣਾ ਬੇ.ਕੇ.ਯੂ

ਰਾਣਾ ਜੀ ਹਰ ਕਿਸੇ ਦਾ ਨਹੀਂ, ਕਈਆਂ ਦੇ ਤਾਂ ਵਾਰੇ ਨਿਆਰੇ ਹੋ ਰਹੇ ਐ।


ਪ੍ਰਾਈਵੇਟ ਥਰਮਲ ਪਾਰਟੀਆਂ ਨਾਲ ਕੀਤੇ ਬਿਜਲੀ ਸਮਝੌਤੇ ਜਾਇਜ਼ ਹਨ- ਸੁਖਬੀਰ ਬਾਦਲ

ਗੀਤਾਂ ਨੂੰ ਜ਼ਹਿਰ ਪਿਲਾਉਂਦੇ ਨੇ, ਸਾਡੇ ਲਹੂ ਦੇ ਵਿਚ ਨਹਾਉਂਦੇ ਨੇ।


ਭਾਜਪਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ’ਚੋਂ ਬਾਹਰ ਦਾ ਰਾਸਤਾ ਦਿਖਾਇਆ- ਇਕ ਖ਼ਬਰ

ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ


ਮੁੱਖ ਮੰਤਰੀ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ- ਕੈਪਟਨ ਸੰਦੀਪ ਸੰਧੂ

ਏਸੇ ਲਈ ਤਾਂ ਮੁੱਖ ਮੰਤਰੀ ਸਾਹਿਬ ਅੰਬਾਨੀਆਂ ਅਡਾਨੀਆਂ ਨਾਲ ਮੀਟਿੰਗਾਂ ਕਰਦੇ ਰਹੇ ਐ।


ਚੰਡੀਗੜ੍ਹ ‘ਚ ਗੁਜ਼ਾਰੇ ਜੋਗੀ ਤਨਖ਼ਾਹ ਮੰਗਦੇ ਅਧਿਆਪਕਾਂ ਤੇ ਵਰ੍ਹੀਆਂ ਡਾਂਗਾਂ-ਇਕ ਖ਼ਬਰ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।


ਮੁੱਖ ਮੰਤਰੀ ਦੀ ਨਾਕਾਮੀ ਲਈ ਅਫ਼ਸਰਾਂ ਨੂੰ ਨਿਸ਼ਾਨਾਂ ਬਣਾਉਣਾ ਗ਼ਲਤ- ਮਲੂਕਾ

ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।


ਕਰਤਾਰ ਪੁਰ ਲਾਂਘਾ ਨਾ ਖੋਲ੍ਹਣ ਪਿੱਛੇ ਕੇਂਦਰ ਦੀ ਨੀਅਤ ਸ਼ੱਕੀ- ਜਥੇਦਾਰ ਹਰਪ੍ਰੀਤ ਸਿੰਘ

ਉੱਤੋਂ ਮੁੰਡਾ ਹੱਸ ਬੋਲਦਾ ਪਰ ਦਿਲ ‘ਚ ਰੱਖੇ ਬੇਈਮਾਨੀ।


ਮਮਤਾ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਮਨਾਇਆ ਜਾਵੇਗਾ ‘ਖੇਲਾ ਹੋਬੇ ਦਿਵਸ’-ਇਕ ਖ਼ਬਰ

ਮੁੰਡੇ ਮੈਨੂੰ ਸਾਰੇ ਪੁੱਛਦੇ, ਇਹ ਪੰਜੇਬਾਂ ਵਾਲ਼ੀ ਕੌਣ ਏ।


ਅਕਾਲੀਆਂ ਤੇ ਕਾਂਗਰਸੀਆਂ ਨੇ ਮਹਿੰਗੀ ਬਿਜਲੀ ਖ਼ਰੀਦ ਕੇ ਲੋਕ ਲੁੱਟੇ- ਅਮਨ ਅਰੋੜਾ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ। 


ਵਜ਼ਾਰਤੀ ਵਾਧਾ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਨਹੀਂ ਢੱਕ ਸਕਦਾ- ਮਾਇਆਵਤੀ

ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।


ਪੀ.ਟੀ.ਆਈ. ਵਲੋਂ ਨਵੇਂ ਆਈ.ਟੀ.ਨੇਮਾਂ ਨੂੰ ਹਾਈਕੋਰਟ ਵਿਚ ਚੁਣੌਤੀ- ਇਕ ਖ਼ਬਰ

ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।


 ਸੰਘ ਦੀ ਵਿਚਾਰਧਾਰਾ ਹਮੇਸ਼ਾ ਤੋਂ ਸ਼ਾਂਤੀ ਅਤੇ ਭਾਈਚਾਰੇ ਨਾਲ਼ ਭਰਪੂਰ- ਕੇਂਦਰੀ ਮੰਤਰੀ ਮੁਖ਼ਤਾਰ ਨਕਵੀ

ਤਾਬੇਦਾਰ ਆਂ ਧੁਰੋਂ ਅਸੀਂ ਤੇਰੇ, ਜਿੱਥੇ ਮਰਜ਼ੀ ਲੁਆ ਲੈ ਅੰਗੂਠਾ।


ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਅਤੇ ਮੋਦੀ ‘ਤੇ ਨਿਸ਼ਾਨਾ ਸਾਧਿਆ-ਇਕ ਖ਼ਬਰ

ਤੂੰ ਹੋਰ ਨਾ ਮਾਰੀਂ ਮਿਰਜ਼ਿਆ, ਤੇਰੇ ਬੜੇ ਗ਼ਜ਼ਬ ਦੇ ਤੀਰ।


 ਸ਼ਰਾਬ ਦੀਆਂ ਬੰਦ 12 ਬੋਤਲਾਂ ਖੋਲ੍ਹ ਕੇ ਚੂਹੇ ਪੀ ਗਏ-ਇਕ ਖ਼ਬਰ

ਕੁਝ ਸਾਲ ਹੋਏ ਬਿਹਾਰ ਵਿਚ ਚੂਹਿਆਂ ਨੇ ਸ਼ਰਾਬ ਦਾ ਸਾਰਾ ਗੁਦਾਮ ਪੀ ਲਿਆ ਸੀ।


ਸੁਪਰੀਮ ਕੋਰਟ ਹੈਰਾਨ ਹੈ ਕਿ ਆਈ.ਟੀ. ਐਕਟ ਦੀ ਇਕ ਧਾਰਾ ਖਤਮ ਕੀਤੇ ਜਾਣ ਦੇ ਬਾਵਜੂਦ ਪੁਲਿਸ ਕੇਸ ਦਰਜ ਕਰ ਰਹੀ ਹੈ-ਇਕ ਖ਼ਬਰ

ਜੇ ਚੂਹੇ ਬੰਦ ਬੋਤਲਾਂ ਖੋਲ੍ਹ ਕੇ ਦਾਰੂ ਪੀ ਸਕਦੇ ਐ ਤਾਂ ਕੇਸ ਰਜਿਸਟਰ ਕਰਨੇ ਤਾਂ ਬਹੁਤ ਸੌਖਾ ਕੰਮ ਐ।


ਬਾਦਲ ਸਰਕਾਰ ਬੇਅਦਬੀ ਕਾਂਡ ਦੀ ਜਾਂਚ ਲਈ ਗੰਭੀਰ ਨਹੀਂ ਸੀ- ਜਸਟਿਸ ਜ਼ੋਰਾ ਸਿੰਘ

ਮਰਦ ਬੇਦਰਦਾਂ ਦਾ, ਮੈਨੂੰ ਲਗਦਾ ਬੁਰਾ ਪ੍ਰਛਾਵਾਂ।