ਸੰਸਥਾਗਤ ਕਤਲ - ਚੰਦ ਫਤਿਹਪੁਰੀ
ਬੀਤੇ ਸੋਮਵਾਰ ਸਟੈਨ ਸਵਾਮੀ ਨੇ ਮੁੰਬਈ ਦੇ ਇਕ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ । ਉਨ੍ਹਾ ਦੀ ਮੌਤ ਨਾਲ ਝਾਰਖੰਡ ਦੇ ਜੰਗਲਾਂ ਦੀ ਕਾਰਪੋਰੇਟ ਲੁੱਟ ਦੇ ਰਾਹ ਵਿਚਲਾ ਇੱਕ ਕੰਡਾ ਨਿਕਲ ਗਿਆ ਹੈ । ਉਨ੍ਹਾ ਦੀ ਹਿਰਾਸਤ ਵਿੱਚ ਹੋਈ ਮੌਤ ਉੱਤੇ ਦੇਸ਼-ਵਿਦੇਸ਼ ਦੀਆਂ ਸਮਾਜਿਕ ਹਸਤੀਆਂ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਦੇ ਰਵੱਈਏ ਦੀ ਤਿੱਖੀ ਅਲੋਚਨਾ ਕੀਤੀ ਹੈ । ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਵਿੰਗ ਦੀ ਮੁਖੀ ਮੈਰੀ ਲਾਲਰ ਨੇ ਸਵਾਮੀ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ, "ਉਨ੍ਹਾ ਨੂੰ ਅਤੰਕਵਾਦ ਦੇ ਝੂਠੇ ਦੋਸ਼ਾਂ ਅਧੀਨ ਨੌਂ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਸੀ । ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜੇਲ੍ਹ ਵਿੱਚ ਰੱਖਣਾ ਸਾਨੂੰ ਮਨਜ਼ੂਰ ਨਹੀਂ ਹੈ" । ਯੂਰਪੀਨ ਯੂਨੀਅਨ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਵਿਸ਼ੇਸ਼ ਪ੍ਰਤੀਨਿਧ ਈਲਨ ਗਿਲਮੋਰ ਨੇ ਕਿਹਾ ਹੈ, "ਭਾਰਤ, ਮੈਨੂੰ ਇਹ ਸੁਣ ਕੇ ਦੁੱਖ ਹੋ ਰਿਹਾ ਹੈ ਕਿ ਸਟੈਨ ਸਵਾਮੀ ਦਾ ਦਿਹਾਂਤ ਹੋ ਗਿਆ ਹੈ । ਉਹ ਆਦਿਵਾਸੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਯੋਧਾ ਸਨ । ਯੂਰਪੀਨ ਯੂਨੀਅਨ ਨੇ ਵਾਰ-ਵਾਰ ਉਸ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਮੁੱਦਾ ਉਠਾਇਆ ਸੀ।''
ਤਾਮਿਲਨਾਡੂ ਦੇ ਜੰਮਪਲ ਸਟੈਨ ਸਵਾਮੀ ਨੇ ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਸਤੇ ਆਪਣਾ ਕਾਰਜ ਖੇਤਰ ਝਾਰਖੰਡ ਨੂੰ ਬਣਾਇਆ ਸੀ | ਇਹ 2007 ਦੀ ਗੱਲ ਹੈ, ਜਦੋਂ ਦਿੱਲੀ ਦੇ ਹਾਕਮਾਂ ਨੇ ਝਾਰਖੰਡ ਦੇ ਆਦਿਵਾਸੀਆਂ ਨੂੰ ਕੁਚਲਣ ਲਈ 'ਸਾਰੰਡਾ ਅਪ੍ਰੇਸ਼ਨ' ਸ਼ੁਰੂ ਕੀਤਾ ਸੀ | ਇਸ ਅਪ੍ਰੇਸ਼ਨ ਅਧੀਨ 6000 ਤੋਂ ਵੱਧ ਆਦਿਵਾਸੀਆਂ ਨੂੰ ਮਾਓਵਾਦੀਆਂ ਦੇ ਹਮਾਇਤੀ ਕਹਿ ਕੇ ਗਿ੍ਫ਼ਤਾਰ ਕਰ ਲਿਆ ਗਿਆ ਸੀ | ਸੀ ਆਰ ਪੀ ਐੱਫ਼ ਦੀਆਂ ਟੁਕੜੀਆਂ ਨੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ, ਗੋਲੀਆਂ ਚਲਾਈਆਂ, ਘਰ ਤੋੜ ਦਿੱਤੇ ਤੇ ਔਰਤਾਂ ਨਾਲ ਬਲਾਤਕਾਰ ਕੀਤੇ ਸਨ ।
ਹਕੂਮਤ ਦੇ ਇਸ ਅਣਮਨੁੱਖੀ ਕਾਰੇ ਵਿਰੁੱਧ ਮੁਸ਼ਕਲ ਵਿੱਚ ਫਸੇ ਆਦਿਵਾਸੀਆਂ ਦੀ ਬਾਂਹ ਫੜਨ ਲਈ ਸਟੈਨ ਸਵਾਮੀ ਅੱਗੇ ਆਏ ਸਨ । ਰਾਜ ਸੱਤਾ ਦਾ ਕਹਿਰ ਵਧਦਾ ਹੀ ਜਾ ਰਿਹਾ ਸੀ । ਸੰਨ 2009 ਵਿੱਚ 'ਗਰੀਨ ਹੰਟ' ਤੇ 2011 ਵਿੱਚ 'ਅਪ੍ਰੇਸ਼ਨ ਐਨਾਕੌਂਡਾ' ਚਲਾਇਆ ਗਿਆ । ਇਸ ਅਧੀਨ ਸਿਰਫ਼ ਸਾਰੰਡਾ ਇਲਾਕੇ ਵਿੱਚੋਂ ਹੀ 3000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ।
ਸਵਾਮੀ ਨੇ ਪੀੜਤ ਲੋਕਾਂ ਦੀ ਕਾਨੂੰਨੀ ਲੜਾਈ ਲੜਨੀ ਸ਼ੁਰੂ ਕੀਤੀ । ਨਤੀਜੇ ਵਜੋਂ ਸੀ ਆਰ ਪੀ ਐੱਫ਼ ਨੂੰ ਉਹ 25 ਪਿੰਡ ਖਾਲੀ ਕਰਨੇ ਪਏ, ਜਿਨ੍ਹਾਂ ਉੱਤੇ ਉਸ ਨੇ ਕਬਜ਼ਾ ਕਰ ਰੱਖਿਆ ਸੀ । ਜਿਨ੍ਹਾਂ ਗਰੀਬਾਂ ਦਾ ਅਨਾਜ ਫੂਕ ਦਿੱਤਾ ਗਿਆ ਸੀ, ਉਨ੍ਹਾਂ ਨੂੰ ਸਟੈਨ ਸਵਾਮੀ ਨੇ ਸਰਕਾਰ ਤੋਂ ਭੋਜਨ ਹਾਸਲ ਕਰਵਾਇਆ । ਸਟੈਨ ਸਵਾਮੀ ਨੇ ਆਪਣੀ ਟੀਮ ਨਾਲ ਦੋ ਸਾਲ ਤੱਕ ਝਾਰਖੰਡ ਦੇ ਜੰਗਲਾਂ ਦੀ ਪਦਯਾਤਰਾ ਕਰਕੇ ਗ੍ਰਿਫ਼ਤਾਰ ਵਿਅਕਤੀਆਂ ਦੇ ਅੰਕੜੇ ਤੇ ਪਤੇ ਇਕੱਠੇ ਕੀਤੇ । ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਰਿਹਾਈ ਲਈ ਝਾਰਖੰਡ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ । ਇਸ ਕੇਸ ਨੂੰ ਲੜ ਰਹੇ ਵਕੀਲ ਮੁਤਾਬਕ 2017 ਵਿੱਚ ਹਾਈ ਕੋਰਟ ਵਿੱਚ ਦਾਇਰ ਕੀਤੇ ਕੇਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ 6000 ਤੋਂ ਵੱਧ ਆਦਿਵਾਸੀ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ । ਜਨਵਰੀ 2018 ਵਿੱਚ ਪਹਿਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ।
ਜਦੋਂ ਸਟੈਨ ਸਵਾਮੀ ਤੇ ਉਸ ਦੇ ਸਾਥੀ ਸੁਧਾ ਭਾਰਦਵਾਜ, ਰੋਨਾ ਵਿਲਸਨ, ਸੁਰਿੰਦਰ ਗਾਡਿਲੰਗ ਆਦਿ 15 ਸਮਾਜਿਕ ਕਾਰਕੁਨ ਗਰੀਬ ਆਦਿਵਾਸੀਆਂ ਦੀ ਇਹ ਲੜਾਈ ਲੜ ਰਹੇ ਸਨ, ਤਾਂ ਤਾਨਾਸ਼ਾਹ ਹਾਕਮ ਉਨ੍ਹਾਂ ਨੂੰ ਫਸਾਉਣ ਲਈ ਰੱਸੇ-ਪੈੜੇ ਵੱਟ ਰਹੇ ਸਨ । ਸਟੈਨ ਸਵਾਮੀ ਦੇ ਦਿਹਾਂਤ ਤੋਂ ਅਗਲੇ ਦਿਨ ਅਮਰੀਕਾ ਦੀ ਡਿਜੀਟਲ ਫਾਰੈਂਸਿੰਕ ਫਰਮ ਆਰਸੇਨਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਕੰਪਿਊਟਰਾਂ ਨਾਲ ਫਰਵਰੀ 2016 ਤੋਂ ਨਵੰਬਰ 2017 ਤੱਕ 20 ਮਹੀਨਿਆਂ ਤੱਕ ਛੇੜਖਾਨੀ ਕੀਤੀ ਗਈ ਸੀ । ਇਸ ਦੌਰਾਨ ਸੁਰਿੰਦਰ ਗਾਡਿਲੰਗ ਦੇ ਕੰਪਿਊਟਰ ਵਿੱਚ 14 ਤੇ ਰੋਨਾ ਵਿਲਸਨ ਦੇ ਕੰਪਿਊਟਰ ਵਿੱਚ 30 ਫਾਈਲਾਂ ਪਲਾਂਟ ਕੀਤੀਆਂ ਗਈਆਂ ਸਨ । ਇਨ੍ਹਾਂ ਕਾਰਕੁਨਾਂ ਵਿਰੁੱਧ ਇਹੋ ਫਾਈਲਾਂ ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ ਸਨ । ਇਨ੍ਹਾਂ ਆਦਿਵਾਸੀ ਅਧਿਕਾਰ ਕਾਰਕੁਨਾਂ ਵਿਰੁੱਧ ਇਹ ਦੋਸ਼ ਲਾਏ ਗਏ ਸਨ ਕਿ ਉਹ ਮਾਓਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਘੜ ਰਹੇ ਸਨ । ਇਸੇ ਦੌਰਾਨ ਹਕੂਮਤ ਨੇ ਗੈਰ-ਕਾਨੂੰਨੀ ਕਾਰਵਾਈਆਂ ਰੋਕਥਾਮ ਕਾਨੂੰਨ ਵਿੱਚ ਸੋਧ ਕਰਕੇ ਇਸ ਨੂੰ ਹੋਰ ਕਰੜਾ ਕਰ ਦਿੱਤਾ, ਤਾਂ ਜੋ ਇਸ ਦੀ ਮਾਰ ਹੇਠ ਆਉਣ ਵਾਲੇ ਇਹ ਕਾਰਕੁਨ ਜੇਲ੍ਹਾਂ ਤੋਂ ਬਾਹਰ ਨਾ ਆ ਸਕਣ ।
ਅਸਲ ਵਿੱਚ ਮੌਜੂਦਾ ਹਕੂਮਤ ਦੀ ਨੀਅਤ ਸਪੱਸ਼ਟ ਹੈ ਕਿ ਉਹ ਆਦਿਵਾਸੀ ਲੋਕਾਂ ਦੇ ਹਮਦਰਦ ਇਨ੍ਹਾਂ ਮਨੁੱਖੀ ਅਧਿਕਾਰ ਯੋਧਿਆਂ ਨੂੰ ਰਸਤੇ ਵਿੱਚੋਂ ਹਟਾਉਣਾ ਚਾਹੁੰਦੀ ਹੈ, ਤਾਂ ਜੋ ਆਦਿਵਾਸੀਆਂ ਲਈ ਕਾਨੂੰਨੀ ਤੌਰ ਉੱਤੇ ਰਾਖਵੇਂ ਜੰਗਲੀ ਖੇਤਰ ਨੂੰ ਗੈਰਕਾਨੂੰਨੀ ਢੰਗ ਨਾਲ ਲੁੱਟਣ ਦੀ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਖੁੱਲ੍ਹ ਦੇ ਸਕੇ । ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਬਣਾਏ ਕਾਨੂੰਨਾਂ ਨੂੰ ਲਾਗੂ ਕਰਵਾਉਣ, ਪਰ ਇੱਥੇ ਉਲਟ ਹੈ, ਸਰਕਾਰ ਚਾਹੁੰਦੀ ਹੈ ਕਿ ਕਾਨੂੰਨਾਂ ਦੀ ਉਲੰਘਣਾ ਹੋਵੇ ਤਾਂ ਜੋ ਹਾਕਮ ਆਪਣੀਆਂ ਜੇਬਾਂ ਭਰ ਸਕਣ ।
ਸਟੈਨ ਸਵਾਮੀ ਆਦਿਵਾਸੀਆਂ ਦੇ ਹੱਕਾਂ ਲਈ ਲੜਦਿਆਂ ਆਪਣੀ ਜਾਨ ਦੀ ਅਹੂਤੀ ਦੇ ਗਏ ਹਨ । ਉਹ ਇੱਕ ਸੱਚੇ ਮਾਨਵਵਾਦੀ ਸਨ, ਜਿਨ੍ਹਾ ਆਪਣਾ ਪੂਰਾ ਜੀਵਨ ਬੇਸਹਾਰਾ ਲੋਕਾਂ ਲਈ ਅਰਪਣ ਕਰ ਦਿੱਤਾ । ਇਹ ਉਨ੍ਹਾ ਦੀ ਆਪਣੇ ਲੋਕਾਂ ਲਈ ਪ੍ਰਤੀਬੱਧਤਾ ਸੀ ਕਿ 83 ਸਾਲਾਂ ਦੇ ਇੱਕ ਬਿਮਾਰ ਬੁੱਢੇ ਵਿਅਕਤੀ, ਜਿਹੜਾ ਚਾਹ ਦਾ ਕੱਪ ਵੀ ਆਪ ਨਹੀਂ ਸੀ ਚੁੱਕ ਸਕਦਾ, ਤੋਂ ਹਕੂਮਤ ਏਨੀ ਭੈਅ-ਭੀਤ ਸੀ ਕਿ ਉਸ ਦਾ ਸੰਸਥਾਗਤ ਕਤਲ ਕਰ ਦਿੱਤਾ ਗਿਆ । ਹਾਕਮਾਂ ਨੂੰ ਇਹ ਭੁਲੇਖਾ ਹੈ ਕਿ ਉਨ੍ਹਾ ਦੀ ਮੌਤ ਨਾਲ ਆਦਿਵਾਸੀਆਂ ਹੱਕਾਂ ਦੀ ਲੜਾਈ ਕਮਜ਼ੋਰ ਹੋ ਜਾਵੇਗੀ, ਨਹੀਂ, ਉਨ੍ਹਾ ਦੀ ਸ਼ਹੀਦੀ ਇਸ ਲੜਾਈ ਨੂੰ ਹੋਰ ਬਲ ਬਖਸ਼ੇਗੀ | ਉਨ੍ਹਾ ਵੱਲੋਂ ਸ਼ੁਰੂ ਕੀਤੀ ਲੜਾਈ ਨੂੰ ਅੱਗੇ ਲੈ ਕੇ ਜਾਣ ਲਈ ਹੋਰ ਸੈਂਕੜੇ ਸਟੈਨ ਮੈਦਾਨ ਵਿੱਚ ਆਉਣਗੇ ਤੇ ਜਿੱਤ ਤੱਕ ਲੜਦੇ ਰਹਿਣਗੇ ।