ਧੁਆਂਖ਼ੀ ਬੱਤੀ - ਬਲਵੰਤ ਸਿੰਘ ਗਿੱਲ (ਬੈਡਫੋਰਡ)
ਹੀਰਾ ਵਲੈਤ ਆਉਂਦਿਆਂ ਹੀ ਇੰਗਲੈਂਡ ਦੇ ਇੱਕ ਸ਼ਹਿਰ ਵਿੱਚ ਉੱਨ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਿਆ। ਉਸ ਸਮੇਂ ਕੋਈ ਵਿਰਲਾ ਹੀ ਪੰਜਾਬੀ ਜਾਂ ਪਾਕਿਸਤਾਨੀ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦਾ ਸੀ। ਲੋਕੀਂ ਇਕੱਲੇ ਇਕੱਹਰੇ ਹੀ ਇੰਗਲੈਂਡ ਆਏ ਸਨ ਤੇ ਟੱਬਰ ਪਿੱਛੇ ਆਪਣੇ ਮੁਲਕ ਵਿੱਚ ਸਨ। ਫੈਕਟਰੀ ਦੇ ਲਾਗੇ ਹੀ ਇੱਕ ਘਰ ਵਿੱਚ ਹੀਰਾ ਸਿੰਘ ਕਿਰਾਏ 'ਤੇ ਰਹਿਣ ਲੱਗ ਪਿਆ। ਇਸੇ ਤਿੰਨ ਬੈਡਰੂਮ ਵਾਲੇ ਘਰ ਵਿੱਚ ਸੱਤ ਬੰਦੇ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਵੀ ਸਨ। ਹੀਰਾ ਅਤੇ ਇਸ ਦੇ ਦੋ ਹੋਰ ਸਾਥੀ ਰਾਤਾਂ ਦੀ ਸ਼ਿਫ਼ਟ ਤੇ ਕੰਮ ਕਰਦੇ ਸਨ 'ਤੇ ਬਾਕੀ ਚਾਰ ਦਿਨਾਂ ਦੀ ਸ਼ਿਫ਼ਟ 'ਤੇ। ਆਪਸ ਵਿੱਚ ਬੈਡਾਂ/ਮੰਜੇ ਸਾਂਝੇ ਵਰਤ ਕੇ ਦਿਨ ਕੱਟੀ ਕਰਦੇ ਸਨ। ਰੋਟੀ ਟੁੱਕ ਵੀ ਇਨ੍ਹਾਂ ਸੱਜਣਾਂ ਨੂੰ ਆਪ ਜੀ ਕਰਨਾ ਪੈਂਦਾ ਸੀ।
ਸਾਲ ਬੀਤਦੇ ਗਏ। ਹੀਰੇ ਨੇ ਸੰਗ ਸਰਫਾ ਕਰਕੇ ਚਾਰ ਪੈਸੇ ਜੋੜ ਲਏ ਅਤੇ ਪੰਜਾਬ ਵਿੱਚ ਕੁੱਝ ਸਿਆੜ ਵੀ ਬਣਾ ਲਏ। ਹੀਰੇ ਨੇ ਕੰਮ ਕਰਕੇ ਆਪਣਾ ਪਿਛਲਾ ਕਰਜ਼ਾ ਵੀ ਮੋੜ ਦਿੱਤਾ। ਦੋ ਪੌਂਡਾਂ ਦੇ ਰਾਸ਼ਣ ਨਾਲ ਸਾਰਾ ਹਫ਼ਤਾ ਲੰਘਾ ਲੈਂਦਾ। ਪੱਬ ਵਿੱਚ ਬੀਅਰ ਪੀਣ ਜਾਂਦਾ ਤਾਂ ਇੱਕ ਪੌਂਡ ਵਿੱਚੋਂ ਵੀ ਭਾਨ ਮੋੜ ਲਿਉਂਦਾ।
ਹੀਰੇ ਦਾ ਵਿਆਹ ਉਮਰ ਚੜ੍ਹ ਕੇ ਹੀ ਹੋਇਆ ਸੀ। ਵਿਆਹ ਹੁੰਦਿਆਂ ਸਾਰ ਹੀ ਇੰਗਲੈਂਡ ਆਉਣ ਦਾ ਸਬੱਬ ਬਣ ਗਿਆ। ਇੱਥੇ ਆ ਕੇ ਕਈ ਸਾਲ ਆਪਣੀ ਗ਼ਰੀਬੀ ਲਾਹੁੰਦਿਆਂ ਲੰਘ ਗਏ। ਇਸੇ ਕਰਕੇ ਇਸ ਦੀ ਘਰਵਾਲੀ ਸਿਮਰੋ ਦੀ ਕੁੱਖ ਬਾਲ ਬੱਚੇ ਵੱਲੋਂ ਸੱਖਣੀ ਹੀ ਸੀ। ਹੀਰੇ ਨੇ ਇੰਗਲੈਂਡ ਵਿੱਚ ਅੱਠ ਦੱਸ ਸਾਲ ਲਾ ਕੇ ਆਪਣੇ ਪੈਰ ਜਮ੍ਹਾ ਲਏ। ਕੁੱਝ ਬੈਂਕ ਤੋਂ ਕਰਜ਼ਾ ਚੁੱਕ ਕੇ ਅਤੇ ਕੁੱਝ ਐਡਵਾਂਸ ਪੈਸੇ ਰੱਖ ਕੇ ਘਰ ਲੈ ਲਿਆ। ਹੁਣ ਇਸ ਨੇ ਆਪਣੇ ਘਰਵਾਲੀ ਸਿਮਰੋ ਨੂੰ ਵਲਾਇਤ ਆਉਣ ਦੀ ਪਰਮਿਟ ਪਾ ਦਿੱਤੀ। ਸਿਮਰੋ ਜਹਾਜ਼ (ਪਾਣੀ ਵਾਲਾ ਜਹਾਜ਼) ਦਾ ਕਿਰਾਇਆ ਤਾਰ ਕੇ ਵਲਾਇਤ ਆ ਗਈ। ਵਲਾਇਤ ਆਉਂਦਿਆਂ ਇਸ ਨੂੰ ਮਹੀਨਾ ਲੱਗ ਗਿਆ। ਸਿਮਰੋ ਨੇ ਮਹੀਨੇ ਭਰ ਦੀਆਂ ਪਿੰਨੀਆਂ ਬਣਾ ਕੇ ਪਹਿਲੋਂ ਹੀ ਆਪਣੀ ਗੱਠੜੀ ਵਿੱਚ ਰੱਖ ਲਈਆਂ ਸਨ। ਸਿਮਰੋ ਨੂੰ ਜਹਾਜ਼ ਦੇ ਡੱਕੇ ਡੋਲੇ ਖਾਂਦਿਆਂ ਕਈ ਵਾਰ ਉਲਟੀਆਂ ਲੱਗ ਜਾਂਦੀਆਂ, ਪਰ ਫਿਰ ਵੀ ਵਾਹਿਗੂਰੂ ਦਾ ਸ਼ੁਕਰ ਕਰਦੀ ਕਿ ਉਹ ਅਮੀਰ ਮੁਲਕ ਵਿੱਚ ਆਪਣੇ ਘਰ ਵਾਲੇ ਪਾਸ ਜਾ ਰਹੀ ਹੈ। ਕਦੇ-ਕਦੇ ਜਹਾਜ਼ ਜਦੋਂ ਝੱਖੜਾਂ ਝੋਲਿਆਂ ਦੇ ਠੇਡੇ ਖਾਂਦਾ ਅਤੇ ਚੱਟਾਨਾਂ ਨਾਲ ਖਹਿ ਜਾਂਦਾ ਤਾਂ ਮੱਲੋ-ਮੱਲੀ ਸਿਮਰੋ ਦੇ ਮੂੰਹ ਵਿੱਚੋਂ ਵਾਗੁਰੂ-ਵਾਗੁਰੂ ਨਿਕਲ ਜਾਂਦਾ।
ਸਿਮਰੋ ਦੇ ਇੰਗਲੈਂਡ ਪਹੁੰਚਣ ਤੇ ਹੀਰਾ ਆਪਣਾ ਕਿਰਾਏ ਵਾਲਾ ਮਕਾਨ ਛੱਡ ਕੇ ਆਪਣੇ ਖ਼ੁਦ ਦੇ ਮਕਾਨ ਵਿੱਚ ਆ ਗਿਆ। ਇੱਕ ਕਮਰਾ ਇਨ੍ਹਾਂ ਦੋਨਾਂ ਨੇ ਰੱਖ ਲਿਆ ਅਤੇ ਬਾਕੀ ਦੋ ਕਮਰਿਆਂ ਵਿੱਚ ਕਿਰਾਏਦਾਰ ਰੱਖ ਲਏ, ਤਾਂ ਕੇ ਬੈਂਕ ਦਾ ਕਰਜ਼ਾ ਉੱਤਰ ਸਕੇ । ਕੁੱਝ ਸਮਾਂ ਪਾ ਕੇ ਹੀਰੇ ਦੇ ਘਰ ਇੱਕ ਲੜਕੀ ਨੇ ਜਨਮ ਲਿਆ।ਸਿਮਰੋ ਫ਼ਿਕਰ ਕਰਨ ਲੱਗੀ ਕਿ ਖਰਚੇ ਨੂੰ ਥਾਂ ਹੋ ਗਿਆ। ਆਸ ਲਾ ਲਈ ਕਿ ਅਗਲੀ ਵਾਰ ਪਰਮਾਤਮਾ ਜਰੂਰ ਸੁਣੇਗਾ ਅਤੇ ਉਹ ਮੁੰਡੇ ਦੀ ਲੋਹੜੀ ਪਾਉਣਗੇ। ਪਰ ਹੋਇਆ ਇਸ ਦੇ ਉੱਲਟ, ਇਸ ਵਾਰ ਫਿਰ ਇੱਕ ਹੋਰ ਲੜਕੀ ਨੇ ਜਨਮ ਲੈ ਲਿਆ।ਸਿਮਰੋ ਆਪਣੇ ਕਰਮਾਂ ਅਤੇ ਪਰਮਾਤਮਾ ਨੂੰ ਕੋਸਣ ਲੱਗੀ। ਹਰ ਰੋਜ਼ ਪਰਮਾਤਮਾ ਮੂਹਰੇ ਅਰਦਾਸ ਕਰਦੀ ਅਤੇ ਗੁਰਦੁਆਰੇ ਮੱਥਾ ਟੇਕਣਾ ਨਾ ਭੁੱਲਦੀ ਕਿ ਹੁਣ ਤਾਂ ਵਾਹਿਗੁਰੂ ਇੱਕ ਮੁੰਡੇ ਦੀ ਦਾਤ ਇਸ ਦੀ ਝੋਲੀ ਵਿੱਚ ਪਾਵੇ।
ਕਈਆਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਵਾਹਿਗੁਰੂ ਨੇ ਸਿਮਰੋ ਦੀ ਨੇੜੇ ਹੋ ਕੇ ਸੁਣ ਲਈ । ਇਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ। ਮੁੰਡਾ ਹੋਣ ਦੀ ਖ਼ੁਸ਼ੀ ਵਿੱਚ ਦੋਨਾਂ ਨੇ ਬੜੀ ਖੁਸ਼ੀ ਮਨਾਈ। ਅਕਸਰ ਦੋ ਲੜਕੀਆਂ ਬਾਅਦ ਤਰਸਦਿਆਂ ਨੂੰ ਮੁੰਡੇ ਦੀ ਦਾਤ ਮਿਲੀ ਸੀ। ਮੁੰਡੇ ਦੀ ਧੂਮ ਧਾਮ ਨਾਲ ਲੋਹੜੀ ਪਾਈ ਅਤੇ ਮਿੱਤਰਾਂ-ਦੋਸਤਾਂ ਨੂੰ ਘਰ ਮੁਰਗੇ ਰਿੰਨ੍ਹ ਕੇ ਬੋਤਲਾਂ ਦਾ ਦੌਰ ਚਲਾਇਆ ਗਿਆ।ਆਂਢ-ਘੁਆਂਢ ਕੀ, ਇੱਥੌਂ ਤੱਕ ਗੋਰਿਆਂ ਦੇ ਘਰ ਵੀ ਲੱਡੂ ਵੰਡਣ ਗਏ।
ਹੀਰਾ ਫੈਕਟਰੀ ਵਿੱਚ ਸੱਤੇ ਰਾਤਾਂ ਕੰਮ ਤੇ ਜਾਂਦਾ।ਜਿੰਨਾ ਵੀ ਓਵਰਟਾਇਮ ਮਿਲੇ ਤਾਂ ਉਹ ਕਦੇ ਨਾ ਛੱਡਦਾ। ਜਦੋਂ ਕਦੇ ਕਿਸੇ ਰਿਸ਼ਤੇਦਾਰ ਨੇ ਇਸ ਨੂੰ ਇਸਦੇ ਕੰਮਕਾਰ ਦਾ ਹਾਲ ਪੁੱਛਣਾ ਤਾਂ ਇਸ ਨੇ ਹੱਸ ਕੇ ਮਖ਼ੌਲ ਕਰਨਾ ''ਭਾਈ ਹਫ਼ਤੇ ਦੀਆਂ ਸੱਤੇ ਰਾਤਾਂ ਲੱਗਦੀਆਂ, ਰੱਬ ਨੂੰ ਬਥੇਰਾ ਆਖੀਦਾ ਕਿ ਅੱਠਵੀਂ ਰਾਤ ਬਣਾਏ, ਪਰ ਸੁਣਦਾ ਹੀ ਨਹੀਂ।'' ਹੀਰੇ ਨੇ ਆਪਣੀ ਘਰ ਵਾਲੀ ਸਿਮਰੋ ਨੂੰ ਕੰਮ ਤੇ ਨਾ ਲਗਵਾਇਆ ਤਾਂ ਕਿ ਲੋਕੀਂ ਮਿਹਣੇ ਨਾ ਦੇਣ ਕਿ ਇਹ ਤੀਂਵੀਂ ਤੋਂ ਕੰਮ ਕਰਵਾਉਂਦਾ ਹੈ।
ਕੁੱਝ ਸਮਾਂ ਪਾ ਕੇ ਹੀਰਾ ੳਾਪਣਾ ਸ਼ਹਿਰ ਛੱਡ ਕੇ ਇੱਕ ਭੱਠਿਆਂ ਵਾਲੇ ਸ਼ਹਿਰ ਵਿੱਚ ਆ ਗਿਆ, ਤਾਂ ਕਿ ਭੱਠੇ ਦਾ ਕੰਮ ਕਰਕੇ ਜ਼ਿਆਦਾ ਪੈਸੇ ਕਮਾ ਸਕੇ। ਹੀਰੇ ਨੂੰ ਭੱਠੇ ਤੇ ਕੰਮ ਸੌਖਿਆਂ ਹੀ ਮਿਲ ਗਿਆ।ਹੀਰੇ ਨੂੰ ਇਸ ਦੇ ਰਿਸ਼ਤੇਦਾਰ ਨੇ ਭੱਠੇ 'ਤੇ ਕੰਮ ਲੁਆਉਣ ਲੱਗਿਆਂ ਦੱਸ ਦਿੱਤਾ ਸੀ ਕਿ ਗੋਰੇ ਲੋਕ ਬਹੁਤ ਹੀ ਘੱਟ ਇਹੋ ਜਿਹੇ ਭਾਰੇ ਅਤੇ ਗੰਦੇ ਕੰਮ ਨੂੰ ਕਰਦੇ ਸਨ। ਇਸੇ ਕਰਕੇ ਬਾਕੀ ਫੈਕਟਰੀਆਂ ਨਾਲੋਂ ਭੱਠੇ ਦੇ ਕੰਮ ਦੇ ਪੈਸੇ ਜ਼ਿਆਦਾ ਹਨ।
ਸਿਮਰੋ ਵੀ ਹੁਣ ਇਸ ਸ਼ਹਿਰ ਦੀ ਇੱਕ ਖ਼ੁਰਾਕ ਬਣਾਉਣ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਈ, ਜਿੱਥੇ ਆਮ ਹੀ ਪੰਜਾਬ ਤੋਂ ਆਈਆਂ ਜ਼ਨਾਨੀਆਂ ਕੰਮ ਕਰ ਰਹੀਆਂ ਸਨ।ਦੋਨੋਂ ਜਣੇ ਮਿਹਨਤੀ ਸੁਭਾਅ ਦੇ ਹੋਣ ਕਰਕੇ ਰੱਜ ਕੇ ਕਮਾਈ ਕਰਦੇ ਰਹੇ। ਪੰਜਾਬ ਵਿੱਚ ਜਾਇਦਾਦਾਂ ਖ੍ਰੀਦ ਲਈਆਂ, ਕੋਠੀ ਬਣਾ ਲਈ, ਪਲਾਟ ਲੈ ਲਏ ਅਤੇ ਨਾਲ ਹੀ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰ ਲਏ।ਹੀਰੇ ਅਤੇ ਸਿਮਰੋ ਨੇ ਦਿਨ ਰਾਤ ਕਰਕੇ ਆਪਣੀ ਪੈਸੇ ਧੇਲੇ ਵਲੋਂ ਹਾਲਤ ਤਾਂ ਸੁਧਾਰ ਲਈ ਪਰ ਆਪਣੇ ਬੱਚਿਆਂ ਦੀ ਪਰਵਰਿਸ਼ ਵੱਲ ਲੋੜੀਂਦਾ ਧਿਆਨ ਨਾ ਦਿੱਤਾ।ਕਿਉਂਕਿ ਲੰਬੇ ਘੰਟੇ ਓਵਰਟਾਇਮ ਲਾ ਕੇ ਕੰਮ ਤੋਂ ਤਨਖ਼ਾਹ ਦੇ ਵੱਡੇ ਵੱਡੇ ਲਫ਼ਾਫ਼ੇ, ਪੈਸੇ ਦੀ ਦੌੜ ਹੋਰ ਤੇਜ਼ ਕਰੀ ਜਾ ਰਹੇ ਸਨ।
ਦੋਨੋਂ ਲੜਕੀਆਂ ਦਾ ਵਿਆਹ ਕਰਕੇ ਉਸ ਨੇ ਉਨ੍ਹਾਂ ਨੂੰ ਆਪੋ ਆਪਣੇ ਘਰੀਂ ਤੋਰ ਦਿੱਤਾ ਤੇ ਘਰ ਨੂੰਹ ਲੈ ਆਂਦੀ। ਹੀਰੇ ਅਤੇ ਸਿਮਰੋ ਦਾ ਪੁਰਾਤਨ ਅਤੇ ਕੁੱਝ ਕੰਜੂਸੀ ਦਾ ਸੁਭਾਅ ਹੋਣ ਕਰਕੇ ਨੂੰਹ ਦੇ ਨਾਲ ਦਾਲ ਨਾ ਗਲਣੀ। ਮੁੰਡੇ ਨੂੰ ਆਪਣੀ ਪਤਨੀ ਦੀ ਗੱਲ ਮੰਨਣੀ ਪੈਂਦੀ। ਮਾਂ-ਬਾਪ ਆਪਣੇ ਸਿਆਣੇ ਹੋਣ ਦਾ ਰੋਹਬ ਪਾਉਣ । ਨੂੰਹ ਕੁੱਝ ਆਧੁਨਿੱਕ ਖ਼ਿਆਲਾਂ ਦੀ, ਖੁੱਲ੍ਹੇ ਸੁਭਾਅ ਦੀ ਮਾਲਕਣ ਸੀ।ਉਸਨੂੰ ਹਰ ਰੋਜ਼ ਦਾਲ ਰੋਟੀ ਖਾਣੀ ਪਸੰਦ ਨਹੀਂ ਸੀ। ਕਦੇ ਕਦਾਈਂ ਬਾਹਰੋਂ ਖਾਣਾ ਲਿਆ ਕੇ ਖਾ ਲੈਣਾ ਅਤੇ ਵੀਕ ਐਂਡ ਤੇ ਕਲੱਬ ਵਿੱਚ ਗੇੜ੍ਹਾ ਮਾਰ ਆਉਣਾ। ਰਾਤ ਨੂੰ ਦੇਰ ਤੱਕ ਟੈਲੀਵਿਯਨ ਦੇਖਣਾ ਆਦਿ ਹੀਰੇ ਅਤੇ ਸਿਮਰੋ ਨੂੰ ਘੱਟ ਹੀ ਰਾਸ ਆਉਂਦਾ। ਨੂੰਹ ਦੇ ਪੱਛਮੀ ਪਹਿਰਾਵੇ ਤੇ ਵੀ ਸਿਮਰੋ ਟੋਕਾ ਟਕਾਈ ਕਰਦੀ ਰਹਿੰਦੀ। ਕਦੇ-ਕਦੇ ਸਿਮਰੋ ਨੇ ਨੂੰਹ ਨੂੰ ਆਖ ਹੀ ਦੇਣਾ ''ਆਹ ਕੀ ਘੱਘਰੀ ਜਿਹੀ (ਸਕੱਰਟ) ਪਾਈ ਫਿਰਦੀ ਆਂ, ਅੱਧੀਆਂ ਲੱਤਾਂ ਨੰਗੀਆਂ ਹਨ।'' ਇਹ ਸਮਾਜੀ ਅਤੇ ਸੱਭਿਆਚਾਰਕ ਧਾਰਨਾਵਾਂ ਇਨ੍ਹਾਂ ਦੋਹਾਂ ਪੀੜ੍ਹੀਆਂ ਵਿੱਚ ਇੱਕ ਦੀਵਾਰ ਬਣੀਆਂ ਖੜ੍ਹੀਆਂ ਸਨ। ਹੀਰਾ ਅਤੇ ਸਿਮਰੋ ਇਸ ਨਵੇਂ ਜ਼ਮਾਨੇ ਦੀ ਤਬਦੀਲੀ ਨੂੰ ਸਵੀਕਾਰਨਾ ਆਪਣੀ ਬੇਇੱਜ਼ਤੀ ਸਮਝਦੇ ਸਨ। ਉਨ੍ਹਾਂ ਦੀ ਹਮੇਸ਼ਾ ਇਹ ਦਲੀਲ ਹੁੰਦੀ ਕਿ ਸਿਆਣੇ ਹਮੇਸ਼ਾ ਸਿਆਣੀ ਹੀ ਗੱਲ ਕਰਦੇ ਹੁੰਦੇ ਹਨ।
ਨੂੰਹ ਪੁੱਤ ਦੀ ਆਪਣੀ ਮਾਂ-ਬਾਪ ਨਾਲ ਇੱਕ ਸਮਾਜਿਕ ਅਤੇ ਘਰੇਲੂ ਜੰਗ ਰੋਜ਼ ਛਿੜੀ ਰਹਿੰਦੀ। ਆਮ ਕਰਕੇ ਨੂੰਹ-ਪੁੱਤ ਇਸ ਸਥਿੱਤੀ ਤੋਂ ਆਪਣੇ ਆਪ ਨੂੰ ਪਰ੍ਹੇ ਰੱਖਣ ਦੀ ਕੋਸ਼ਿਸ਼ ਕਰਦੇ ਤਾਂ ਕਿ ਘਰ ਵਿੱਚ ਸ਼ਾਤੀ ਰਹੇ।ਪਰ ਫਿਰ ਵੀ ਇੱਕ ਘਰ ਵਿੱਚ ਰਹਿੰਦੇ ਸਨ, ਦੋ ਭਾਂਡੇ ਆਪਸ ਵਿੱਚ ਖੜਕ ਹੀ ਪੈਂਦੇ ਹਨ। ਇਹੋ ਜਿਹੇ ਵਾਤਾਵਰਣ ਵਿੱਚ ਨੂੰਹ-ਪੁੱਤ ਦਾ ਦੱਮ ਘੁੱਟਦਾ। ਅੱਕ ਕੇ ਨੂੰਹ ਨੇ ਫ਼ੈਸਲਾ ਕਰ ਲਿਆ ਕਿ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਜਾਵੇਗੀ। ਰੋਜ਼ ਦੀ ਟਿੱਕ ਟਿੱਕ ਤੋਂ ਤੰਗ ਹੋਏ ਪੁੱਤ ਨੇ ਵੀ ਆਪਣੀ ਪਤਨੀ ਦੇ ਫ਼ੈਸਲੇ ਦੀ ਵਿਰੋਧਤਾ ਨਾ ਕੀਤੀ। ਅਗਲੇ ਹੀ ਦਿਨ ਵਹੁਟੀ ਆਪਣੇ ਪਤੀ ਨਾਲ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਆਪਣੇ ਪੇਕੇ ਘਰ ਚਲੀ ਗਈ।
ਮਹੀਨੇ ਲੰਘ ਗਏ ਅਤੇ ਫੇਰ ਸਾਲ। ਹੀਰਾ ਅਤੇ ਸਿਮਰੋ ਆਪਣੇ ਨੂੰਹ-ਪੁੱਤ ਦੀ ਉਡੀਕ ਵਿੱਚ ਰਾਹ ਤਕੱਦੇ ਰਹਿੰਦੇ। ਅਕਸਰ ਮਾਪੇ ਸਨ, ਕਦੇ ਨਾ ਕਦੇ ਤਾਂ ਇਕੱਲਤਾ ਦਾ ਅਹਿਸਾਸ ਭਾਰੂ ਹੋ ਹੀ ਜਾਂਦਾ ਹੈ ਅਤੇ ਮਾਂ ਦੀ ਮਮਤਾ ਜਾਗ ਹੀ ਉੱਠਦੀ ਹੈ। ਪਰ ਇਨ੍ਹਾਂ ਦੇ ਨੂੰਹ ਪੁੱਤ ਮਾਂਪਿਆਂ ਦੀ ਪੁਰਾਣੀਆਂ ਅਤੇ ਰੂੜੀਵਾਦੀ ਆਦਤਾਂ ਦੇ ਸਿਤਾਏ, ਮੋੜਾ ਪਾਉਣ ਦੀ ਗੱਲ ਹੀ ਨਾ ਕਰਨ।ਮਾਪਿਆਂ ਨੇ ਰਿਸ਼ਤੇਦਾਰ ਅਤੇ ਸਾਕ ਸੰਬੰਧੀਆਂ ਰਾਹੀਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਨੂੰਹ ਪੁੱਤ ਨੇ ਹੁਣ ਇਨ੍ਹਾਂ ਵੱਲੋਂ ਪੱਕੀ ਲੱਛਮਣ ਰੇਖਾ ਵਾਹ ਰੱਖੀ ਸੀ ਕਿ ਮਾਂ-ਬਾਪ ਦਾ ਮੂੰਹ ਹੀ ਨਹੀਂ ਦੇਖਣਾ।ਕੁਝ ਸਿਆਣੇ ਸੱਜਣਾਂ ਨੇ ਹੀਰਾ ਸਿੰਘ ਨੂੰ ਵੀ ਆਪਣਾ ਵਤੀਰਾ ਬਦਲਣ ਲਈ ਵੀ ਆਖਿਆ।ਹੁਣ ਮਾਪੇ ਤਾਂ ਕਿਸੇ ਵੀ ਸ਼ਰਤ ਤੇ ਆਪਣਾ ਪੁੱਤ ਵਾਪਸ ਆਇਆ ਦੇਖਣਾ ਚਾਂਹੁਦੇ ਸਨ।ਉੱਧਰ ਨੂੰਹ ਪੁੱਤ ਪੈਰਾਂ ਤੇ ਪਾਣੀ ਨਾ ਪੈਣ ਦੇਣ।
ਮੁਸੀਵਤਾਂ ਦੀ ਲੜੀ ਅੱਗੇ ਤੁਰਦੀ ਗਈ।ਬੈਂਕਾਂ ਵਾਲਿਆਂ ਨੇ ਪੁੱਤਰ ਵੱਲੋਂ ਘਰ ਦੀ ਕਿਸ਼ਤ ਨਾ ਭਰੇ ਜਾਣ ਕਰਕ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ। ਹੀਰਾ ਸਿੰਘ ਪਾਸ ਘਰ ਦੀ ਪੂਰੀ ਕਿਸ਼ਤ ਤਾਰਨ ਜੋਗੇ ਪੈਸੇ ਨਹੀਂ ਸਨ, ਕਿੳੇਂਕਿ ਘਰ ਖਰੀਦਣ ਸਮੇਂ ਸਾਰਾ ਐਡਵਾਂਸ ਪੈਸਾ ਇਸ ਨੇ ਹੀ ਤਾਰਿਆ ਸੀ।ਬਹੁਤੀਆਂ ਕਿਸ਼ਤਾਂ ਜਮਾਂ ਹੋ ਜਾਣ ਕਰਕੇ, ਬੈਂਕ ਨੇ ਘਰ ਕਬਜ਼ੇ ਵਿੱਚ (REPOSSESS) ਕਰ ਲਿਆ। ਘਰੋਂ ਬੇਘਰ ਹੋਏ ਮਾਪੇ ਨੂੰਹ-ਪੁੱਤ ਤੋਂ ਤਾਂ ਸੱਖਣੇ ਹੋਏ ਹੀ ਸਨ, ਪਰ ਘਰੋਂ ਵੀ ਬੇਘਰ ਹੋ ਗਏ।
ਇਨ੍ਹਾਂ ਨੇ ਖੜ੍ਹੇ ਪੈਰ ਕੋਈ ਘਰ ਕਿਰਾਏ ਤੇ ਲਿਆ ਅਤੇ ਆਪਣਾ ਵਸੇਬਾ ਕੀਤਾ। ਹੁਣ ਇਹ ਕੰਮ ਤੋਂ ਵੀ ਰੀਟਾਇਰ ਹੋ ਚੁੱਕੇ ਸਨ। ਅੱਗੇ ਤਾਂ ਇਨ੍ਹਾਂ ਦਾ ਕੁੱਝ ਸਮਾਂ ਕੰਮ ਤੇ ਆਪਣੇ ਸਾਥੀਆਂ ਨਾਲ ਨਿੱਬੜ ਜਾਂਦਾ ਸੀ, ਪਰ ਹੁਣ ਘਰ ਇਕੱਲਿਆਂ ਨੂੰ ਖਾਣ ਨੂੰ ਪੈਂਦਾ। ਜਿਹੜੇ ਮਾਂ-ਬਾਪ ਨੇ ਪਰਮਾਤਮਾ ਪਾਸੋਂ ਆਪਣੇ ਪੁੱਤਰ ਦੀ ਦਾਤ ਇਸ ਕਰਕੇ ਮੰਗੀ ਸੀ ਕਿ ਉਹ ਉਨ੍ਹਾਂ ਦਾ ਬੁਢਾਪੇ ਵਿੱਚ ਸਹਾਰਾ ਬਣੇਗਾ, ਅੱਜ ਉਹ ਮਾਂ-ਬਾਪ ਆਪਣੇ ਪੁੱਤਰ ਦਾ ਮੂੰਹ ਦੇਖਣ ਨੂੰ ਵੀ ਤਰਸਦੇ ਸਨ। ਦਿਨ ਰਾਤ ਉਸਦੇ ਵਾਪਸ ਆਉਣ ਦੇ ਰਸਤੇ ਦੇਖਦੇ ਸਨ। ਪਰ ਦੂਸਰੇ ਪਾਸੇ ਨੂੰਹ ਪੁੱਤ ਆਪਣੀ ਅੜਵਾਈ ਵਿੱਚ ਜ਼ਿੱਦ ਫ਼ੜੀ ਬੈਠੇ ਸਨ, ਇਸ ਦਰਦ ਤੋਂ ਬੇਖ਼ਬਰ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਵਿੱਚ ਕਿੰਨੇ ਤੜਫਦੇ ਹੋਣਗੇ। ਇਨ੍ਹਾਂ ਦੋ ਪੀੜ੍ਹੀਆਂ ਦੇ ਪਾੜੇ ਨੇ ਘਰ ਜੰਮੇ ਪੁੱਤਰ ਦੇ ਖ਼ੂਨ ਵਿੱਚ ਪਾਣੀ ਭਰ ਦਿੱਤਾ।
ਪੁੱਤਰ ਦੇ ਵਿਛੋੜੇ ਵਿੱਚ ਤੜਫਦੀ ਸਿਮਰੋ ਹਰ ਰੋਜ਼ ਆਪਣੇ ਪੁੱਤਰ ਨੂੰਹ ਨੂੰ ਘਰ ਲਿਆਉਣ ਬਾਰੇ ਆਪਣੀਆਂ ਸਹੇਲੀਆਂ ਅਤੇ ਸਾਥਣਾਂ ਤੋਂ ਸਲਾਹ ਲੈਂਦੀ ਰਹਿੰਦੀ ਕਿ ਕੋਈ ਐਸਾ ਉਪਾਅ ਦੱਸ ਦੇਵੇ ਜਿਸ ਨਾਲ ਉਸ ਦਾ ਪੁੱਤਰ ਘਰ ਆ ਜਾਵੇ।ਰੋਟੀ ਪਕਾਉਂਦੀ ਸਿਮਰੋ ਦੇ ਦਿਮਾਗ ਵਿੱਚ ਆਪਣੇ ਸ਼ਹਿਰ ਵਿੱਚ ਬੀਤੀਆਂ ਕਈ ਘਟਨਾਵਾਂ ਗੇੜੇ ਕੱਢਣ ਲੱਗ ਪਈਆ।ਖ਼ਿਆਲਾਂ ਵਿੱਚ ਡੁੱਬੀ ਨੂੰ ਚੇਤੇ ਆਇਆ ਜਦੋਂ ਸਾਲ ਕੁ ਪਹਿਲਾਂ ਧੰਤੌਂ ਦੀ ਕੁੜੀ ਗੁਆਚ ਗਈ ਸੀ ਤਾਂ ਇੱਕ ਜਮੀਕੇ ਫ਼ਕੀਰ ਦੀ ਕਿਰਪਾ ਨਾਲ ਘਰ ਵਾਪਸ ਆ ਗਈ ਸੀ। ਇਸੇ ਤਰਾਂ ਮੋਗੇ ਵਾਲੇ ਬੰਸੇ ਦੇ ਮੁੰਡੇ ਦੇ ਵਾਲਾਂ ਦੀਆਂ ਜਟਾਂ ਬਣ ਪਈਆਂ ਸਨ ਅਤੇ ਉਹ ਪੁੱਛਾਂ ਦੇਣ ਲੱਗ ਪਿਆ ਸੀ। ਉਸ ਦੀ ਪੁੱਛ ਰਾਹੀਂ ਕਰਮੇ ਦੀ ਪਿੰਕੀ ਘਰ ਵਾਪਸ ਆਈ ਸੀ।
ਇੱਕ ਦਿਨ ਸਿਮਰੋ ਕਰਤਾਰੀ ਪਾਸ ਆਪਣਾ ਦਿਲ ਫੋਲਣ ਗਈ। ਅੱਗਿਓਂ ਕਰਤਾਰੀ ਬੋਲੀ, ''ਸਿਮਰੋ, ਦੋ ਚਾਰ ਮਹੀਨੇ ਹੋਣ ਤਾਂ ਮੰਨ ਲਈਏ, ਹੁਣ ਤਾਂ ਪੂਰੇ ਚਾਰ ਸਾਲ ਹੋ ਗਏ ਤੇਰੇ ਮੂੰਡੇ ਨੂੰ ਘਰ ਛੱਡਿਆਂ। ਤੈਨੂੰ ਮੈਂ ਸੱਚੀ ਗੱਲ ਦੱਸਾਂ, ਤੇਰੇ ਪੁੱਤ ਨੂੰਹ ਨੂੰ ਕਿਸੇ ਚੰਦਰੇ ਨੇ ਕੁੱਝ ਕੀਤਾ ਹੋਇਆ ਹੈ।'' ਉਸ ਦੀ ਗੱਲ ਵਿੱਚ ਇੱਕਦਮ ਹੁੰਗਾਰਾ ਭਰਦੀ ਹੋਈ ਸਿਮਰੋ ਬੋਲੀ, ''ਹਾਂ, ਭੈਣ ਮੈਨੂੰ ਵੀ ਇਵੇਂ ਹੀ ਜਾਪਦਾ ਹੈ ਕਿ ਮੇਰੇ ਪੁੱਤ ਤੇ ਕਿਸੇ ਜਿੰਨ-ਭੂਤ ਦਾ ਸਾਇਆ ਹੈ। ਹੁਣ ਤੂੰ ਹੀ ਦੱਸ ਅਸੀਂ ਇਸਦਾ ਕੀ ਉਪਾਅ ਕਰੀਏ?'' ਕਰਤਾਰੀ ਇੱਕ ਡਾਕਟਰ ਵਾਂਗ ਉਪਾਅ ਦੱਸਦੀ ਹੋਈ ਬੋਲੀ, ''ਸਿਮਰੋ ਮਿਡਲੈਂਡ ਵਿੱਚ ਇੱਕ ਪੰਡਿਤ ਰਹਿੰਦਾ ਹੈ, ਉਹ ਇੱਕ ਅੰਗੂਠੀ ਅਤੇ ਗੁੱਟ 'ਤੇ ਬੰਨ੍ਹਣ ਨੂੰ ਇੱਕ ਧਾਗਾ ਦਿੰਦਾ ਹੈ। ਇਸ ਦੇ ਨਾਲ ਪੰਜ ਵੀਰਵਾਰ ਮਾਂਹਾਂ ਦੀ ਦਾਲ ਕਿਸੇ ਧਾਰਮਿਕ ਜਗ੍ਹਾ 'ਤੇ ਚੜ੍ਹਾ ਆਵੀਂ। ਇਹ ਅੰਗੂਠੀ ਅਤੇ ਧਾਗਾ ਚਾਲੀ ਦਿਨ ਪਾਈ ਰੱਖਣਾ ਹੈ, ਲੈ ਦੇਖ ਤੇਰੇ ਭਾਗ ਖੁੱਲ੍ਹ ਜਾਣਗੇ।''
ਨਾਲ ਹੀ ਬੈਠੀ ਬਿੱਸੀ ਨੇ ਸਿਮਰੋ ਨੂੰ ਆਪਣੇ ਵੱਲੋਂ ਸੌਖਾ ਉਪਾਅ ਦੱਸਦੇ ਹੋਏ ਆਖਿਆ, ''ਸਿਮਰੋ ਕਰਤਾਰੀ ਦਾ ਇਹ ਉਪਾਅ ਮਹਿੰਗਾ ਹੈ, ਉਹ ਪੰਡਿਤ ਤਾਂ ਇਸ ਉਪਾਅ ਦੇ ਹਜ਼ਾਰਾਂ ਪੌਂਡ ਲੈ ਲੈਂਦਾ ਹੈ। ਤੂੰ ਇਸ ਤਰ੍ਹਾਂ ਕਰ, ਆਪਣੇ ਨੂੰਹ-ਪੁੱਤ ਦਾ ਨਾਂਅ ਲੈ ਕੇ ਅੱਜ ਤੋਂ ਦੀਵਾ ਜਗਾਉਣਾ ਸ਼ੁਰੂ ਕਰ ਦੇ, ਬੜੀ ਛੇਤੀ ਤੇਰਾ ਪੁੱਤ ਮੋੜਾ ਪਾ ਲਏਗਾ'' ਸਿਮਰੋ ਨੂੰ ਇਹ ਉਪਾਅ ਸਾਦਾ ਅਤੇ ਸਸਤਾ ਲੱਗਾ ਅਤੇ ਉਸ ਦਿਨ ਤੋਂ ਹੀ ਤੋਂ ਆਪਣੇ ਪੁੱਤ ਨੂੰਹ ਦੀ ਵਾਪਸੀ ਲਈ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ। ਦੀਵਾ ਕਦੇ ਵੀ ਬੁੱਝਣ ਨਾ ਦਿੰਦੀ, ਤੇਲ ਨਾਲ ਦੇ ਨਾਲ ਹੀ ਪਾਈ ਜਾਂਦੀ।
ਹੀਰੇ ਅਤੇ ਸਿਮਰੋ ਦੀ ਬਿੱਰਧ ਅਵਸਥਾ ਹੋ ਗਈ। ਇੰਨੇ ਉਪਾਅ ਕਰਨ ਤੋਂ ਬਾਅਦ ਵੀ ਪੁੱਤ ਵਾਪਸ ਨਾ ਆਇਆ। ਇਨ੍ਹਾਂ ਦੀਆਂ ਦੋਨਾਂ ਲੜਕੀਆਂ ਵਾਰੋ ਵਾਰੀ ਮਾਂ-ਬਾਪ ਦੀ ਦੇਖਭਾਲ ਕਰਦੀਆਂ ਰਹੀਆਂ। ਭਾਵੇਂ ਕਿ ਉਨ੍ਹਾਂ ਨੂੰ ਆਪਣੇ ਘਰ, ਪਤੀ ਅਤੇ ਬੱਚਿਆਂ ਦੀ ਵੀ ਦੇਖ ਭਾਲ ਵੀ ਕਰਨੀ ਪੈਂਦੀ ਸੀ।ਅਕਸਰ ਮਾਂ ਬਾਪ ਸ਼ਨ, ਅੱਖਾਂ ਮੂਹਰੇ ਤੜਫ਼ਦਿਆਂ ਨੂੰ ਦੇਖ ਕੇ ਕਿਵੇਂ ਝੱਲ ਸਕਦੀਆਂ ਸਨ। ਹੀਰਾ ਸਿੰਘ ਨੇ ਆਪਣੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਜ਼ਮੀਨ ਜਾਇਦਾਦ ਪਹਿਲੋਂ ਹੀ ਆਪਣੇ ਪੁੱਤਰ ਦੇ ਨਾਂਅ ਲਾ ਰੱਖੀ ਸੀ।
ਮਾਂ-ਬਾਪ ਦੀ ਸਰੀਰਕ ਹਾਲਤ ਦਿਨ-ਪ੍ਰਤੀ-ਦਿਨ ਵਿਗੜਦੀ ਗਈ।ਪੁੱਤਰ ਪਿਆਰ ਵਿੱਚ ਭਿੱਜੀ ਸਿਮਰੋ ਹਰ ਰੋਜ਼ ਆਪਣੇ ਪੁੱਤ ਦਾ ਰਾਹ ਤੱਕਦੀ ਰਹਿੰਦੀ। ਜਦੋਂ ਦੀਵੇ ਦੀ ਲੋਅ ਜ਼ਰਾ ਮੱਧਮ ਪੈਂਦੀ ਤਾਂ ਵੱਤੀ ਉਪਰ ਕਰਕੇ ਬਿਨਾਂ ਬੁੱਝਣ ਦਿੱਤਿਆਂ ਹੋਰ ਤੇਲ ਪਾ ਦਿੰਦੀ। ਪਰ ਪੁੱਤ ਦਿਲ ਤੇ ਪੱਥਰ ਧਰੀ ਬੈਠਾ ਸੀ।ਨੂੰਹ ਵੀ ਆਪਣੀ ਬੇਰਹਿਮੀ ਦਾ ਪੂਰਾ ਸਬੂਤ ਦੇ ਰਹੀ ਸੀ।ਧੀਆਂ ਆਪਣੇ ਮਾਂ-ਬਾਪ ਦੇ ਇਲਾਜ ਕਰਾਉਂਦੇ, ਹਰ ਰੋਜ਼ ਡਾਕਟਰਾਂ ਅਤੇ ਹਸਪਤਾਲ ਦੀਆਂ ਗੇੜ੍ਹੀਆਂ ਮਾਰਦੀਆਂ ਰਹਿੰਦੀਆਂ। ਧੀਆਂ ਤੋਂ ਮਾਪਿਆਂ ਦਾ ਦੁੱਖ ਦੇਖਿਆ ਨਾ ਜਾਂਦਾ।ਪੁੱਤਰ ਪਿਆਰ ਅਤੇ ਸਹਾਰੇ ਤੋਂ ਸੱਖਣੇ ਹੀਰਾ ਸਿੰਘ ਨੂੰ ਇੱਕ ਦਿਨ ਐਸਾ ਦਿਲ ਦਾ ਦੌਰਾ ਪਿਆ, ਜਿਹੜਾ ਕਿ ਉਸਦੀ ਜਾਨਲੇਵਾ ਸਾਬਤ ਹੋਇਆ।
ਬਾਪੂ ਦੀ ਮੌਤ ਤੋਂ ਬਾਅਦ ਧੀਆਂ ਮਾਂ ਨੂੰ ਆਪਣੇ ਘਰ ਲੈ ਗਈਆਂ, ਅਤੇ ਉੱਥੇ ਲਿਜਾ ਕੇ ਸੇਵਾ ਕਰਨ ਲੱਗੀਆਂ। ਪਰ ਸਿਮਰੋ ਅਜੇ ਵੀ ਆਪਣੇ ਪੁੱਤਰ ਦਾ ਰਾਹ ਦਿਨ ਰਾਤ ਤੱਕਦੀ ਰਹਿੰਦੀ ਕਿ ਉਸਦਾ ਪੁੱਤਰ ਦੇ ਨਾਂਅ ਦਾ ਬਾਲਿਆ ਦੀਵਾ ਇੱਕ ਦਿਨ ਪੁੱਤਰ ਨੂੰ ਘਰ ਵਾਪਸ ਜ਼ਰੂਰ ਲਿਆਏਗਾ। ਬਲਦੇ ਦੀਵੇ ਵਿੱਚ ਬਿਨਾਂ ਨਾਗਾ ਤੇਲ ਪਾਉਂਦੀ ਰਹਿੰਦੀ। ਉਸ ਨੂੰ ਸ਼ਾਇਦ ਉਸ ਬਲਦੇ ਦੀਵੇ ਦੀ ਲਾਟ ਵਿੱਚੋਂ ਪੁੱਤਰ ਦੀ ਸ਼ਕਲ ਨਜ਼ਰ ਆਉਂਦੀ ਹੋਵੇ। ਮਾਂ ਦੇ ਆਪਣੇ ਪੁੱਤਰ ਨਾਲ ਮਿਲਾਪ ਦੇ ਹਰ ਹੀਲੇ ਫੇਲ੍ਹ ਹੋ ਗਏ। ਮਾਂ ਪੁੱਤਰ ਦਾ ਰਾਹ ਦੇਖਦੀ ਦਿਨ ਰਾਤ ਤੜਫਦੀ ਸੁੱਕ ਕੇ ਤੀਲਾ ਹੋ ਗਈ।ਅੱਖਾਂ ਦੀ ਲੋਅ ਵੀ ਕਮਜ਼ੋਰ ਹੋ ਗਈ। ਇਹੋ ਜਿਹੇ ਵਿਛੋੜਾ ਸਹਿੰਦੀ ਸਿਮਰੋ ਪਲ ਪਲ ਮਰ ਰਹੀ ਸੀ।ਹਰ ਰੋਜ਼ ਪੁੱਤ ਦੇ ਪਿਆਰ ਦੀ ਸਿੱਕ ਵਿੱਚ ਤੜਫ਼ਦੀ ਸਿਮਰੋ ਨੂੰ ਐਸਾ ਛਾਤੀ ਵਿੱਚ ਦਰਦ ਹੋਇਆ, ਜਿਸ ਨਾਲ ਉਹ ਪਲਾਂ ਵਿੱਚ ਹੀ ਦੱਮ ਤੋੜ ਗਈ।
ਦੋਨੋਂ ਧੀਆਂ ਆਪਣੀ ਮਾਤਾ ਦੇ ਵਿਛੋੜੇ ਵਿੱਚ ਰੋ-ਰੋ ਕੇ ਹੰਭ ਗਈਆਂ। ਸਿਮਰੋ ਦੀਆਂ ਆਂਢ੍ਹਣਾਂ-ਗੁਆਂਢਣਾਂ ਨੂੰ ਜਦੋਂ ਆਪਣੀ ਪਿਆਰੀ ਸਾਥਣ ਦੇ ਇਸ ਦੁਨੀਆਂ ਤੋਂ ਜਾਣ ਦਾ ਪਤਾ ਲੱਗਾ ਤਾਂ ਉਹ ਸਿਮਰੋ ਦੀਆਂ ਧੀਆਂ ਪਾਸ ਅਫ਼ਸੋਸ ਕਰਨ ਆਈਆਂ। ਸਾਰੀਆਂ ਜ਼ਨਾਨੀਆਂ ਆਪੋ ਆਪਣੇ ਅੰਦਾਜ਼ ਵਿੱਚ ਸਿਮਰੋ ਦੀ ਮੌਤ ਦੀ ਹਮਦਰਦੀ ਪੇਸ਼ ਕਰਦੀਆਂ। ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਦਾ ਸਾਰਾ ਦਿਨ ਆਉਣਾ ਜਾਣਾ ਜਾਰੀ ਰਿਹਾ। ਸਿਮਰੋ ਦੇ ਕਮਰੇ ਵਿੱਚ ਪੁੱਤਰ ਦੀ ਘਰ ਵਾਪਸੀ ਦੀ ਆਸ ਵਿੱਚ ਜਗਾਇਆ ਦੀਵਾ ਹੁਣ ਬੁੱਝ ਚੁੱਕਿਆ ਸੀ। ਛੋਟੀ ਭੈਣ ਆਪਣੀ ਵੱਡੀ ਭੈਣ ਨੂੰ ਆਖਣ ਲੱਗੀ ਕਿ ਤੇਲ ਤਾਂ ਅਜੇ ਵੀ ਦੀਵੇ ਵਿੱਚ ਹੈ, ਪਰ ਪਤਾ ਨਹੀਂ ਇਹ ਬੁੱਝ ਕਿਉਂ ਗਿਆ? ਵੱਡੀ ਭੈਣ ਛੋਟੀ ਨੂੰ ਆਖਣ ਲੱਗੀ, ''ਭੈਣੇਂ, ਰਾਤੀਂ ਮਾਤਾ ਦੇ ਵਿਛੋੜੇ ਦੀ ਡਾਢੀ ਨੇਰ੍ਹੀ ਆਈ ਜਿਸਨੇ ਇੱਕੋ ਝਟਕੇ ਵਿੱਚ ਦੀਵਾ ਗੁੱਲ ਕਰ ਦਿੱਤਾ।'' ਦੋਵੇਂ ਭੈਣਾਂ ਬੁੱਝੇ ਹੋਏ ਦੀਵੇ ਦੀ ਧੁਆਂਖ਼ੀ ਬੱਤੀ ਵੱਲ ਦੇਖ ਕੇ ਭੁੱਬਾਂ ਮਾਰ-ਮਾਰ ਰੋ ਰਹੀਆਂ ਸਨ।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਮੋ: 7400717165