ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

04 July 2021



ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਸੂਬੇ ਭਰ ‘ਚ ਬਿਜਲੀ ਦਫ਼ਤਰਾਂ ਅੱਗੇ ਰੋਸ ਮੁਜਾਹਰੇ-ਇਕ ਖ਼ਬਰ

ਸੁਖਬੀਰ ਸਿਆਂ ਕਿਹੜੇ ਪੰਗੇ ‘ਚ ਪੈ ਗਿਐਂ, ਇਹ ਧਰਨੇ, ਮੁਜਾਹਰੇ ਤਾਂ ਵਿਹਲੇ ਬੰਦਿਆਂ ਦਾ ਕੰਮ ਹੁੰਦੈ। 

 

 ਵਿਤ ਮੰਤਰੀ ਨੂੰ ਅਰਥਚਾਰੇ ਦੀ ਕੋਈ ਸਮਝ ਨਹੀਂ, ਫਿਰ ਦਿਤੀ ‘ਕਰਜ਼ੇ ਦੀ ਖ਼ੁਰਾਕ’-ਕਾਂਗਰਸ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

 

ਸਿੱਖ ਲੜਕੀਆਂ ਨੂੰ ਧਰਮ ‘ਚ ਪਰਿਪੱਕ ਕਰਨ ਲਈ ਲਗਾਏ ਜਾਣਗੇ ਗੁਰਮਤਿ ਕੈਂਪ-ਜਥੇਦਾਰ

ਜਥੇਦਾਰ ਜੀ, ਬੀਬੀ ਜਗੀਰ ਕੌਰ ਨੂੰ ਸੰਭਾਲੋ ਇਹ ਜ਼ਿੰਮੇਵਾਰੀ।

 

ਸੁਖਬੀਰ ਬਾਦਲ ਵਲੋਂ ਨਾਜਾਇਜ਼ ਖਣਨ ਖੇਤਰ ਦਾ ਦੌਰਾ- ਇਕ ਖ਼ਬਰ

ਬਈ ਲੋਕ ਕਹਿੰਦੇ ਆ ਕਿ ਸੁਖਬੀਰ ਦੇਖਣ ਜਾਂਦਾ ਕਿ ਰਾਜੇ ਨੇ ਉਹਦੇ ਜੋਗੀ ਰੇਤਾ ਛੱਡੀ ਕਿ ਨਹੀਂ।

 

ਅਕਾਲੀ-ਭਾਜਪਾ ਸਰਕਾਰ ਦੇ ਬਿਜਲੀ ਖ਼ਰੀਦ ਸਮਝੌਤੇ ਸਮੀਖਿਆ ਅਧੀਨ- ਕੈਪਟਨ

ਬੜੀ ਦੇਰ ਕਰ ਦੀ ਮਿਹਰਬਾਂ ਆਤੇ ਆਤੇ।

 

ਡਾ. ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਲਿਆ ਕਰੜੇ ਹੱਥੀਂ-ਇਕ ਖ਼ਬਰ

ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।

 

ਬਿਹਾਰ ’ਚ ਅਫ਼ਸਰਸ਼ਾਹੀ ਤੋਂ ਤੰਗ ਮੰਤਰੀ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼- ਇਕ ਖ਼ਬਰ

 ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

 

ਅੰਦੋਲਨ ਕਰ ਰਹੇ ਲੋਕ ਅਸਲ ਵਿਚ ਕਿਸਾਨ ਨਹੀਂ ਹਨ- ਖੱਟਰ

ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।

 

ਨਵਜੋਤ ਸਿੱਧੂ ‘ਦਿਸ਼ਾਹੀਣ ਮਿਜ਼ਾਈਲ’ ਕਿਤੇ ਵੀ ਡਿਗ ਸਕਦੀ ਹੈ- ਸੁਖਬੀਰ ਬਾਦਲ

ਰਾਤ ਹਨੇਰੀ ਮਾਏਂ ਨੀਂ ਬੀਂਡੇ ਬੋਲਦੇ, ਮੈਨੂੰ ਡਰ ‘ਕੱਲੀ ਨੂੰ ਆਵੇ।

 

ਕੈਪਟਨ ਅਮਰਿੰਦਰ ਸਿੰਘ ਅੱਜ ਕੁਝ ਹੋਰ ਕਾਂਗਰਸੀ ਆਗੂਆਂ ਨਾਲ਼ ਲੰਚ ਕਰਨਗੇ- ਇਕ ਖ਼ਬਰ

ਹਾਏ ਓਏ ਕੈਪਟਨ ਦੀਆਂ ਮਜਬੂਰੀਆਂ, ਖੁਆਉਣੀਆਂ ਪੈ ਗਈਆਂ ਨੇ ਚੂਰੀਆਂ।

 

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਦਿਤਾ ਅਸਤੀਫ਼ਾ- ਇਕ ਖ਼ਬਰ

ਆਹ ਲੈ ਸਾਂਭ ਲੈ ਸੈਦੇ ਦੀਏ ਨਾਰੇ, ਮੈਥੋਂ ਨਹੀਂ ਮੱਝਾਂ ਚਾਰ ਹੁੰਦੀਆਂ।

 

ਪੁਲਿਸ ਵਿਭਾਗ ਵਿਚ 10500 ਕਰਮਚਾਰੀ ਜਲਦੀ ਭਰਤੀ ਕੀਤੇ ਜਾਣਗੇ-ਡੀ.ਜੀ.ਪੀ.

ਵੀ.ਆਈ. ਪੀ. ਲੋਕਾਂ ਦੀ ਰਾਖੀ ਕਰਨ ਤੇ ਬੇਰੋਜ਼ਗਾਰਾਂ ਦੇ ਡਾਂਗ ਫੇਰਨ ਲਈ

 

ਕੋਟਕਪੂਰਾ ਗੋਲੀਕਾਂਡ ‘ਚ ਬਾਦਲ ਅਤੇ ਸੁਖਬੀਰ ਨੂੰ ਘਸੀਟਣਾ ਠੀਕ ਨਹੀਂ- ਮਿੱਤਲ

ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।

 

ਸਾਥੋਂ ਪਹਿਲਾਂ ਹੀ ਹਫ਼ੜਾ ਦਫ਼ੜੀ ‘ਚ ਕੇਜਰੀਵਾਲ ਨੇ ਬਿਜਲੀ ਦਾ ਐਲਾਨ ਕਰ ਦਿਤਾ- ਚਰਨਜੀਤ ਚੰਨੀ

ਚੰਨੀ ਜੀ, ਲੜਾਈ ਦੇ ਢਾਈ ਫੱਟ ਹੁੰਦੇ ਐ, ਜਿਹੜਾ ਪਹਿਲਾਂ ਮਾਰ ਗਿਆ ਉਹ ਜੇਤੂ।

 

ਨਕਲੀ ਟੀਕਾਕਰਨ ਦੇ ਕੇਸਾਂ ਵਿਚ ‘ਵੱਡੀਆਂ ਮੱਛੀਆਂ’ ਨੂੰ ਫੜਿਆ ਜਾਵੇ- ਹਾਈ ਕੋਰਟ

ਹਾਈ ਕੋਰਟ ਜੀ, ਜਾਲ਼ ‘ਚ ਮਘੋਰੇ ਬਹੁਤ ਵੱਡੇ ਵੱਡੇ ਐ, ਵੱਡੀ ਮੱਛੀ ਨਹੀਂ ਹੱਥ ਆਉਂਦੀ।

 

ਪੰਜਾਬ ਨੂੰ ਕੰਗਾਲ ਕਰ ਰਹੇ ਹਨ ਬਿਜਲੀ ਸਮਝੌਤੇ-ਭਗਵੰਤ ਮਾਨ

ਮੈਂ ਤਾਂ ਹੋ ਗਈ ਹਕੀਮ ਜੀ , ਅੱਗੇ ਨਾਲ਼ੋਂ ਤੰਗ।