ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 June 2021
ਕੋਰੋਨਾ ਮਿਰਤਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਮੁਕਰੀ ਕੇਂਦਰ ਸਰਕਾਰ- ਇਕ ਖ਼ਬਰ
ਕਸਮੇਂ, ਵਾਅਦੇ, ਪ੍ਰਣ ਔਰ ਵਚਨ.......ਜੁਮਲੇ ਹੈਂ ਜੁਮਲੋਂ ਕਾ ਕਿਆ।
ਪੰਜਾਬ ਕਾਂਗਰਸ ਦਾ ਰੇੜਕਾ ਹਾਲੇ ਵੀ ਨਹੀਂ ਮੁੱਕਿਆ- ਇਕ ਖ਼ਬਰ
ਮੋੜੀਂ ਮੋੜੀਂ ਵੇ ਗੁਲਜ਼ਾਰੀ, ਭੇਡਾਂ ਦੂਰ ਗਈਆਂ।
ਬਿਜਲੀ ਦੇ ਗ਼ਲਤ ਸਮਝੌਤੇ ਕਰਨ ਵਾਲਿਆਂ ਦੇ ਖ਼ਿਲਾਫ਼ ਫੌਜਦਾਰੀ ਕਾਰਵਾਈ ਹੋਵੇ- ਜਾਖੜ
ਤੁਸੀਂ ਵਾਅਦਾ ਕਰ ਕੇ ਸਮਝੌਤੇ ਕੈਂਸਲ ਕਿਉਂ ਨਾ ਕੀਤੇ ਜਾਖੜ ਸਾਬ?
ਪਾਣੀ ਦੀਆਂ ਬੁਛਾੜਾਂ ਵੀ ਨਾ ਰੋਕ ਸਕੀਆਂ ਕਿਸਾਨਾਂ ਦਾ ਰਾਹ-ਇਕ ਖ਼ਬਰ
ਪਾਣੀ ਵਾਰ ਬੰਨੇ ਦੀਏ ਮਾਏਂ, ਬੰਨਾ ਤੇਰਾ ਬਾਹਰ ਖੜ੍ਹਾ।
ਟਰੰਪ ਨੇ ਮੁੜ ਚੋਣਾਂ ‘ਚ ਹੇਰਾ ਫੇਰੀ ਹੋਣ ਦਾ ਰੋਣਾ ਰੋਇਆ- ਇਕ ਖ਼ਬਰ
ਟੁੱਟ ਪੈਣੇ ਦਰਜੀ ਨੇ, ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।
ਨਵਜੋਤ ਸਿੱਧੂ ਨੂੰ ਉੱਪ ਮੁੱਖ ਮੰਤਰੀ ਬਣਾਉਣ ਲਈ ਰਾਜ਼ੀ ਨਹੀਂ ਕੈਪਟਨ- ਇਕ ਖ਼ਬਰ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਅਕਾਲੀ-ਬਸਪਾ ਗੱਠਜੋੜ ਵਲੋਂ ਕਾਂਗਰਸ ਸਰਕਾਰ ਵਿਰੁੱਧ ਘੜਾ ਭੰਨ ਪ੍ਰਦਰਸ਼ਨ- ਇਕ ਖ਼ਬਰ
ਗੁੱਸਾ ਨਾ ਕਰ ਨੀਂ, ਗੁੱਸਾ ਸਿਹਤ ਲਈ ਮਾੜਾ।
ਐੱਸ.ਆਈ.ਟੀ. ਜਾਂਚ: ਕੇਸ ਪੁਰਾਣਾ ਹੈ, ਹੁਣ ਉਮਰ ਹੋ ਗਈ ਹੈ ਕੁਝ ਯਾਦ ਨਹੀਂ –ਬਾਦਲ
ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।
ਰਾਹੁਲ ਤੇ ਸੋਨੀਆ ਗਾਂਧੀ ਨੂੰ ਮਿਲੇ ਬਿਨਾਂ ਹੀ ਕੈਪਟਨ ਨੂੰ ਵਾਪਸ ਪਰਤਣਾ ਪਿਆ- ਇਕ ਖ਼ਬਰ
ਬੜੇ ਬੇਆਬਰੂ ਹੋ ਕਰ ਤਿਰੇ ਕੂਚੇ ਸੇ ਹਮ ਨਿਕਲੇ।
ਮੈਨੂੰ ਨਜ਼ਰ ਅੰਦਾਜ਼ ਨਹੀਂ ਦਰਕਿਨਾਰ ਕੀਤਾ ਗਿਆ- ਮਾਸਟਰ ਮੋਹਨ ਲਾਲ
ਅੱਖਾਂ ਗਹਿਰੀਆਂ ਤੇ ਮੁੱਖ ਕੁਮਲਾਏ, ਜਿਹਨਾਂ ਦੇ ਰਾਤੀਂ ਯਾਰ ਵਿਛੜੇ।
ਕੀ ਅਕਾਲੀ ਦਲ ਸੰਯੁਕਤ ਲਈ ‘ਆਪ’ ਨਾਲ ਗੱਠਜੋੜ ਕਰਨਾ ਮਜਬੂਰੀ ਬਣ ਗਈ ਹੈ?- ਇਕ ਖ਼ਬਰ
ਪਾਰ ਪੱਤਣੋਂ ਯਾਰ ਨੂੰ ਮਿਲਣਾ, ਪਾਰ ਲੰਘਾ ਦੇ ਘੜਿਆ।
ਅੰਦੋਲਨ ਦੀ ਥਾਂ ਕਿਸਾਨ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਹਾਸਲ ਕਰਨ- ਖੱਟਰ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।
ਪ੍ਰਿਯੰਕਾ ਗਾਂਧੀ ਯੂ.ਪੀ. ਵਿਧਾਨ ਸਭਾ ਚੋਣਾਂ ਲਈ ਇਕ ਵੱਡਾ ਚਿਹਰਾ- ਸਲਮਾਨ ਖ਼ੁਰਸ਼ੀਦ
ਜੀ ਰੰਗ ਬਰਸ ਰਿਹਾ, ਮਾਤਾ ਦੇ ਦਰਬਾਰ।
ਸਿੱਖ ਕਤਲੇਆਮ ਪੀੜਤਾਂ ਵਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ- ਇਕ ਖ਼ਬਰ
ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਕਦਮ ਉਠਾਇਉ ਜੀ।
ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਦਿੱਲੀ ਸੱਦਿਆ- ਇਕ ਖ਼ਬਰ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਰਬਾਰ ‘ਚ ਪੇਸ਼ ਹੋ ਬਈ ਓ!
ਕੇਜਰੀਵਾਲ ਨੇ ਖੁਦ ਅੰਮ੍ਰਿਤਸਰ ਆ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕੀਤਾ- ਇਕ ਖ਼ਬਰ
ਨੀ ਮੈਂ ਤਲ਼ੀਆਂ ‘ਤੇ ਚੋਗ ਚੁਗਾਵਾਂ, ਮਿੱਤਰਾਂ ਦੇ ਤਿੱਤਰਾਂ ਨੂੰ।