ਮਾਮਲਾ ਸਰਕਾਰਾਂ ਦੀ ਨੁਕਤਾਚੀਨੀ ਕਰਨ ਅਤੇ ਸਰਕਾਰੀ ਕਹਿਰ ਜਰਨ ਲਈ ਤਿਆਰ ਰਹਿਣ ਦਾ -ਜਤਿੰਦਰ ਪਨੂੰ


ਚੰਗੀ ਗੱਲ ਇਹ ਹੋਈ ਹੈ ਕਿ ਸੀਨੀਅਰ ਪੱਤਰਕਾਰ ਵਿਨੋਦ ਦੂਆ ਵਾਲੇ ਕੇਸ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਹੈ ਕਿ ਸਰਕਾਰ ਜਾਂ ਸਿਸਟਮ ਦੀ ਨੁਕਤਾਚੀਨੀ ਕਰਨਾ ਦੇਸ਼-ਧ੍ਰੋਹ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਹ ਮੰਦਾ ਰੁਝਾਨ ਪੈ ਚੁੱਕਾ ਹੈ ਕਿ ਜਿਸ ਬੰਦੇ ਦੇ ਬੋਲਣ ਜਾਂ ਲਿਖਣ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਸ ਉੱਤੇ ਆਮ ਕਰ ਕੇ ਦੇਸ਼-ਧ੍ਰੋਹੀ ਵਾਲਾ ਫੱਟਾ ਲਾ ਦਿੱਤਾ ਜਾਂਦਾ ਹੈ। ਏਦਾਂ ਦਾ ਕੰਮ ਕਰਨ ਵਿੱਚ ਕਿਸੇ ਵੀ ਰੰਗ ਦੀ ਸਿਆਸਤ ਕਰਨ ਵਾਲੀ ਪਾਰਟੀ ਦੀ ਸਰਕਾਰ ਨੇ ਕਦੇ ਸ਼ਰਮ ਨਹੀਂ ਕੀਤੀ। ਅਸੀਂ ਲੋਕ ਨਿੱਤ ਦਿਨ ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਨੁਕਤਾਚੀਨੀ ਕਰਦੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਿਰਦਾਰ ਦੀ ਕਾਲਖ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤਾਂ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਸ ਨਾਲ ਜਿਹੜੀ ਕੌੜ ਚੜ੍ਹਦੀ ਹੈ, ਉਹ ਇਨ੍ਹਾਂ ਕੇਸਾਂ ਵਿੱਚ ਕਦੇ ਵੀ ਕਿਸੇ ਪੱਤਰਕਾਰ ਜਾਂ ਕਿਸੇ ਹੋਰ ਵੰਨਗੀ ਦੇ ਲੇਖਕ ਦੇ ਖਿਲਾਫ ਕੱਢੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਇਹ ਵਿਹਾਰ ਘਟ ਸਕਦਾ ਹੈ, ਪਰ ਇਹ ਬਿਲਕੁਲ ਨਹੀਂ ਸੋਚਿਆ ਜਾ ਸਕਦਾ ਕਿ ਅੱਗੇ ਤੋਂ ਏਦਾਂ ਦਾ ਕੇਸ ਹੀ ਕਿਸੇ ਉੱਤੇ ਨਹੀਂ ਬਣ ਸਕਦਾ। ਅਜੇ ਵੀ ਇਹ ਵਿਹਾਰ ਪੂਰੀ ਤਰ੍ਹਾਂ ਹਟਣ ਦੀ ਆਸ ਕਰਨੀ ਔਖੀ ਹੈ।
ਜਦੋਂ ਸਰਕਾਰਾਂ ਦੇ ਇਸ ਵਿਹਾਰ ਦੇ ਮੋੜਾ ਕੱਟਣ ਦੀ ਆਸ ਨਹੀਂ ਤਾਂ ਕਈ ਲੋਕ ਇਹ ਕਹਿ ਦੇਂਦੇ ਹਨ ਕਿ ਅਜਿਹੇ ਹਾਲਾਤ ਵਿੱਚ ਸਰਕਾਰਾਂ ਦੇ ਖਿਲਾਫ ਥੋੜ੍ਹਾ ਬਚ ਕੇ ਹੀ ਲਿਖਣਾ ਚਾਹੀਦਾ ਹੈ। ਇੱਕ ਪੰਜਾਬੀ ਲੇਖਕ ਨੇ ਲਿਖਿਆ ਹੈ ਕਿ 'ਮੈਂ ਭੁਲਾਵਾਂ ਬੜਾ ਬੇਰੁਖੀ ਓਸ ਦੀ, ਉਹ ਮੁੜ-ਮੁੜ ਯਾਦ ਆਵੇ ਤਾਂ ਮੈਂ ਕੀ ਕਰਾਂ।' ਸਾਡੀ ਹਾਲਤ ਵੀ ਇਹੀ ਹੈ ਕਿ ਸਰਕਾਰਾਂ ਦੇ ਖਿਲਾਫ ਲਿਖਣ ਦਾ ਸਾਨੂੰ ਕੋਈ ਚਸਕਾ ਨਹੀਂ, ਪਰ ਜੇ ਸਰਕਾਰਾਂ ਦੇ ਅੰਦਰੂਨੀ ਹਾਲਾਤ ਦੀ ਭੱਦੀ ਤਸਵੀਰ ਮੁੜ-ਮੁੜ ਸਾਹਮਣੇ ਆਵੇ ਤਾਂ ਅਸੀਂ ਕੀ ਕਰੀਏ, ਸਾਨੂੰ ਉਸ ਵਕਤ ਲਿਖਣਾ ਪੈਂਦਾ ਹੈ। ਅਸੀਂ ਚੁੱਪ ਨਹੀਂ ਰਹਿ ਸਕਦੇ। ਇਸ ਹਫਤੇ ਦੌਰਾਨ ਫਿਰ ਕਿੰਨਾ ਕੁਝ ਏਦਾਂ ਦਾ ਬਾਹਰ ਆ ਗਿਆ ਹੈ ਕਿ ਅਸੀਂ ਉਨ੍ਹਾਂ ਦੀ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੇ।
ਸਾਡੇ ਸਾਹਮਣੇ ਇੱਕ ਸਵਾਲ ਓਦੋਂ ਉੱਭਰਿਆ, ਜਦੋਂ ਇਹ ਖਬਰ ਆਈ ਕਿ ਓਮ ਪ੍ਰਕਾਸ਼ ਚੌਟਾਲਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦਸ ਸਾਲ ਦੀ ਜੇਲ੍ਹ ਕੱਟਣ ਪਿੱਛੋਂ ਬਾਹਰ ਆ ਰਿਹਾ ਹੈ ਤਾਂ ਉਸ ਦੇ ਸਵਾਗਤ ਲਈ ਚੌਟਾਲਾ ਪਰਵਾਰ ਵਿੱਚ ਹੋੜ ਲੱਗੀ ਪਈ ਹੈ। ਇੱਕ ਪਾਸੇ ਚੌਟਾਲੇ ਦਾ ਛੋਟਾ ਪੁੱਤਰ ਅਭੈ ਚੌਟਾਲਾ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ ਅਤੇ ਦੂਸਰੇ ਪਾਸੇ ਚੌਟਾਲੇ ਦੇ ਨਾਲ ਜੇਲ੍ਹ ਕੱਟ ਰਹੇ ਵੱਡੇ ਪੁੱਤਰ ਅਜੈ ਚੌਟਾਲਾ ਦਾ ਪੁੱਤਰ ਅੱਜਕੱਲ੍ਹ ਹਰਿਆਣੇ ਦਾ ਡਿਪਟੀ ਮੁੱਖ ਮੰਤਰੀ ਬਣਨ ਕਾਰਨ ਬਾਕੀ ਸਭਨਾਂ ਤੋਂ ਖੁਦ ਨੂੰ ਵੱਡਾ ਸਮਝਦਾ ਹੈ। ਸਵਾਗਤ ਉਸ ਓਮ ਪ੍ਰਕਾਸ਼ ਚੌਟਾਲਾ ਦਾ ਕਰਨਾ ਸੀ, ਜਿਹੜਾ ਬੱਤੀ ਸੌ ਤੋਂ ਵੱਧ ਜੇ ਬੀ ਟੀ ਟੀਚਰਾਂ ਨੂੰ ਪੈਸੇ ਲੈ ਕੇ ਭਰਤੀ ਕਰਨ ਦਾ ਦੋਸ਼ੀ ਸਾਬਤ ਹੋਇਆ ਸੀ ਤਾਂ ਸੋਲਾਂ ਔਰਤਾਂ ਸਮੇਤ ਕੁੱਲ ਪਚਵੰਜਾ ਜਣੇ ਜੇਲ੍ਹ ਪਹੁੰਚ ਗਏ ਸਨ। ਭਾਰਤ ਦੇਸ਼ ਏਨਾ ਮਹਾਨ ਹੈ ਕਿ ਏਡੇ ਵੱਡੇ ਭ੍ਰਿਸ਼ਟਾਚਾਰ ਦਾ ਦੋਸ਼ੀ ਬੰਦਾ ਦਸ ਸਾਲ ਜੇਲ੍ਹ ਦੀ ਸਜ਼ਾ ਭੁਗਤ ਕੇ ਆਵੇ ਤਾਂ ਉਸ ਦਾ ਸਵਾਗਤ ਕਿਸੇ ਹੀਰੋ ਵਰਗਾ ਹੋ ਸਕਦਾ ਹੈ।
ਦੂਸਰਾ ਮਾਮਲਾ ਪਾਰਲੀਮੈਂਟ ਮੈਂਬਰ ਅਤੇ ਭਾਜਪਾ ਆਗੂ ਸਾਧਵੀ ਪ੍ਰਗਿਆ ਦਾ ਹੈ। ਕਿਸੇ ਸਮੇਂ ਮਹਾਰਾਸ਼ਟਰ ਰਾਜ ਦੇ ਮਾਲੇਗਾਉਂ ਸ਼ਹਿਰ ਵਿੱਚ ਬੰਬ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਤਾਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਉੱਤੇ ਦੋਸ਼ ਲੱਗਾ ਤੇ ਫਿਰ ਗੱਲ ਪਤਾ ਲੱਗੀ ਕਿ ਧਮਾਕੇ ਲਈ ਵਰਤਿਆ ਗਿਆ ਮੋਟਰ ਸਾਈਕਲ ਸਾਧਵੀ ਪ੍ਰਗਿਆ ਸਿੰਘ ਠਾਕਰ ਦਾ ਸੀ। ਉਸ ਦੀ ਪੁੱਛਗਿੱਛ ਹੋਈ ਅਤੇ ਫਿਰ ਉਸ ਨੂੰ ਜੇਲ੍ਹ ਭੇਜਣਾ ਪਿਆ। ਜਿਸ ਪੁਲਸ ਅਫਸਰ ਹੇਮੰਤ ਕਰਕਰੇ ਨੇ ਸਾਧਵੀ ਪ੍ਰਗਿਆ ਦੀ ਪੁੱਛਗਿੱਛ ਕੀਤੀ, ਉਹ ਮੁੰਬਈ ਵਿੱਚ ਹੋਏ ਹਮਲੇ ਸਮੇਂ ਪਾਕਿਸਤਾਨੋਂ ਆਏ ਅੱਤਵਾਦੀਆਂ ਨਾਲ ਟੱਕਰ ਲੈਂਦਾ ਮਾਰਿਆ ਗਿਆ। ਸਾਧਵੀ ਪ੍ਰਗਿਆ ਦੀ ਪੁੱਛਗਿੱਛ ਵੇਲੇ ਭਾਜਪਾ ਆਗੂਆਂ ਨੇ ਹੇਮੰਤ ਕਰਕਰੇ ਨੂੰ ਹਿੰਦੂਤੱਵ ਦਾ ਦੁਸ਼ਮਣ ਤੇ ਕਈ ਕੁਝ ਹੋਰ ਕਿਹਾ ਸੀ। ਜਦੋਂ ਉਹ ਲੜਦਾ ਮਾਰਿਆ ਗਿਆ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਉਸ ਦੇ ਘਰ ਅਫਸੋਸ ਦੇ ਲਈ ਜਾਣ ਦਾ ਮਨ ਬਣਾਇਆ। ਅੱਗੋਂ ਹੇਮੰਤ ਕਰਕਰੇ ਦੀ ਪਤਨੀ ਨੇ ਕਹਿ ਦਿੱਤਾ ਕਿ ਜਿਉਂਦੇ ਨੂੰ ਤੁਸੀਂ ਭੰਡਦੇ ਰਹੇ ਹੋ, ਅੱਜ ਉਸ ਦਾ ਅਫਸੋਸ ਕਰਨ ਲਈ ਮੇਰੇ ਘਰ ਕੋਈ ਨਾ ਆਇਓ। ਇਸ ਦੇ ਬਾਵਜੂਦ ਸਾਰੇ ਭਾਜਪਾ ਆਗੂ ਅੱਜ ਤੱਕ ਉਸ ਪੁਲਸ ਅਫਸਰ ਨੂੰ ਦੇਸ਼ ਦਾ ਸ਼ਹੀਦ ਕਹਿੰਦੇ ਆਏ ਹਨ, ਪਰ ਉਨ੍ਹਾਂ ਦੀ ਪਾਰਲੀਮੈਂਟ ਮੈਂਬਰ ਸਾਧਵੀ ਪ੍ਰਗਿਆ ਠਾਕਰ ਇਹ ਕਹਿੰਦੀ ਹੈ ਕਿ ਉਹ ਅੱਤਵਾਦੀਆਂ ਦਾ ਮਾਰਿਆ ਨਹੀਂ ਮਰਿਆ, ਮੇਰੇ ਸਰਾਫ ਨਾਲ ਮਰਿਆ ਸੀ, ਉਹ ਬੰਦਾ ਪਾਪੀ ਰੂਹ ਸੀ ਤੇ ਉਸ ਦਾ ਇਹੋ ਹਸ਼ਰ ਹੋਣਾ ਚਾਹੀਦਾ ਸੀ। ਭਾਜਪਾ ਦੇ ਸਾਰੇ ਵੱਡੇ-ਛੋਟੇ ਆਗੂ ਨਾ ਹੇਮੰਤ ਨੂੰ ਗਲਤ ਕਹਿ ਸਕਦੇ ਹਨ ਤੇ ਨਾ ਸਾਧਵੀ ਨੂੰ ਮੂੰਹ ਬੰਦ ਰੱਖਣ ਲਈ ਕਹਿਣ ਦੀ ਜੁਰਅੱਤ ਕਰਦੇ ਹਨ ਤੇ ਸਾਧਵੀ ਆਏ ਦਿਨ ਇਹੋ ਜਿਹੇ ਬਿਆਨ ਛੱਡੀ ਜਾਂਦੀ ਹੈ ਕਿ ਉਸ ਨਾਲ ਸਿਰਫ ਇਸ ਪਾਰਟੀ ਦਾ ਨਹੀਂ, ਸਾਰੇ ਭਾਰਤ ਦਾ ਵੀ ਅਕਸ ਖਰਾਬ ਹੋਈ ਜਾਂਦਾ ਹੈ।
ਤੀਸਰਾ ਮਾਮਲਾ ਉੱਤਰ ਪ੍ਰਦੇਸ਼ ਵਿੱਚ ਬਣਾਏ ਜਾ ਰਹੇ ਰਾਮ ਮੰਦਰ ਲਈ ਜ਼ਮੀਨ ਦੀ ਖਰੀਦ ਸੌਦਿਆਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਹੈ। ਪਹਿਲਾਂ ਚਰਚਾ ਛਿੜੀ ਕਿ ਜ਼ਮੀਨ ਦਾ ਇੱਕ ਹਿੱਸਾ ਦੋ ਪ੍ਰਾਪਰਟੀ ਡੀਲਰਾਂ ਨੇ ਕਿਸੇ ਬੰਦੇ ਕੋਲੋਂ ਢਾਈ ਕਰੋੜ ਰੁਪਏ ਦਾ ਖਰੀਦਿਆ ਅਤੇ ਸਿਰਫ ਦਸ ਮਿੰਟ ਪਿੱਛੋਂ ਉਹੋ ਜ਼ਮੀਨ ਸਾਢੇ ਅਠਾਰਾਂ ਕਰੋੜ ਵਿੱਚ ਰਾਮ ਮੰਦਰ ਨੂੰ ਵੇਚ ਦਿੱਤੀ ਹੈ ਅਤੇ ਢਾਈ ਕਰੋੜ ਤੇ ਸਾਢੇ ਅਠਾਰਾਂ ਕਰੋੜ ਦੇ ਦੋਵਾਂ ਸੌਦਿਆਂ ਉੱਤੇ ਰਾਮ ਮੰਦਰ ਦੇ ਇੱਕ ਟਰੱਸਟੀ ਦੇ ਦਸਖਤ ਹਨ। ਏਦਾਂ ਸਿਰਫ ਦਸ ਮਿੰਟਾਂ ਵਿੱਚ ਸਾਢੇ ਸੋਲਾਂ ਕਰੋੜ ਦੀ ਹੇਰਾਫੇਰੀ ਕੀਤੀ ਨੰਗੀ ਹੋ ਗਈ। ਪਿੱਛੋਂ ਇਸ ਸੌਦੇ ਬਾਰੇ ਇਹ ਭੇਦ ਖੁੱਲ੍ਹਾ ਕਿ ਜਿਨ੍ਹਾਂ ਦੋ ਪ੍ਰਾਪਰਟੀ ਡੀਲਰਾਂ ਨੇ ਢਾਈ ਕਰੋੜ ਰੁਪਏ ਦੀ ਜ਼ਮੀਨ ਖਰੀਦ ਕੇ ਦਸ ਮਿੰਟਾਂ ਪਿੱਛੋਂ ਰਾਮ ਮੰਦਰ ਨੂੰ ਸਾਢੇ ਅਠਾਰਾਂ ਕਰੋੜ ਦੀ ਵੇਚੀ ਸੀ, ਉਨ੍ਹਾਂ ਨੇ ਜਿਸ ਬੰਦੇ ਤੋਂ ਢਾਈ ਕਰੋੜ ਦੀ ਜ਼ਮੀਨ ਲਈ, ਉਹ ਅਯੁੱਧਿਆ ਖੇਤਰ ਦੇ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਦਾ ਦੋਸ਼ੀ ਸੀ ਤੇ ਅਦਾਲਤ ਨੇ ਭਗੌੜਾ ਕਰਾਰ ਦੇ ਕੇ ਦੋ ਸਾਲ ਪਹਿਲਾਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਵਾ ਦਿੱਤੀ ਸੀ। ਜੇ ਉਸ ਦੀ ਸਾਰੀ ਜਾਇਦਾਦ ਦੋ ਸਾਲ ਪਹਿਲਾਂ ਅਦਾਲਤੀ ਹੁਕਮ ਦੇ ਨਾਲ ਜ਼ਬਤ ਹੋ ਚੁੱਕੀ ਸੀ ਤਾਂ ਇਹ ਢਾਈ ਕਰੋੜ ਦੀ ਜ਼ਮੀਨ ਕਿਵੇਂ ਬਚੀ ਰਹਿ ਗਈ ਤੇ ਸਵਾਲ ਇਹ ਵੀ ਹੈ ਕਿ ਜਿਸ ਬੰਦੇ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਉਹ ਇਸ ਜ਼ਮੀਨ ਦੀ ਰਜਿਸਟਰੀ ਕਰਨ ਲਈ ਪੁਲਸ ਦੀ ਹਾਜ਼ਰੀ ਵਿੱਚ ਅਦਾਲਤ ਕਿਵੇਂ ਪਹੁੰਚ ਗਿਆ? ਹਾਲੇ ਇਹ ਗੱਲ ਠੰਢੀ ਨਾ ਪਈ ਕਿ ਏਸੇ ਰਾਮ ਮੰਦਰ ਲਈ ਢਾਈ ਕਰੋੜ ਦੀ ਜ਼ਮੀਨ ਖਰੀਦਣ ਦਾ ਇੱਕ ਹੋਰ ਸਕੈਂਡਲ ਨਿਕਲ ਪਿਆ। ਭਾਜਪਾ ਆਗੂ ਅਤੇ ਅਯੁੱਧਿਆ ਦੇ ਮੇਅਰ ਦੇ ਭਤੀਜੇ ਨੇ ਕਿਸੇ ਤੋਂ ਏਸੇ ਸਾਲ ਫਰਵਰੀ ਵਿੱਚ ਜ਼ਮੀਨ ਦਾ ਇਹ ਦੂਸਰਾ ਟੁਕੜਾ ਵੀਹ ਲੱਖ ਦਾ ਖਰੀਦਿਆ ਸੀ ਤੇ ਮਈ ਚੜ੍ਹਦੇ ਸਾਰ ਉਸ ਨੇ ਰਾਮ ਮੰਦਰ ਨੂੰ ਢਾਈ ਕਰੋੜ ਰੁਪਏ ਦਾ ਵੇਚ ਕੇ ਦੋ ਕਰੋੜ ਤੀਹ ਲੱਖ ਕਮਾ ਲਏ। ਇਹ ਚਰਚਾ ਛਿੜਦੇ ਸਾਰ ਓਥੋਂ ਦੇ ਹਨੂੰਮਾਨ ਮੰਦਰ ਦੇ ਮਹੰਤ ਨੇ ਰੌਲਾ ਪਾ ਦਿੱਤਾ ਕਿ ਮੇਅਰ ਦੇ ਭਤੀਜੇ ਨੂੰ ਇਹ ਜ਼ਮੀਨ ਰਾਮ ਮੰਦਰ ਲਈ ਸਾਡੇ ਮੰਦਰ ਨੇ ਦਾਨ ਦਿੱਤੀ ਸੀ, ਸੌਦਾ ਕਿਸ ਤਰ੍ਹਾਂ ਕੀਤਾ ਗਿਆ ਹੈ? ਫਿਰ ਇਹ ਭੇਦ ਖੁੱਲ੍ਹਾ ਕਿ ਇਹ ਸਰਕਾਰੀ ਜ਼ਮੀਨ ਸੀ, ਜਿਸ ਨੂੰ ਨਜ਼ੂਲ ਕਿਹਾ ਜਾਂਦਾ ਹੈ ਤੇ ਇਹ ਜਿਸ ਕੋਲ ਹੋਵੇ, ਉਹ ਵਰਤ ਸਕਦਾ ਹੈ, ਅੱਗੇ ਕਿਸੇ ਨੂੰ ਵੇਚਣ ਦਾ ਸੌਦਾ ਕਰ ਹੀ ਨਹੀਂ ਸਕਦਾ ਤੇ ਚੌਬੁਰਜੀ ਦੇ ਹਨੂੰਮਾਨ ਮੰਦਰ ਕੋਲ ਵੀ ਇਹ ਜ਼ਮੀਨ ਬਗੈਰ ਰਜਿਸਟਰੀ ਤੋਂ ਸੀ ਤੇ ਉਨ੍ਹਾਂ ਦਾਨ ਵਿੱਚ ਦੇਣ ਵੇਲੇ ਇਹ ਗੱਲ ਦੱਸ ਦਿੱਤੀ ਸੀ। ਉਸ ਦੀ ਰਜਿਸਟਰੀ ਕਰਨ-ਕਰਾਉਣ ਦੀ ਲੋੜ ਨਹੀਂ ਸੀ, ਪਰ ਰਜਿਸਟਰੀ ਦਾ ਨਾਟਕ ਇਸ ਜ਼ਮੀਨ ਨੂੰ ਨਜ਼ੂਲ ਦੀ ਸਰਕਾਰੀ ਜ਼ਮੀਨ ਦੱਸਣ ਦੇ ਬਜਾਏ ਮੇਅਰ ਦੇ ਭਤੀਜੇ ਦੇ ਨਿੱਜੀ ਮਾਲਕੀ ਦੱਸਣ ਵਾਸਤੇ ਜਾਅਲੀ ਮਾਲਕ ਖੜਾ ਕਰ ਕੇ ਉਸ ਕੋਲੋਂ ਇੱਕ ਰਜਿਸਟਰੀ ਕਰਵਾ ਕੇ ਆਪਣੇ ਨਾਂਅ ਕਰਵਾਉਣੀ ਤੇ ਰਾਮ ਮੰਦਰ ਦੇ ਨਾਂਅ ਵੇਚ ਕੇ ਢਾਈ ਕਰੋੜ ਰੁਪਏ ਦੀ ਕਮਾਈ ਕਰਨੀ ਸੀ। ਰਜਿਸਟਰੀ ਪਹਿਲੀ ਹੋਵੇ ਜਾਂ ਦੂਸਰੀ, ਇਹ ਸਾਰਾ ਕੁਝ ਉਨ੍ਹਾਂ ਲੀਡਰਾਂ ਨੇ ਕੀਤਾ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਰਾਮ-ਭਗਤ ਹਨ ਅਤੇ ਰਾਮ ਮੰਦਰ ਨਾਲ ਧੋਖਾ ਕਰਨ ਤੋਂ ਵੀ ਨਹੀਂ ਝਿਜਕੇ।
ਏਥੇ ਆ ਕੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਏਨਾ ਹਨੇਰ-ਖਾਤਾ ਹੁੰਦਾ ਹੈ ਤਾਂ ਸਰਕਾਰ ਦੇ ਅਧਿਕਾਰੀ ਕੀ ਕਰਦੇ ਹਨ, ਉਨ੍ਹਾਂ ਨੂੰ ਤਨਖਾਹਾਂ ਕਾਹਦੇ ਲਈ ਮਿਲਦੀਆਂ ਹਨ? ਇਹ ਜਾਨਣ ਲਈ ਵੀ ਕਿਸੇ ਤੀਸਰੇ ਰਾਜ ਦੀ ਕਹਾਣੀ ਪਾਉਣ ਦੀ ਥਾਂ ਏਸੇ ਉੱਤਰ ਪ੍ਰਦੇਸ਼ ਦਾ ਇੱਕ ਕਿੱਸਾ ਹੋਰ ਲੱਭ ਪਿਆ ਹੈ, ਜਿਸ ਤੋਂ ਸੋਚਿਆ ਜਾ ਸਕਦਾ ਹੈ ਕਿ ਉਸ ਰਾਜ ਵਿੱਚ ਏਦਾਂ ਦਾ ਕੰਮ ਅੱਜ ਨਹੀਂ ਹੋਣ ਲੱਗਾ, ਚਿਰਾਂ ਤੋਂ ਹੁੰਦਾ ਪਿਆ ਹੈ। ਪਿਛਲੇ ਹਫਤੇ ਕਾਨਪੁਰ ਵਿੱਚ ਪੁਲਸ ਨੇ ਕੁਝ ਬੱਚੇ ਚੌਕਾਂ ਵਿੱਚ ਭੀਖ ਮੰਗਦੇ ਫੜੇ ਤਾਂ ਸੋਚਿਆ ਕਿ ਕਿਸੇ ਆਸ਼ਰਮ ਵਿੱਚ ਭੇਜ ਦਿੱਤੇ ਜਾਣ। ਜਦੋਂ ਸਰਕਾਰ ਦੇ ਸਮਾਜ ਭਲਾਈ ਮਹਿਕਮੇ ਵੱਲੋਂ ਚਲਾਏ ਜਾਂਦੇ ਆਸ਼ਰਮ ਬਾਰੇ ਪੁੱਛਿਆ ਤਾਂ ਉਹ ਭੇਦ ਖੁੱਲ੍ਹ ਗਿਆ, ਜਿਸ ਬਾਰੇ ਕੋਈ ਸੋਚ ਨਹੀਂ ਸਕਦਾ। ਪਤਾ ਲੱਗਾ ਕਿ ਬੱਤੀ ਸਾਲ ਪਹਿਲਾਂ ਰਾਜ ਸਰਕਾਰ ਨੇ ਉਸ ਸ਼ਹਿਰ ਵਿੱਚ ਭਿਖਾਰੀਆਂ ਲਈ ਇੱਕ ਆਸ਼ਰਮ ਬਣਾਇਆ ਤੇ ਦੋ ਦਰਜਨ ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਸਨ, ਜਿਨ੍ਹਾਂ ਵਿੱਚੋਂ ਬਾਕੀ ਸਾਰੇ ਰਿਟਾਇਰ ਹੋ ਗਏ ਤੇ ਇਸ ਵਕਤ ਸਿਰਫ ਇੱਕ ਕਲਰਕ ਅਤੇ ਦੋ ਸੇਵਾਦਾਰ ਹਨ। ਉਸ ਆਸ਼ਰਮ ਵਿੱਚ ਭਿਖਾਰੀਆਂ ਦੇ ਰਹਿਣ ਲਈ ਅਠਾਰਾਂ ਕਮਰੇ ਤੇ ਕੰਮ ਕਰਨ ਦੀ ਟਰੇਨਿੰਗ ਦੇਣ ਲਈ ਚਾਰ ਹਾਲ ਕਮਰੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬੱਤੀ ਸਾਲਾਂ ਵਿੱਚ ਕਦੇ ਇੱਕ ਵੀ ਭਿਖਾਰੀ ਫੜ ਕੇ ਏਥੇ ਨਹੀਂ ਲਿਆਂਦਾ ਗਿਆ ਅਤੇ ਅਠਾਰਾਂ ਹਜ਼ਾਰ ਰੁਪਏ ਮਹੀਨਾ ਕਿਰਾਏ ਦੀ ਬਿਲਡਿੰਗ ਵਿੱਚ ਮੁਲਾਜ਼ਮ ਨੌਕਰੀ ਕਰਦੇ ਤੇ ਰਿਟਾਇਰ ਹੋ ਜਾਂਦੇ ਰਹੇ। ਇਨ੍ਹਾਂ ਬੱਤੀ ਸਾਲਾਂ ਵਿੱਚ ਇੱਕ ਵਾਰੀ ਮੁੱਖ ਮੰਤਰੀ ਐੱਨ ਡੀ ਤਿਵਾੜੀ ਦਾ ਰਾਜ ਸੀ, ਦੋ ਵਾਰੀ ਕਲਿਆਣ ਸਿੰਘ, ਤਿੰਨ ਵਾਰੀ ਬੀਬੀ ਮਾਇਆਵਤੀ, ਚਾਰ ਵਾਰੀ ਮੁਲਾਇਮ ਸਿੰਘ, ਇੱਕ ਵਾਰੀ ਭਾਰਤ ਦਾ ਅੱਜ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਇੱਕ ਵਾਰੀ ਮੁਲਾਇਮ ਸਿੰਘ ਦਾ ਮੁੰਡਾ ਰਾਜ ਕਰ ਚੁੱਕੇ ਹਨ, ਪਰ ਕਿਸੇ ਨੂੰ ਵੀ ਕਦੀ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੇ ਰਾਜ ਵਿੱਚ ਆਹ ਕੁਝ ਹੋਈ ਜਾਂਦਾ ਹੈ। ਜਿਸ ਰਾਜ ਵਿੱਚ ਹਰ ਰੰਗ ਦੀ ਪਾਰਟੀ ਦੀ ਸਰਕਾਰ ਦੌਰਾਨ ਇੱਕ ਡੱਕਾ ਵੀ ਤੋੜੇ ਬਿਨਾਂ ਬੱਤੀ ਸਾਲ ਬਾਈ ਮੁਲਾਜ਼ਮ ਤਨਖਾਹਾਂ ਲੈ ਕੇ ਸੇਵਾ-ਮੁਕਤ ਹੋ ਸਕਦੇ ਹਨ, ਭਗਵਾਨ ਰਾਮ ਦੇ ਨਾਂਅ ਉੱਤੇ ਜ਼ਮੀਨ ਖਰੀਦਣ ਲਈ ਰਾਮ ਮੰਦਰ ਦਾ ਇੱਕ ਟਰੱਸਟੀ ਤੇ ਰਾਮ ਦੀ ਨਗਰੀ ਦਾ ਮੇਅਰ ਠੱਗੀ-ਠੋਰੀ ਦੀ ਚਰਚਾ ਵਿੱਚ ਆ ਸਕਦੇ ਹਨ, ਉਸ ਰਾਜ ਵਿੱਚ ਹੋਰ ਕਿਹੜਾ ਪੁੱਠਾ ਕੰਮ ਨਹੀਂ ਹੁੰਦਾ ਹੋਵੇਗਾ, ਪਰ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਇਹ ਸਿਰਫ ਰਾਮ ਮੰਦਰ ਵਾਲੇ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ, ਭਾਰਤ-ਮਹਾਨ ਦੇ ਲਗਭਗ ਹਰ ਰਾਜ ਵਿੱਚ ਏਦਾਂ ਦੇ ਕਿੱਸੇ ਬਹੁਤ ਲੱਭ ਪੈਣਗੇ, ਕੋਈ ਲੱਭਣ ਵਾਲਾ ਚਾਹੀਦਾ ਹੈ। ਫਿਰ ਜਿਸ ਪੱਤਰਕਾਰ ਜਾਂ ਹੋਰ ਲੇਖਕ ਨੇ ਇਨ੍ਹਾਂ ਕਿੱਸਿਆਂ ਦੀ ਚਰਚਾ ਕਰਨੀ ਹੈ, ਉਸ ਉੱਤੇ ਦੇਸ਼-ਧ੍ਰੋਹ ਦਾ ਕੇਸ ਕੋਈ ਵੀ ਸਰਕਾਰ ਬਣਾ ਸਕਦੀ ਹੈ ਤੇ ਇਸ ਦਾ ਚੇਤਾ ਰੱਖਣਾ ਚਾਹੀਦਾ ਹੈ, ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਬਾਵਜੂਦ ਭਾਰਤ ਦੀਆਂ ਸਰਕਾਰਾਂ ਨੇ ਏਦਾ ਕਰਨ ਤੋਂ ਟਲਣਾ ਨਹੀਂ।