ਟੀਕਾਕਰਨ ਉਤਸਵ - ਚੰਦ ਫਤਿਹਪੁਰੀ
ਬੀਤੇ ਡੇਢ ਵਰ੍ਹੇ ਦੇ ਕੋਰੋਨਾ ਮਹਾਂਮਾਰੀ ਦੇ ਦਿਨਾਂ ਦੌਰਾਨ ਭਾਰਤੀ ਲੋਕਾਂ ਨੇ ਅਥਾਹ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ । ਹਕੂਮਤੀ ਫਰਮਾਨ ਰਾਹੀਂ ਅਚਨਚੇਤ ਲਾਏ ਲੰਮੇ ਲਾਕਡਾਊਨ ਨੇ ਲੱਖਾਂ ਲੋਕਾਂ ਦਾ ਰੁਜ਼ਗਾਰ ਨਿਗਲ ਲਿਆ ਸੀ । ਰੇਲਾਂ-ਬੱਸਾਂ ਦੀ ਬੰਦੀ ਕਾਰਨ ਭੁੱਖ ਦੇ ਸਤਾਏ ਲੱਖਾਂ ਲੋਕ ਮਹਾਂਨਗਰਾਂ ਤੋਂ ਘਰ ਵਾਪਸੀ ਲਈ ਪੈਦਲ ਹੀ ਲੰਮੇ ਪੈਂਡੇ 'ਤੇ ਨਿਕਲਣ ਲਈ ਮਜਬੂਰ ਹੋ ਗਏ ਸਨ । ਹਜ਼ਾਰਾਂ ਮੀਲ ਲੰਮੀ ਵਾਟ ਤੇ ਭੁੱਖੇ-ਭਾਣੇ ਸੈਂਕੜੇ ਲੋਕਾਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ ਸੀ | ਉਸ ਤ੍ਰਾਸਦੀ ਦੀ ਤਸਵੀਰ ਜਦੋਂ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ।
ਹੈਰਾਨੀ ਤਾਂ ਇਹ ਹੈ ਕਿ ਏਨੀ ਵੱਡੀ ਮਨੁੱਖੀ ਤ੍ਰਾਸਦੀ ਦੇ ਬਾਵਜੂਦ ਤਾਨਾਸ਼ਾਹ ਹਾਕਮ ਇਸ ਮੁਸੀਬਤ ਦੇ ਵਕਤ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ । ਕਦੇ ਲੋਕਾਂ ਨੂੰ ਥਾਲੀਆਂ-ਟੱਲੀਆਂ ਖੜਕਾਉਣ ਤੇ ਕਦੇ ਮੋਮਬੱਤੀਆਂ ਜਗਾਉਣ ਵਰਗੇ ਅੰਧ-ਵਿਸ਼ਵਾਸੀ ਟੋਟਕਿਆਂ ਮਗਰ ਲਾਮਬੰਦ ਕਰਦੇ ਰਹੇ । ਸਿਹਤ ਸੇਵਾਵਾਂ ਨੂੰ ਚੁਸਤ-ਦਰੁੱਸਤ ਕਰਨ ਦੀ ਥਾਂ ਹਸਪਤਾਲਾਂ 'ਤੇ ਹਵਾਈ ਜਹਾਜ਼ਾਂ ਰਾਹੀਂ ਫੁੱਲ ਵਰਸਾ ਕੇ ਤੇ ਬੈਂਡ-ਵਾਜੇ ਵਜਾ ਕੇ ਇੱਕ ਤੋਂ ਬਾਅਦ ਇੱਕ ਉਤਸਵ ਮਨਾਉਂਦੇ ਰਹੇ । ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਕੋਰੋਨਾ ਦੇ ਕੇਸ ਘੱਟ ਆਉਣੇ ਸ਼ੁਰੂ ਹੋ ਗਏ ਤਾਂ ਸਾਡੇ ਹਾਕਮ ਨੇ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ, ਜਦੋਂ ਕਿ ਵਿਸ਼ਵ ਸਿਹਤ ਸੰਸਥਾ ਦੂਜੀ ਲਹਿਰ ਦੇ ਆਉਣ ਦੀਆਂ ਚਿਤਾਵਨੀਆਂ ਦੇ ਰਹੀ ਸੀ । ਕੋਰੋਨਾ ਉੱਤੇ ਜਿੱਤ ਦੇ ਨਸ਼ੇ ਵਿੱਚ ਜਦੋਂ ਹਾਕਮ ਬੰਗਾਲ ਜਿੱਤਣ ਲਈ ਚੋਣ-ਯੁੱਧ ਵਿੱਚ ਮਗਨ ਸਨ, ਦੂਜੀ ਲਹਿਰ ਨੇ ਆਪਣਾ ਬਿਗਲ ਵਜਾ ਦਿੱਤਾ ਸੀ । ਇਸ ਦੂਜੀ ਲਹਿਰ ਨੇ ਜੋ ਤਬਾਹੀ ਕੀਤੀ, ਉਹ ਕਿਸੇ ਤੋਂ ਛੁਪੀ ਹੋਈ ਨਹੀਂ । ਹਸਪਤਾਲਾਂ ਦੇ ਗੇਟਾਂ ਉੱਤੇ ਬੈੱਡ ਮਿਲਣ ਦੀ ਉਡੀਕ ਵਿੱਚ ਬੈਠੇ ਮਰੀਜ਼ ਇਹ ਅਰਦਾਸਾਂ ਕਰ ਰਹੇ ਸਨ ਕਿ ਅੰਦਰ ਦਾਖ਼ਲ ਕੋਈ ਮਰੀਜ਼ ਮਰੇ ਤਾਂ ਜੋ ਉਸ ਦਾ ਬੈੱਡ ਉਸ ਨੂੰ ਮਿਲ ਸਕੇ । ਆਕਸੀਜਨ ਦੀ ਕਮੀ ਕਾਰਨ ਮਰੀਜ਼ ਤੜਫ-ਤੜਫ ਕੇ ਮਰ ਰਹੇ ਸਨ । ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਵਾਰੀ ਦੀ ਉਡੀਕ ਕਰਦੀਆਂ ਲਾਸ਼ਾਂ ਦੀਆਂ ਕਤਾਰਾਂ ਏਨੀਆਂ ਲੰਮੀਆਂ ਹੋ ਚੁੱਕੀਆਂ ਸਨ ਕਿ 20-20 ਘੰਟੇ ਪਿੱਛੋਂ ਵਾਰੀ ਆ ਰਹੀ ਸੀ । ਗੰਗਾ-ਜਮਨਾ ਵਿੱਚ ਤਰਦੀਆਂ ਲਾਸ਼ਾਂ ਤੇ ਕਿਨਾਰਿਆਂ ਉਤਲੀ ਰੇਤ ਵਿੱਚ ਦਫ਼ਨ ਲਾਸ਼ਾਂ ਨੂੰ ਕੁੱਤੇ ਘਸੀਟ ਰਹੇ ਸਨ । ਏਨਾ ਕੁਝ ਹੋਣ ਦੇ ਬਾਵਜੂਦ ਤਾਨਾਸ਼ਾਹ ਹਾਕਮਾਂ ਨੇ ਆਪਣੀਆਂ ਨਾਕਾਮੀਆਂ ਉੱਤੇ ਕਦੇ ਵੀ ਕੋਈ ਅਫ਼ਸੋਸ ਪ੍ਰਗਟ ਨਾ ਕੀਤਾ ।
ਆਖਰ ਜਦੋਂ ਹਾਲਤ ਬੇਹੱਦ ਖ਼ਰਾਬ ਹੋ ਗਏ ਤੇ ਇਹ ਗਿਆਨ ਹੋ ਗਿਆ ਕਿ ਕੋਰੋਨਾ ਨੇ ਨਾ ਥਾਲੀਆਂ ਖੜਕਾਏ ਭੱਜਣਾ ਹੈ ਤੇ ਨਾ ਗਊ ਮੂਤਰ ਨੇ ਕੋਈ ਕੰਮ ਕਰਨਾ ਹੈ, ਇਸ ਦਾ ਇੱਕੋ-ਇੱਕ ਹਲ ਟੀਕਾਕਰਨ ਹੈ ਤਾਂ ਇਹ ਕੰਮ ਆਪਣੇ ਗਲੋਂ ਲਾਹ ਕੇ ਸੂਬਿਆਂ ਨੂੰ ਸੌਂਪ ਦਿੱਤਾ । ਮਤਲਬ ਸਾਫ਼ ਸੀ ਕਿ ਨਾਕਾਮੀ ਦਾ ਭਾਂਡਾ ਰਾਜਾਂ ਸਿਰ ਭੱਜੇ ਤੇ ਕੇਂਦਰ ਬਦਨਾਮੀ ਤੋਂ ਬਚਿਆ ਰਹੇ, ਪਰ ਜਦੋਂ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਹੱਥ 'ਚ ਲੈ ਕੇ ਕੇਂਦਰ ਤੋਂ ਸਾਰਾ ਲੇਖਾ-ਜੋਖਾ ਮੰਗ ਲਿਆ, ਤਦ ਹਾਕਮਾਂ ਨੂੰ ਹੋਸ਼ ਆਈ ਤੇ ਉਨ੍ਹਾਂ ਨੂੰ ਐਲਾਨ ਕਰਨਾ ਪਿਆ ਕਿ ਸਾਰੀ ਅਬਾਦੀ ਦਾ ਮੁਫ਼ਤ ਟੀਕਾਕਰਨ ਕੇਂਦਰ ਕਰੇਗਾ । ਇਸ ਮੁਹਿੰਮ ਦੀ ਸ਼ੁਰੂਆਤ ਲਈ 21 ਜੂਨ ਦਾ ਯੋਗ ਦਿਵਸ ਦਾ ਦਿਨ ਮਿਥਿਆ ਗਿਆ, ਤਾਂ ਜੋ ਇਸ ਨੂੰ ਵੀ ਉਤਸਵ ਵਜੋਂ ਪੇਸ਼ ਕੀਤਾ ਜਾ ਸਕੇ ।
21 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਰਾਜਾਂ ਰਾਹੀਂ ਹਰ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ | ਇਸ ਦਿਨ 86 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ । ਇਸ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ, 'ਅੱਜ ਦੀ ਰਿਕਾਰਡਤੋੜ ਟੀਕਾਕਰਨ ਗਿਣਤੀ ਖੁਸ਼ੀ ਦੇਣ ਵਾਲੀ ਹੈ |' ਕੇਂਦਰੀ ਸਿਹਤ ਮੰਤਰੀ ਨੇ ਇਥੋਂ ਤੱਕ ਦਾਅਵਾ ਕਰ ਦਿੱਤਾ ਕਿ ਭਾਰਤ ਨੇ ਟੀਕਾਕਰਨ ਵਿੱਚ ਵਰਲਡ ਰਿਕਾਰਡ ਬਣਾ ਦਿੱਤਾ ਹੈ, ਹਾਲਾਂਕਿ ਚੀਨ ਨੇ ਕਿਹਾ ਸੀ ਕਿ ਉਹ ਹਰ ਰੋਜ਼ ਦੋ ਕਰੋੜ ਲੋਕਾਂ ਦਾ ਟੀਕਾਕਰਨ ਕਰ ਰਿਹਾ ਹੈ । ਇਸ ਅਖੌਤੀ ਵਰਲਡ ਰਿਕਾਰਡ ਪਿੱਛੇ ਵੀ ਹਾਕਮਾਂ ਦੀ ਬੇਈਮਾਨੀ ਛੁਪੀ ਹੋਈ ਹੈ । ਅਸਲ ਵਿੱਚ ਭਾਜਪਾ ਸ਼ਾਸਤ ਰਾਜਾਂ ਨੇ ਪਿਛਲੇ ਕੁਝ ਸਮੇਂ ਤੋਂ ਟੀਕਾਕਰਨ ਦਾ ਕੰਮ ਮੱਠਾ ਕਰਕੇ ਵੈਕਸੀਨ ਬਚਾਉਣੀ ਸ਼ੁਰੂ ਕਰ ਦਿੱਤੀ ਸੀ, ਤਾਂ ਜੋ "ਸਾਹਿਬ" ਦੀ ਛਵੀ ਨੂੰ ਚਮਕਾਉਣ ਲਈ 'ਵੈਕਸੀਨ ਉਤਸਵ' ਮਨਾਇਆ ਜਾ ਸਕੇ ।
ਮੱਧ ਪ੍ਰਦੇਸ਼ ਵਿੱਚ 20 ਜੂਨ ਨੂੰ 692 ਕੋਰੋਨਾ ਟੀਕੇ ਲੱਗੇ, ਜਦੋਂ ਕਿ 21 ਜੂਨ ਨੂੰ 17 ਲੱਖ ਟੀਕੇ ਲਾਏ ਗਏ । ਕਰਨਾਟਕ ਵਿੱਚ 20 ਜੂਨ ਨੂੰ 68,172 ਟੀਕੇ ਲੱਗੇ ਤੇ 21 ਜੂਨ ਨੂੰ 11 ਲੱਖ 21 ਹਜ਼ਾਰ 648 ਟੀਕੇ ਲੱਗੇ । ਇਸੇ ਤਰ੍ਹਾਂ ਯੂ ਪੀ ਵਿੱਚ 20 ਜੂਨ ਨੂੰ 8800 ਟੀਕੇ ਲੱਗੇ ਤੇ 21 ਜੂਨ ਨੂੰ 7 ਲੱਖ 25 ਹਜ਼ਾਰ 898 ਟੀਕੇ ਲੱਗੇ । ਗੁਜਰਾਤ ਵਿੱਚ 20 ਜੂਨ ਨੂੰ 1 ਲੱਖ 89 ਹਜ਼ਾਰ, 953 ਟੀਕੇ ਲੱਗੇ ਤੇ 21 ਜੂਨ ਨੂੰ 5 ਲੱਖ 10 ਹਜ਼ਾਰ 434 'ਤੇ ਹਰਿਆਣੇ ਵਿੱਚ 20 ਜੂਨ ਨੂੰ 37 ਹਜ਼ਾਰ 537 ਟੀਕੇ ਲੱਗੇ ਤੇ 21 ਜੂਨ ਨੂੰ 4 ਲੱਖ 96 ਹਜ਼ਾਰ 598 । ਇਸ ਤੋਂ ਸਾਫ਼ ਹੈ ਕਿ 86 ਲੱਖ ਲੱਗੇ ਟੀਕਿਆਂ ਵਿੱਚੋਂ 45 ਲੱਖ 64 ਹਜ਼ਾਰ ਸਿਰਫ਼ ਭਾਜਪਾ ਸ਼ਾਸਤ 4 ਰਾਜਾਂ ਵਿੱਚ ਲੱਗੇ, ਜਿਹੜੇ ਇਸ ਵੈਕਸੀਨ ਉਤਸਵ ਮਨਾਉਣ ਲਈ ਬਚਾ ਕੇ ਰੱਖੇ ਗਏ ਸਨ | ਇੰਜ ਟੀਕੇ ਇਕੱਠੇ ਕਰਨ ਦੀ ਖੇਡ ਵਿੱਚ ਕਿੰਨੇ ਵਿਅਕਤੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ, ਇਸ ਦੀ ਹਾਕਮਾਂ ਨੂੰ ਕੋਈ ਚਿੰਤਾ ਨਹੀਂ ।
ਸਵਾਲ ਇਹ ਹੈ ਕਿ ਸਰਕਾਰ ਨੇ 86 ਲੱਖ ਟੀਕੇ ਲਗਾ ਕੇ ਉਤਸਵ ਤਾਂ ਮਨਾ ਲਿਆ, ਪਰ ਕੀ ਇਹ ਇਸ ਰਫ਼ਤਾਰ ਨੂੰ ਕਾਇਮ ਰੱਖ ਸਕੇਗੀ, ਬਿਲਕੁਲ ਨਹੀਂ । ਮੱਧ ਪ੍ਰਦੇਸ਼ ਸਰਕਾਰ ਦਾ ਤਾਂ ਸਾਹ ਅਗਲੇ ਦਿਨ ਹੀ ਚੜ੍ਹ ਗਿਆ, ਜਦੋਂ 22 ਜੂਨ ਨੂੰ ਉਹ 5000 ਟੀਕੇ ਵੀ ਨਹੀਂ ਲਾ ਸਕੀ । ਉਂਜ ਵੀ ਰੋਜ਼ਾਨਾ 80 ਲੱਖ ਟੀਕੇ ਲਾਉਣ ਲਈ 30 ਜੁਲਾਈ ਤੱਕ 30 ਕਰੋੜ ਟੀਕਿਆਂ ਦੀ ਜ਼ਰੂਰਤ ਪਵੇਗੀ, ਪਰ ਉਤਪਾਦਨ 15 ਕਰੋੜ ਦੇ ਆਸ-ਪਾਸ ਰਹੇਗਾ । ਇਸ ਲਈ ਜ਼ਰੂਰੀ ਉਤਸਵ ਮਨਾਉਣਾ ਨਹੀਂ, ਵੈਕਸੀਨ ਦੀ ਉਪਲਭਤਾ ਵਧਾਉਣਾ ਹੈ । ਇਸ ਸਮੇਂ ਸਾਡੇ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦਾ ਨਵਾਂ ਵੈਰੀਏਟ ਦਸਤਕ ਦੇ ਚੁੱਕਾ ਹੈ, ਇਸ ਤੋਂ ਬਚਣ ਦਾ ਇੱਕੋ-ਇੱਕ ਵਸੀਲਾ ਟੀਕਾਕਰਨ ਹੈ ।