ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
20 June 2021
ਰਾਮ ਮੰਦਰ ਜ਼ਮੀਨ ਘਪਲਾ: ਅਸੀਂ ਦੋਸ਼ਾਂ ਦੀ ਪ੍ਰਵਾਹ ਨਹੀਂ ਕਰਦੇ- ਮੰਦਰ ਟਰਸਟੀ
ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।
ਨੀਦਰਲੈਂਡ ਦੀ ਰਾਜਕੁਮਾਰੀ ਨੇ 14 ਕਰੋੜ ਦਾ ਸਾਲਾਨਾ ਭੱਤਾ ਲੈਣ ਤੋਂ ਕੀਤਾ ਇਨਕਾਰ-ਇਕ ਖ਼ਬਰ
ਬੀਬੀ ਇਹ ਪੈਸੇ ਭਾਰਤ ਦੇ ਸਿਆਸਤਦਾਨਾਂ ਨੂੰ ਭੇਜ ਦੇ, ਵਿਚਾਰਿਆਂ ਦਾ ਗੁਜ਼ਾਰਾ ਬੜਾ ਮੁਸ਼ਕਿਲ ਨਾਲ ਹੁੰਦੈ।
ਕਾਂਸ਼ੀ ਰਾਮ ਗੇਟ ਦਾ ਵਿਰੋਧ ਕਰਨ ਵਾਲੇ ਅਕਾਲੀ ਹੁਣ ਮਜਬੂਰੀ ਬਸ ਬਸਪਾ ਨਾਲ ਸਮਝੌਤਾ ਕਰ ਰਹੇ ਹਨ- ਅਵਿਨਾਸ਼ ਚੰਦਰ
ਅਵਿਨਾਸ਼ ਜੀ ਸਿਆਣੇ ਕਹਿੰਦੇ ਆ ਕਿ ਲੋੜ ਵੇਲੇ ....ਧੇ ਨੂੰ ਵੀ ਬਾਪ ਕਹਿਣਾ ਪੈਂਦੈ।
ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਮਿਲੇਗੀ ਰਾਹਤ- ਬਾਇਡਨ
ਆ ਵੇ ਨਾਜਰਾ ਜਾਹ ਵੇ ਨਾਜਰਾ, ਬੋਤਾ ਬੰਨ੍ਹ ਦਰਵਾਜ਼ੇ।
ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ- ਕਿਸਾਨ ਮੋਰਚਾ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਕੈਨੇਡਾ ਰਹਿੰਦੇ ਵਿਅਕਤੀ ਦਾ ਪਲਾਟ ਪਿਓ ਤੇ ਭੈਣਾਂ ਨੇ ਧੋਖੇ ਨਾਲ ਵੇਚਿਆ-ਇਕ ਖ਼ਬਰ
ਯਮਲੇ ਨੇ ਤਾਂ ਹੀ ਗਾਇਆ ਸੀ: ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ।
ਕਿਸਾਨਾਂ ਦੀ ਹਮਾਇਤ ਵਿਚ ਉੱਤਰੀਆਂ ਕਈ ਟਰੇਡ ਯੂਨੀਅਨਾਂ- ਇਕ ਖ਼ਬਰ
ਮੁੰਡਾ ਤੇਰਾ ਮੈਂ ਚੁੱਕ ਲਊਂ, ਚਲ ਚਲੀਏ ਜਰਗ ਦੇ ਮੇਲੇ।
ਪੰਜਾਬ ਕਾਂਗਰਸ ਨੂੰ ਸੰਭਾਲਣ ਲਈ ਗੰਭੀਰ ਹੋਈ ਸੋਨੀਆ ਗਾਂਧੀ-ਇਕ ਖ਼ਬਰ
ਪੌੜੀ ਪੌੜੀ ਚੜ੍ਹਦੀ ਜਾਹ, ਜੈ ਮਾਤਾ ਦੀ ਕਰਦੀ ਜਾਹ।
ਗਿਆਨੀ ਮਾਨ ਸਿੰਘ ਆਪਣੇ ਨਾਲ਼ ਹੋਏ ਧੱਕੇ ਬਾਰੇ ਸੰਗਤਾਂ ਨੂੰ ਦੱਸਣ- ਸਰਚਾਂਦ ਸਿੰਘ ਖਿਆਲਾ
ਕੁਝ ਬੋਲ ਵੇ ਦਿਲਾਂ ਦੀ ਘੁੰਢੀ ਖੋਲ੍ਹ ਵੇ.................
ਪੰਜਾਬ ਨਾਲ ਸਬੰਧਤ ਕਈ ਸਿੱਖ ਸ਼ਖ਼ਸੀਅਤਾਂ ਭਾਜਪਾ ‘ਚ ਸ਼ਾਮਲ- ਇਕ ਖ਼ਬਰ
ਚੜ੍ਹ ਜਾਉ ਬੱਚਿਉ ਸੂਲੀ, ਰਾਮ ਭਲੀ ਕਰੇਗਾ।
2022 ਚੋਣਾਂ ਤੋਂ ਬਾਅਦ ਬਸਪਾ ਨੂੰ ਅਕਾਲੀਆਂ ਨਾਲ ਸਮਝੌਤਾ ਕਰ ਕੇ ਪਛਤਾਉਣਾ ਪਵੇਗਾ-ਢੀਂਡਸਾ
ਲਾ ਕੇ ਬਲੋਚਾਂ ਨਾਲ਼ ਯਾਰੀ, ਨੀਂ ਥਲ਼ਾਂ ਵਿਚ ਰੁਲ਼ ਜਾਏਂਗੀ।
ਕੇਂਦਰ ਸਰਕਾਰ ਨੇ ਮੁਕੁਲ ਰਾਏ ਦੀ ਜ਼ੈੱਡ ਸਕਿਉਰਿਟੀ ਵਾਪਸ ਲਈ-ਇਕ ਖ਼ਬਰ
ਯਾਰੀ ਲੱਗੀ ‘ਤੇ ਲੁਆ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।
ਚੀਨ ਆਲਮੀ ਸੁਰੱਖਿਆ ਲਈ ਚੁਣੌਤੀ- ਨਾਟੋ
ਸਭ ਪਾਸੇ ਪੁਆੜੇ ਪਾਉਂਦਾ, ਨੀਂ ਮਰ ਜਾਣਾ ਅਮਲੀ।
ਟਰੇਡ ਯੂਨੀਅਨਾਂ ਦੇ ਸਮਰਥਨ ਨਾਲ਼ ਕਿਸਾਨਾਂ ਦੇ ਹੌਸਲੇ ਬੁਲੰਦ- ਇਕ ਖ਼ਬਰ
ਤੇਰੇ ਪਿਆਰ ਵਿਚ ਰੰਗ ਲਈ ਵੇ, ਮੈਂ ਤਾਂ ਚੁੰਨੀ ਜੋਗੀਆ।