ਮਹਿੰਗਾਈ ਨੇ ਕੀਤਾ ਨੱਕ ਵਿੱਚ ਦਮ : ਰਸੋਈ ਵਸਤਾਂ ਆਮ ਬੰਦੇ ਦੀ ਪਹੁੰਚ ਤੋਂ ਹੋਈਆਂ ਦੂਰ - ਗੁਰਜੀਵਨ ਸਿੰਘ ਸਿੱਧੂ ਨਥਾਣਾ


ਭਾਜਪਾ ਸਰਕਾਰ ਨੇ ਦੂਜੀ ਵਾਰ ਸਤਾ ਵਿੱਚ ਆਉਣ ਤੇ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ ਭਾਰਤ ਵਾਸੀਆਂ ਦੇ ਅੱਛੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ, ਪਰ ਹੋਇਆ ਸਭ ਇਸ ਦੇ ਉਲਟ ਹੀ ਹਰ ਰੋਜ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕੇਂਦਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ,ਜਿਸ ਨਾਲ ਮਹਿੰਗਾਈ ਨੇ ਸਿਖਰਾਂ ਨੂੰ ਛੂਹ ਲਿਆ ਹੈ। ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਵੀ ਹੁਣ ਮੁਸ਼ਕਿਲ ਹੋ ਗਿਆ ਹੈ। ਇੱਕ ਦਿਹਾੜੀਦਾਰ ਬੰਦਾ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਰਸੋਈ ਦੀ ਜਰੂਰਤ ਲਈ ਜਰੂਰੀ ਵਸਤਾਂ ਵੀ ਨਹੀਂ ਖਰੀਦ ਸਕਦਾ। ਗਰੀਬ ਵਰਗ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਦਾਲਾਂ,ਡਾਲਡਾ ਘਿਓ, ਸਰੋਂ ਦੇ ਤੇਲ ਦੇ ਭਾਅ ਦੋ ਮਹੀਨਿਆਂ ਵਿੱਚ ਦੁੱਗਣੇ ਹੋ ਗਏ। ਹਰ ਰੋਜ਼ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ,ਕਿਸਾਨ ਖੁਦਕੁਸ਼ੀ ਕਰ ਰਹੇ ਹਨ,ਦਵਾਈਆਂ ਦੀਆਂ ਕੀਮਤਾਂ ਵਧ ਰਹੀਆਂ ਹਨ,ਪ੍ਰਾਈਵੇਟ ਸੰਸਥਾ ਕੋਈ ਹੋਵੇ ਲੁੱਟ ਹੀ ਲੁੱਟ। ਜਿਥੇ ਸਰਕਾਰਾਂ ਦਾ ਕੋਈ ਧਿਆਨ ਹੀ ਨਹੀ,ਪ੍ਰਾਈਵੇਟ ਡਾਕਟਰ ਹਸਪਤਾਲਾਂ  ਵਿੱਚ  ਮਰੀਜ਼ਾਂ ਦੀ ਲੁੱਟ ਕਰ ਰਹੇ ਹਨ। ਘਰੇਲੂ ਰਸੋਈ ਵਿੱਚ ਲੋੜੀਂਦੇ ਸਮਾਨ ਦੀਆਂ ਵਧੀਆਂ ਕੀਮਤਾਂ ਨੇ ਭੁੱਖਮਰੀ ਵੱਲ ਧਕੇਲ ਕੇ ਰੱਖ ਦਿੱਤਾ ਹੈ। ਪਟਰੌਲ ਡੀਜ਼ਲ ਦੀਆਂ ਕੀਮਤਾਂ ਕੱਚੇ ਕਰੂਡ ਦੇ ਰੇਟ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ,ਜਦ ਕਰੂਡ ਦਾ ਰੇਟ ਵਧ ਜਾਵੇ ਤਾਂ ਪਟਰੌਲ਼ ਡੀਜ਼ਲ ਦੀਆਂ ਕੀਮਤਾਂ ਬੜੀ ਤੇਜ਼ੀ ਨਾਲ ਵਧ ਜਾਂਦੀਆਂ ਹਨ,ਜਦ ਕਰੂਡ ਦੀ ਕੀਮਤ ਘਟ ਜਾਵੇ ਤਾਂ ਸਰਕਾਰ ਲੋਕਾਂ ਨਾਲ ਮਜ਼ਾਕ ਕਰਦੀ ਨਜ਼ਰ ਆਉਦੀ ਹੈ।
ਕਿਸਾਨ ਖੁਦਕੁਸ਼ੀ ਦਾ ਸਹੀ ਕਾਰਨ ਕਿਸੇ ਵੀ ਸਰਕਾਰ ਨੇ ਨਹੀਂ ਲੱਭਿਆ,ਸੂਬਾ ਸਰਕਾਰਾਂ ਆਪਣੇ ਵੋਟ ਬੈਂਕ ਦੀ ਖਾਤਰ ਸੋਚਦੀਆਂ ਹਨ ਕਿ ਜੇਕਰ ਕਿਸਾਨਾਂ ਦਾ ਥੋੜਾ ਬਹੁਤਾਂ ਕਰਜਾ ਮੁਆਫ ਕਰ ਦਿੱਤਾ ਜਾਵੇ ਇਸ ਨਾਲ ਕਿਸਾਨ ਖੁਦਕੁਸ਼ੀ ਰੁਕ ਸਕਦੀ ਹੈ ਤਾਂ ਇਹ ਸਰਕਾਰਾਂ ਦਾ ਸੋਚਣਾ ਗਲਤ ਸਾਬਤ ਹੋਇਆ ਹੈ। ਨਾ ਤਾਂ ਕਰਜਾ ਮੁਆਫੀ ਨਾਲ ,ਨਾ ਬਿਜਲੀ ਮੁਫਤ ਨਾਲ,ਨਾ ਹੀ ਕੋਈ ਹੋਰ ਬੀਜ਼ ਅਤੇ ਖਾਦ ਸਬਸਿਡੀ ਨਾਲ ਕਿਸਾਨ ਖੁਦਕੁਸ਼ੀ ਰੁਕਣ ਦਾ ਨਾਂਅ ਹੀ ਨਹੀਂ ਲੈਂਦੀ। ਸਰਕਾਰਾਂ ਨੂੰ ਖਾਦਾਂ,ਕੀੜੇਮਾਰ ਦਵਾਈਆਂ,ਤੇਲ ਆਦਿ ਦੇ ਰੇਟ ਵਧਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਿੱਚ ਵਾਧਾ ਹੋਣਾ ਚਾਹੀਦਾ ਸੀ ਤਾਂ ਜੋ ਕਿਸਾਨਾਂ ਦੀ ਲਾਗਤ ਨਾਲੋਂ ਫਸਲ ਦਾ ਵੱਧ ਤੋਂ ਵੱਧ ਮੁੱਲ ਦਿੱਤਾ ਜਾਵੇ,ਸੁਵਾਮੀ-ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਜਿਸ ਨਾਲ ਕਿਸਾਨ ਖੁਸ਼ਹਾਲ ਹੋਵੇ,ਖੂਦਕੁਸ਼ੀ ਦਾ ਰਾਹ ਤਿਆਗੇ।
ਵਪਾਰ ਬਿਜ਼ਨਿਸ ਸਾਡੇ ਮੁਲਕ ਦੀ ਪੰਦਰਾਂ ਤੋਂ ਵੀਹ ਫੀਸਦੀ ਘਰਾਂ ਦੀ ਆਮਦਨ ਪੱਚੀ ਹਜ਼ਾਰ  ਤੋਂ ਤੀਹ ਹਜ਼ਾਰ ਰੁਪਏ ਮਹੀਨਾ ਹੈ। ਨੱਬ੍ਹੇ ਫੀਸਦੀ ਦੁਕਾਨਦਾਰਾਂ ਦੀ ਇਕ ਦਿਨ ਦੀ ਵਿਕਰੀ ਤਿੰਨ ਹਜ਼ਾਰ ਰੁਪਏ ਤੋਂ ਵੀ ਘੱਟ ਹੈ,ਜਿਸ ਵਿੱਚ ਸੱਠ ਫੀਸਦੀ ਦੁਕਾਨਦਾਰਾਂ ਦੀ ਇੱਕ ਦਿਨ ਵਿੱਚ ਦੋ ਹਜ਼ਾਰ ਰੁਪਏ ਤੋਂ ਘੱਟ ਅਤੇ ਤੀਹ ਫੀਸਦੀ ਅਜਿਹੇ ਦੁਕਾਨਦਾਰ ਹਨ ਜਿੰਨ੍ਹਾਂ ਦੀ ਇੱਕ ਦਿਨ ਦੀ ਵਿਕਰੀ ਹਜ਼ਾਰ ਰੁਪਏ ਤੋਂ ਵੀ ਘੱਟ ਹੈ ਅਤੇ ਦੇਸ਼ ਦੇ ਉਹ ਦਸ ਫੀਸਦੀ ਲੋਕ ਜਿਹੜੇ ਦੇਸ਼ ਅਤੇ ਸਰਕਾਰ ਨੂੰ ਲੁੱਟ ਰਹੇ ਹਨ। ਇੰਨ੍ਹਾ ਦਸ ਫੀਸਦੀ ਲੋਕਾਂ ਨੇ ਭਾਰਤ ਦੀਆਂ ਬੈਂਕਾਂ ਨੂੰ ਕੰਗਾਲ ਕਰ ਰੱਖਿਆ ਹੈ।
ਬੇਰੁਜਗਾਰੀ ! ਬੇਰੁਜਗਾਰੀ ਭਾਰਤ ਵਿਚ ਇੰਨ੍ਹੀ ਜਿਆਦਾ ਹੈ ਕਿ ਇਹ ਹਰ ਘਰ ਦੇ ਬੂਹੇ ਤੇ ਖੜ੍ਹੀ ਨਜ਼ਰ ਆਉਦੀ ਹੈ। ਦੇਸ਼ ਦੇ ਲੀਡਰ ਫੋਕੀ ਲੀਡਰੀ ਚਮਕਉਣ ਲਈ ਬੇਟੀ ਪੜਾਓ ਦੇ ਨਾਅਰੇ ਦਿੰਦੇ ਹਨ। ਅੱਜ ਉਹ ਲੀਡਰ ਉਸ ਮਾਂ-ਬਾਪ ਤੋਂ ਜਾ ਕੇ ਪੁੱਛਣ ਕਿ ਤੁਹਾਡੀ ਬੇਟੀ ਕਿੰਨਾ ਪੜ੍ਹੀ ਹੈ ? ਅੱਜ ਦੇ ਸਮੇਂ ਗਰੀਬ ਮਾਂ-ਬਾਪ ਆਪਣੇ ਬੱਚਿਆਂ ਪੁੱਤਰ ਹੋਵੇ ਜਾਂ ਪੁੱਤਰੀ ਲੱਖਾਂ ਰੁਪਏ ਪੜ੍ਹਾਈ ਤੇ ਖਰਚ ਕੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਰਹੇ ਹਨ ਪਰ ਸਰਕਾਰ ਇੰਨ੍ਹਾਂ ਉੱਚ ਡਿਗਰੀ ਪ੍ਰਾਪਤ ਬੱਚਿਆਂ ਦੇ ਨਾਲ ਖਿਲਵਾੜ ਕਰ ਰਹੀ ਹੈ। ਕਿਸੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ। ਗਰੀਬ ਬੱਚੇ ਉੱਚ ਡਿਗਰੀ ਪ੍ਰਾਪਤ ਕਰਕੇ ਆਪਣਾ ਛੋਟਾ ਮੋਟਾ ਕੰਮ ਕਰਨਾ ਨਹੀਂ ਚਾਹੂੰਦੇ। ਸਰਕਾਰ ਨੂੰ ਇੰਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਵੱਧ ਤੋਂ ਵੱਧ ਸੋਚਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਪੜ੍ਹੇ ਲਿਖੇ ਬੱਚੇ ਦੇਸ਼ ਦਾ ਭਵਿੱਖ,ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ,ਜੇ ਇਸ ਤਰ੍ਹਾਂ ਆਪਣੇ ਦੇਸ਼ ਦਾ ਭਵਿੱਖ ਦੇਸ਼ ਤੋਂ ਬਾਹਰ ਜਾਵੇ ਤਾਂ ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕੀ ਹਾਲ ਹੋਵੇਗਾ ? ਮੋਦੀ ਦੀ ਭਾਜਪਾ ਸਰਕਾਰ ਨੂੰ ਭਾਰਤ ਦੇ ਅੱਛੇ ਦਿਨ ਆਣੇ ਵਾਲੇ ਹੈ, ਬਾਰੇ ਮੁੜ ਸੋਚਣਾ ਹੋਵੇਗਾ ਕਿਉਂ ਕਿ ਦੇਸ਼ ਦੀ ਜਨਤਾ ਦੇ ਅੱਛੇ ਦਿਨ ਤਾਂ ਕੀ ਆਉਣੇ ਸਨ ਸਗੋਂ ਵਧੀ ਮਹਿੰਗਾਈ ਨੇ ਜੋ ਪਹਿਲਾਂ ਅੱਛੇ ਦਿਨ ਸੀ ਉਹ ਵੀ ਖੋਹ ਲਏ ਹਨ। ਭਾਜਪਾ ਸਰਕਾਰ ਨੂੰ ਸਤਾ ਦੇ ਨਸ਼ੇ ਤੋਂ ਬਾਹਰ ਆ ਕੇ ਵਧ ਰਹੀ ਮਹਿੰਗਾਈ ਨਾਲ ਭਾਰਤ ਵਾਸੀਆਂ ਦੇ ਹਲਾਤ ਵੱਲ ਧਿਆਨ ਦੇਣਾ ਲੋੜ ਹੈ।
                                     ਗੁਰਜੀਵਨ ਸਿੰਘ ਸਿੱਧੂ ਨਥਾਣਾ
                                     ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                                     ਪੰਜਾਬ: 151102
                                     ਮੋਬਾਇਲ: 9417079435
                                  ਮੇਲ : jivansidhus@gmail.com