ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
13 June 2021
ਕੁਰਸੀ ਲਈ ਖੱਟਰ ਅਤੇ ਵਿੱਜ ਦਰਮਿਆਨ ਠੰਢੀ ਜੰਗ ਜਾਰੀ-ਟਿਕੈਤ
ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਕਲੂ ਵੜੇਵੇਂ ਖਾਣੀ।
ਕੇਂਦਰ ਨੇ ਪੰਜਾਬ ਦਾ ਦਿਹਾਤੀ ਫੰਡ ਜਾਰੀ ਕਰਨ ਤੋਂ ਕੀਤੀ ਨਾਂਹ- ਇਕ ਖ਼ਬਰ
ਮੇਰਾ ਲੌਂਗ ਖੁਣੋਂ ਨੱਕ ਖਾਲੀ, ਆਪੂੰ ਸੂਟ ਪਾਵੇ ਦਸ ਲੱਖ ਦਾ।
ਐਸ.ਆਈ. ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਤਲਬ- ਇਕ ਖ਼ਬਰ
ਭੱਜ ਲੈ ਭਾਈਆ ਮੇਦਾਂਤਾ ਨੂੰ।
ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪਹਿਲਾਂ ਅਕਾਲੀ/ਭਾਜਪਾ ਸਰਕਾਰ ਕੁੱਟਦੀ ਸੀ ਹੁਣ ਕਾਂਗਰਸ ਕੁੱਟਦੀ ਹੈ- ਪ੍ਰੋ. ਮੁਲਤਾਨੀ
ਬੁੜ੍ਹੀ ਮਰੀ, ਕੁੜੀ ਜੰਮ ਪਈ।
ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਲਈ ਬੇਰੋਜ਼ਗਾਰ ਅਧਿਆਪਕਾਂ ਨੇ ਕੀਤੇ ਬੂਟ ਪਾਲਿਸ਼- ਇਕ ਖ਼ਬਰ
ਬੂਟ ਪਾਲਿਸ਼ਾਂ ਨਾਲੋਂ ਚੀਕੂ ਤੇ ਸੀਤਾ ਫ਼ਲ ਭੇਜ ਦਿੰਦੇ ਤਾਂ ਕੋਈ ਗੱਲ ਵੀ ਬਣਦੀ।
ਅਰਦਾਸ ਮੁੱਦਾ ਪੰਜਾਬ ਦਲਿਤ ਮੁੱਦੇ ਵਜੋਂ ਉਭਾਰਨਾ ਭਾਜਪਾ ਨੂੰ ਪੁੱਠਾ ਪਿਆ- ਇਕ ਖ਼ਬਰ
ਪੁੱਠਾ ਪੰਗਾ ਲੈ ਲਿਆ ਜੱਟੀਏ, ਬੋਕ ਦੇ ਸਿੰਙਾਂ ਨੂੰ ਹੱਥ ਲਾ ਕੇ।
ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਧਰਮਸੋਤ ਅਤੇ ਬਲਬੀਰ ਸਿੱਧੂ ਨੂੰ ਜੇਲ੍ਹ ਭੇਜਾਂਗੇ- ਸੁਖਬੀਰ ਬਾਦਲ
ਜਿਹੋ ਜਿਹਾ ਰਾਜੇ ਨੇ ਤੁਹਾਨੂੰ ਭੇਜਿਆ, ਲੋਕ ਸਮਝ ਗਏ ਤੁਹਾਡੀਆਂ ਲਿੱਚ-ਗੜਿੱਚੀਆਂ।
ਮੇਦਾਂਤਾ ਹਸਪਤਾਲ ‘ਚ ਦਾਖ਼ਲ ਸੌਦਾ ਸਾਧ ਨੂੰ ਮਿਲਣ ਲਈ ਪਹੁੰਚੀ ਹਨੀਪ੍ਰੀਤ—ਇਕ ਖ਼ਬਰ
ਚੁੱਕ ਚਰਖ਼ਾ ਗਲ਼ੀ ਦੇ ਵਿਚ ਡਾਹੁੰਦੀਆਂ ਜਿਨ੍ਹਾਂ ਨੂੰ ਲੋੜ ਮਿੱਤਰਾਂ ਦੀ।
ਅਸੈਂਬਲੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਵਿਆਪਕ ਸਮੀਖਿਆ ਹੋਵੇ-ਮੋਦੀ
ਛੜੇ ਬੈਠ ਕੇ ਸਲਾਹਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।
ਪੰਜਾਬ ਦੀ ਤਰੱਕੀ ਲਈ ਅਫ਼ਸਰਸ਼ਾਹੀ ਅਪਣਾ ਕੰਮ ਕਾਰ ਦਾ ਢੰਗ ਬਦਲੇ- ਕਰਨ ਰੰਧਾਵਾ
ਰੰਡੀਆਂ ਤਾਂ ਰੰਡ ਕੱਟ ਲੈਣ ਪਰ ਜੈਕਟਾਂ ਵਾਲ਼ੇ (ਰਾਜਸੀ ਨੇਤਾ) ਨਹੀਂ ਕੱਟਣ ਦਿੰਦੇ।
ਭਾਜਪਾ ਸਰਕਾਰ ਸੁਰਖੀਆਂ ‘ਚ ਰਹਿਣ ਦੀ ਚਾਹਵਾਨ ਪਰ ਕੰਮ ਨਹੀਂ ਕਰਨਾ ਚਾਹੁੰਦੀ- ਕਾਂਗਰਸ
ਚੁੱਲ੍ਹੇ ਚੌਂਕੇ ਹੱਥ ਨਾ ਲਾਵੇ, ਸੁਰਮਾ ਫਿਰੇ ਮਟਕਾਉਂਦੀ।
ਹਮਖ਼ਿਆਲੀਆਂ ਨਾਲ ਗੱਠਜੋੜ ਨਾ ਹੋਣ ਦੀ ਸੂਰਤ ਵਿਚ ਇਕੱਲੇ ਹੀ ਚੋਣਾਂ ਲੜਾਂਗੇ-ਢੀਂਡਸਾ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ , ਖਸਮਾਂ ਨੂੰ ਖਾਣ ਕੁੜੀਆਂ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਭ ਵਾਅਦੇ ਝੂਠੇ- ਦਰਸ਼ਨ ਪਾਲ
ਢਾਬ ਤੇਰੀ ਦਾ ਗੰਧਲਾ ਪਾਣੀ ਉਤੋਂ ਬੂਰ ਹਟਾਵਾਂ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਦੌੜ ਹੋਈ ਤੇਜ਼- ਇਕ ਖ਼ਬਰ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਬੱਦਲਾਂ ਨੇ ਪਾ ਲਏ ਘੇਰੇ।
ਐਸ.ਜੀ.ਪੀ.ਸੀ. ਦੇ ਅਜਾਇਬ ਘਰ ‘ਚ ਧਰਮੀ ਫੋਜੀਆਂ ਦੀ ਜਗ੍ਹਾ ਡੇਰੇਦਾਰਾਂ ਦੀਆਂ ਤਸਵੀਰਾਂ ਕਿਉਂ?-ਦਲੇਰ ਸਿੰਘ ਡੋਡ
ਡੇਰੇਦਾਰਾਂ ਤੋਂ ਤਾਂ ਵੋਟਾਂ ਮਿਲਦੀਆਂ ਬਈ, ਧਰਮੀ ਫੌਜੀ ਵਿਚਾਰੇ ਕੀ ਦੇਣਗੇ।
ਕੋਰੋਨਾ ਤੋਂ ਬਚਾਅ ਦਾ ਟੀਕਾ ਜਲਦੀ ਲਗਵਾਵਾਂਗਾ- ਰਾਮ ਦੇਵ
ਆਕੜਦੈਂ! ਅਸੀਂ ਸਾਨ੍ਹ ਹੁੰਨੇ ਆਂ। ਹੁਣ ਮੋਕ ਮਾਰਦੈਂ! ਗਊ ਦਾ ਜਾਇਆ ਜੁ ਹੋਇਆ।